ਯੋਗੀ ਦੇ ਹਿੰਦੂਤਵ ਮੁੱਦੇ ’ਤੇ ਘਿਰੀ ਵਿਰੋਧੀ ਧਿਰ

Tuesday, Feb 20, 2024 - 02:14 PM (IST)

ਯੋਗੀ ਦੇ ਹਿੰਦੂਤਵ ਮੁੱਦੇ ’ਤੇ ਘਿਰੀ ਵਿਰੋਧੀ ਧਿਰ

ਅਯੁੱਧਿਆ ’ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਅਤੇ ਫਿਰ ਵਾਰਾਣਸੀ ’ਚ ਗਿਆਨਵਿਆਪੀ ਦੇ ਤਹਿਖਾਨੇ ’ਚ ਪੂਜਾ ਦਾ ਅਧਿਕਾਰ ਮਿਲਣ ਪਿੱਛੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਿੰਦੂਤਵ ਦੇ ਮੁੱਦੇ ਨੂੰ ਹੋਰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਦੇ ਮਤੇ ’ਤੇ ‘ਕ੍ਰਿਸ਼ਨ, ਮਹਾਭਾਰਤ, ਕੌਰਵ, ਨੰਦੀ ਵਰਗੇ ਭਾਰਤੀ ਸੱਭਿਆਚਾਰ ਦੇ ਪ੍ਰਤੀਕਾਂ ਰਾਹੀਂ ਆਪਣੇ ਹਿੰਦੂਤਵ ਦੀ ਧਾਰ ਨੂੰ ਹੋਰ ਤਿੱਖਾ ਕੀਤਾ ਤਾਂ ਵਿਰੋਧੀ ਧਿਰ ਨੂੰ ਇਸ ਦੀ ਕਾਟ ਲੱਭਣੀ ਮੁਸ਼ਕਲ ਹੋ ਗਈ।

ਸਦਨ ’ਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸਨਾਤਨ ਧਰਮ ਦੀ ਆਸਥਾ ਦੇ ਪ੍ਰਮੁੱਖ ਸਥਾਨਾਂ ਅਯੁੱਧਿਆ, ਕਾਸ਼ੀ ਅਤੇ ਮਥੁਰਾ ਦਾ ਵਿਕਾਸ ਆਖਿਰ ਕਿਸ ਮਨਸ਼ਾ ਨਾਲ ਰੋਕਿਆ ਗਿਆ ਸੀ। ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ, ‘‘ਬੀਤੀ 22 ਜਨਵਰੀ ਨੂੰ ਪੂਰੇ ਹਿੰਦੋਸਤਾਨ ਅਤੇ ਦੁਨੀਆ ਅੰਦਰ ਜਿੱਥੇ ਕਿਤੇ ਵੀ ਅਸੀਂ ਦੇਖ ਰਹੇ ਸੀ ਹਰ ਪਾਸਿਓਂ ਇਕ ਹੀ ਆਵਾਜ਼ ਆ ਰਹੀ ਸੀ। ਇਹ ਅਦਭੁੱਤ ਪਲ ਸੀ। ਭਾਰਤ ਦੇ ਮਾਣ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸੰਪੰਨ ਹੋਇਆ ਹੈ ਪਰ ਖੁਸ਼ੀ ਇਸ ਗੱਲ ਦੀ ਸੀ ਕਿ ਅਸੀਂ ਵਚਨ ਨਿਭਾਇਆ ਅਤੇ ਮੰਦਰ ਨਹੀਂ ਬਣਾਇਆ।

2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ਜਿਨ੍ਹਾਂ ਲੋਕਾਂ ਨੇ 4-4 ਵਾਰ ਸੂਬੇ ’ਚ ਸ਼ਾਸਨ ਕੀਤਾ, ਲੰਬੇ ਸਮੇਂ ਤੱਕ ਸੱਤਾ ’ਤੇ ਬਿਰਾਜਮਾਨ ਰਹੇ, ਉਨ੍ਹਾਂ ਨੇ ਯੂ.ਪੀ. ਦੇ ਲੋਕਾਂ ਸਾਹਮਣੇ ਪਛਾਣ ਦਾ ਸੰਕਟ ਖੜ੍ਹਾ ਕਰ ਦਿੱਤਾ। ਇੱਥੋਂ ਦਾ ਨੌਜਵਾਨ ਪਛਾਣ ਲੁਕੋਣ ਲਈ ਮਜਬੂਰ ਸੀ। ਉਸ ਨੂੰ ਯੂ.ਪੀ. ਤੋਂ ਬਾਹਰ ਭੈੜੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ।

