ਬਿਹਾਰ ’ਚ ਵਕਫ਼ ਸੋਧ ਬਿੱਲ ’ਤੇ ਵਿਵਾਦ

Saturday, Apr 05, 2025 - 05:41 PM (IST)

ਬਿਹਾਰ ’ਚ ਵਕਫ਼ ਸੋਧ ਬਿੱਲ ’ਤੇ ਵਿਵਾਦ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਦੇ ਅੰਦਰ ਅਸੰਤੁਸ਼ਟੀ ਕਾਰਨ ਪਟਨਾ ਵਿਚ ਸਿਆਸੀ ਹਲਚਲ ਵਧ ਗਈ ਹੈ। ਬੁੱਧਵਾਰ ਨੂੰ ਲੋਕ ਸਭਾ ਵਿਚ ਪਾਰਟੀ ਵੱਲੋਂ ਵਕਫ਼ ਸੋਧ ਬਿੱਲ 2024 ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਪਾਰਟੀ ਵਿਚ ਅਸੰਤੁਸ਼ਟੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ, ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਮੁਹੰਮਦ ਕਾਸਿਮ ਅੰਸਾਰੀ ਨੇ ਵਕਫ਼ ਸੋਧ ਬਿੱਲ ਨੂੰ ਪਾਸ ਕਰਨ ਲਈ ਪਾਰਟੀ ਦੇ ਸਮਰਥਨ ’ਤੇ ਜਨਤਾ ਦਲ (ਯੂ) ਤੋਂ ਅਸਤੀਫਾ ਦੇ ਦਿੱਤਾ। ਨਿਤੀਸ਼ ਕੁਮਾਰ ਨੂੰ ਲਿਖੇ ਇਕ ਪੱਤਰ ਵਿਚ ਅੰਸਾਰੀ ਨੇ ਕਿਹਾ ਕਿ ਉਹ ਵਕਫ਼ ਮੁੱਦੇ ’ਤੇ ਕੇਂਦਰ ਦਾ ਸਮਰਥਨ ਕਰਨ ਲਈ ਜਨਤਾ ਦਲ (ਯੂ) ਤੋਂ ਨਾਖੁਸ਼ ਹਨ।

ਅੰਸਾਰੀ ਨੇ ਕਿਹਾ ਕਿ ਵਕਫ਼ ਸੋਧ ਬਿੱਲ ਸਾਡੇ ਸਿਧਾਂਤਾਂ ਦੇ ਵਿਰੁੱਧ ਹੈ। ਦੂਜੇ ਪਾਸੇ, ਜਨਤਾ ਦਲ (ਯੂ) ਘੱਟਗਿਣਤੀ ਮੋਰਚਾ ਦੇ ਸੂਬਾ ਸਕੱਤਰ ਮੁਹੰਮਦ ਨਵਾਜ਼ ਮਲਿਕ ਨੇ ਵੀ ਵਕਫ਼ ਬਿੱਲ ਨੂੰ ਪਾਰਟੀ ਦੇ ਸਮਰਥਨ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਰਾਜ ਸਰਕਾਰ ਵੱਲੋਂ ਕਰਵਾਏ ਗਏ ਜਾਤੀ ਸਰਵੇਖਣ ਅਨੁਸਾਰ, ਮੁਸਲਮਾਨ ਰਾਜ ਦੀ ਆਬਾਦੀ ਦਾ ਲਗਭਗ 17.70 ਫੀਸਦੀ ਹਨ। ਹਾਲਾਂਕਿ, 243 ਵਿਧਾਨ ਸਭਾ ਸੀਟਾਂ ਵਿਚੋਂ 50 ’ਤੇ ਉਮੀਦਵਾਰਾਂ ਦੀ ਜਿੱਤ ਵਿਚ ਮੁਸਲਿਮ ਵੋਟਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਵਕਫ਼ ਬਿੱਲ ’ਤੇ ਵਿਵਾਦ ਬਿਹਾਰ ਵਿਚ ਘੱਟੋ-ਘੱਟ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਆਰ. ਜੇ. ਡੀ., ਕਾਂਗਰਸ ਅਤੇ ਖੱਬੇਪੱਖੀ ਗੱਠਜੋੜ ਨੇ ਵੀ ਵਕਫ਼ ਮੁੱਦੇ ’ਤੇ ਜਨਤਾ ਦਲ (ਯੂ) ਨੂੰ ਘੇਰਨ ਦੇ ਮੌਕੇ ਦਾ ਫਾਇਦਾ ਉਠਾਇਆ ਹੈ ਤਾਂ ਕਿ ਮੁਸਲਮਾਨਾਂ ਨੂੰ ਮਹਾਗੱਠਜੋੜ ਦੇ ਸਮਰਥਨ ਵਿਚ ਲਾਮਬੰਦ ਕੀਤਾ ਜਾ ਸਕੇ।

