ਓਵੈਸੀ ਜਾਂ ਉਨ੍ਹਾਂ ਦਾ ਭਰਾ, ਇੰਨੇ ਭੜਕਣ ਨਾ
Monday, Jan 20, 2025 - 04:07 PM (IST)
ਮੁਸਲਿਮ ਨੇਤਾ ਓਵੈਸੀ, ਉਨ੍ਹਾਂ ਦੀ ਸਿਆਸੀ ਪਾਰਟੀ, ਉਨ੍ਹਾਂ ਦਾ ਛੋਟਾ ਭਰਾ ਦੇਸ਼ ਦੀ ਇਕ ਉੱਚ ਅਤੇ ਨਿਰਮਲ ਵਿਚਾਰਧਾਰਾ ਪ੍ਰਤੀ ਇੰਨੇ ਭੜਕੇ ਕਿਉਂ ਹਨ? ਮੰਨਿਆ ਕਿ ਉਹ ਹੈਦਰਾਬਾਦ ਦੇ ਨਿਰਵਿਵਾਦ ਸੰਸਦ ਮੈਂਬਰ ਹਨ, ਮੰਨਿਆ ਕਿ ਉਹ ਇਕ ਲਾਇਕ ਵਕੀਲ ਹਨ, ਮੰਨਿਆ ਕਿ ਭਾਸ਼ਣ ਦੇਣ ’ਚ ਉਹ ਬੜੇ ਮਾਹਿਰ ਹਨ, ਮੰਨਿਆ ਕਿ ਤਰਕ ਨਾਲ ਵਿਰੋਧੀ ਨੂੰ ਚਿਤ ਕਰ ਦਿੰਦੇ ਹਨ, ਮੰਨਿਆ ਕਿ ਭਾਰਤ ਦੇ ਮੁਸਲਿਮ-ਫਿਰਕੇ ’ਚ ‘ਮੁਹੰਮਦ ਅਲੀ ਜਿਨਾਹ’ ਬਣਨਾ ਚਾਹੁੰਦੇ ਹਨ ਪਰ ਉਹ ਇਸ ਦੇਸ਼ ਦੀ ਮਹਾਨ ਵਿਚਾਰਧਾਰਾ ਦੇ ਪ੍ਰਤੀ ਇੰਨੇ ਭੜਕੇ ਕਿਉਂ ਹਨ?
ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਪ੍ਰਤੀ ਸ਼ੱਕ ਕਿਉਂ ਹੈ? ਓਵੈਸੀ ਹਿੰਦੂ ਜੀਵਨ ਪ੍ਰਣਾਲੀ ਦੇ ਕੱਟੜ ਆਲੋਚਕ ਕਿਉਂ ਹਨ? ਉਹ ਜੰਮੂ-ਕਸ਼ਮੀਰ ’ਚ ਅੱਤਵਾਦ ਦਾ ਵਿਰੋਧ ਕਿਉਂ ਨਹੀਂ ਕਰਦੇ? ਜੰਮੂ-ਕਸ਼ਮੀਰ ਦੇ ਉੱਜੜੇ ਪੰਡਿਤਾਂ ਦੀ ਹਾਲਤ ’ਤੇ ਹਿੰਦੂਆਂ ਦੇ ਹਮਾਇਤੀ ਕਿਉਂ ਨਹੀਂ ਬਣਦੇ? ਉਨ੍ਹਾਂ ਨੂੰ ਪਾਕਿਸਤਾਨੀਆਂ, ਸੀਰੀਆ ਦੇ ਮੁਸਲਮਾਨਾਂ ਅਤੇ ਫਿਲਸਤੀਨ ਦੇ ਮੁਸਲਮਾਨਾਂ ਦਾ ਦਰਦ ਪਾਰਲੀਮੈਂਟ ’ਚ ਉਠਾਉਣਾ ਤਾਂ ਆਉਂਦਾ ਹੈ ਪਰ ਬੰਗਲਾਦੇਸ਼ ਦੇ ਹਿੰਦੂਆਂ ’ਤੇ ਹੋ ਰਹੇ ਜ਼ੁਲਮਾਂ ’ਤੇ ਇਕ ਵੀ ਹਮਦਰਦੀ ਦਾ ਸ਼ਬਦ ਕਹਿਣ ਤੋਂ ਪ੍ਰਹੇਜ਼ ਕਿਉਂ ਹੈ?