ਇੱਥੇ ਤਾਂ ਨੌਕਰੀ ਨਹੀਂ ਸੀ, ਯੂ.ਪੀ. ਤੋਂ ਬਾਹਰ ਵੀ ਨਹੀਂ ਮਿਲਦੀ ਸੀ। ਕਿਰਾਏ ਦੇ ਕਮਰੇ ਤਾਂ ਦੂਰ ਹੋਟਲ ਅਤੇ ਧਰਮਸ਼ਾਲਾਵਾਂ ’ਚ ਵੀ ਜਗ੍ਹਾ ਨਹੀਂ ਮਿਲਦੀ ਸੀ। ਅੱਜ ਉੱਤਰ ਪ੍ਰਦੇਸ਼ ’ਚ 22 ਜਨਵਰੀ 2024 ਦੀ ਘਟਨਾ ਨੂੰ ਵੀ ਦੇਖਿਆ ਹੈ। ਪੂਰੀ ਦੁਨੀਆ ਅੰਦਰ ਹਰ ਉਹ ਵਿਅਕਤੀ ਜੋ ਨਿਆਂ ਦਾ ਪੱਖ ਲੈਂਦਾ ਹੈ, ਮਾਣ ਮਹਿਸੂਸ ਕਰ ਰਿਹਾ ਸੀ। ਹਰ ਧਾਰਮਿਕ ਵਿਅਕਤੀ ਦੀਆਂ ਅੱਖਾਂ ’ਚ ਹੰਝੂ ਸਨ। ਯੋਗੀ ਨੇ ਕਿਹਾ ਕਿ ਅਯੁੱਧਿਆ ਨੂੰ ਲੈ ਕੇ ਹਰ ਕਿਸੇ ਦੇ ਮਨ ’ਚ ਤਸੱਲੀ ਸੀ ਕਿ ਜੋ ਕੁਝ ਹੋਇਆ ਹੈ ਚੰਗਾ ਹੋਇਆ ਹੈ। ਅਭੁੱਲ ਪਲ ਸੀ ਉਹ ਅਤੇ ਹਰ ਵਿਅਕਤੀ ਮਾਣ ਮਹਿਸੂਸ ਕਰ ਰਿਹਾ ਸੀ ਕਿਉਂਕਿ 500 ਸਾਲਾਂ ਦੇ ਲੰਬੇ ਸੰਘਰਸ਼ ਪਿੱਛੋਂ ਸਾਰਿਆਂ ਦੀ ਆਗਿਆ ਨਾਲ ਉਸ ਦੇ ਹੱਲ ਦਾ ਰਸਤਾ ਨਿਕਲਿਆ ਅਤੇ ਅੱਜ ਰਾਮਲੱਲਾ ਦੇ ਸ਼ਾਨਦਾਰ ਮੰਦਰ ਦਾ ਨਿਰਮਾਣ ਨਾ ਸਿਰਫ ਵਿਕਸਤ ਹੋਇਆ ਸਗੋਂ ਰਾਮਲੱਲਾ ਉੱਥੇ ਸਥਾਪਤ ਹੋਏ। ਅਯੁੱਧਿਆ ’ਚ ਜੋ ਹੋਇਆ ਉਹ ਪਹਿਲਾਂ ਵੀ ਹੋ ਸਕਦਾ ਸੀ। ਵਿਕਾਸ ਪਹਿਲਾਂ ਹੋ ਸਕਦਾ ਸੀ। ਸੜਕਾਂ ਚੌੜੀਆਂ ਹੋ ਸਕਦੀਆਂ ਸਨ। ਏਅਰਪੋਰਟ ਬਣ ਸਕਦਾ ਸੀ। ਮਥੁਰਾ-ਕਾਸ਼ੀ-ਵ੍ਰਿੰਦਾਵਨ ਦੇ ਵਿਕਾਸ ਨੂੰ ਰੋਕ ਦਿੱਤਾ ਗਿਆ ਪਰ ਸਾਡੀ ਆਸਥਾ ਦੀ ਨੀਤੀ ਸਾਫ ਸੀ। ਮਨਸ਼ਾ ਵੀ ਸਪੱਸ਼ਟ ਸੀ। ਅਸੀਂ ਅਯੁੱਧਿਆ-ਕਾਸ਼ੀ ਤਾਂ ਗਏ ਹੀ, ਨੋਇਡਾ ਅਤੇ ਬਿਜਨੌਰ ਵੀ ਗਏ। ਯੋਗੀ ਨੇ ਕਿਹਾ ਕਿ ਮੈਂ ਅਯੁੱਧਿਆ-ਕਾਸ਼ੀ ਗਿਆ ਕਿਉਂਕਿ ਸਾਡੀ ਆਸਥਾ ਸੀ। ਨੋਇਡਾ, ਬਿਜਨੌਰ ਇਸ ਲਈ ਗਿਆ ਕਿਉਂਕਿ ਉੱਥੇ ਬਾਰੇ ਭਰਮ ਸੀ ਕਿ ਜੋ ਮੁੱਖ ਮੰਤਰੀ ਗਿਆ, ਉਹ ਦੁਬਾਰਾ ਨਹੀਂ ਆਏਗਾ ਪਰ ਮੈਂ ਗਿਆ। ਮੈਂ ਕਿਹਾ ਜੋ ਕੱਲ ਹੋਣਾ ਹੈ ਅੱਜ ਹੋ ਜਾਏ ਪਰ ਮੈਂ ਜ਼ਰੂਰ ਜਾਵਾਂਗਾ। ਕਿਉਂਕਿ ਨੋਇਡਾ, ਬਿਜਨੌਰ ਉੱਤਰ ਪ੍ਰਦੇਸ਼ ਦਾ ਹਿੱਸਾ ਹਨ।’’

