ਸਾਡੇ ਨੌਜਵਾਨ ਹਰਿਤ ਤਬਦੀਲੀ ਅਤੇ ਆਸ ਦੇ ਦੂਤ ਬਣਨ

08/12/2023 12:19:31 PM

ਨੌਜਵਾਨਾਂ ’ਚ ਭਾਰਤ ਨੂੰ ਹੋਰ ਵੱਧ ਬਿਹਤਰ ਬਣਾਉਣ ਦੀ ਅਪਾਰ ਸਮਰੱਥਾ ਹੈ। ਉਹ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ, ਗਰੀਬੀ ਅਤੇ ਬੇਰੋਜ਼ਗਾਰੀ ਵਰਗੀਆਂ ਸਮਾਜਿਕ ਬੁਰਾਈਆਂ ਅਤੇ ਚੁਣੌਤੀਆਂ ਨਾਲ ਨਜਿੱਠਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਹਾਲਾਂਕਿ, ਲੋਕਾਂ ਦੇ ਵਿਆਪਕ ਹਿੱਤ ’ਚ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਉਨ੍ਹਾਂ ਨੂੰ ਸਹੀ ਤਰ੍ਹਾਂ ਦੀਆਂ ਮਨੁੱਖੀ ਕਦਰਾਂ-ਕੀਮਤਾਂ, ਹੁਨਰ ਅਤੇ ਗਿਆਨ ਨਾਲ ਲੈਸ ਕਰਨਾ ਸਮੇਂ ਦੀ ਮੰਗ ਹੈ। ਕਿਸੇ ਰਾਸ਼ਟਰ ਦੀ ਤਰੱਕੀ ਨੌਜਵਾਨ ਊਰਜਾ ਦੀ ਸਰਵਉੱਤਮ ਅਤੇ ਹਾਂ-ਪੱਖੀ ਵਰਤੋਂ ’ਤੇ ਨਿਰਭਰ ਕਰਦੀ ਹੈ। ਜੇ ਨੌਜਵਾਨ ਗੁੰਮਰਾਹ ਹੋਣ ਤਾਂ ਸਮਾਜ ਨੂੰ ਬਹੁਤ ਨੁਕਸਾਨ ਹੁੰਦਾ ਹੈ। ਅਸੀਂ ਜਾਪਾਨ ’ਚ ਨੌਜਵਾਨਾਂ ਦੀ ਤਾਕਤ ਦੇਖੀ ਹੈ। ਇਸ ਦੇ ਦੋ ਸ਼ਹਿਰ-ਹੀਰੋਸ਼ੀਮਾ ਅਤੇ ਨਾਗਾਸਾਕੀ-ਦੂਜੀ ਵਿਸ਼ਵ ਜੰਗ ’ਚ ਸਵਾਹ ’ਚ ਬਦਲ ਗਏ ਸਨ। ਸਖਤ ਮਿਹਨਤ, ਦ੍ਰਿੜ੍ਹ ਸੰਕਲਪ ਅਤੇ ਸਕਾਰਾਤਮਕਤਾ ਦੇ ਦਮ ’ਤੇ ਜਾਪਾਨ ਦੇ ਨੌਜਵਾਨਾਂ ਨੇ ਨਾ ਸਿਰਫ ਦੋ ਤਬਾਹ ਸ਼ਹਿਰਾਂ ਦਾ ਸਗੋਂ ਪੂਰੇ ਦੇਸ਼ ਦਾ ਮੁੜ-ਨਿਰਮਾਣ ਕੀਤਾ। ਅੱਜ ਜਾਪਾਨ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਹੈ। ਇਹੀ ਦੇਸ਼ਭਗਤੀ ਤੇ ਰਾਸ਼ਟਰਵਾਦ ਦੀ ਸ਼ਕਤੀ ਹੈ!

