ਵਿਰੋਧੀ ਧਿਰ ਦੀ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ

Tuesday, Jul 30, 2024 - 03:08 PM (IST)

ਵਿਰੋਧੀ ਧਿਰ ਦੀ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ

ਮੁਸਲਿਮ ਵੋਟਾਂ ਲਈ ਵਿਰੋਧੀ ਧਿਰ ਦੇ ਨੇਤਾ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਿਰੋਧੀ ਪਾਰਟੀਆਂ ਨੂੰ ਲੱਗਣਾ ਚਾਹੀਦਾ ਹੈ ਕਿ ਹਿਤੈਸ਼ੀ ਬਣਨ ਦਾ ਦਿਖਾਵਾ ਕਰਨ ਨਾਲ ਮੁਸਲਿਮ ਵੋਟਾਂ ਨੂੰ ਬਟੋਰਿਆ ਜਾ ਸਕਦਾ ਹੈ। ਇਸ ਪਿੱਛੋਂ ਇਨ੍ਹਾਂ ਪਾਰਟੀਆਂ ’ਚ ਹੀ ਸੱਤਾ ਹਿਤੈਸ਼ੀ ਬਣਨ ਦੀ ਮੁਕਾਬਲੇਬਾਜ਼ੀ ਹੋ ਜਾਂਦੀ ਹੈ। ਵੋਟਾਂ ਦੀ ਖਾਤਿਰ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ ਦਾ ਹੀ ਇਹ ਸਿੱਟਾ ਹੈ ਕਿ ਇਸ ਦੀ ਪ੍ਰਤੀਕਿਰਿਆ ਵਜੋਂ ਭਾਜਪਾ ਨੇ ਨਾ ਸਿਰਫ ਰਾਸ਼ਟਰੀ ਪੱਧਰ ’ਤੇ ਸੰਗਠਨ ਦੀ ਮਜ਼ਬੂਤ ਪਕੜ ਬਣਾ ਲਈ ਹੈ ਸਗੋਂ ਲਗਾਤਾਰ ਤੀਜੀ ਵਾਰ ਕੇਂਦਰ ’ਚ ਸੱਤਾ ’ਚ ਵੀ ਆ ਗਈ ਹੈ। ਹਾਲਾਂਕਿ ਇਸ ’ਚ ਕਾਫੀ ਹੱਦ ਤੱਕ ਕੇਂਦਰ ਸਰਕਾਰ ਦੇ ਵਿਕਾਸ ਕਾਰਜ ਵੀ ਸ਼ਾਮਲ ਹਨ।

ਮੁਸਲਮਾਨਾਂ ਦਾ ਹਿਤੈਸ਼ੀ ਬਣਨ ਦਾ ਨਵਾਂ ਮਾਮਲਾ ਬੰਗਲਾਦੇਸ਼ ਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਹਿੰਸਾ ਪ੍ਰਭਾਵਿਤ ਬੰਗਲਾਦੇਸ਼ ਦੇ ਸੰਕਟ ਪੀੜਤ ਲੋਕਾਂ ਲਈ ਪੱਛਮੀ ਬੰਗਾਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਣਗੇ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ ਜਾਵੇਗੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੁੱਦਾ ਮੁੱਖ ਮੰਤਰੀ ਮਮਤਾ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਇਹ ਵਿਦੇਸ਼ ਮੰਤਰਾਲਾ ਦੇ ਅਧੀਨ ਆਉਂਦਾ ਹੈ। ਵਿਦੇਸ਼ ਮੰਤਰਾਲਾ ਕੇਂਦਰ ਸਰਕਾਰ ਅਧੀਨ ਕੰਮ ਕਰਦਾ ਹੈ। ਇਹ ਜਾਣਦੇ ਹੋਏ ਵੀ ਮਮਤਾ ਨੇ ਮੁਸਲਿਮ ਵੋਟ ਬੈਂਕ ’ਤੇ ਆਪਣੀ ਪਕੜ ਬਣਾਈ ਰੱਖਣ ਲਈ ਅਜਿਹਾ ਬਿਆਨ ਦਿੱਤਾ।

ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਸ਼ਰੇਆਮ ਮੁਸਲਮਾਨਾਂ ਦਾ ਪੱਖ ਲੈਂਦੀ ਰਹੀ ਹੈ। ਇਸ ਲਈ ਬੇਸ਼ੱਕ ਕਾਨੂੰਨ ਦੀ ਪ੍ਰਵਾਨਗੀ ਹੋਵੇ ਜਾਂ ਨਾ। ਬਰਮਾ (ਮਿਆਂਮਾਰ) ਦੇ ਰੋਹਿੰਗਿਆ ਸ਼ਰਨਾਰਥੀਆਂ ਦਾ ਮਸਲਾ ਵੀ ਕੇਂਦਰ ਸਰਕਾਰ ਅਧੀਨ ਸੀ। ਕੇਂਦਰ ਸਰਕਾਰ ਹੀ ਤੈਅ ਕਰ ਸਕਦੀ ਹੈ ਕਿ ਭਾਰਤ ’ਚ ਕਿਸ ਨੂੰ ਸ਼ਰਨ ਦੇਣੀ ਹੈ ਅਤੇ ਕਿਸ ਨੂੰ ਨਹੀਂ। ਰੋਹਿੰਗਿਆ ਸ਼ਰਨਾਰਥੀ ਸੰਕਟ ’ਤੇ ਕੇਂਦਰ ਦੇ ਦ੍ਰਿਸ਼ਟੀਕੋਣ ਦਾ ਵਿਰੋਧ ਕਰਦੇ ਹੋਏ ਮਮਤਾ ਨੇ ਕਿਹਾ ਸੀ ਕਿ ਸਭ ਆਮ ਲੋਕ ਅੱਤਵਾਦੀ ਨਹੀਂ ਹਨ। ਉਨ੍ਹਾਂ ਨੇ ਭਾਈਚਾਰੇ ਦੀ ਹਮਾਇਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਵਰਨਣਯੋਗ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ 40,000 ਰੋਹਿੰਗਿਆ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ ਗਈ ਸੀ।

ਮਮਤਾ ਬੈਨਰਜੀ ਦੀ ਸ਼ਹਿ ਹਾਸਲ ਕਰ ਕੇ ਕਈ ਮੁਸਲਿਮ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਕੋਲਕਾਤਾ ’ਚ ਰੈਲੀ ਕੱਢੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਯੋਜਨਾ ਦਾ ਵਿਰੋਧ ਕੀਤਾ ਤੇ ਰੋਹਿੰਗਿਆ ਸ਼ਰਨਾਰਥੀਆਂ ਲਈ ਭਾਰਤ ’ਚ ਸ਼ਰਨ ਦੀ ਮੰਗ ਕੀਤੀ। ਇਹ ਮੁੱਦਾ ਮੁਸਲਮਾਨਾਂ ਦੇ ਵੋਟ ਬੈਂਕ ਨਾਲ ਜੁੜਿਆ ਹੋਇਆ ਸੀ। ਇਸ ’ਚ ਦੂਜੀਆਂ ਵਿਰੋਧੀ ਪਾਰਟੀਆਂ ਵੀ ਸ਼ਾਮਲ ਹੋ ਗਈਆਂ। ਮੁਸਲਮਾਨਾਂ ਦੇ ਮਾਮਲੇ ’ਚ ਸਭ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਕਿਤੇ ਦੂਜੀ ਪਾਰਟੀ ਵੋਟ ਬੈਂਕ ਦਾ ਵਧੇਰੇ ਹਿੱਸਾ ਨਾ ਲੈ ਜਾਵੇ। ਇਸੇ ਕਾਰਨ ਮੁੱਦਾ ਭਾਵੇਂ ਸੂਬਿਆਂ ਦਾ ਹੋਵੇ ਜਾਂ ਫਿਰ ਕੇਂਦਰ ਸਰਕਾਰ ਨਾਲ ਜੁੜਿਆ ਹੋਵੇ, ਵਗਦੀ ਗੰਗਾ ’ਚ ਹੱਥ ਧੋਣ ਤੋਂ ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ।