ਅਮਿਤ ਸ਼ਾਹ ਅਤੇ ਅਖਿਲੇਸ਼ ਯਾਦਵ ਵਿਚਕਾਰ ਤਿੱਖੀ ਬਹਿਸ : ਬੁੱਧਵਾਰ ਨੂੰ ਲੋਕ ਸਭਾ ਵਿਚ ਵਕਫ਼ (ਸੋਧ) ਬਿੱਲ ’ਤੇ ਬਹਿਸ ਦੌਰਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਆਗੂਆਂ ਨੇ ਆਪਣੇ-ਆਪਣੇ ਪਾਰਟੀ ਪ੍ਰਧਾਨਾਂ ਨੂੰ ਲੈ ਕੇ ਇਕ-ਦੂਜੇ ’ਤੇ ਨਿਸ਼ਾਨਾ ਸਾਧਿਆ। ਹਾਲਾਂਕਿ, ਉਹ ਸਦਨ ਵਿਚ ਸਲੀਕਾ ਬਣਾਈ ਰੱਖਦੇ ਹੋਏ ਮੁਸਕਰਾਉਂਦੇ ਰਹੇ।

ਵਕਫ਼ ਸੋਧ ਬਿੱਲ ’ਤੇ ਬਹਿਸ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ, ‘‘ਜੋ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਉਹ ਆਪਣਾ ਰਾਸ਼ਟਰੀ ਪ੍ਰਧਾਨ ਨਹੀਂ ਚੁਣ ਸਕਦੀ।’’

ਇਸ ’ਤੇ ਅਮਿਤ ਸ਼ਾਹ ਖੜ੍ਹੇ ਹੋ ਗਏ ਅਤੇ ਕਿਹਾ, ‘‘ਅਖਿਲੇਸ਼ ਜੀ ਨੇ ਮੁਸਕਰਾਉਂਦੇ ਹੋਏ ਕੁਝ ਕਿਹਾ ਅਤੇ ਮੈਂ ਵੀ ਮੁਸਕਰਾਉਂਦੇ ਹੋਏ ਜਵਾਬ ਦਿਆਂਗਾ।’’ ਵਿਰੋਧੀ ਧਿਰਾਂ ਵੱਲ ਇਸ਼ਾਰਾ ਕਰਦੇ ਹੋਏ, ਗ੍ਰਹਿ ਮੰਤਰੀ ਨੇ ਵੰਸ਼ਵਾਦ ਦੀ ਰਾਜਨੀਤੀ ’ਤੇ ਚੁਟਕੀ ਲੈਂਦੇ ਹੋਏ ਕਿਹਾ, ‘‘ਇਕ ਰਾਸ਼ਟਰੀ ਪਾਰਟੀ ਇਕ ਪਰਿਵਾਰ ਦੇ 5 ਲੋਕਾਂ ਵਿਚੋਂ ਆਪਣਾ ਮੁਖੀ ਚੁਣਦੀ ਹੈ ਅਤੇ ਪਿਛਲੇ 50 ਸਾਲਾਂ ਤੋਂ ‘ਤੁਸੀਂ’ ਆਪਣਾ ਆਗੂ ਨਹੀਂ ਬਦਲ ਸਕੇ।’’

ਭਾਜਪਾ ਦੀ ਪ੍ਰਕਿਰਿਆ ਦਾ ਬਚਾਅ ਕਰਦੇ ਹੋਏ ਸ਼ਾਹ ਨੇ ਕਿਹਾ, ‘‘ਭਾਜਪਾ ਵਿਚ 12-13 ਕਰੋੜ ਵਰਕਰ ਇਕ ਪ੍ਰਕਿਰਿਆ ਰਾਹੀਂ ਪ੍ਰਧਾਨ ਚੁਣਦੇ ਹਨ, ਇਸ ਲਈ ਇਸ ਵਿਚ ਸਮਾਂ ਲੱਗਦਾ ਹੈ। ਅਖਿਲੇਸ਼ ਅਗਲੇ 25 ਸਾਲਾਂ ਤੱਕ ਆਪਣੀ ਪਾਰਟੀ ਦੇ ਪ੍ਰਧਾਨ ਰਹਿ ਸਕਦੇ ਹਨ ਅਤੇ ਇਹ ਕੋਈ ਸਮੱਸਿਆ ਨਹੀਂ ਹੋਵੇਗੀ।’’ ਇਸ ਦੌਰਾਨ, ਜਨਵਰੀ 2020 ਵਿਚ, ਜੇ. ਪੀ. ਨੱਡਾ ਨੂੰ ਸਰਬਸੰਮਤੀ ਨਾਲ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਹੁਦਾ ਸੰਭਾਲ ਲਿਆ। ਭਾਜਪਾ ਪ੍ਰਧਾਨ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ। ਹਾਲਾਂਕਿ, 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ, ਮੌਜੂਦਾ ਜੇ. ਪੀ. ਨੱਡਾ ਨੂੰ ਨਰਿੰਦਰ ਮੋਦੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਅਗਲੇ ਭਾਜਪਾ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ 10 ਮਹੀਨਿਆਂ ਤੋਂ ਲਟਕ ਰਹੀ ਹੈ।

ਸੋਨੀਆ ਨੇ ਕੇਂਦਰ ’ਤੇ ਵਕਫ਼ ਸੋਧ ਬਿੱਲ ਨੂੰ ਜ਼ਬਰਦਸਤੀ ਪਾਸ ਕਰਵਾਉਣ ਦਾ ਦੋਸ਼ ਲਾਇਆ : ਕਾਂਗਰਸ ਸੰਸਦੀ ਪਾਰਟੀ (ਸੀ. ਪੀ. ਪੀ.) ਦੀ ਮੁਖੀ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕੇਂਦਰ ’ਤੇ ਵਕਫ਼ ਸੋਧ ਬਿੱਲ ਨੂੰ ਜ਼ਬਰਦਸਤੀ ਪਾਸ ਕਰਵਾਉਣ ਦਾ ਦੋਸ਼ ਲਾਇਆ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਸੰਵਿਧਾਨ ’ਤੇ ਇਕ ਦਲੇਰਾਨਾ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਮਾਜ ਨੂੰ ਸਥਾਈ ਧਰੁਵੀਕਰਨ ਦੀ ਸਥਿਤੀ ਵਿਚ ਰੱਖਣ ਲਈ ਭਾਜਪਾ ਦੀ ਇਕ ਚਾਲ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਦੀਆਂ ਕਾਰਵਾਈਆਂ ਰਣਨੀਤਿਕ ਤੌਰ ’ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰ ਰਹੀਆਂ ਹਨ ਅਤੇ ਭਾਰਤ ਨੂੰ ਇਕ ਨਿਗਰਾਨੀ ਰਾਜ ਬਣਨ ਦੇ ਅਕਸ ਵੱਲ ਧੱਕ ਰਹੀਆਂ ਹਨ।