ਓਵੈਸੀ ਕਾਬਿਲ ਹੋਣ ਦੇ ਬਾਵਜੂਦ ਹਿੰਦੂ ਵਿਰੋਧੀ ਕਿਉਂ ਹਨ? ਉਨ੍ਹਾਂ ਨੂੰ ਮੁਸਲਿਮ ਧਰਮ ’ਚ ਤਾਂ ਸਭ ਕੁਝ ਚੰਗਾ ਹੀ ਚੰਗਾ ਦਿਸਦਾ ਹੈ ਪਰ ਇਕ ਹਿੰਦੂ ਵਿਸ਼ਾਲ ਵਿਚਾਰਧਾਰਾ ਨਾਲ ਇੰਨੀ ਨਫਰਤ ਕਿਉਂ ਹੈ? ਚੱਲੋ ਮੰਨਿਆ ਕਿ ਉਨ੍ਹਾਂ ਮੁਸਲਿਮ ਵਿਚਾਰਧਾਰਾ ਦਾ ਡੂੰਘਾ ਚਿੰਤਨ ਅਤੇ ਅਧਿਐਨ ਕੀਤਾ ਹੈ? ਪਰ ਉਹ ਇਕ ਵਿਸ਼ਾਲ, ਉਦਾਰ ਅਤੇ ਸੁਚੱਜੀ ਹਿੰਦੂ ਵਿਚਾਰਧਾਰਾ ਨੂੰ ਪੜ੍ਹਨ ਲਈ ਥੋੜ੍ਹਾ ਸਮਾਂ ਤਾਂ ਕੱਢਣ। ਕੀ ਓਵੈਸੀ, ਉਨ੍ਹਾਂ ਦੇ ਭਰਾ ਜਾਂ ਉਨ੍ਹਾਂ ਦੀ ਪਾਰਟੀ ਨੂੰ ਜਾਪਦਾ ਨਹੀਂ ਕਿ ਉਨ੍ਹਾਂ ਦੇ ਭਾਸ਼ਣਾਂ ਨਾਲ ਹਿੰਦੋਸਤਾਨ ’ਚ ਇਕ ਖੌਫ ਦਾ ਮਾਹੌਲ ਬਣ ਰਿਹਾ ਹੈ? ਕੀ ਉਨ੍ਹਾਂ ਨੂੰ ਇਨ੍ਹਾਂ ਨਾਅਰਿਆਂ ਦੇ ਭਿਆਨਕ ਨਤੀਜਿਆਂ ਦਾ ਪਤਾ ਨਹੀਂ।
ਹਿੰਦੂ ਮੌਬ-ਲਿਚਿੰਗ ਕਰਦਾ ਹੈ, ਸਿਰ ਧੜ ਨਾਲੋਂ ਵੱਖ ਜਾਂ ਪਾਕਿਸਤਾਨ ਜ਼ਿੰਦਾਬਾਦ ਵਰਗੇ ਨਾਅਰੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਨਹੀਂ ਪਹੁੰਚਾ ਸਕੇ? ਓਵੈਸੀ ਸਾਹਿਬ ਜ਼ਰਾ ਹਿੰਦੂ ਜੀਵਨ ਪ੍ਰਣਾਲੀ ਨੂੰ ਗੰਭੀਰਤਾ ਨਾਲ ਪੜ੍ਹੋ। ਇਸੇ ਕੱਟੜਵਾਦ ਨਾਲ ਅਸੀਂ ਇਕ ਨਵਾਂ ਦੇਸ਼ ਪਾਕਿਸਤਾਨ 1947 ’ਚ ਬਣਾ ਦਿੱਤਾ, ਇਕ ਹੋਰ ਨਵਾਂ ਦੇਸ਼ 1971 ’ਚ ‘ਬੰਗਲਾਦੇਸ਼’ ਬਣਾ ਲਿਆ।
