ਨਿਤੀਸ਼ ਕੁਮਾਰ ਕੇਂਦਰ ਸਰਕਾਰ ਦੇ ਅੱਗੇ ਝੁਕੇ ਜਾਂ ਕਰਨ ਦੀ ਸੋਚ ਰਹੇ ਨਵਾਂ ਖੇਲਾ!

Tuesday, Jul 02, 2024 - 03:26 AM (IST)

ਨਿਤੀਸ਼ ਕੁਮਾਰ ਕੇਂਦਰ ਸਰਕਾਰ ਦੇ ਅੱਗੇ ਝੁਕੇ ਜਾਂ ਕਰਨ ਦੀ ਸੋਚ ਰਹੇ ਨਵਾਂ ਖੇਲਾ!

ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਨੂੰ ਮੁਕੰਮਲ ਬਹੁਮਤ ਨਾ ਮਿਲਣ ਦੇ ਬਾਅਦ ਸਿਆਸੀ ਹਲਕਿਆਂ ’ਚ ਕਿਆਸਰਾਈਆਂ ਜਾਰੀ ਸਨ ਕਿ ਕੇਂਦਰ ਸਰਕਾਰ ਹੁਣ ਨਿਤੀਸ਼ ਕੁਮਾਰ ਦੀ ਪਾਰਟੀ ਜਦ (ਯੂ) ਅਤੇ ਚੰਦਰ ਬਾਬੂ ਨਾਇਡੂ ਦੀ ਪਾਰਟੀ ਟੀ.ਡੀ.ਪੀ. ਦੇ ਸਹਾਰੇ ਟਿਕੀ ਹੈ ਅਤੇ ਇਹ ਦੋਵੇਂ ਕੇਂਦਰ ਸਰਕਾਰ ਨੂੰ ਸਮਰਥਨ ਦੇਣ ਦੇ ਬਦਲੇ ’ਚ ਆਪਣੇ-ਆਪਣੇ ਸੂਬਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਕੋਈ ਵੱਡੀ ਕੀਮਤ ਵਸੂਲ ਕਰਨਗੇ।

ਕਿਉਂਕਿ ਨਿਤੀਸ਼ ਕੁਮਾਰ ਦਾ ਪਾਲਾ ਬਦਲਣ ਦਾ ਲੰਬਾ ਇਤਿਹਾਸ ਰਿਹਾ ਹੈ, ਇਸ ਲਈ ਇਨ੍ਹਾਂ ਦੋਵਾਂ ’ਚੋਂ ਨਿਤੀਸ਼ ਕੁਮਾਰ ਨੂੰ ਲੈ ਕੇ ਵੱਧ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਹਾਲ ਹੀ ਦੇ ਸਿਆਸੀ ਘਟਨਾਕ੍ਰਮ ਤੋਂ ਮਿਲਣ ਵਾਲੇ ਸੰਕੇਤਾਂ ਅਨੁਸਾਰ ਨਿਤੀਸ਼ ਕੁਮਾਰ ਭਾਜਪਾ ਦੇ ਸਾਹਮਣੇ ‘ਝੁਕ ਕੇ’ ਉਸ ਨੂੰ ਵੱਡੀ ਰਾਹਤ ਦੇਣ ਜਾ ਰਹੇ ਹਨ।

4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤੋਂ ਹੁਣ ਤੱਕ ਨਿਤੀਸ਼ ਕੁਮਾਰ ਨੇ ਭਾਜਪਾ ’ਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਦ (ਯੂ) ਤੋਂ ਸਿਰਫ 2 ਮੰਤਰੀ ਬਣਾਉਣ ਦੇ ਬਾਵਜੂਦ ਨਿਤੀਸ਼ ਕੁਮਾਰ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ।

