ਭਾਰਤੀ ਬਾਗੀਆਂ ਨਾਲ ਹੱਥ ਮਿਲਾ ਰਹੀ ਮਿਆਂਮਾਰ ਦੀ ਫੌਜ
Wednesday, Dec 08, 2021 - 03:59 AM (IST)

ਬਰਟਿਲ ਲਿੰਟਨਰ
ਚਿਆਂਗ ਮਾਈ : ਜਦੋਂ 13 ਨਵੰਬਰ ਨੂੰ ਵੱਖਵਾਦੀ ਬਾਗੀਆਂ ਨੇ ਭਾਰਤ ਦੇ ਉੱਤਰੀ-ਪੂਰਬੀ ਸੂਬੇ ਮਣੀਪੁਰ ’ਚ ਘਾਤਕ ਹਮਲਾ ਕੀਤਾ ਤਾਂ ਭਾਰਤ ਅਤੇ ਮਿਆਂਮਾਰ ਦੇ ਗਰਮ ਅਤੇ ਠੰਡੇ ਦੋਪਾਸੜ ਸੰਬੰਧਾਂ ’ਚ ਇਕ ਨਵਾਂ ਉਬਾਲ ਆਇਆ।
ਆਸਾਮ ਰਾਈਫਲਸ ਦੀ ਨੀਮ ਸੁਰੱਖਿਆ ਫੋਰਸ ਇਕਾਈ ਦੇ ਕਮਾਂਡਿੰਗ ਆਫਿਸਰ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ 6 ਸਾਲ ਦੇ ਬੇਟੇ ਅਤੇ 4 ਹੋਰ ਰਾਈਫਲਮੈਨ ਸਮੇਤ 7 ਵਿਅਕਤੀ ਮਾਰੇ ਗਏ। ਉਹ ਜਿਸ ਕਾਫਿਲੇ ’ਚ ਸਫਰ ਕਰ ਰਹੇ ਸਨ, ਉਸ ’ਤੇ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਅਤੇ ਮਣੀਪੁਰ ਨਾਗਾ ਨੇ ਹਮਲਾ ਕੀਤਾ ਸੀ।
ਉਕਤ ਦੋਹਾਂ ਬਾਗੀ ਗਰੁੱਪਾਂ ਕੋਲ ਮਿਆਂਮਾਰ ਦੀ ਸਰਹੱਦ ਨੇੜੇ ਲੁਕਣ ਵਾਲੀਆਂ ਥਾਵਾਂ ਹਨ। ਰਿਪੋਰਟਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਘਾਤ ਲਾਏ ਜਾਣ ਪਿੱਛੋਂ ਉਹ ਆਪਣੇ ਠਿਕਾਣੇ ਤੋਂ ਪਿੱਛੇ ਹਟ ਗਏ ਹੋਣਗੇ। ਭਾਰਤ ਦੀ ਮਿਆਂਮਾਰ ਨਾਲ 1600 ਕਿਲੋਮੀਟਰ ਲੰਬੀ ਸਰਹੱਦ ਹੈ। ਪਹਾੜੀ ਇਲਾਕਿਆਂ ’ਚ ਬਾਗੀ ਲੜਾਕਿਆਂ ਦਾ ਅਧਿਕਾਰੀਆਂ ਵੱਲੋਂ ਕਈ ਵਾਰ ਪਤਾ ਲਾਉਣਾ ਔਖਾ ਹੋ ਜਾਂਦਾ ਹੈ, ਇਸ ਕਾਰਨ ਉਹ ਅੱਗੇ-ਪਿੱਛੇ ਖਿਸਕ ਜਾਂਦੇ ਹਨ।
