ਟਰੈਕਟਰ-ਟਰਾਲੀ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਦੌਰਾਨ ਨੌਜਵਾਨ ਦੀ ਮੌਤ
Monday, May 12, 2025 - 05:59 PM (IST)

ਤਰਨਤਾਰਨ (ਰਮਨ ਚਾਵਲਾ) : ਅਣਪਛਾਤੇ ਟਰੈਕਟਰ-ਟਰਾਲੀ ਦੀ ਮੋਟਰਸਾਈਕਲ ਨਾਲ ਹੋਈ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੂਸਰਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅਣਪਛਾਤੇ ਚਾਲਕ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਮੀਮ ਆਲਮ ਪੁੱਤਰ ਹਾਕਿਮ ਉਦੀਨ ਵਾਸੀ ਕਿਸ਼ਨਗੰਜ ਹਾਲ ਵਾਸੀ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਟਾਈਲ ਪੱਥਰ ਲਗਾਉਣ ਦਾ ਕੰਮ ਕਰਦਾ ਹੈ ਅਤੇ ਆਪਣੇ ਸਾਥੀ ਜਾਮਾਂ ਤੁਲ ਇਸਲਾਮ ਪੁੱਤਰ ਮਹਿਤਾਬ ਆਲਮ ਵਾਸੀ ਗੰਗਾ ਮਹਿਲ ਕਿਸ਼ਨਗੰਜ ਬਿਹਾਰ ਜੋ ਦਿਲਬਾਗ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭਿੱਖੀਵਿੰਡ ਦੇ ਘਰ ਟਾਈਲ ਲਗਾ ਕੇ ਬੀਤੀ 10 ਮਈ ਨੂੰ ਵਕਤ ਕਰੀਬ 8 ਵਜੇ ਰਾਤ ਛੁੱਟੀ ਕਰਕੇ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਆ ਰਿਹਾ ਸੀ ਜਦੋਂ ਉਹ ਗੰਦੇ ਨਾਲੇ ਭਿੱਖੀਵਿੰਡ ਤੋਂ ਕੁਝ ਪਿੱਛੇ ਪੁੱਜਾ ਤਾਂ ਇਕ ਅਣਪਛਾਤੀ ਟਰੈਕਟਰ-ਟਰਾਲੀ ਵੱਲੋਂ ਤੇਜ਼ ਰਫਤਾਰ ਨਾਲ ਉਨ੍ਹਾਂ ’ਚ ਟੱਕਰ ਮਾਰ ਦਿੱਤੀ ਗਈ।
ਇਸ ਦੌਰਾਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪ੍ਰੰਤੂ ਜਾਮਾਤੁਲ ਇਸਲਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅਣਪਛਾਤੇ ਚਾਲਕ ਖਿਲਾਫ ਪਰਚਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।