ਇਕ ਨਵਾਂ ਵਰਲਡ ਆਰਡਰ ਬਣਾਉਣ ਲਈ ਕਾਰਨੀ ਦਾ ਬਿਗੁਲ
Saturday, Jan 24, 2026 - 04:48 PM (IST)
20 ਜਨਵਰੀ, 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਵੋਸ (ਸਵਿਟਜ਼ਰਲੈਂਡ) ਵਿਖੇ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਹੋਏ ਆਪਣੇ ਸੂਝ-ਬੂਝ ਭਰੇ ਦੂਰਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਗਠਨ ਸਥਾਪਤ ਕਰਨ ਦਾ ਹੋਕਾ ਦਿੱਤਾ। ਉਨ੍ਹਾਂ ਕੈਨੇਡਾ ਦਾ ਸਟੈਂਡ ਸਪੱਸ਼ਟ ਕਰਦਿਆਂ ਉਸ ਭੇੜੀਏ ਪ੍ਰਤੀ ਜੋ ਵਾਰ-ਵਾਰ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇ ਰਿਹਾ ਹੈ, ਭਾਵ ਅਮਰੀਕਾ ਦਾ ਨਾਂ ਲਏ ਬਗੈਰ। ਉਨ੍ਹਾਂ ਕਿਹਾ ਕਿ ਕੈਨੇਡਾ ਕੋਲ ਉਹ ਸਭ ਕੁਝ ਹੈ ਜੋ ਵਿਸ਼ਵ ਚਾਹੁੰਦਾ ਹੈ। ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਸਾਡੇ ਕੋਲ ਬਹੁਤ ਹੀ ਰਿਚ ਖਣਿਜ ਪਦਾਰਥ ਹਨ। ਸਾਡੇ ਲੋਕ ਪੜ੍ਹੇ-ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ।
ਸਾਡੇ ਕੋਲ ਪੂੰਜੀ ਹੁਨਰ ਅਤੇ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹੈ। ਸਾਡੇ ਕੋਲ ਉੱਚ ਪੱਧਰੀ ਕਦਰਾਂ-ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ ਸਾਡੀ ਇਮਾਨਦਾਰੀ ਹੈ। ਅਜੋਕੇ ਟੁੱਟ-ਭੱਜ ਅਤੇ ਗਲ-ਸੜ ਚੁੱਕੇ ਗਲੋਬਲ ਸਿਸਟਮ ਵਿਚੋਂ ਅਸੀਂ ਬਾਹਰ ਆ ਚੁੱਕੇ ਹਾਂ। ਅਸੀਂ ਆਪਣਾ ਵਧੀਆ, ਸ਼ਕਤੀਸ਼ਾਲੀ ਅਤੇ ਇਨਸਾਫ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ-ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ।
ਝੂਠੀ ਵਿਵਸਥਾ : ਸਥਾਪਤ ਵਿਸ਼ਵ ਵਿਵਸਥਾ ਦੀ ਪੋਲ ਖੋਲ੍ਹਦੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਿਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਅਵਸਥਾ ਦੀ ਥਾਂ ‘ਤੱਕੜੇ ਦਾ ਸੱਤੀਂ ਵੀਹੀਂ ਸੌ’ ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੀਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਸ਼ਕਤੀਆਂ (ਅਮਰੀਕਾ, ਰੂਸ, ਚੀਨ) ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੀਆਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨੇਜ਼ੁਏਲਾ ਵਿਚ ਕੀ ਹੋਇਆ? ਇਕ ਖੁੰਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸਦੀ ਪਤਨੀ ਨੂੰ ਉਨ੍ਹਾਂ ਦੇ ਬਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ-ਚਾਂ ਨਹੀਂ ਕੀਤੀ।
ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਈਲ ਨੇ ਗਾਜ਼ਾ ਪੱਟੀ ਦਾ ਮਲੀਆਮੇਟ ਕਰ ਦਿੱਤਾ। 70 ਹਜ਼ਾਰ ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ ਹਨ ਪਰ ਮਹਾਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਈਰਾਨ ਨੂੰ ਵੀ ਮਲੀਆਮੇਟ ਕਰਨਾ ਚਾਹਿਆ ਪਰ ਉਸ ਵੱਲੋਂ ਦਮ ਦਿਖਾਉਣ ਕਰ ਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ। ਸੀ. ਆਈ. ਏ. ਅਤੇ ਮੋਸਾਦ ਵੱਲੋਂ ਈਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਅਸਫਲ ਯਤਨ ਕੀਤਾ ਗਿਆ। 24 ਫਰਵਰੀ, 2022 ਤੋਂ ਯੂਕ੍ਰੇਨ ’ਤੇ ਰੂਸੀ ਹਮਲਾ ਜਾਰੀ ਹੈ ਪਰ ਅਜੇ ਤੱਕ ਕਿਸੇ ਮਹਾਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ।
ਕਾਰਨੀ ਨੇ ਬੇਬਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮੁਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਏਕਾਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ‘ਬੋਰਡ ਆਫ ਪੀਸ’ ਸਥਾਪਿਤ ਕਰਕੇ ਜਿਸ ਦਾ ਉਹ ਸਾਰੀ ਉਮਰ ਚੇਅਰਮੈਨ ਰਹੇਗਾ, ਪੂਰੀ ਦੁਨੀਆ ਦਾ ਨਕਸ਼ਾ ਬਦਲਣਾ ਚਾਹੁੰਦਾ ਹੈ। ਇਸ ਬੋਰਡ ਵਿਚ ਮੈਂਬਰ ਬਣਨ ਲਈ ਉਸ ਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਹੈ ਜਿਸ ਵਿਚ ਭਾਰਤ ਵੀ ਸ਼ਾਮਿਲ ਹੈ। ਇਕ ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਕੀ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਰਹਿ ਸਕੇਗੀ?