ਉੱਤਰੀ-ਪੂਰਬੀ ਭਾਰਤ ਦੇ ਜਾਤੀ ਨਾਗਾ, ਮਣੀਪੁਰੀ ਅਤੇ ਆਸਾਮੀ ਬਾਗੀਆਂ ਨੇ ਮਿਆਂਮਾਰ ਦੇ ਸਾਗਿੰਗ ਖੇਤਰ ’ਚ ਕਈ ਸਾਲਾਂ ਤੋਂ ਠਿਕਾਣੇ ਬਣਾਏ ਹੋਏ ਹਨ। ਇਥੇ ਉਹ ਅਕਸਰ ਭਾਰਤੀ ਜਵਾਨਾਂ ’ਤੇ ਹਮਲੇ ਕਰਦੇ ਰਹਿੰਦੇ ਹਨ। ਹਮਲੇ ਕਰਨ ਪਿੱਛੋਂ ਵਾਪਸ ਸਰਹੱਦ ਪਾਰ ਆ ਜਾਂਦੇ ਹਨ।
ਉਕਤ ਘਟਨਾਵਾਂ ਲੰਬੇ ਸਮੇਂ ਤੋਂ ਦੋਪਾਸੜ ਵਿਵਾਦ ਦਾ ਇਕ ਗਰਮ ਬਿੰਦੂ ਰਹੀਆਂ ਹਨ ਪਰ ਮਿਆਂਮਾਰ ਦੀ ਨਜ਼ਰਅੰਦਾਜ਼ੀ ਵਾਲੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਉਸ ਸਮੇਂ ਬਦਲ ਗਈ ਜਦੋਂ ਮਿਆਂਮਾਰ ਦੀ ਫੌਜ ਨੇ ਜਨਵਰੀ 2019 ’ਚ ਬਾਗੀਆਂ ਦੇ ਮੁੱਖ ਕੈਂਪਾਂ ’ਚੋਂ ਇਕ ’ਤੇ ਕਬਜ਼ਾ ਕਰ ਲਿਆ।
ਉਸ ਨਿਕਾਸੀ ਦੀ ਮੁਹਿੰਮ ਜਿਸ ਨੇ ਨਾਗਾ, ਮਣੀਪੁਰੀ ਅਤੇ ਆਸਾਮੀ ਬਾਗੀਆਂ ਨੂੰ ਉੱਤਰੀ ਸਾਗਾਇੰਗ ਦੇ ਤਾਗਾ ’ਚ ਉਨ੍ਹਾਂ ਦੇ ਅਸਲ ਹੈੱਡਕੁਆਰਟਰ ਤੋਂ ਖਦੇੜ ਦਿੱਤਾ, ਨੇ ਭਾਰਤ-ਮਿਆਂਮਾਰ ਫੌਜੀ ਸਬੰਧਾਂ ’ਚ ਵਰਨਣਯੋਗ ਸੁਧਾਰ ਕੀਤਾ। ਉਨ੍ਹਾਂ ਸਬੰਧਾਂ ਅਤੇ ਤਾਜ਼ਾ ਹਥਿਆਰਾਂ ਅਤੇ ਸੌਦਿਆਂ ਕਾਰਨ ਸੰਭਾਵਨਾ ਹੈ ਕਿ ਭਾਰਤ ਨੇ ਤਾਤਮਾਡਾ ਦੇ ਵਿਆਪਕ ਰੂਪ ਨਾਲ ਨਿੰਦਾ ਵਾਲੇ 1 ਫਰਵਰੀ ਦੇ ਤਖਤਾਪਲਟ ਦੀ ਜਨਤਕ ਤੌਰ ’ਤੇ ਆਲੋਚਨਾ ਕਿਉਂ ਨਹੀਂ ਕੀਤੀ।
ਮਣੀਪੁਰ ਦੀ ਬਹੁਗਿਣਤੀ ਮੈਤੇਈ ਆਬਾਦੀ ਦੇ ਬਾਗੀਆਂ ਨੂੰ ਭਾਰਤ ਦੇ ਮਣੀਪੁਰ ’ਚ ਮੋਰੇਹ ਦੇ ਸਾਹਮਣੇ ਸਾਡਿੰਗ ਖੇਤਰ ਦੇ ਤਮੁ ’ਚ ਪੀ. ਡੀ. ਐੱਫ. ਇਕਾਈਆਂ ’ਤੇ ਹਮਲੇ ਕਰਨ ਲਈ ਜਾਣਿਆ ਜਾਂਦਾ ਹੈ। ਬਦਲੇ ’ਚ ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਸਰਹੱਦ ਦੇ ਮਿਆਂਮਾਰ ਵਾਲੇ ਪਾਸੇ ਸੁਰੱਖਿਅਤ ਸ਼ਰਨਗਾਹ ਬਣਾਏ ਰੱਖਣ ਦੀ ਆਗਿਆ ਦਿੱਤੀ ਗਈ ਹੈ।
ਕ੍ਰਾਂਤੀਕਾਰੀ ਪੀਪਲਸ ਫਰੰਟ (ਆਰ. ਪੀ. ਐੱਫ.) ਦੀ ਹਥਿਆਰਬੰਦ ਸ਼ਾਖਾ ਪੀ. ਐੱਲ. ਏ. 1970 ਦੇ ਦਹਾਕੇ ਤੋਂ ਮੀਟੀਆਂ ਦਰਮਿਆਨ ਸਰਗਰਮ ਹੈ। ਇਸ ਦੇ ਸੰਸਥਾਪਕਾਂ ਨੂੰ ਮੂਲ ਰੂਪ ’ਚ ਤਿੱਬਤ ਦੀ ਰਾਜਧਾਨੀ ਲਾਹਾਸਾ ਨੇੜੇ ਇਕ ਫੌਜੀ ਕੈਂਪ ’ਚ ਚੀਨੀਆਂ ਵੱਲੋਂ ਸਿਖਲਾਈ ਦਿੱਤੀ ਗਈ ਸੀ।
ਆਰ. ਪੀ. ਐੱਫ./ਪੀ. ਐੱਲ. ਏ. ਤੋਂ ਇਲਾਵਾ ਕਈ ਹੋਰ ਬਾਗੀ ਗਰੁੱਪ ਵੀ ਹਨ। ਇਨ੍ਹਾਂ ’ਚ ਪੀਪਲਸ ਰੈਵੋਲਿਊਸ਼ਨਰੀ ਪਾਰਟੀ ਆਫ ਕੰਗਲੀਪਾਕ, ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਅਤੇ ਕੰਗਲੀਪਾਕ (ਕਮਿਊਨਿਸਟ) ਪਾਰਟੀ ਹੈ। ਇੰਝ ਲੱਗਦਾ ਹੈ ਕਿ ਸਭ ਮੈਤੇਈ ਬਾਗੀ ਸੰਗਠਨ ਭਾਰਤ ਨਾਲ ਮਣੀਪੁਰੀ ਆਜ਼ਾਦੀ ਦੀ ਮੰਗ ਦੇ ਨਾਲ ਇਕ ਖੱਬੇਪੱਖੀ ਏਜੰਡੇ ਨੂੰ ਜੋੜ ਰਹੇ ਹਨ।
ਐੱਮ. ਐੱਨ. ਈ. ਐੱਫ. ਜਾਤੀ ਨਾਗਾ ਅੱਤਵਾਦੀਆਂ ਦਾ ਇਕ ਛੋਟਾ ਗਰੁੱਪ ਹੈ ਜੋ ਨਾਗਾਲੈਂਡ ਦੀ ਮੁੱਖ ਰਾਸ਼ਟਰੀ ਸਮਾਜਵਾਦੀ ਕੌਂਸਲ ਤੋਂ ਵੱਖ ਸੰਚਾਲਿਤ ਹੁੰਦਾ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਸੰਬੰਧਤ ਆਗੂਆਂ ਦੇ ਵੱਖ-ਵੱਖ ਹਿੱਤ ਹੁੰਦੇ ਹਨ। ਤਖਤਾਪਲਟ ਪਿੱਛੋਂ ਮਿਆਂਮਾਰ ਮੁੜ ਤੋਂ ਅਲੱਗ-ਥਲੱਗ ਪੈ ਗਿਆ ਹੈ। ਉਸ ਦੇ ਕੁਝ ਵਿਦੇਸ਼ੀ ਸਹਿਯੋਗੀ ਹਨ। ਰੂਸ ਉਨ੍ਹਾਂ ’ਚੋਂ ਇਕ ਹੈ ਪਰ ਉਸ ਦੇ ਇਰਾਦੇ ਬਹੁਤ ਹੱਦ ਤਕ ਵਪਾਰਕ ਹਨ। ਇਸ ਦਾ ਕਾਰਨ ਇਹ ਹੈ ਕਿ ਮਿਆਂਮਾਰ ਰੂਸ ’ਚ ਬਣੇ ਫੌਜੀ ਸਾਜ਼ੋ-ਸਾਮਾਨ ਦਾ ਇਕ ਪ੍ਰਮੁੱਖ ਖਰੀਦਦਾਰ ਹੈ।
ਭਾਰਤ ਦੇ ਸੀ. ਡੀ. ਐੱਸ. ਬਿਪਿਨ ਰਾਵਤ ਨੇ ਜਨਤਕ ਤੌਰ ’ਤੇ ਇਸ ਸਾਲ 24 ਜੁਲਾਈ ਨੂੰ ਉੱਤਰ-ਪੂਰਬ ਭਾਰਤ ’ਚ ਇਕ ਫੌਜੀ ਵੈਬੀਨਾਰ ਦੌਰਾਨ ਕਿਹਾ ਸੀ ਕਿ ਭਾਰਤ ਨੂੰ ਮਿਆਂਮਾਰ ’ਚ ਉੱਭਰਦੀ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖਣ ਦੀ ਲੋੜ ਹੈ। ਤਖਤਾਪਲਟ ਦੇ ਤੁਰੰਤ ਪਿੱਛੋਂ ਭਾਰਤੀ ਜ਼ਮੀਨੀ ਫੌਜ ਦੇ ਮੁਖੀ ਐੱਮ. ਐੱਮ. ਨਰਵਣੇ ਨੇ ਕਿਹਾ ਕਿ ਤਾਤਮਾਡਾ ਨਾਲ ਮਿਲ ਕੇ ਆਪ੍ਰੇਸ਼ਨ ਦੀ ਇਕ ਲੜੀ ਨੇ ਢੁਕਵੇਂ ਆਪ੍ਰੇਟਿੰਗ ਲਾਭ ਨਾਲ ਜ਼ਮੀਨ ’ਤੇ ਫੌਜੀਆਂ ਦਰਮਿਆਨ ਵਧਦੇ ਸਹਿਯੋਗ ਅਤੇ ਤਾਲਮੇਲ ਨੂੰ ਵੇਖਿਆ ਹੈ।
ਇਹ ਵੇਖਿਆ ਜਾਣਾ ਬਾਕੀ ਹੈ ਕਿ ਭਵਿੱਖ ’ਚ ਭਾਰਤ ਅਤੇ ਮਿਆਂਮਾਰ ਦੇ ਸਬੰਧਾਂ ’ਤੇ ਮਣੀਪੁਰ ਘਾਤ ਦੇ ਕੀ ਨਤੀਜੇ ਹੋਣਗੇ। ਉਂਝ ਭਾਰਤ 2019 ਤੋਂ ਪਹਿਲਾਂ ਦੇ ਆਪਸੀ ਸ਼ੱਕ ਦੇ ਯੁੱਗ ’ਚ ਪਰਤਣ ਲਈ ਇੱਛੁਕ ਨਹੀਂ ਹੋ ਸਕਦਾ। ਪਹਿਲੀ ਵਾਰ ਤਾਤਮਾਡਾ ਭਾਰਤ ਦੇ ਉੱਤਰ-ਪੂਰਬ ਬਾਗੀਆਂ ਨਾਲ ਖੁੱਲ੍ਹੇ ਤੌਰ ’ਤੇ ਸਹਿਯੋਗ ਕਰ ਰਿਹਾ ਹੈ। ਇਹ ਇਕ ਅਜਿਹਾ ਮੋੜ ਹੈ ਜੋ ਰਵਾਇਤੀ ਪੱਖੋਂ ਪਹਿਲਾਂ ਤੋਂ ਹੀ ਇਕ ਅਸਥਿਰ ਸਰਹੱਦ ਦੇ ਨਾਲ ਇਕ ਪੂਰੀ ਤਰ੍ਹਾਂ ਨਵੀਂ ਸੁਰੱਖਿਆ ਸਥਿਤੀ ਨੂੰ ਜਨਮ ਦੇ ਸਕਦਾ ਹੈ।