ਸੋਨੀਆ ਨੇ ‘ਇਕ ਰਾਸ਼ਟਰ ਇਕ ਚੋਣ’ ਪ੍ਰਸਤਾਵ ਦਾ ਵੀ ਸਖ਼ਤ ਵਿਰੋਧ ਕੀਤਾ ਅਤੇ ਇਸ ਨੂੰ ‘ਸੰਵਿਧਾਨ ਦੀ ਇਕ ਹੋਰ ਉਲੰਘਣਾ’ ਕਿਹਾ। ਜਦੋਂ ਕਿ ਵਿਵਾਦਪੂਰਨ ਬਿੱਲ ਬੁੱਧਵਾਰ ਨੂੰ ਲੋਕ ਸਭਾ ਵਿਚ 12 ਘੰਟੇ ਦੀ ਮੈਰਾਥਨ ਬਹਿਸ ਤੋਂ ਬਾਅਦ ਪਾਸ ਹੋ ਗਿਆ, ਜਿਸ ਦੇ ਹੱਕ ਵਿਚ 288 ਅਤੇ ਵਿਰੋਧ ਵਿਚ 232 ਵੋਟਾਂ ਪਈਆਂ। ਭਾਜਪਾ ਨੂੰ ਟੀ. ਡੀ. ਪੀ., ਜੇ. ਡੀ. (ਯੂ), ਸ਼ਿਵ ਸੈਨਾ ਅਤੇ ਐੱਲ. ਜੇ. ਪੀ. ਸਮੇਤ ਆਪਣੇ ਸਾਥੀਆਂ ਤੋਂ ਸਮਰਥਨ ਮਿਲਿਆ।

ਮਹਾਰਾਸ਼ਟਰ ਵਿਚ ਵਕਫ਼ ਬਿੱਲ ਨੂੰ ਲੈ ਕੇ ਸਿਆਸੀ ਲੜਾਈ ਤੇਜ਼ : ਮਹਾਰਾਸ਼ਟਰ ਵਿਚ ਵਕਫ਼ ਬਿੱਲ ਨੂੰ ਲੈ ਕੇ ਸਿਆਸੀ ਲੜਾਈ ਕਾਫ਼ੀ ਤੇਜ਼ ਹੋ ਗਈ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਊਧਵ ਠਾਕਰੇ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸੰਸਦ ਵਿਚ ਬਿੱਲ ’ਤੇ ਆਪਣੇ ਸਟੈਂਡ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਾ ਰਹੇ ਹਨ।

ਜਦੋਂ ਕਿ ਊਧਵ ਠਾਕਰੇ ਨੇ ਕਿਹਾ, ‘‘ਭਾਜਪਾ ਭਾਰਤ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ, ਪਰ ਇਹ ਭੰਬਲਭੂਸੇ ਦੀ ਸਥਿਤੀ ਵਿਚ ਹੈ। ਸ਼ੁਰੂ ਵਿਚ ਭਾਜਪਾ ਨੇਤਾਵਾਂ ਨੇ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਕੀਤੀ ਸੀ, ਪਰ ਬਾਅਦ ਵਿਚ ਉਨ੍ਹਾਂ ਦੇ ਮੂਲ ਸੰਗਠਨ ਆਰ. ਐੱਸ. ਐੱਸ. ਨੇ ਕਿਹਾ ਕਿ ਕਬਰ ਇਕ ਅਪ੍ਰਾਸੰਗਿਕ ਮੁੱਦਾ ਹੈ। ਭਾਜਪਾ ਇਕ ਗੱਲ ਕਹਿੰਦੀ ਹੈ ਅਤੇ ਦੂਜੀ ਗੱਲ ’ਤੇ ਕੰਮ ਕਰਦੀ ਹੈ।’’