ਵਿਰੋਧੀ ਧਿਰ ’ਤੇ ਹਮਲਾ ਬੋਲਦੇ ਹੋਏ ਯੋਗੀ ਨੇ ਕਿਹਾ ਕਿ ਕੁਝ ਲੋਕਾਂ ਨੇ ਨਿੱਜੀ ਸਵਾਰਥਾਂ ਲਈ ਅਯੁੱਧਿਆ ਨੂੰ ਯੁੱਧ ਭੂਮੀ ’ਚ ਬਦਲ ਦਿੱਤਾ ਸੀ। ਅਯੁੱਧਿਆ ’ਚ ਤਦ ਕਰਫਿਊ ਦਾ ਸੰਨਾਟਾ ਸੀ। ਅੱਜ ਅਯੁੱਧਿਆ ਮੰਗਲ ਭਵਨ ਅਮੰਗਲ ਹਾਰੀ ਦੀ ਧੁੰਨੀ ਨਾਲ ਗੂੰਜ ਰਹੀ ਹੈ। ਤਦ ਸਰਕਾਰ ਨੇ ਅਯੁੱਧਿਆ ਨੂੰ ਅਣਡਿੱਠ ਕੀਤਾ ਸੀ। ਅੱਜ ਸਾਰਾ ਦੇਸ਼ ਸਾਡੇ ਕੋਲੋਂ ਉਮੀਦ ਰੱਖਦਾ ਹੈ। ਅਯੁੱਧਿਆ ਅੱਜ ਸਭ ਨੂੰ ਸੱਦਾ ਦਿੰਦੀ ਹੈ। ਸਾਨੂੰ ਸਭ ਨੂੰ ਉੱਥੇ ਜਾਣਾ ਚਾਹੀਦਾ। ਪੂਰਾ ਦੇਸ਼ ਉੱਥੇ ਆ ਰਿਹਾ ਹੈ ਅਤੇ ਪੂਰੀ ਦੁਨੀਆ ਆਉਣੀ ਚਾਹੁੰਦੀ ਹੈ। ਅਖਿਲੇਸ਼ ’ਤੇ ਤਨਜ਼ ਕੱਸਦਿਆਂ ਯੋਗੀ ਨੇ ਕਿਹਾ ਕਿ ਰਾਜਪਾਲ ਨੇ ਭਾਸ਼ਣ ਦੀ ਸ਼ੁਰੂਆਤ ਭਗਵਾਨ ਰਾਮ ਤੋਂ ਕੀਤੀ ਸੀ ਪਰ ਨੇਤਾ ਵਿਰੋਧੀ ਧਿਰ ਨੇ ਇਕ ਵੀ ਸ਼ਬਦ ਉਸ ’ਤੇ ਨਹੀਂ ਬੋਲਿਆ। ਉਨ੍ਹਾਂ ਨੂੰ ਅੱਜ ਵੀ ਵੋਟਾਂ ਦੀ ਚਿੰਤਾ ਹੈ ਅਤੇ ਇਹ ਵੋਟ ਬੈਂਕ ਦੀ ਚਿੰਤਾ ਬੜੀ ਖਤਰਨਾਕ ਹੈ। ਵੋਟ ਬੈਂਕ ਲਈ ਅਸੀਂ ਕਿਸ ਪੱਧਰ ’ਤੇ ਜਾ ਕੇ ਲੋਕਾਂ ਦੇ ਭਰੋਸੇ ਦੇ ਮੁੱਦੇ ’ਤੇ ਖਿਲਵਾੜ ਕਰ ਰਹੇ ਹਾਂ ਕਿ ਰਾਜਪਾਲ ਦੇ ਭਾਸ਼ਣ ’ਚ ਵਰਤੇ ਗਏ ਸ਼ਬਦਾਂ ਦੀ ਵਰਤੋਂ ਵੀ ਅਸੀਂ ਨਹੀਂ ਕਰ ਸਕੇ।

ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਯੋਗੀ ਆਦਿੱਤਿਆਨਾਥ ਨੇ ਰਾਮ ਮੰਦਰ ਦੇ ਮੁੱਦੇ ’ਤੇ ਬੋਲਦੇ ਹੋਏ ਇਸ਼ਾਰਿਆਂ-ਇਸ਼ਾਰਿਆਂ ’ਚ ਮਥੁਰਾ ਅਤੇ ਕਾਸ਼ੀ ਦਾ ਮੁੱਦਾ ਵੀ ਛੇੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅੰਦਰ ਲੋਕ ਆਸਥਾ ਦਾ ਅਪਮਾਨ ਹੋ ਰਿਹਾ ਹੈ ਅਤੇ ਬਹੁ-ਗਿਣਤੀ ਭਾਈਚਾਰਾ ਗਿੜਗਿੜਾਏ, ਅਜਿਹਾ ਦੁਨੀਆ ’ਚ ਕਦੇ ਨਹੀਂ ਹੋਇਆ। ਜੋ ਕੰਮ ਹੋ ਰਿਹਾ ਹੈ ਉਹ ਕੰਮ ਆਜ਼ਾਦ ਭਾਰਤ ’ਚ ਪਹਿਲਾਂ ਹੋਣਾ ਚਾਹੀਦਾ ਸੀ। ਅਯੁੱਧਿਆ-ਕਾਸ਼ੀ ਅਤੇ ਮਥੁਰਾ ਵੱਲ ਇਸ਼ਾਰਾ ਕਰਦਿਆਂ ਯੋਗੀ ਨੇ ਕਿਹਾ, ‘‘ਅਸੀਂ ਤਾਂ ਸਿਰਫ ਤਿੰਨ ਥਾਵਾਂ ਮੰਗੀਆਂ ਹਨ, ਹੋਰ ਥਾਵਾਂ ਬਾਰੇ ਕੋਈ ਮੁੱਦਾ ਨਹੀਂ ਸੀ।

ਵਿਦੇਸ਼ੀ ਹਮਲਾਵਰਾਂ ਨੇ ਸਿਰਫ ਇਸ ਦੇਸ਼ ਅੰਦਰੋਂ ਧਨ ਦੌਲਤ ਹੀ ਨਹੀਂ ਲੁੱਟਿਆ ਸੀ। ਇਸ ਦੇਸ਼ ਦੀ ਆਸਥਾ ਵੀ ਕੁਚਲਣ ਦਾ ਕੰਮ ਕੀਤਾ ਸੀ। ਆਜ਼ਾਦੀ ਪਿੱਛੋਂ ਉਨ੍ਹਾਂ ਹਮਲਾਵਰਾਂ ਦੀਆਂ ਸਿਫਤਾਂ ਕਰਨ ਦਾ ਝੂਠਾ ਕੰਮ ਕੀਤਾ ਗਿਆ।