ਇਹ ਦੇਸ਼ ਭਾਰਤ ਨੂੰ ਖੰਡਿਤ ਕਰ ਕੇ ਬਣ ਗਏ, ਚਲੋ ਕੋਈ ਗੱਲ ਨਹੀਂ, ਪਰ ਆਜ਼ਾਦੀ ਦੇ 75-76 ਸਾਲ ਬਾਅਦ ਵੀ ਅੱਤਵਾਦ ਨੇ ਭਾਰਤ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਓਵੈਸੀ ਸਾਹਿਬ, ਥੋੜ੍ਹਾ ਵਿਚਾਰ ਕਰ ਲਵੋ ਕਿ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨੇ ਇਕ ਵੀ ਦਿਨ ਸਾਨੂੰ ਚੈਨ ਨਾਲ ਬੈਠਣ ਦਿੱਤਾ ਹੈ? ਮੁਸਲਿਮ ‘ਜੇਹਾਦ’ ਤਾਂ ਹਿੰਦੁਸਤਾਨ ਨੂੰ ਖਾ ਜਾਣਾ ਚਾਹੁੰਦਾ ਹੈ। ਓਵੈਸੀ ਜੀ ਤੁਸੀਂ ਤਾਂ ਇਸ ਦੇਸ਼ ਦੇ ਨੇਤਾ ਹੋ, ਤੁਸੀਂ ਤਾਂ ਇਸ ਦੇਸ਼ ’ਚ ਲੱਗ ਰਹੀ ਅੱਤਵਾਦ ਦੀ ਅੱਗ ਨੂੰ ਬਝਾਉਣ ਵਾਲਿਆਂ ’ਚ ਖੜ੍ਹੇ ਹੋਵੋ? ਹੋ ਸਕਦਾ ਹੈ ਕਿ ਹਿੰਦੂਆਂ ’ਚ ਇਕ ਅੱਧਾ ਕੱਟੜਪੰਥੀ ਹੋਵੇ, ਤ੍ਰਿਸ਼ੂਲ ਜਾਂ ਤਲਵਾਰਾਂ ਲਹਿਰਾਉਣ ਵਾਲੇ ਹੋਣ ਪਰ ਅਜਿਹੇ ਤੱਤ ਹਿੰਦੂ ਵਿਚਾਰਧਾਰਾ ਦੇ ਪੱਖਪਾਤੀ ਨਹੀਂ ਹੋ ਸਕਦੇ।
ਓਵੈਸੀ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੂ ਕੋਈ ਧਰਮ, ਫਿਰਕਾ ਜਾਂ ਮਜ਼੍ਹਬ ਨਹੀਂ ਹੈ। ਇਹ ਤਾਂ ਇਕ ਸਨਾਤਨ ਕਾਲ ਤੋਂ ਚਲੀ ਆ ਰਹੀ ‘ਜੀਵਨ ਪ੍ਰਣਾਲੀ’ ਹੈ। ਹਿੰਦੂ ਇਕ ਸੱਭਿਆਚਾਰ ਜਾਂ ਜਿਊਣ ਦਾ ਢੰਗ ਹੈ। ਇਸ ਜੀਵਨ ਪ੍ਰਣਾਲੀ ਵਿਚ ਸਿਰਫ ਇਨਸਾਨ ‘ਬ੍ਰਹਮ ਤੱਤ’ ਦੀ ਖੋਜ ’ਚ ਲੱਗਾ ਹੈ। ਇਸ ਜੀਵਨ ਪ੍ਰਣਾਲੀ ’ਚ ਮਕਸਦ ਸਿਰਫ ਇੰਨਾ ਹੈ ਕਿ ਇਸ ਸਰੀਰ ’ਚ ਬੈਠੀ ਆਤਮਾ ਨੇ ਉਸ ਪਰਮ ਤੱਤ ’ਚ ਲੀਨ ਹੋ ਜਾਣਾ ਹੈ। ਇਹ ਸਰੀਰ ਉਸ ਪਰਮਪਿਤਾ ਪ੍ਰਮਾਤਮਾ ਨੂੰ ਮਿਲਣ ਦਾ ਜ਼ਰੀਆ ਹੈ।