29 ਜੂਨ ਨੂੰ ਨਵੀਂ ਦਿੱਲੀ ’ਚ ਜਦ (ਯੂ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਬਿਹਾਰ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦੇ ਮੁੱਦੇ ਨੂੰ ਤੂਲ ਦਿੰਦੇ ਹੋਏ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਦੇ ਸਾਹਮਣੇ ਮੁੜ ਤੋਂ ਇਹ ਮੰਗ ਰੱਖੀ।

ਬੈਠਕ ਵਿਚ ਕਿਹਾ ਗਿਆ ਕਿ ਬਿਹਾਰ ਨੂੰ ਆਰਥਿਕ ਤੌਰ ’ਤੇ ਵਿਕਸਤ ਕਰਨ ਲਈ ਇਹ ਵਿਸ਼ੇਸ਼ ਦਰਜਾ ਮਿਲਣਾ ਜ਼ਰੂਰੀ ਹੋ ਗਿਆ ਹੈ ਪਰ ਨਿਤੀਸ਼ ਕੁਮਾਰ ਨੇ ਕੇਂਦਰ ਨੂੰ ਥੋੜ੍ਹਾ ਨਰਮ ਰੁਖ ਦਿਖਾਉਂਦੇ ਹੋਏ ਉਸ ਦੇ ਸਾਹਮਣੇ ਦੋ ਬਦਲ ਰੱਖ ਦਿੱਤੇ ਹਨ।

ਉਨ੍ਹਾਂ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਹੈ ਪਰ ਜੇਕਰ ਇਹ ਨਹੀਂ ਦਿੱਤਾ ਜਾ ਸਕਦਾ ਹੋਵੇ ਤਾਂ ਵਿਸ਼ੇਸ਼ ਪੈਕੇਜ ਹੀ ਦੇ ਦਿੱਤਾ ਜਾਵੇ। ਨਿਤੀਸ਼ ਨੇ ਕੇਂਦਰ ਦੇ ਸਾਹਮਣੇ 2 ਬਦਲ ਕਿਉਂ ਰੱਖੇ, ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਦੌਰ ਵੀ ਚੱਲ ਰਿਹਾ ਹੈ।

ਵਰਣਨਯੋਗ ਹੈ ਕਿ ਕਿਸੇ ਵੀ ਸੂਬੇ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਅਤੇ ਵਿਸ਼ੇਸ਼ ਪੈਕੇਜ ਦੇਣ ’ਚ ਬੜਾ ਫਰਕ ਹੁੰਦਾ ਹੈ। ਵਿਸ਼ੇਸ਼ ਸੂਬੇ ਦਾ ਦਰਜਾ ‘ਨੈਸ਼ਨਲ ਡਿਵੈਲਪਮੈਂਟ ਕੌਂਸਲ’ ਵੱਲੋਂ ਦਿੱਤਾ ਜਾਂਦਾ ਹੈ। ਪਹਿਲੀ ਵਾਰ ਇਹ ਦਰਜਾ 1969 ’ਚ ਜੰਮੂ-ਕਸ਼ਮੀਰ ਨੂੰ ਦਿੱਤਾ ਗਿਆ ਸੀ ਅਤੇ ਮੌਜੂਦਾ ਸਮੇਂ ’ਚ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪੂਰਬ ਦੇ ਸੂਬਿਆਂ ਸਮੇਤ 11 ਸੂਬਿਆਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ।

ਵਿਸ਼ੇਸ਼ ਸੂਬੇ ਦੇ ਦਰਜਾ ਪ੍ਰਾਪਤ ਸੂਬੇ ਨੂੰ ਕੁਝ ਸਾਲਾਂ ਤੱਕ ਕੇਂਦਰੀ ਟੈਕਸਾਂ ਤੋਂ ਰਾਹਤ ਮਿਲਣ ਦੇ ਇਲਾਵਾ ਕਈ ਕਿਸਮ ਦੀਆਂ ਵਿੱਤੀ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਜਦਕਿ ਕਿਸੇ ਵੀ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣ ਦੇ ਲਈ ਸੂਬਿਆਂ ਦੀਆਂ ਯੋਜਨਾਵਾਂ ਦੇ ਧਨ ਨੂੰ ਹੀ ਘੁਮਾ-ਫਿਰਾ ਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ।

ਇਹੀ ਨਹੀਂ, ਨਿਤੀਸ਼ ਕੁਮਾਰ ਨੇ ਰਾਜ ਸਭਾ ਮੈਂਬਰ ਸੰਜੇ ਝਾਅ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ, ਜਿਨ੍ਹਾਂ ਨੇ ਭਾਜਪਾ ਅਤੇ ਜਦ (ਯੂ) ਨੂੰ ਦੁਬਾਰਾ ਨੇੜੇ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਹੁਣ ਭਾਜਪਾ ਅਤੇ ਜਦ (ਯੂ) ਦੇ ਦਰਮਿਆਨ ਤਾਲਮੇਲ ਦਾ ਕੰਮ ਸੰਜੇ ਝਾਅ ਦੇਖਣਗੇ ਜੋ ਨਿਤੀਸ਼ ਦੇ ਭਰੋਸੇਮੰਦ ਹੋਣ ਦੇ ਨਾਲ-ਨਾਲ ਭਾਜਪਾ ਦੇ ਸਾਰੇ ਨੇਤਾਵਾਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਲਈ ਦੋਵਾਂ ਪਾਰਟੀਆਂ ਦੇ ਦਰਮਿਆਨ ਤਾਲਮੇਲ ਦੀ ਸੰਭਾਵਨਾ ਪਹਿਲਾਂ ਨਾਲੋਂ ਵਧੀਆ ਹੋ ਗਈ ਹੈ।

ਨਿਤੀਸ਼ ਕੁਮਾਰ ਦੇ ਇਸ ਰੁਖ ਦਾ ਇਕ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬਿਹਾਰ ਵਿਚ ਭਾਜਪਾ ਦੇ ਸਮਰਥਨ ਦੀ ਲੋੜ ਹੈ ਅਤੇ ਹੁਣ ਉਨ੍ਹਾਂ ਦਾ ਫੋਕਸ ਅਗਲੇ ਸਾਲ ਹੋਣ ਵਾਲੀਆਂ ਬਿਹਾਰ ਦੀਆਂ ਚੋਣਾਂ ’ਤੇ ਵੱਧ ਹੈ।

ਬਿਹਾਰ ਲਈ ਕੇਂਦਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਹਾਸਲ ਕਰ ਕੇ ਉਹ ਚੋਣਾਂ ’ਚ ਜਾਣਾ ਚਾਹੁੰਦੇ ਹਨ ਅਤੇ ਬਿਹਾਰ ਦੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ਦੇ ਨਾਲ ਹੀ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ।

ਫਿਲਹਾਲ, ਇਸ ਸਾਲ ਦੇ ਕੇਂਦਰੀ ਬਜਟ ਵਿਚ ਇਹ ਸਪੱਸ਼ਟ ਹੋਵੇਗਾ ਕਿ ਨਿਤੀਸ਼ ਕੁਮਾਰ ਦੀ ਮੰਗ ’ਤੇ ਕੇਂਦਰ ਕਿਸ ਹੱਦ ਤੱਕ ਵਿਚਾਰ ਕਰਦਾ ਹੈ ਅਤੇ ਦੋਵਾਂ ਦੀ ਸਿਆਸੀ ਜੁਗਲਬੰਦੀ ਕਦ ਤੱਕ ਚਲਦੀ ਹੈ ਜਾਂ ਨਿਤੀਸ਼ ਕੁਮਾਰ ਕੋਈ ਨਵਾਂ ‘ਖੇਲਾ’ ਕਰਨ ਦੀ ਸੋਚ ਰਹੇ ਹਨ।

- ਵਿਜੇ ਕੁਮਾਰ


author

Harpreet SIngh

Content Editor

Related News