ਇਸ ਲਈ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਮਿਲਵਰਤਨ, ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨ ਲਈ ਅੱਗੇ ਆਉਣਾ ਪਵੇਗਾ।
ਅਮਰੀਕੀ ਕਾਂਗਰਸ ਅਤੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕ ਆਪਣਾ 80 ਸਾਲਾ ਵਿਵੇਕ ਨਾਰਸਿਸਟ ਰਾਸ਼ਟਰਪਤੀ ਟਰੰਪ ਦੇ ਹੱਥੋਂ ਗੁਆ ਚੁੱਕੇ ਹਨ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲਿਨੀ ਦੀ ਰਾਹ ’ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਹੇ ਹਨ। ਟਰੰਪ ਟੈਰਰ ਰਾਹੀਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਰਹੇ ਹਨ, ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ’ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਅਤੇ ਰਵੇਰੀਆ ਬਣਾ ਰਹੇ ਹਨ।
ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧੱਕਿਆ ਜਾ ਰਿਹਾ ਹੈ। ਅਮਰੀਕੀ ਨਾਗਰਿਕਾਂ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਅਜਿਹੇ ਅਰਧ ਪਾਗਲ ਰਾਸ਼ਟਰਪਤੀ ’ਤੇ ਲਗਾਮ ਲਗਾਉਣ। 25ਵੀਂ ਸੰਵਿਧਾਨਿਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ ਹੋਏ ਇਸ ਨੂੰ ਅਹੁਦੇ ਤੋਂ ਬਰਖਾਸਤ ਕਰਨ।
ਅਜਿਹਾ ਨਹੀਂ ਹੈ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਿਫ ਨਹੀਂ ਸਨ ਪਰ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਅੱਤ ਨਾਲ ਵਿਸ਼ਵ ਆਰਥਿਕ ਫੋਰਮ ’ਚ ਮਹਾਸ਼ਕਤੀਆਂ ਦੇ ਚੈਲੇਂਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪੇਸ਼ ਕਰਦਿਆਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ ਦੇਸ਼ ਪਰਤ ਆਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਊ ਭਾਸ਼ਣ ਤੋਂ ਦੁਖੀ ਟਰੰਪ ਬੁਰਾ-ਭਲਾ ਕਹਿਣੋਂ ਬਾਜ਼ ਨਹੀਂ ਆਏ।ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10 ਫੀਸਦੀ ਟੈਰਿਫ ਨੂੰ ਵਾਪਸ ਲੈਣਾ ਪਿਆ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨਾਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗਲਤ ਟੈਰਿਫ ਲਗਾਉਣ ਅਤੇ ਧਮਕੀਆਂ ਦੇਣ ਤੋਂ ਬਾਜ਼ ਨਹੀ ਆ ਰਿਹਾ।
ਸੋ ਡੋਨਾਲਡ ਟਰੰਪ ਦੇ ਅਮਰੀਕੀ ਫਾਸ਼ੀਵਾਦੀ ਏਕਾਧਿਕਾਰ, ਸ਼ੀ ਜਿਨਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਦੇ ਧੌਂਸਵਾਦ ਤੋਂ ਅਜੋਕੇ ਵਿਸ਼ਵ ਦੇ ਦਰਮਿਆਨੀ ਆਰਥਿਕ ਅਤੇ ਫੌਜੀ ਸ਼ਕਤੀ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂਸੱਤਾ, ਆਜ਼ਾਦੀ ਅਤੇ ਅਖੰਡਤਾ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਮੁਨਸਫਾਨਾ ਕੌਮਾਂਤਰੀ ਵਿਵਸਥਾ ਨੂੰ ਸੁਹਿਰਦਤਾ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਸਥਾਪਿਤ ਕਰਨਾ ਚਾਹੀਦਾ ਹੈ।
–ਦਰਬਾਰਾ ਸਿੰਘ ਕਾਹਲੋਂ