ਦੂਜੇ ਪਾਸੇ, ਏਕਨਾਥ ਸ਼ਿੰਦੇ ਨੇ ਠਾਕਰੇ ਦੀ ਪਾਰਟੀ ’ਤੇ ਦੁਚਿੱਤੀ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਾਇਆ, ‘‘ਸ਼ਿਵ ਸੈਨਾ (ਯੂ. ਬੀ. ਟੀ.) ਬਹੁਤ ਉਲਝਣ ਵਿਚ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕੀ ਕਰਨਾ ਹੈ, ਬਿੱਲ ਦਾ ਸਮਰਥਨ ਕਰਨਾ ਹੈ ਜਾਂ ਨਹੀਂ? ਉਹ ਕਿਸੇ ਵੀ ਮੁੱਦੇ ’ਤੇ ਕੋਈ ਸਪੱਸ਼ਟ ਸਟੈਂਡ ਨਹੀਂ ਲੈ ਸਕਦੇ। ਲੀਡਰਸ਼ਿਪ ਅਤੇ ਪਾਰਟੀ ਦੋਵੇਂ ਉਲਝਣ ਵਿਚ ਹਨ, ਇਸ ਲਈ ਉਨ੍ਹਾਂ ਨੇ ਸੰਸਦ ਵਿਚ ਵਕਫ਼ ਬਿੱਲ ਦਾ ਸਮਰਥਨ ਕੀਤਾ। ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਬਾਲਾ ਸਾਹਿਬ ਠਾਕਰੇ ਦੀ ਹਿੰਦੂਤਵ ਵਿਚਾਰਧਾਰਾ ਨੂੰ ਪਿੱਛੇ ਛੱਡ ਦਿੱਤਾ ਹੈ।’’

ਸਿੱਧਰਮਈਆ ਨੇ ਰਾਹੁਲ ਗਾਂਧੀ ਨੂੰ ਹਨੀ ਟ੍ਰੈਪ ਮਾਮਲੇ ਬਾਰੇ ਜਾਣਕਾਰੀ ਦਿੱਤੀ : ਮੁੱਖ ਮੰਤਰੀ ਸਿੱਧਰਮਈਆ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਉੱਚ ਲੀਡਰਸ਼ਿਪ ਨੂੰ ਹਨੀ ਟ੍ਰੈਪ ਮਾਮਲੇ ਅਤੇ ਰਾਜ ਵਿਚ ਹੋਰ ਰਾਜਨੀਤਿਕ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਨਵੇਂ ਸੂਬਾ ਕਾਂਗਰਸ ਮੁਖੀ ਦੀ ਨਿਯੁਕਤੀ ਦੀ ਮਹੱਤਤਾ ਬਾਰੇ ਕੁਝ ਸੰਕੇਤ ਦਿੱਤੇ ਕਿਉਂਕਿ ਸ਼ਿਵਕੁਮਾਰ ਕਈ ਵਿਭਾਗਾਂ ਨੂੰ ਸੰਭਾਲ ਰਹੇ ਹਨ।

ਦੂਜੇ ਪਾਸੇ, ਸਿੱਧਰਮਈਆ ਨੇ ਵਿਧਾਨ ਪ੍ਰੀਸ਼ਦ ਵਿਚ 4 ਖਾਲੀ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਵੀ ਚਰਚਾ ਕੀਤੀ ਪਰ ਰਾਹੁਲ ਗਾਂਧੀ ਨੇ ਕਥਿਤ ਤੌਰ ’ਤੇ ਸਿੱਧਰਮਈਆ ਨੂੰ ਪਾਰਟੀ ਪ੍ਰਤੀ ਵਫ਼ਾਦਾਰ ਉਮੀਦਵਾਰਾਂ ਅਤੇ ਏ. ਆਈ. ਸੀ. ਸੀ. ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਸੁਝਾਏ ਗਏ ਨਾਵਾਂ ਨੂੰ ਸ਼ਾਮਲ ਕਰਨ ਲਈ ਕਿਹਾ। ਸੀ. ਐੱਮ. ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਵੀ ਮੀਟਿੰਗ ਕੀਤੀ। ਕੇ. ਪੀ. ਸੀ. ਸੀ. ਪ੍ਰਧਾਨ ਨੂੰ ਬਦਲਣ ਅਤੇ ਮੰਤਰੀ ਮੰਡਲ ਵਿਚ ਫੇਰਬਦਲ ਦੇ ਮੁੱਦੇ ’ਤੇ, ਹਾਈਕਮਾਨ ਵੱਲੋਂ ਆਉਣ ਵਾਲੇ ਮਹੀਨਿਆਂ ਵਿਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

-ਰਾਹਿਲ ਨੋਰਾ ਚੋਪੜਾ


author

Tanu

Content Editor

Related News