ਵਿਰੋਧੀ ਧਿਰ ਆਗੂਆਂ ਕੋਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਦੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਵਿਰੋਧੀ ਧਿਰ ਆਗੂਆਂ ਨੇ ਰਾਮ ਮੰਦਰ ’ਤੇ ਸਮੇਂ-ਸਮੇਂ ’ਤੇ ਦਿੱਤੇ ਗਏ ਬਿਆਨਾਂ ਨਾਲ ਭਾਜਪਾ ਨੂੰ ਇਹ ਮੌਕਾ ਦਿੱਤਾ ਹੈ। ਰਾਮ ਮੰਦਰ ਦੇ ਨਿਰਮਾਣ ਦੀਆਂ ਲੋਕਾਂ ਦੀਆਂ ਆਸਾਂ ਨੂੰ ਸਮਝਣ ’ਚ ਵਿਰੋਧੀ ਧਿਰ ਆਗੂ ਅਸਫਲ ਰਹੇ ਹਨ। ਮੰਦਰ ਦੇ ਨਿਰਮਾਣ ਬਾਰੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਦੀ ਭੂਮਿਕਾ ਸ਼ੁਰੂ ਤੋਂ ਹੀ ਨਾਂਹ-ਪੱਖੀ ਰਹੀ ਹੈ। ਉਹ ਆਪਣੇ ਨਾਮਨਿਹਾਦ ਸੈਕੂਲਰ ਅਕਸ ਨੂੰ ਚਮਕਾਉਣ ਦੇ ਮੋਹ ’ਚ ਇੰਨਾ ਡੁੱਬੇ ਰਹੇ ਕਿ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਸਮਝ ਹੀ ਨਹੀਂ ਸਕੇ। ਇੰਨਾ ਹੀ ਨਹੀਂ ਜਦ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੂੰ ਅਯੁੱਧਿਆ ’ਚ ਰਾਮ ਮੰਦਰ ’ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਆਉਣ ਦਾ ਸੱਦਾ ਪੱਤਰ ਗਿਆ ਤਾਂ ਉਨ੍ਹਾਂ ਨੇ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਇਕ ਚਹੇਤੇ ਬੜਬੋਲੇ ਆਗੂ ਨੇ ਪ੍ਰਾਣ ਪ੍ਰਤਿਸ਼ਠਾ ਦਾ ਹੀ ਮਜ਼ਾਕ ਉਡਾਇਆ।

ਪ੍ਰਮੋਦ ਕ੍ਰਿਸ਼ਨਨ ਨੂੰ ਛੱਡ ਕੇ ਕੋਈ ਵੱਡਾ ਕਾਂਗਰਸੀ ਆਗੂ ਤਾਂ ਇਸ ਸਮਾਗਮ ’ਚ ਗਿਆ ਹੀ ਨਹੀਂ। ਕੋਈ ਮੰਦਰ ਦੀ ਥਾਂ ਹਸਪਤਾਲ ਬਣਵਾਉਣ ਦੀ ਗੱਲ ਕਰ ਰਿਹਾ ਸੀ ਤਾਂ ਕਿਸੇ ਨੇ ਕਿਹਾ ਕਿ ਕੀ ਰਾਮ ਮੰਦਰ ਬਣ ਜਾਣ ਨਾਲ ਬੇਰੋਜ਼ਗਾਰੀ ਦੂਰ ਹੋ ਜਾਵੇਗੀ ਪਰ ਅੱਜ ਕੋਈ ਵੀ ਅਯੁੱਧਿਆ ਜਾ ਕੇ ਦੇਖ ਸਕਦਾ ਹੈ ਕਿ ਕਿਸ ਤਰ੍ਹਾਂ ਅਯੁੱਧਿਆ ਹੀ ਨਹੀਂ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਨਾਲ-ਨਾਲ ਪੂਰੇ ਸੂਬੇ ਅਤੇ ਦੇਸ਼ ਦੀ ਅਰਥਵਿਵਸਥਾ ਬਦਲ ਰਹੀ ਹੈ।