ਮੁਸਲਿਮ ਵੋਟਾਂ ਦੀ ਖਾਤਿਰ ਮਮਤਾ ਕਿਸੇ ਵੀ ਹੱਦ ’ਚੋਂ ਲੰਘਣ ਲਈ ਤਿਆਰ ਰਹਿੰਦੀ ਹੈ। ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਵੱਲੋਂ ਇਮਾਮ ਅਤੇ ਮੁਅੱਜ਼ਿਨ ਨੂੰ ਲੈ ਕੇ ਸੱਦੀ ਗਈ ਕਾਨਫਰੰਸ ’ਚ ਵੀ ਸਿਆਸੀ ਘਮਸਾਨ ਛਿੜ ਗਿਆ ਸੀ। ਵਿਰੋਧੀ ਪਾਰਟੀਆਂ ਨੇ ਇਸ ਕਾਨਫਰੰਸ ਨੂੰ ਧਿਆਨ ’ਚ ਰੱਖਦਿਆਂ ਮਮਤਾ ’ਤੇ ਖੁੱਲ੍ਹ ਕੇ ਤੁਸ਼ਟੀਕਰਨ ਅਤੇ ਵੋਟਾਂ ਦੀ ਸਿਆਸਤ ਦਾ ਦੋਸ਼ ਲਾ ਦਿੱਤਾ। ਸਮੁੱਚੇ ਬੰਗਾਲ ਦੇ ਇਮਾਮ ਤੇ ਮੁਅੱਜ਼ਿਨ ਇਸ ’ਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ’ਚ ਕੋਲਕਾਤਾ ਪੁੱਜੇ ਸਨ। ਗੱਠਜੋੜ ਦੀ ਸਹਿਯੋਗੀ ਪਾਰਟੀ ਕਾਂਗਰਸ ਦੇ ਸੂਬਾਈ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਮਮਤਾ ਬੈਨਰਜੀ ’ਤੇ ਤਿੱਖਾ ਹਮਲਾ ਕਰਦਿਆਂ ਮਮਤਾ ਨੂੰ ਮੁਸਲਮਾਨਾਂ ਦੇ ਸਮੁੱਚੇ ਵਿਕਾਸ ਲਈ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰ ਦਿੱਤੀ।

ਕਾਂਗਰਸ ਆਗੂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਨੂੰ ਵ੍ਹਾਈਟ ਪੇਪਰ ਜਾਰੀ ਕਰ ਕੇ ਦੱਸਣਾ ਚਾਹੀਦਾ ਹੈ ਕਿ ਵਕਫ ਦੀ ਜਾਇਦਾਦ ਨੂੰ ਵੇਚ ਕੇ ਕਿੰਨੇ ਪ੍ਰਮੋਟਰ ਕਰੋੜਪਤੀ ਹੋ ਗਏ ਅਤੇ ਇਨ੍ਹਾਂ ’ਚੋ ਕਿੰਨੇ ਤੁਹਾਡੀ ਪਾਰਟੀ ਦੇ ਹਨ। ਮੁਸਲਿਮ ਵੋਟ ਬੈਂਕ ਦੀ ਸਿਆਸਤ ’ਚ ਮਮਤਾ ਬੈਨਰਜੀ ਕਾਨੂੰਨ ਨੂੰ ਹੀ ਠੇਂਗਾ ਦਿਖਾਉਣ ’ਚ ਪਿੱਛੇ ਨਹੀਂ ਰਹੀ। ਕਲਕੱਤਾ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਰਾਜ ਅਧੀਨ 2011 ਤੋਂ ਬੰਗਾਲ ’ਚ ਜਾਰੀ ਕੀਤੇ ਗਏ ਹੋਰਨਾਂ ਪੱਛੜਾ ਵਰਗ ਦੇ ਸਭ ਸਰਟੀਫਿਕੇਟਾਂ ਨੂੰ ਨਾਜਾਇਜ਼ ਦੱਸਦੇ ਹੋਏ ਰੱਦ ਕਰ ਦਿੱਤਾ। ਇਸ ’ਚ 80 ਫੀਸਦੀ ਤੋਂ ਵੱਧ ਮੁਸਲਿਮ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲ ਰਿਹਾ ਸੀ। ਅਦਾਲਤ ਦੇ ਇਸ ਫੈਸਲੇ ’ਤੇ ਮਮਤਾ ਬੁਰੀ ਤਰ੍ਹਾਂ ਭੜਕ ਗਈ।

ਹਾਈ ਕੋਰਟ ਦੇ ਸੀਨੀਅਰ ਜੱਜਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਕ ਜੱਜ ਕਹਿ ਰਿਹਾ ਹੈ ਕਿ ਮੈਂ ਆਰ. ਐੱਸ. ਐੱਸ. ਦਾ ਵਿਅਕਤੀ ਹਾਂ, ਦੂਜਾ ਭਾਜਪਾ ’ਚ ਸ਼ਾਮਲ ਹੋ ਗਿਆ। ਤੁਸੀਂ ਇਸ ਤਰ੍ਹਾਂ ਦੇ ਜੱਜ ਕਿਵੇਂ ਹੋ ਸਕਦੇ ਹੋ ਅਤੇ ਅਦਾਲਤਾਂ ਦੀ ਅਗਵਾਈ ਕਿਵੇਂ ਕਰ ਸਕਦੇ ਹੋ? ਇੰਨਾ ਹੀ ਨਹੀਂ, ਮਮਤਾ ਬੈਨਰਜੀ ਨੇ ਸੰਦੇਸ਼ਖਾਲੀ ’ਚ ਔਰਤਾਂ ਨਾਲ ਹੋਏ ਸੈਕਸ ਸ਼ੋਸ਼ਣ, ਜ਼ਮੀਨ ਹਥਿਆਉਣ ਅਤੇ ਰਾਸ਼ਨ ਘਪਲੇ ਨਾਲ ਜੁੜੇ ਸਭ ਮਾਮਲਿਆਂ ’ਚ ਮੁਲਜ਼ਮਾਂ ਨੂੰ ਬਚਾਉਣ ਲਈ ਜ਼ੋਰਦਾਰ ਪੈਰਵੀ ਕੀਤੀ। ਸੁਪਰੀਮ ਕੋਰਟ ਨੇ ਮਮਤਾ ਸਰਕਾਰ ਦੇ ਵਤੀਰੇ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਕਿਸੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਦੱਸਣਯੋਗ ਹੈ ਕਿ ਈ. ਡੀ. ਦੇ ਅਧਿਕਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਦੇ ਟਿਕਾਣੇ ’ਤੇ ਛਾਪੇ ਮਾਰਨ ਗਏ ਸਨ, ਜਿੱਥੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ।

ਮਮਤਾ ਬੈਨਰਜੀ ਹੀ ਨਹੀਂ, ਮੁਸਲਿਮ ਵੋਟ ਬੈਂਕ ਦੀ ਖਾਤਿਰ ਅਪਰਾਧੀ, ਅੱਤਵਾਦੀ ਅਤੇ ਦੇਸ਼ ਵਿਰੋਧੀ ਬਿਆਨ ਦੇਣ ਵਾਲਿਆਂ ਨੂੰ ਗਲੇ ਲਾਉਣ ਲਈ ਸਿਆਸਤਦਾਨ ਨਾ ਸਿਰਫ ਉਤਾਵਲੇ ਰਹਿੰਦੇ ਹਨ ਸਗੋਂ ਆਪਸ ’ਚ ਮੁਕਾਬਲੇਬਾਜ਼ੀ ਵੀ ਕਰਦੇ ਹਨ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਦੌਰਾਨ ਮੁਸਲਿਮ ਮਾਫੀਆ ਅਤੇ ਅਪਰਾਧੀਆਂ ਨੂੰ ਭਰਪੂਰ ਸਰਪ੍ਰਸਤੀ ਦਿੱਤੀ ਗਈ ਸੀ। ਮਾਫੀਆ ਅਤੀਕ ਅਹਿਮਦ ਤੇ ਮੁਖਤਾਰ ਅੰਸਾਰੀ ਦੀ ਮੌਤ ’ਤੇ ਸਪਾ ਦੇ ਪ੍ਰਧਾਨ ਨੇ ਮਗਰਮੱਛ ਦੇ ਅੱਥਰੂ ਵਹਾਏ ਸਨ। ਅਸਲ ’ਚ ਭਾਜਪਾ ਦੇ ਵਧਦੇ ਪ੍ਰਭਾਵ ਕਾਰਨ ਖੇਤਰੀ ਪਾਰਟੀਆਂ ਕੋਲ ਵੋਟ ਬੈਂਕ ਬਣਾਉਣ ਦੇ ਮੌਕੇ ਸੀਮਤ ਹੋ ਗਏ ਹਨ। ਇਹੀ ਕਾਰਨ ਹੈ ਕਿ ਮੁਸਲਿਮ ਵੋਟ ਬੈਂਕ ’ਚ ਵਧੇਰੇ ਹਿੱਸਾ ਬਟੋਰਨ ਲਈ ਸਹੀ-ਗਲਤ ਬਾਰੇ ਸੋਚੋ ਬਿਨਾਂ ਹੀ ਵਿਰੋਧੀ ਧਿਰਾਂ ਮੁਸਲਮਾਨਾਂ ਦੀ ਹਮਾਇਤ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਣ ਤੋਂ ਬਾਜ਼ ਨਹੀਂ ਆਉਂਦੀਆਂ।

ਯੋਗੇਂਦਰ ਯੋਗੀ


author

Tanu

Content Editor

Related News