ਨਿੱਜੀ ਦੁਸ਼ਮਣੀ ਦੇ ਕਾਰਨ ਹੋ ਰਹੀਆਂ ਮਾਸੂਮ ਬੱਚਿਆਂ ਦੀਆਂ ