ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਬਣ ਰਹੀਆਂ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ

Friday, Oct 25, 2024 - 01:59 AM (IST)

ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਪੁਲਸ ਅਧਿਕਾਰੀਆਂ ਤੋਂ ਅਨੁਸ਼ਾਸਿਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਕੁਝ ਪੁਲਸ ਮੁਲਾਜ਼ਮ ਸੈਕਸ ਸ਼ੋਸ਼ਣ, ਰਿਸ਼ਵਤਖੋਰੀ ਅਤੇ ਨਸ਼ੇ ’ਚ ਖਰੂਦ ਕਰ ਕੇ ਆਲੋਚਨਾ ਦੇ ਪਾਤਰ ਅਤੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਸ ਦੀਆਂ ਪਿਛਲੇ 4 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 24 ਜੂਨ ਨੂੰ ਸਾਨਪਾੜਾ (ਮੁੰਬਈ) ਪੁਲਸ ਦੇ ਇਕ ਕਾਂਸਟੇਬਲ ਦੇ ਵਿਰੁੱਧ ਆਪਣੇ ਥਾਣੇ ’ਚ ਹੀ ਤਾਇਨਾਤ ਵਿਆਹੁਤਾ ਮਹਿਲਾ ਕਾਂਸਟੇਬਲ ਨਾਲ ਵੱਖ-ਵੱਖ ਮੌਕਿਆਂ ’ਤੇ ਜਬਰ-ਜ਼ਨਾਹ ਕਰਨ, ਆਪਣੇ ਪਤੀ ਤੋਂ ਤਲਾਕ ਲੈਣ ਲਈ ਮਜਬੂਰ ਕਰਨ ਅਤੇ ਉਸ ਤੋਂ 19 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 13 ਜੁਲਾਈ ਨੂੰ ਅਕੋਲਾ (ਮਹਾਰਾਸ਼ਟਰ) ’ਚ ‘ਖਦਾਨ’ ਥਾਣੇ ਦੇ ਕਾਂਸਟੇਬਲ ਗਣੇਸ਼ ਪਾਟਿਲ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਆਪਣੇ ਸਾਥੀ ਪੁਲਸ ਮੁਲਾਜ਼ਮ ਨੂੰ ਅਸ਼ਲੀਲ ਅਤੇ ਜਾਤੀਸੂਚਕ ਸ਼ਬਦ ਕਹਿਣ, ਧਮਕਾਉਣ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਮੁਅੱਤਲ ਕਰ ਕੀਤਾ ਗਿਆ।

* 20 ਜੁਲਾਈ ਨੂੰ ਬੂੰਦੀ (ਰਾਜਸਥਾਨ) ਦੀ ਇਕ ਕਾਂਸਟੇਬਲ ਨੇ ਉਸੇ ਥਾਣੇ ਦੇ 2 ਪੁਲਸ ਮੁਲਾਜ਼ਮਾਂ ਵਿਰੁੱਧ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦਰਜ ਕਰਵਾਈ।

* 7 ਸਤੰਬਰ ਨੂੰ ਚੇਨਈ (ਤਾਮਿਲਨਾਡੂ) ’ਚ ਆਪਣੀ 10 ਸਾਲਾ ਬੇਟੀ ਨਾਲ ਹੋਏ ਜਬਰ-ਜ਼ਨਾਹ ਦੀ ਸ਼ਿਕਾਇਤ ਕਰਨ ਪਹੁੰਚੇ ਜੋੜੇ ਦੀ ਇਕ ਮਹਿਲਾ ਪੁਲਸ ਇੰਸਪੈਕਟਰ ‘ਰਾਜੀ’ ਨੇ ਕੁੱਟਮਾਰ ਕਰ ਦਿੱਤੀ।

* 7 ਸਤੰਬਰ ਨੂੰ ਹੀ ਰਾਏਪੁਰ (ਛੱਤੀਸਗੜ੍ਹ) ਦੀ ‘ਚਾਂਦਖੁਰੀ ਪੁਲਸ ਅਕਾਦਮੀ’ ਵਿਚ ਤਾਇਨਾਤ ਕਾਂਸਟੇਬਲ ਚੰਦਰਮਣੀ ਸ਼ਰਮਾ ਨੂੰ ਵਕਾਲਤ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 19 ਸਤੰਬਰ ਨੂੰ ਪੁਰੀ (ਓਡਿਸ਼ਾ) ’ਚ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਅਤੇ ਬਾਅਦ ’ਚ ਮੁੱਕਰ ਜਾਣ ਦੇ ਦੋਸ਼ ’ਚ ਗੋਵਿੰਦ ਚੰਦਰ ਸਾਹੂ ਨਾਂ ਦੇ ਪੁਲਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ।

* 27 ਸਤੰਬਰ ਨੂੰ ਜਹਾਂਗੀਰਾਬਾਦ (ਯੂ. ਪੀ.) ’ਚ ਪੀ. ਏ. ਸੀ. ਦੇ ਇਕ ਸਿਪਾਹੀ ਨੂੰ ਇਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਫੜਿਆ ਗਿਆ।