ਕੌਮਾਂਤਰੀ ਯੁਵਾ ਦਿਵਸ (12 ਅਗਸਤ) ਦਾ ਥੀਮ ਢੁੱਕਵਾਂ ਹੈ ‘ਨੌਜਵਾਨਾਂ ਲਈ ਹਰਿਤ ਹੁਨਰ’ ਇਕ ਸਮੁੱਚੇ ਵਿਸ਼ਵ ਵੱਲ। ਹਰਿਤ ਹੁਨਰ ਕੀ ਹੈ? ਇਹ ਇਕ ਟਿਕਾਊ ਅਤੇ ਸਾਧਨ-ਕੁਸ਼ਲ ਸਮਾਜ ’ਚ ਰਹਿਣ, ਵਿਕਸਿਤ ਕਰਨ ਅਤੇ ਸਮਰੱਥ ਕਰਨ ਲਈ ਜ਼ਰੂਰੀ ਗਿਆਨ, ਯੋਗਤਾਵਾਂ, ਮੁੱਲ ਅਤੇ ਨਜ਼ਰੀਆ ਹੈ। ਨੌਜਵਾਨਾਂ ਵਿਚਾਲੇ ਹਰਿਤ ਹੁਨਰ ਨੂੰ ਹੁਲਾਰਾ ਦੇਣਾ ਨਾ ਸਿਰਫ ਉਨ੍ਹਾਂ ਨੂੰ ਉਭਰਦੇ ਹਰਿਤ ਉਦਯੋਗਾਂ ’ਚ ਭਵਿੱਖ ’ਚ ਨੌਕਰੀ ਦੇ ਮੌਕਿਆਂ ਲਈ ਤਿਆਰ ਕਰਦਾ ਹੈ ਸਗੋਂ ਵਾਤਾਵਰਣ ਪ੍ਰਬੰਧਨ ਦੇ ਪ੍ਰਤੀ ਜ਼ਿੰਮੇਵਾਰ ਅਤੇ ਪ੍ਰਤੀਬੱਧਤਾ ਦੀ ਭਾਵਨਾ ਨੂੰ ਵੀ ਹੁਲਾਰਾ ਿਦੰਦਾ ਹੈ। ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ, ਵਿੱਦਿਅਕ ਸੰਸਥਾਨ ਅਤੇ ਨਿੱਜੀ ਸੰਗਠਨ ਹਰਿਤ ਹੁਨਰ ਨਾਲ ਪ੍ਰੀਖਣ, ਸਿੱਖਿਆ ਅਤੇ ਸੰਸਾਧਨ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਹ ਹੁਨਰ ਪੌਣ-ਪਾਣੀ ਤਬਦੀਲੀ, ਸੋਮਿਆਂ ਦੀ ਕਮੀ ਅਤੇ ਵਾਤਾਵਰਣ ਵਿਗਾੜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਰੂਰੀ ਹੈ।

ਨਵਿਆਉਣਯੋਗ ਊਰਜਾ ਤਕਨਾਲੋਜੀ, ਸੌਰ ਊਰਜਾ, ਪਵਨ ਊਰਜਾ ਤੇ ਹੋਰ ਨਵਿਆਉਣਯੋਗ ਊਰਜਾ ਸਰੋਤਾਂ ਨਾਲ ਸਬੰਧਤ ਗਿਆਨ ਅਤੇ ਹੁਨਰ ਵਿਕਾਸ ਲਈ ਅਹਿਮ ਹੈ। ਨਵਿਆਉਣਯੋਗ ਊਰਜਾ ਤਕਨਾਲੋਜੀ ’ਚ ਟ੍ਰੇਂਡ ਨੌਜਵਾਨ ਸਵੱਛ ਊਰਜਾ ਪ੍ਰਣਾਲੀਆਂ ਦੇ ਡਿਜ਼ਾਈਨ, ਸਥਾਪਨਾ ਅਤੇ ਰੱਖ-ਰਖਾਅ ’ਚ ਯੋਗਦਾਨ ਦੇ ਸਕਦੇ ਹਨ। ਇਸੇ ਤਰ੍ਹਾਂ, ਨਵਿਆਉਣਯੋਗ ਊਰਜਾ ਤਕਨਾਲੋਜੀਆਂ ਨੂੰ ਸਮਝਣ ਨਾਲ ਨੌਜਵਾਨਾਂ ਨੂੰ ਇਮਾਰਤਾਂ ਤੋਂ ਲੈ ਕੇ ਟ੍ਰਾਂਸਪੋਰਟ ਤੱਕ ਵੱਖ-ਵੱਖ ਖੇਤਰਾਂ ’ਚ ਊਰਜਾ ਦੀ ਖਪਤ ਅਤੇ ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਮੌਕਿਆਂ ਦੀ ਪਛਾਣ ਕਰਨ ’ਚ ਮਦਦ ਮਿਲ ਸਕਦੀ ਹੈ।

