ਨਵਾਂ ਸਾਲ ਸਾਡੇ ਲਈ ਬੜਾ ਮਹੱਤਵਪੂਰਨ

Wednesday, Jan 10, 2024 - 01:48 PM (IST)

ਨਵਾਂ ਸਾਲ ਸਾਡੇ ਲਈ ਬੜਾ ਮਹੱਤਵਪੂਰਨ

ਨਵਾਂ ਸਾਲ 2024 ਸਾਡੇ ਦੇਸ਼ ਲਈ ਵੱਖ-ਵੱਖ ਮਾਮਲਿਆਂ ’ਚ ਮਹੱਤਵਪੂਰਨ ਹੈ। ਇਸ ਸਾਲ ਦੇ ਜਨਵਰੀ ਮਹੀਨੇ ’ਚ ਅਯੁੱਧਿਆ ’ਚ ਬਣ ਰਹੇ ਰਾਮ ਮੰਦਰ ’ਚ ਰਾਮਲੱਲਾ ਬਿਰਾਜਮਾਨ ਹੋ ਜਾਣਗੇ ਤਾਂ ਅਪ੍ਰੈਲ-ਮਈ ’ਚ ਆਮ ਚੋਣਾਂ ’ਚ ਦੇਸ਼ ਦੀ ਜਨਤਾ ਇਕ ਨਵੀਂ ਸਰਕਾਰ ਚੁਣੇਗੀ, ਜਿਸ ਦੇ ਆਧਾਰ ’ਤੇ ਹੀ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨਿਰਭਰ ਕਰੇਗੀ।

ਰਾਮਲੱਲਾ ਦੀ ਸਥਾਪਨਾ ਅਤੇ ਆਮ ਚੋਣਾਂ ਵੱਖ-ਵੱਖ ਮਾਮਲੇ ਹਨ। ਇਕ ਪਾਸੇ ਆਸਥਾ ਹੈ ਤਾਂ ਦੂਜੇ ਪਾਸੇ ਭਰੋਸਾ ਹੈ। ਦੋਵਾਂ ਮਾਮਲਿਆਂ ਦਾ ਇਸ ਲੇਖ ’ਚ ਜ਼ਿਕਰ ਕਰਨਾ ਇਸੇ ਮਕਸਦ ਨਾਲ ਹੈ ਕਿ ਅਸੀਂ ਆਸਥਾ ਦੇ ਸੈਲਾਬ ’ਚ ਆਉਣ ਵਾਲੇ 5 ਸਾਲ ਜੋ ਦੇਸ਼ ਲਈ ਬੇਹੱਦ ਅਹਿਮ ਹਨ, ਉਨ੍ਹਾਂ 5 ਸਾਲਾਂ ਲਈ ਨਵੀਂ ਸਰਕਾਰ ਚੁਣਨ ’ਚ ਭਟਕ ਨਾ ਜਾਈਏ।

ਯਕੀਨੀ ਤੌਰ ’ਤੇ ਸ਼੍ਰੀ ਰਾਮ ਆਪਣੇ ਆਪ ’ਚ ਸੱਚੀ ਆਸਥਾ ਦੇ ਪ੍ਰਤੀਕ ਹਨ। ਬਦਕਿਸਮਤੀ ਨਾਲ ਉਨ੍ਹਾਂ ਦੇ ਜਨਮ ਸਥਾਨ ਨੂੰ ਇਕ ਬੇਮਿਸਾਲ ਰੂਪ ਲੈਣ ’ਚ ਕਈ ਔਕੜਾਂ ’ਚੋਂ ਲੰਘਣਾ ਪਿਆ। ਇਕ ਲੰਬੀ ਅਤੇ ਫਜ਼ੂਲ ਲੜਾਈ ਲੜੀ ਗਈ ਜਿਸ ਦੀ ਕੋਈ ਲੋੜ ਹੀ ਨਹੀਂ ਸੀ। ਖੈਰ, ਕੀ ਹੋਇਆ, ਕਿਸ ਨੇ ਕੀ ਕੀਤਾ? ਅਤੇ ਕੀ ਕਿਹਾ? ਇਨ੍ਹਾਂ ਸਭ ਗੱਲਾਂ ਨੂੰ ਭੁੱਲਣ ਦੀ ਲੋੜ ਹੈ।

ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਟਿਕੇ ਰਹਿ ਕੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿਉਂਕਿ ਸ਼੍ਰੀ ਰਾਮ ਇਕ ਧਰਮ ਜਾਂ ਪੰਥ ਦੇ ਨਹੀਂ, ਸਾਰੇ ਸੰਸਾਰ ਦੇ ਆਦਰਸ਼ ਹਨ ਜਿਸ ਦੀ ਪੂਜਨੀਕ ਆਤਮਾ ਨੇ ਲੋਕਾਂ ਨੂੰ ਜਿਊਣ ਦੀ, ਨਾਲ ਰਹਿਣ ਦੀ, ਬਿਨਾਂ ਵਿਤਕਰੇ ਦੀ ਦੁਨੀਆ ਦੀ, ਸਾਨੂੰ ਆਪਣੇ ਕਰਮਾਂ ਅਤੇ ਵਚਨਾਂ ਨਾਲ ਸਿੱਖਿਆ ਦਿੱਤੀ, ਉਹ ਸਾਰਿਆਂ ਲਈ ਆਦਰਸ਼ ਹਨ। ਬੇਸ਼ੱਕ ਹੀ ਉਹ ਕਿਸੇ ਧਰਮ ਜਾਂ ਪੰਥ ਤੋਂ ਆਉਂਦੇ ਹੋਣ।

ਇਸ ਲਈ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਸ਼ੁੱਭ ਮੌਕੇ ’ਤੇ ਕਿਸੇ ਧਰਮ ਜਾਂ ਪੰਥ ਦੇ ਵਿਰੁੱਧ ਨਾ ਸਮਝੋ, ਨਾ ਦਰਸਾਓ, ਮੇਰੀ ਮੁਸਲਮਾਨਾਂ ਸਮੇਤ ਹੋਰਨਾਂ ਸਾਰੇ ਲੋਕਾਂ ਨੂੰ ਇਹ ਵੀ ਬੇਨਤੀ ਹੈ ਕਿ ਇਸ ਸ਼ੁੱਭ ਮੌਕੇ ਨੂੰ ਆਪਸੀ ਭਾਈਚਾਰੇ ਨਾਲ ਮਹਿਸੂਸ ਕਰੋ।

ਕਿਸੇ ਤਰ੍ਹਾਂ ਦੀ ਚਿੜ-ਚਿੜ ਤੋਂ ਬਚੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਕੂਨ ਅਤੇ ਪਿਆਰ ਨਾਲ ਰਹਿ ਸਕਣ। ਇਸ ਸਬੰਧ ’ਚ ਤਾਂ ਜਿੰਨਾ ਕਿਹਾ ਜਾਵੇ ਘੱਟ ਹੋਵੇਗਾ। ਕਿਉਂ ਨਾ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲ ਕੇ ਆਉਣ ਵਾਲੀ 22 ਜਨਵਰੀ ਨੂੰ ਭਾਈਚਾਰਕ ਦਿਵਸ ਦੇ ਰੂਪ ’ਚ ਮਨਾਇਆ ਜਾਵੇ ਜਿਸ ਦਾ ਪੂਰੇ ਵਿਸ਼ਵ ’ਚ ਇਕ ਬਿਹਤਰ ਸੰਦੇਸ਼ ਪਹੁੰਚੇ।

ਹੁਣ ਗੱਲ ਆਉਂਦੀ ਹੈ ਅਗਲੇ 5 ਸਾਲਾਂ ਲਈ ਆਪਣੀ ਸਰਕਾਰ ਚੁਣਨ ਦੀ। ਤਾਂ ਇਸ ਬਾਰੇ ਆਪਣੀ ਸਮਝ ਅਤੇ ਸੋਚ ਨਾਲ ਉਨ੍ਹਾਂ ਲੋਕਾਂ ਨੂੰ ਪਹਿਲ ਦੇਈਏ ਜੋ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਸਮਾਜ ’ਚ ਕੱਟੜਵਾਦ ਨੂੰ ਖਤਮ ਕਰਨ ਲਈ ਕੰਮ ਕਰਨ। ਅਜਿਹੀਆਂ ਤਾਕਤਾਂ ਨੂੰ ਪੂਰੀ ਸ਼ਿੱਦਤ ਨਾਲ ਦਰੜੋ, ਜੋ ਦੇਸ਼ ਤੇ ਮਨੁੱਖਤਾ ਦੇ ਵਿਰੁੱਧ ਕੰਮ ਕਰ ਰਹੀਆਂ ਹਨ।

ਅਜਿਹੀ ਸੰਵੇਦਨਸ਼ੀਲ ਸਰਕਾਰ ਚੁਣੋ, ਜੋ ਆਮ ਲੋਕਾਂ ਨੂੰ ਦੁਖਦਾਈ ਨਹੀਂ ਸਗੋਂ ਸਾਰਥਕ ਜ਼ਿੰਦਗੀ ਦੇਵੇ। ਯਕੀਨੀ ਤੌਰ ’ਤੇ ਦੇਸ਼ ਤਰੱਕੀ ਦੇ ਰਾਹ ’ਤੇ ਹੈ ਪਰ ਅਜਿਹਾ ਨਾ ਹੋਵੇ ਕਿ ਕੁਝ ਲੋਕਾਂ ਨੂੰ ਇਸ ਦਾ ਲਾਭ ਮਿਲੇ। ਜੋ ਸਰਕਾਰ ਸਾਰਿਆਂ ਦੀ ਤਰੱਕੀ ਦਾ ਬਰਾਬਰ ਫਾਇਦਾ ਦੇਵੇ, ਉਸ ਵੱਲ ਦੇਖੋ।

ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਘੋਰ ਕਲਯੁੱਗ ’ਚ ਸਾਡੇ ਮਹਾਪੁਰਸ਼ਾਂ, ਜਿਨ੍ਹਾਂ ’ਚੋਂ ਇਕ ਸ਼੍ਰੀ ਰਾਮ ਵੀ ਹਨ, ਉਨ੍ਹਾਂ ਦੇ ਦੱਸੇ ਮਾਰਗ ’ਤੇ ਜੋ ਥੋੜ੍ਹਾ ਵੀ ਚੱਲਣ ਦੀ ਕੋਸ਼ਿਸ਼ ਕਰਨ, ਅਜਿਹੇ ਲੋਕਾਂ ਨੂੰ ਚੁਣੀਏ। ਧਰਮ ਅਤੇ ਜਾਤੀ ਦੇ ਵਿਵਾਦ ’ਚ ਉਲਝਾ ਕੇ ਬੇਵਕੂਫ ਬਣਾਉਣ ਵਾਲੀ ਸਿਆਸਤ ਤੋਂ ਅਸੀਂ ਬਚਣਾ ਹੈ।

ਮੈਂ ਸਮਝਦਾ ਹਾਂ ਕਿ 22 ਜਨਵਰੀ ਨੂੰ ਰਾਮਲੱਲਾ ਆਪਣੇ ਘਰ ’ਚ ਵਿਸ਼ਾਲ ਰੂਪ ’ਚ ਪਹੁੰਚ ਜਾਣਗੇ ਅਤੇ ਅਪ੍ਰੈਲ-ਮਈ ’ਚ ਹੋਣ ਵਾਲੀਆਂ ਚੋਣਾਂ ’ਚ ਸਾਡੇ ਕੁਝ ਬੇਤੁਕੇ-ਬਚਕਾਨੇ ਬਿਆਨ ਦੇਣ ਵਾਲੇ ਸਿਆਸੀ ਆਗੂਆਂ ਤੋਂ ਸਾਨੂੰ ਬਚਾਉਣਗੇ। ਸਾਡੇ ਦਰਮਿਆਨ ਨਫਰਤ ਦੀ ਕੰਧ ਖੜ੍ਹੀ ਕਰਨ ਵਾਲਿਆਂ ਨੂੰ, ਹੋਛੀ ਮਾਨਸਿਕਤਾ ਵਾਲਿਆਂ ਨੂੰ ਸਾਨੂੰ ਹਰ ਹਾਲ ’ਚ ਖਾਰਿਜ ਕਰਨਾ ਹੀ ਹੋਵੇਗਾ। ਇਹੀ ਸਾਡੀ ਸਭ ਦੀ ਸ਼੍ਰੀ ਰਾਮ ਪ੍ਰਤੀ ਸੱਚੀ ਅਤੇ ਪੂਰਨ ਸ਼ਰਧਾ ਹੋਵੇਗੀ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੀ ਰਾਮ ਮਰਿਆਦਾ ਪੁਰਸ਼ੋਤਮ ਸਨ।

ਵਕੀਲ ਅਹਿਮਦ


author

Rakesh

Content Editor

Related News