ਅੱਜ ਅਯੁੱਧਿਆ ’ਚ ਰਾਮ ਮੰਦਰ ਬਣਨ ਕਾਰਨ ਹੀ ਉਹ ਪੂਰੀ ਦੁਨੀਆ ਦਾ ਇਕ ਵੱਡਾ ਸੈਲਾਨੀ ਸਥਾਨ ਵੀ ਬਣ ਗਿਆ ਹੈ। ਪੂਰੀ ਅਯੁੱਧਿਆ ਦਾ ਕਾਇਆਕਲਪ ਹੋ ਗਿਆ ਹੈ। ਉੱਥੋਂ ਦੇ ਛੋਟੇ-ਵੱਡੇ ਦੁਕਾਨਦਾਰਾਂ, ਹੋਟਲਾਂ ਦੀ ਨਹੀਂ ਸਗੋਂ ਆਮ ਆਦਮੀ, ਰਿਕਸ਼ਾ, ਟੈਕਸੀ ਚਾਲਕਾਂ ਦੀ ਆਰਥਿਕ ਹਾਲਤ ’ਚ ਸੁਧਾਰ ਹੋ ਰਿਹਾ ਹੈ। ਹਰ ਥਾਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਵਿਰੋਧੀ ਧਿਰ ਪਾਰਟੀਆਂ ਦੇ ਆਗੂਆਂ ਦੀ ਬੇਚੈਨੀ ਹੁਣ ਸਾਫ-ਸਾਫ ਦਿਖਾਈ ਦੇ ਰਹੀ ਹੈ। ਪਾਰਟੀਆਂ ਟੁੱਟ ਰਹੀਆਂ ਹਨ ਅਤੇ ਨਿਰਾਸ਼ ਪਾਰਟੀਆਂ ਦੇ ਆਗੂਆਂ ਨੂੰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਹੈ। ਬੇਚੈਨੀ ਇੰਨੀ ਜ਼ਿਆਦਾ ਹੈ ਕਿ ਕੁਝ ਆਗੂ ਤਾਂ ਸੂਬੇ ’ਚ ਅਫਰਾ-ਤਫਰੀ ਫੈਲਾਉਣ ਤੋਂ ਵੀ ਬਾਜ਼ ਨਹੀਂ ਆ ਰਹੇ ਹਨ। ਬਰੇਲੀ ਅਤੇ ਹਲਦਵਾਨੀ ’ਚ ਉਨ੍ਹਾਂ ਦੇ ਕਾਰਜਾਂ ਦੀ ਜਾਂਚ ਚੱਲ ਰਹੀ ਹੈ। ਵਿਰੋਧੀ ਧਿਰ ਆਗੂਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਚੋਣਾਂ ਦਾ ਮੁੱਦਾ ਕੀ ਬਣਾਉਣ। ਬਸ ਉਹ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਗੱਲ ਕਰ ਰਹੇ ਹਨ ਜੋ ਹਰ ਚੋਣ ’ਚ ਵਿਰੋਧੀ ਧਿਰ ਪਾਰਟੀਆਂ ਦੇ ਆਗੂ ਮੁੱਦਾ ਬਣਾਉਂਦੇ ਰਹੇ ਹਨ ਪਰ ਜਨਤਾ ਵੀ ਇਹ ਸਮਝ ਰਹੀ ਹੈ ਕਿ ਦੁਨੀਆ ’ਚ ਕੋਈ ਅਜਿਹੀ ਸਰਕਾਰ ਨਹੀਂ ਜੋ ਸਾਰਿਆਂ ਨੂੰ ਰੋਜ਼ਗਾਰ ਦੇ ਸਕੇ। ਰਹੀ ਗੱਲ ਮਹਿੰਗਾਈ ਦੀ ਤਾਂ ਉਹ ਆਬਾਦੀ ਵਧਣ ਦੇ ਨਾਲ-ਨਾਲ ਲਗਾਤਾਰ ਵਧ ਰਹੀ ਹੈ ਪਰ ਵਿਰੋਧੀ ਧਿਰ ਦੇ ਆਗੂ ਤਾਂ ਆਬਾਦੀ ਕੰਟਰੋਲ ਕਾਨੂੰਨ ਦੇ ਖਿਲਾਫ ਵੀ ਬੋਲਦੇ ਰਹੇ ਹਨ। ਦੁਨੀਆ ਦੇ ਤਮਾਮ ਦੇਸ਼ਾਂ ਦੇ ਮੁਕਾਬਲੇ ’ਚ ਮਹਿੰਗਾਈ ਘੱਟ ਹੀ ਹੈ। ਪਾਕਿਸਤਾਨ, ਸ਼੍ਰੀਲੰਕਾ ਸਮੇਤ ਤਮਾਮ ਦੇਸ਼ਾਂ ’ਚ ਮਹਿੰਗਾਈ ਭਾਰਤ ਨਾਲੋਂ ਬਹੁਤ ਜ਼ਿਆਦਾ ਹੈ। ਕੁੱਲ ਮਿਲਾ ਕੇ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਚੋਣ ਨਹੀਂ ਜਿੱਤ ਸਕਦੀ। ਇਸ ਲਈ ਉਸ ਨੂੰ ਨਵੇਂ ਮੁੱਦਿਆਂ ਦੀ ਤਲਾਸ਼ ਕਰਨੀ ਪਵੇਗੀ।

ਨਿਰੰਕਾਰ ਸਿੰਘ


author

Rakesh

Content Editor

Related News