ਸੰਸਾਧਨ ਪ੍ਰਬੰਧਨ ’ਚ ਹੁਨਰ ਰੱਖਣ ਵਾਲੇ ਨੌਜਵਾਨ ਖੇਤੀਬਾੜੀ ਅਤੇ ਜਲ ਪ੍ਰਬੰਧਨ ’ਚ ਸਥਾਨਕ ਪ੍ਰਥਾਵਾਂ ’ਚ ਯੋਗਦਾਨ ਦੇ ਸਕਦੇ ਹਨ। ਰਹਿੰਦ-ਖੂੰਹਦ ਪ੍ਰਬੰਧਨ ਸਿਧਾਂਤਾਂ ਅਤੇ ਰੀਸਾਈਕਲ ਤਕਨੀਕਾਂ ਦਾ ਗਿਆਨ ਨੌਜਵਾਨਾਂ ਨੂੰ ਆਪਣੇ ਭਾਈਚਾਰੇ ’ਚ ਰਹਿੰਦ-ਖੂੰਹਦ ਕਟੌਤੀ ਅਤੇ ਮੁੜ-ਚੱਕਰਣ ਪਹਿਲ ਲਈ ਨਵੀਨ ਹੱਲ ਵਿਕਸਿਤ ਕਰਨ ਲਈ ਮਜ਼ਬੂਤ ਬਣਾ ਸਕਦਾ ਹੈ। ਵਾਤਾਵਰਣ ਨਿਗਰਾਨੀ ਅਤੇ ਵਿਸ਼ਲੇਸ਼ਣ ’ਚ ਹੁਨਰਮੰਦ ਨੌਜਵਾਨਾਂ ਨੂੰ ਵਾਤਾਵਰਣ ਸਬੰਧੀ ਮੁੱਦਿਆਂ ਦਾ ਮੁਲਾਂਕਣ ਅਤੇ ਹੱਲ ਕਰਨ, ਵਧੀਆ ਫੈਸਲਾ ਲੈਣ ਅਤੇ ਸਮੁੱਚੇ ਵਿਕਾਸ ’ਚ ਯੋਗਦਾਨ ਕਰਨ ’ਚ ਸਮਰੱਥ ਬਣਾਉਂਦਾ ਹੈ। ਇਹ ਅਸਲ ’ਚ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਰਤ 2030 ਤਕ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਉਤਸਰਜਨ ਰਫਤਾਰ ਨੂੰ 45 ਫੀਸਦੀ ਤਕ ਘੱਟ ਕਰਨ ਅਤੇ 2070 ਤਕ ਸ਼ੁੱਧ ਜ਼ੀਰੋ ਤਕ ਪਹੁੰਚਣ ਲਈ ਪ੍ਰਤੀਬੱਧ ਹੈ। ਕੇਂਦਰੀ ਬਜਟ 2023-24 ’ਚ ਕਈ ਇਤਿਹਾਸਕ ਫੈਸਲਿਆਂ ਦਾ ਐਲਾਨ ਕੀਤਾ ਗਿਆ ਜੋ ਭਾਰਤ ਦੀ ਹਰਿਤ ਊਰਜਾ ਤਬਦੀਲੀ ਦੇ ਪ੍ਰਤੀ ਸਰਕਾਰ ਦੀ ਲਗਾਤਾਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਉਦਾਹਰਣ ਲਈ, ਊਰਜਾ ਇਨਫੈਕਸ਼ਨ ਅਤੇ ਸ਼ੁੱਧ ਜ਼ੀਰੋ ਮਕਸਦਾਂ ਦੀ ਦਿਸ਼ਾ ’ਚ ਪਹਿਲ ਵਾਲੇ ਪੂੰਜੀ ਨਿਵੇਸ਼ ਲਈ 35,000 ਕਰੋੜ ਰੁਪਏ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਊਰਜਾ ਸੁਰੱਖਿਆ ਅਤੇ ਊਰਜਾ ਇਨਫੈਕਸ਼ਨ ਨੂੰ ਸਹੂਲਤ ਅਨੁਸਾਰ ਬਣਾਉਣ ਅਤੇ ਜੀਵਾਸ਼ਮ ਈਂਧਣ ’ਤੇ ਨਿਰਭਰਤਾ ਨੂੰ ਘੱਟ ਕਰਨ ਲਈ 19,700 ਕਰੋੜ ਰੁਪਏ।

ਗੋਲਾਕਾਰ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਗੋਬਰਧਨ (ਗੈਲਵਨਾਈਜ਼ਿੰਗ ਆਰਗੈਨਿਕ ਬਾਇਓ-ਐਗਰੋ ਰਿਸੋਰਸਿਜ਼ ਧਨ) ਯੋਜਨਾ ਅਧੀਨ 500 ਨਵੇਂ ‘ਕਚਰੇ ਤੋਂ ਧਨ’ ਯੰਤਰ ਸਥਾਪਿਤ ਕੀਤੇ ਜਾਣਗੇ।

ਹਾਲਾਂਕਿ, ਸਾਡੇ ਨੌਜਵਾਨ ਸਿਰਫ ਸਰਵਉੱਤਮ ਹੁਨਰ ਹਾਸਲ ਕਰਨ ਅਤੇ ਉਨ੍ਹਾਂ ਦਾ ਵੱਧ ਲਾਭ ਉਠਾਉਣ ’ਚ ਸਮਰੱਥ ਹੋਣਗੇ ਜੇ ਉਹ ਈਮਾਨਦਾਰੀ, ਹਮਦਰਦੀ, ਸਨਮਾਨ, ਅਖੰਡਤਾ ਤੇ ਕਰੁਣਾ ਵਰਗੀਆਂ ਮਨੁੱਖੀ ਕਦਰਾਂ-ਕੀਮਤਾਂ ਨਾਲ ਚੰਗੀ ਤਰ੍ਹਾਂ ਸੁਸੱਜਿਤ ਹੋਣਗੇ। ਜਦ ਨੌਜਵਾਨ ਮਨੁੱਖੀ ਕਦਰਾਂ-ਕੀਮਤਾਂ ਨੂੰ ਆਤਮਸਾਤ ਕਰਦੇ ਹਨ, ਤਾਂ ਉਹ ਆਪਣੇ ਕੰਮਾਂ ਅਤੇ ਫੈਸਲਿਆਂ ਪ੍ਰਤੀ ਵੱਧ ਜਾਗਰੂਕ ਹੋ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੇ ਵਿਵਹਾਰ ਅਤੇ ਸਮਾਜ ’ਤੇ ਇਸ ਦੇ ਅਸਰ ਪ੍ਰਤੀ ਜਵਾਬਦੇਹੀ ਦੀ ਭਾਵਨਾ ਪੈਦਾ ਹੁੰਦੀ ਹੈ। ਨੌਜਵਾਨਾਂ ’ਚ ਮਨੁੱਖੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਨਾਲ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਉਨ੍ਹਾਂ ਨੂੰ ਭਾਈਚਾਰਕ ਸੇਵਾ ’ਚ ਸਰਗਰਮ ਤੌਰ ’ਤੇ ਸ਼ਾਮਲ ਹੋਣ ਅਤੇ ਆਪਣੇ ਆਸ-ਪਾਸ ਦੀ ਦੁਨੀਆ ਦੀ ਬਿਹਤਰੀ ’ਚ ਹਾਂ-ਪੱਖੀ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਸਾਨੂੰ ਆਪਣੇ ਨੌਜਵਾਨਾਂ ’ਚ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧਣ ਦੀ ਭਾਵਨਾ ਵਿਕਸਿਤ ਕਰਨ ਦੀ ਲੋੜ ਹੈ ਜਿਸ ਨਾਲ ਕਿ 2047 ਤਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਹਾਸਲ ਨਹੀਂ ਹੋ ਜਾਂਦਾ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ-‘ਉੱਠੋ, ਜਾਗੋ ਅਤੇ ਉਦੋਂ ਤਕ ਨਾ ਰੁਕੋ ਜਦੋਂ ਤਕ ਟੀਚਾ ਹਾਸਲ ਨਾ ਹੋ ਜਾਵੇ।’

ਉਨ੍ਹਾਂ ਕਿਹਾ ਕਿ ‘ਸਾਡੇ ਨੌਜਵਾਨਾਂ ’ਚ ਲੋਹੇ ਦੀਆਂ ਮਾਸਪੇਸ਼ੀਆਂ, ਸਟੀਲ ਦੀਆਂ ਨਾੜਾਂ ਅਤੇ ਵੱਡਾ ਦਿਲ ਹੋਣਾ ਚਾਹੀਦਾ ਹੈ।’ ਬਿਨਾਂ ਸ਼ੱਕ ਸਾਡੇ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ ’ਤੇ ਤੰਦਰੁਸਤ ਅਤੇ ਚਰਿੱਤਰ ’ਚ ਮਜ਼ਬੂਤ ਹੋਣਾ ਚਾਹੀਦਾ ਹੈ। ਇਸੇ ਭਾਵਨਾ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਫਿੱਟ ਇੰਡੀਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇੱਥੇ ਮੈਂ ਇਕ ਹੋਰ ਅਹਿਮ ਕਹਾਵਤ ਦਾ ਵੀ ਵਰਨਣ ਕਰਨਾ ਚਾਹਾਂਗਾ-‘‘ਜੇ ਧਨ ਗੁਆਚ ਗਿਆ ਤਾਂ ਕੁਝ ਵੀ ਨਹੀਂ ਗੁਆਚਾ। ਜੇ ਸਿਹਤ ਗੁਆਚ ਗਈ ਤਾਂ ਕੁਝ ਗੁਆਚ ਗਿਆ। ਜੇ ਚਰਿੱਤਰ ਗੁਆਚ ਗਿਆ ਤਾਂ ਸਭ ਕੁਝ ਗੁਆਚ ਗਿਆ।’’ ਆਤਮਵਿਸ਼ਵਾਸ, ਰਾਸ਼ਟਰਵਾਦੀ ਉਤਸ਼ਾਹ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਭਰਪੂਰ ਨੌਜਵਾਨ ਹੀ ਸਾਡੇ ਲਈ ਸੱਚੀ ਜਾਇਦਾਦ ਹੋਣਗੇ। ਚਰਿੱਤਰ ਨਿਰਮਾਣ ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਫੋਕਸ ਦਾ ਖੇਤਰ ਹੋਣਾ ਚਾਹੀਦਾ ਹੈ। ਆਓ, ਆਪਣੇ ਨੌਜਵਾਨਾਂ ਨੂੰ ਆਸ, ਹਰਿਤ ਅਤੇ ਹਾਂ-ਪੱਖੀ ਬਦਲਾਅ ਦਾ ਦੂਤ ਬਣਨ ਲਈ ਤਿਆਰ ਕਰੀਏ।

ਸ਼੍ਰੀ ਬੰਡਾਰੂ ਦੱਤਾਤ੍ਰੇਅ (ਮਾਣਯੋਗ ਰਾਜਪਾਲ, ਹਰਿਆਣਾ)


Rakesh

Content Editor

Related News