ਪਾਕਿਸਤਾਨ ਨੂੰ ਯਾਦ ਆਈ ਸ਼੍ਰੀ ਵਾਜਪਾਈ ਦੀ ਇਤਿਹਾਸਕ ਲਾਹੌਰ ਯਾਤਰਾ, ਭਾਰਤ ਦੇ ਪੱਖ ’ਚ ਉੱਠਣ ਲੱਗੀਆਂ ਆਵਾਜ਼ਾਂ
Thursday, Dec 26, 2024 - 03:42 AM (IST)
ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜਦੋਂ ਦੇਖਿਆ ਕਿ ਭਾਰਤ ਵਿਰੁੱਧ ਸਾਰੇ ਹੱਥਕੰਡੇ ਅਜ਼ਮਾ ਕੇ ਵੀ ਪਾਕਿਸਤਾਨ ਕੁਝ ਹਾਸਲ ਨਹੀਂ ਕਰ ਸਕਿਆ ਤਾਂ ਉਨ੍ਹਾਂ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਸੱਦਿਆ ਸੀ।
ਨਵਾਜ਼ ਸ਼ਰੀਫ ਦੇ ਸੱਦੇ ’ਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ 19 ਫਰਵਰੀ, 1999 ਨੂੰ ਬੱਸ ਰਾਹੀਂ ਲਾਹੌਰ ਗਏ। ਉਥੇ ਇਤਿਹਾਸਕ ਸਿਖਰ ਸੰਮੇਲਨ ਪਿੱਛੋਂ ਉਨ੍ਹਾਂ ਨੇ ਅਤੇ ਨਵਾਜ਼ ਸ਼ਰੀਫ ਨੇ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ਇਤਿਹਾਸਕ ‘ਲਾਹੌਰ ਐਲਾਨਨਾਮੇ’ ਉੱਤੇ ਹਸਤਾਖਰ ਕੀਤੇ ਸਨ।
ਇਸ ਸਮਝੌਤੇ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਆਮ ਕਰਨ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਦਾ ਸੰਕੇਤ ਦਿੱਤਾ ਸੀ ਅਤੇ ਆਸ ਬੱਝੀ ਸੀ ਕਿ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।
ਪਰ ਇਸ ਦੇ ਕੁਝ ਮਹੀਨਿਆਂ ਬਾਅਦ ਹੀ ਮਈ 1999 ’ਚ ਪਾਕਿਸਤਾਨੀ ਘੁਸਪੈਠ ਦੇ ਕਾਰਨ ਕਾਰਗਿਲ ਜੰਗ ਸ਼ੁਰੂ ਹੋ ਗਈ। ਕਾਰਗਿਲ ਜੰਗ ਦਾ ਵਿਰੋਧ ਕਰਨ ਅਤੇ ਹਾਰਨ ਤੋਂ ਬਾਅਦ ਭਾਰਤ ਦੇ ਨਾਲ ਬਿਹਤਰ ਸੰਬੰਧਾਂ ਦਾ ਪੱਖ ਲੈਣ ਕਾਰਨ ਨਵਾਜ਼ ਸ਼ਰੀਫ ਨੂੰ ਤਤਕਾਲੀ ਫੌਜ ਦੇ ਮੁਖੀ ਪਰਵੇਜ਼ ਮੁਸ਼ੱਰਫ ਨੇ ਸਾਲ 2000 ’ਚ ਸੱਤਾ ਤੋਂ ਲਾਹ ਕੇ ਦੇਸ਼ ਨਿਕਾਲਾ ਦੇ ਦਿੱਤਾ ਅਤੇ ਇਸ ਦੇ ਸਿੱਟੇ ਵਜੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧਾਂ ਨੂੰ ਬਿਹਤਰ ਬਣਾਉਣ ਦਾ ਮੌਕਾ ਦੋਵਾਂ ਦੇਸ਼ਾਂ ਦੇ ਹੱਥੋਂ ਨਿਕਲ ਗਿਆ।
25 ਦਸੰਬਰ, 2024 ਨੂੰ ਸਵ. ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜੈਅੰਤੀ ਦੇ ਸੰਬੰਧ ’ਚ ਲਾਹੌਰ ’ਚ ਪੱਤਰਕਾਰਾਂ ਨੇ ਕੁਝ ਸੀਨੀਅਰ ਸਿਆਸਤਦਾਨਾਂ ਨਾਲ ਗੱਲ ਕੀਤੀ। ਦੇਸ਼ ਦੀ ਸੱਤਾਧਾਰੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼’ (ਪੀ.ਐੱਮ.ਐੱਲ.-ਐੱਨ) ਦੇ ਸੀਨੀਅਰ ਆਗੂ ਅਤੇ ਪੰਜਾਬ ਅਸੈਂਬਲੀ ਦੇ ਸਪੀਕਰ ‘ਮਲਿਕ ਅਹਿਮਦ ਖਾਨ’ ਨੇ ਕਿਹਾ :
‘‘ਅਟਲ ਬਿਹਾਰੀ ਵਾਜਪਾਈ ਦੀ ਉਹ ਬੱਸ ਯਾਤਰਾ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਸ਼ਾਂਤੀ ਦੇ ਮਾਰਗ ’ਤੇ ਲਿਆਉਣ ਦਾ ਇਕ ਦਲੇਰੀ ਭਰਿਆ ਯਤਨ ਸੀ। ਭਾਵੇਂ ਹੀ ਅਸੀਂ ਮੌਕਾ ਖੁੰਝ ਗਏ ਹੋਈਏ ਪਰ ਸਾਨੂੰ ਫਿਰ ਤੋਂ ਯਤਨ ਕਰਨਾ ਚਾਹੀਦਾ ਹੈ।’’
‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵਾਜਪਾਈ ਦੇ ਨਜ਼ਰੀਏ ਨੂੰ ਅਪਣਾ ਰਹੇ ਹਨ, ਉਹ ਭਾਰਤ ਦੀ ਅਗਵਾਈ ਕਰ ਰਹੇ ਹਨ ਅਤੇ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਪਾਕਿਸਤਾਨ ’ਚ ਪ੍ਰਧਾਨ ਮੰਤਰੀ ਹਨ। ਇਸ ਲਈ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਬੇਹੱਦ ਸੰਭਾਵਨਾ ਹੈ।’’
‘‘ਇਸ ਖੇਤਰ ਦਾ ਭਵਿੱਖ ਮੁਕਤ ਵਪਾਰ ਅਤੇ ਦੋਵਾਂ ਦੇਸ਼ਾਂ ਦਰਮਿਆਨ ਬਿਨਾਂ ਰੁਕਾਵਟ ਆਵਾਜਾਈ ’ਤੇ ਨਿਰਭਰ ਕਰਦਾ ਹੈ। ਇਹ ਇਸ ਖਿੱਤੇ ’ਚ ਸ਼ਾਂਤੀ ਲਈ ਸਿਰਫ ਇਕ ਚੰਗਾ ਵਿਚਾਰ ਹੀ ਨਹੀਂ ਸਗੋਂ ਵਿਕਾਸ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ।’’
ਪਾਰਟੀ ਦੇ ਇਕ ਹੋਰ ਆਗੂ ‘‘ਮੁਹੰਮਦ ਮੇਹਦੀ’ ਨੇ ਸ਼੍ਰੀ ਵਾਜਪਾਈ ਦੀ ਯਾਤਰਾ ਨੂੰ ਇਤਿਹਾਸਕ ਦੱਸਦਿਆਂ ਕਿਹਾ, ‘‘ਜੇਕਰ ਕਾਰਗਿਲ ਜੰਗ ਨਾ ਹੋਈ ਹੁੰਦੀ ਤਾਂ ਸ਼੍ਰੀ ਵਾਜਪਾਈ ਦੀ ਉਹ ਯਾਤਰਾ ਇਸ ਖਿੱਤੇ ਨੂੰ ਸਥਾਈ ਸ਼ਾਂਤੀ ਵੱਲ ਲਿਜਾ ਸਕਦੀ ਸੀ।’’
‘ਮੁਹੰਮਦ ਮੇਹਦੀ’ ਅਨੁਸਾਰ, ‘‘ਫਰਵਰੀ, 1999 ’ਚ ਜਦੋਂ ਵਾਜਪਾਈ ਲਾਹੌਰ ਪੁੱਜੇ ਤਾਂ ਖਾਸ ਤੌਰ ’ਤੇ ਪੀ. ਐੱਮ. ਐੱਲ.-ਐੱਨ. ਦੇ ਵਰਕਰਾਂ ’ਚ ਉਤਸ਼ਾਹ ਸੀ। ਸ਼੍ਰੀ ਵਾਜਪਾਈ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਪਾਕਿਸਤਾਨ ਇਕ ਅਸਲੀਅਤ ਹੈ ਅਤੇ ਦੋਵਾਂ ਦੇਸ਼ਾਂ ਨੂੰ ਹੁਣ ਅੱਗੇ ਵਧਣ ਅਤੇ ਅਤੀਤ ਨੂੰ ਪਿੱਛੇ ਛੱਡਣ ਦੀ ਲੋੜ ਹੈ। ਇਸ ਨਾਲ ਕਈ ਲੋਕਾਂ ’ਚ ਉਮੀਦ ਜਾਗੀ ਸੀ।’’
‘‘ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸਭ ਤੋਂ ਖਰਾਬ ਸਥਿਤੀ ’ਚ ਹਨ। ਦੋਵਾਂ ਦੇਸ਼ਾਂ ’ਚੋਂ ਕਿਸੇ ਵੀ ਦੇਸ਼ ਦਾ ਇਕ ਦੂਸਰੇ ਦੀ ਰਾਜਧਾਨੀ ’ਚ ਕੋਈ ਰਾਜਦੂਤ ਨਹੀਂ ਹੈ। ਹਾਲਾਂਕਿ ਦੋਵਾਂ ਧਿਰਾਂ ਦੇ ਵਪਾਰੀ ਵਪਾਰ ’ਚ ਸੁਧਾਰ ਲਈ ਸਬੰਧਾਂ ਨੂੰ ਬਹਾਲ ਕਰਨਾ ਚਾਹੁੰਦੇ ਹਨ।’’
ਇਕ ਹੋਰ ਸਿਆਸੀ ਮਾਹਿਰ ਬ੍ਰਿਗੇਡੀਅਰ (ਰਿਟਾਇਰਡ) ‘ਫਾਰੂਕ ਹਮੀਦ’ ਦਾ ਕਹਿਣਾ ਹੈ ਕਿ, ‘‘ਉਹ ਪਹਿਲ ਅਸਫਲ ਹੋ ਗਈ ਕਿਉਂਕਿ ਫੌਜ ਨਾਲ ਸਲਾਹ ਨਹੀਂ ਕੀਤੀ ਗਈ। ਇਸੇ ਕਾਰਨ ਕਾਰਗਿਲ ਸੰਘਰਸ਼ ਹੋਇਆ ਅਤੇ ਸ਼ਾਂਤੀ ਪ੍ਰਕਿਰਿਆ ਖਤਮ ਹੋ ਗਈ। ਜੇਕਰ ਨਵਾਜ਼ ਸ਼ਰੀਫ ਨੇ ਵਾਜਪਾਈ ਦੀ ਯਾਤਰਾ ਤੋਂ ਪਹਿਲਾਂ ਫੌਜ ਨੂੰ ਸ਼ਾਮਲ ਕਰ ਲਿਆ ਹੁੰਦਾ ਤਾਂ ਸ਼ਾਂਤੀ ਵਾਰਤਾ ਸਫਲ ਹੋਣ ਦੀ ਵੱਧ ਸੰਭਾਵਨਾ ਹੁੰਦੀ।’’
ਪਾਕਿਸਤਾਨ ਦੇ ਉਕਤ ਨੇਤਾਵਾਂ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਅਜੇ ਵੀ ਪਾਕਿਸਤਾਨ ’ਚ ਸਿਆਸਤਦਾਨਾਂ ਦਾ ਇਕ ਵੱਡਾ ਵਰਗ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਸੁਹਿਰਦਤਾ ਦਾ ਹਮਾਇਤੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਸੇ ’ਚ ਉਨ੍ਹਾਂ ਦਾ ਭਲਾ ਹੈ।
ਇਸ ਨਾਲ ਭਾਰਤੀ ਪੰਜਾਬ ਦੀ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ ਅਤੇ ਇਥੇ ਪਾਕਿ-ਪ੍ਰਾਯੋਜਿਤ ਹਿੰਸਾ ਖਤਮ ਹੋਣ ਨਾਲ ਸ਼ਾਂਤੀ ਕਾਇਮ ਹੋਵੇਗੀ ਪਰ ਵੱਧ ਲਾਭ ’ਚ ਤਾਂ ਕੰਗਾਲੀ ਦੇ ਕਗਾਰ ’ਤੇ ਪਹੁੰਚ ਚੁੱਕਾ ਪਾਕਿਸਤਾਨ ਹੀ ਰਹੇਗਾ। ਇਸ ਲਈ ਇਹ ਆਗੂ ਆਪਣੇ ਆਕਾਵਾਂ ਨੂੰ ਇਹ ਗੱਲ ਜਿੰਨੀ ਜਲਦੀ ਸਮਝਾ ਸਕਣਗੇ, ਪਾਕਿਸਤਾਨ ਦੇ ਭਵਿੱਖ ਲਈ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