* 30 ਸਤੰਬਰ ਨੂੰ ਹਾਪੁੜ (ਯੂ. ਪੀ.) ’ਚ ਇਕ ਮੁਟਿਆਰ ਨੇ ‘ਨਾਗ ਸੇਨ’ ਨਾਂ ਦੇ ਦਾਰੋਗਾ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ।

* 30 ਸਤੰਬਰ ਨੂੰ ਹੀ ਮੁੱਲਾਂਪੁਰ ਦਾਖਾ (ਲੁਧਿਆਣਾ, ਪੰਜਾਬ) ’ਚ ਤਾਇਨਾਤ ਐੱਸ. ਐੱਚ. ਓ. ਕੁਲਵਿੰਦਰ ਸਿੰਘ ਧਾਲੀਵਾਲ ਵਿਰੁੱਧ ਇਕ ਮਹਿਲਾ ਕਾਂਸਟੇਬਲ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ ਕਈ ਸਾਲਾਂ ਤੱਕ ਜਬਰ-ਜ਼ਨਾਹ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਨੇ ਕੇਸ ਦਰਜ ਕੀਤਾ।

* 15 ਅਕਤੂਬਰ ਨੂੰ ਦਰਭੰਗਾ (ਬਿਹਾਰ) ’ਚ ਵਿਆਹ ਦਾ ਝਾਂਸਾ ਦੇ ਕੇ ਆਪਣੀ ਪ੍ਰੇਮਿਕਾ ਦੇ ਨਾਲ ਤਿੰਨ ਸਾਲ ਤੱਕ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਫਰਾਰ ਚੱਲ ਰਹੇ ਸਿਪਾਹੀ ਨੂੰ ‘ਲਹੇਰਿਆ ਸਰਾਏ’ ਥਾਣਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ।

* 21 ਅਕਤੂਬਰ ਨੂੰ ਦਿੱਲੀ ’ਚ ਹੋਈ ਡਕੈਤੀ ਦੇ ਇਕ ਮਾਮਲੇ ’ਚ ਮੇਰਠ ’ਚ ਟ੍ਰੈਫਿਕ ਪੁਲਸ ਦੇ ਹੈੱਡਕਾਂਸਟੇਬਲ ਬੀਰ ਸਿੰਘ ਦੇ ਘਰ ’ਤੇ ਛਾਪੇਮਾਰੀ ਦੌਰਾਨ 28 ਲੱਖ ਰੁਪਏ ਬਰਾਮਦ ਕੀਤੇ ਗਏ।

* 22 ਅਕਤੂਬਰ ਨੂੰ ਬਟਾਲਾ (ਪੰਜਾਬ) ਦੇ ਅਧੀਨ ਦਿਆਲਗੜ੍ਹ ਪੁਲਸ ਚੌਕੀ ’ਚ ਤਾਇਨਾਤ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਸ਼ਿਕਾਇਤਕਰਤਾ ਤੋਂ 2000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।

* 23 ਅਕਤੂਬਰ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ, ਜੈਪੁਰ (ਰਾਜਸਥਾਨ) ਦੀ ਟੀਮ ਨੇ ਪੁਲਸ ਥਾਣਾ ‘ਖੋਨਾਗੋਰਿਆਨ’ ਜੈਪੁਰ ਕਮਿਸ਼ਨਰੇਟ ਦੇ ਸਹਾਇਕ ਪੁਲਸ ਇੰਸਪੈਕਟਰ ਬਲਬੀਰ ਸਿੰਘ ਅਤੇ ਉਸ ਦੇ ਦਲਾਲ ਨੂੰ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 23 ਅਕਤੂਬਰ ਨੂੰ ਹੀ ਮੋਗਾ (ਪੰਜਾਬ) ਦੇ ਥਾਣਾ ਕੋਟ ਈਸੇ ਖਾਂ ’ਚ ਤਾਇਨਾਤ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਗਰੇਵਾਲ ਤੋਂ ਇਲਾਵਾ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ (ਕੋਟ ਈਸੇ ਖਾਂ) ਅਤੇ ਮੁੱਖ ਮੁਨਸ਼ੀ ਰਾਜਪਾਲ ਸਿੰਘ (ਪੁਲਸ ਚੌਕੀ ਬਲਖੰਡੀ) ਦੇ ਵਿਰੁੱਧ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਨੂੰ ਫੜਨ ਦੀ ਬਜਾਏ ਅੱਜ ਕੁਝ ਪੁਲਸ ਮੁਲਾਜ਼ਮ ਖੁਦ ਕਈ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾ ਰਹੇ ਹਨ।

ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਕਿਉਂਕਿ ਇਸ ਕਿਸਮ ਦਾ ਲਾਪ੍ਰਵਾਹੀਪੂਰਨ ਅਤੇ ਗਲਤ ਆਚਰਣ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ।

–ਵਿਜੇ ਕੁਮਾਰ


Harpreet SIngh

Content Editor

Related News