‘ਬ੍ਰਹਮ ਤੱਤ’ ਦੀ ਪ੍ਰਾਪਤੀ ਵਿਅਕਤੀ ਦੇ ਕਰਮਾਂ ’ਤੇ ਨਿਰਭਰ ਹੈ। ਇਥੇ ਤਾਂ ਅਸੀਂ ਪੱਥਰ ਨੂੰ ਵੀ ਭਗਵਾਨ ਮੰਨਦੇ ਹਾਂ। ਹਿੰਦੂ ਪਸ਼ੂਆਂ, ਜੀਵ, ਜੰਤੂਆਂ, ਨਦੀ-ਦਰਿਆ ਅਤੇ ਸਮੁੰਦਰਾਂ ’ਚ ਭਗਵਾਨ ਦਾ ਵਾਸ ਮੰਨਦਾ ਹੈ। ਹਿੰਦੂ ਵਿਚਾਰਧਾਰਾ ਜ਼ਿੰਦਗੀ ਜਿਊਣ ਦਾ ਇਕ ਢੰਗ ਹੈ। ਜੀਵਨ ਪ੍ਰਣਾਲੀ ਹੈ। ਇਸ ਹਿੰਦੂਤਵ ’ਚ ਸਭ ਦਾ ਭਲਾ ਮੰਗਣਾ ਹੈ। ਇਸ ਮੁਕੰਮਲ ‘ਬ੍ਰਹਮ ਤੱਤ’ ਦੀ ਖੋਜ ਕਰਨਾ ਹੈ। ਸਹਿਣਸ਼ੀਲਤਾ ਇਸ ਦਾ ਸੁਭਾਅ ਹੈ। ਹਿੰਦੂ ਸਭ ਨੂੰ ਆਪਣਾ ਸਮਝਦਾ ਹੈ। ਉਹ ਕਿਸੇ ਵੀ ਵਿਅਕਤੀ ਦੀ ਪੂਜਾ ਪ੍ਰਣਾਲੀ ’ਤੇ ਟਕੋਰ ਨਹੀਂ ਕਰਦਾ। ਕੋਈ ਮੰਦਰ ਜਾਵੇ ਉਸ ਦੀ ਮਰਜ਼ੀ, ਨਾ ਜਾਵੇ ਉਸ ਦੀ ਮਰਜ਼ੀ। ਕੋਈ ਰੱਬ ਨੂੰ ਮੰਨਦਾ ਹੈ, ਚੰਗਾ ਹੈ ਅਤੇ ਕੋਈ ਨਹੀਂ ਮੰਨਦਾ ਤਾਂ ਵੀ ਹਿੰਦੂ ਉਸ ਨੂੰ ਬੁਰਾ ਨਹੀਂ ਮੰਨਦਾ। ਹਿੰਦੂ ਦੀ ਵਿਸ਼ਾਲਤਾ ਦੇ ਗੁਣ ਓਵੈਸੀ ਦੀ ਤੁਹਾਡੀ ਸੇਵਾ ’ਚ ਰੱਖਦਾ ਹਾਂ।
ਅਹਿਸਾਨਮੰਦ : ਹਿੰਦੂ ਕਦੇ ਕਿਸੇ ਦੀ ਕੀਤੀ ਗਈ ਭਲਾਈ, ਪੁੰਨ ਨੂੰ ਨਹੀਂ ਭੁੱਲਦਾ ਹੈ। ਹਿੰਦੂ ਹਰ ਉਸ ਵਿਅਕਤੀ ਪਸ਼ੂ-ਪੰਛੀ, ਜੀਵਨ-ਜੰਤੂ ਦੇ ਪ੍ਰਤੀ ਅਹਿਸਾਨਮੰਦ ਹੈ, ਜਿਸ ਨੇ ਥੋੜ੍ਹੀ ਜਿੰਨੀ ਵੀ ਉਸ ਦੀ ਸਹਾਇਤਾ ਕੀਤੀ ਹੋਵੇ। ਇਸ ਲਈ ਹਿੰਦੂ ਗਊਆਂ, ਵੱਛਿਆਂ ਦੀ ਹੱਤਿਆ ਨੂੰ ਪਾਪ ਸਮਝਦੇ ਹਨ।
ਪਰਉਪਕਾਰ : ਦੂਜਿਆਂ ਦੇ ਪ੍ਰਤੀ ਨਿਮਰਤਾ, ਦੂਜਿਆਂ ਦੇ ਪ੍ਰਤੀ ਸਦਭਾਵ ਹਿੰਦੂਤਵ ਦਾ ਪਹਿਲਾ ਗੁਣ ਹੈ। ਦੂਜਿਆਂ ਨੂੰ ਭੋਜਨ, ਧਨ, ਦਾਨ, ਦਵਾ ਦੇ ਕੇ ਸਹਾਇਤਾ ਕਰਨੀ ਹਿੰਦੂ ਦੇ ਜਿਊਣ ਦਾ ਢੰਗ ਹੈ। ਹਰੇਕ ਦੁਖੀ ਪ੍ਰਤੀ ਹਮਦਰਦੀ ਰੱਖਣੀ ਹਿੰਦੂਤਵ ਹੈ।
ਅਹਿੰਸਾ : ਹਿੰਦੂ ਕਦੀ ਕਿਸੇ ਨੂੰ ਦੁੱਖ ਨਹੀਂ ਦੇਵੇਗਾ। ਪਸ਼ੂ-ਪੰਛੀ, ਜੀਵ-ਜੰਤੂਆਂ ਦੇ ਪ੍ਰਤੀ ਦਇਆਵਾਨ, ਜੀਓ ਅਤੇ ਜੀਣ ਦਿਉ ਉਨ੍ਹਾਂ ਦੀ ਪਛਾਣ ਹੈ। ਉਸ ਦੇ ਮਨ ’ਚ ਹਮੇਸ਼ਾ ਮੋਕਸ਼ ਦੀ ਕਾਮਨਾ ਰਹਿੰਦੀ ਹੈ।
ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਪ੍ਰਤੀ ਸਨਮਾਨ : ਹਿੰਦੂ ਆਪਣੇ ਮਾਤਾ-ਪਿਤਾ, ਤਾਊ ਅਤੇ ਬ੍ਰਾਹਮਣ ਨੂੰ ਸਨਮਾਨ ਦੇਣਾ ਆਪਣਾ ਫਰਜ਼ ਸਮਝਦਾ ਹੈ। ਯਾਦ ਰਹੇ ਕਿ ਭਗਵਾਨ ਕ੍ਰਿਸ਼ਨ ਸੰਦੀਪਨੀ ਆਸ਼ਰਮ ’ਚ ਸਿੱਖਿਆ ਪ੍ਰਾਪਤ ਕਰਦਿਆਂ ਜੰਗਲ ’ਚੋਂ ਲੱਕੜਾਂ ਚੁਗ ਕੇ ਲਿਆਉਂਦੇ ਸਨ। ਭਗਵਾਨ ਰਾਮ ਨੇ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਕੇ ਰਾਜ-ਭਾਗ ਨੂੰ ਛੱਡ ਦਿੱਤਾ।
ਇਸਤਰੀਤਵ ਦੇ ਪ੍ਰਤੀ ਸਨਮਾਨ : ਇਸਤਰੀ ਨੂੰ ਮਾਣ-ਸਨਮਾਨ ਹਿੰਦੂਤਵ ’ਚ ਪਹਿਲੀ ਗੱਲ ਹੈ। ਇਸਤਰੀ ਸਨਮਾਨ, ‘ਦੈਵੀ ਸੱਭਿਆਚਾਰ’ ਹੈ। ਖੁਦ ਦੀ ਇਸਤਰੀ ਨੂੰ ਛੱਡ ਕੇ ਬਾਕੀ ਸਾਰੀਆਂ ਇਸਤਰੀਆਂ ਨੂੰ ਮਾਂ ਸਮਝਣਾ ਮਨੁੱਖਤਾ ਹੈ। ਲੜਕੀਆਂ ਨੂੰ ਬਾਲ ਉਮਰ ’ਚ ਕੰਜਕ ਵਜੋਂ ਪੂਜਿਆ ਜਾਣਾ ਹਿੰਦੂਤਵ ਦੀ ਖਾਸੀਅਤ ਹੈ। ਇਸਤਰੀ ਨੂੰ ਕਿਤੇ ਦੁਰਗਾ, ਭਵਾਨੀ, ਕਿਤੇ ਕਾਲੀ ਮਾਂ ਅਤੇ ਕਿਤੇ ਵੈਸ਼ਨਵੀ ਮਾਂ ਕਹਿ ਕੇ ਪੂਜਿਆ ਜਾਂਦਾ ਹੈ।
ਸਾਦੀ ਜ਼ਿੰਦਗੀ ਅਤੇ ਤਰਸ ਦੀ ਭਾਵਨਾ : ਪ੍ਰਾਣੀ ਮਾਤਰ ਦਾ ਭਲਾ, ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਸਮਝਣਾ ਹਿੰਦੂ ਭਾਵ ਹੈ। ਹਵਾ-ਪਾਣੀ, ਧਰਤੀ ਨੂੰ ਗੁਰੂ ਅਤੇ ਮਾਤਾ ਕਿਹਾ ਗਿਆ ਹੈ।
ਤ੍ਰਿਕੋਣੀ ਸ਼ੁੱਧੀ : ਮਨੁੱਖ ਦੇ ਵਿਚਾਰ, ਬੋਲ-ਵਾਣੀ ਅਤੇ ਕਰਮ ਸ਼ੁੱਧਤਾ ਵਾਲੇ ਰਹਿਣ। ਵਿਚਾਰਾਂ-ਬੋਲਚਾਲ ’ਚ, ਕੰਮਕਾਜ ’ਚ ਠਰ੍ਹੰਮਾ ਹੋਣਾ ਚਾਹੀਦਾ ਹੈ। ਇਨ੍ਹਾਂ ਦੇ ਜੁੜਨ ਨਾਲ ਆਦਮੀ ਆਤਮਾ ਦੇ ਨੇੜੇ ਪਹੁੰਚ ਜਾਂਦਾ ਹੈ।
ਪਰਿਵਾਰਿਕ ਜ਼ਿੰਦਗੀ : ਪਤੀ-ਪਤਨੀ ਦੇ ਦਰਮਿਆਨ ਪਵਿੱਤਰ ਸੰਬੰਧ ਸੱਭਿਅਕ ਸਮਾਜ ਨੂੰ ਜਨਮ ਦਿੰਦਾ ਹੈ। ਪਤੀ-ਪਤਨੀ ਦੇ ਦਰਮਿਆਨ ਨਿੱਘੇ ਸੰਬੰਧਾਂ ਦਾ ਹੋਣਾ, ਪਰਿਵਾਰਿਕ ਸ਼ੁੱਧੀ ਕਿਹਾ ਗਿਆ ਹੈ। ਪਰਿਵਾਰ ’ਚ ਦਿਵਿਆਂਗ ਅਤੇ ਲਾਚਾਰ ਵਿਅਕਤੀਆਂ ਦਾ ਪਾਲਣ-ਪੋਸ਼ਣ ਕਰਨਾ ਹਰੇਕ ਹਿੰਦੂ ਦਾ ਫਰਜ਼ ਹੈ।
ਮਾਤਾ ਦੀ ਕਲਪਨਾ : ਮਾਂ ਰੱਬ ਹੈ। ਮਾਂ ਜਨਮਦਾਤੀ ਹੈ। ਮਾਂ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧ ਕਰਦੀ ਹੈ। ਧਰਤੀ ਨੂੰ ਵੀ ਹਿੰਦੂ ਮਾਂ ਮੰਨਦਾ ਹੈ। ਹਿੰਦੂ ਧਰਮ ’ਚ ਮਾਂ, ਧਨ-ਦੌਲਤ ਇਕੱਠੀ ਨਹੀਂ ਕਰਦੀ, ਸਗੋਂ ਉਸ ਨੂੰ ‘ਧਰਤੀ ਮਾਤਾ’ ਦੀ ਸੇਵਾ ’ਚ ਲਗਾਉਂਦੀ ਹੈ।
–ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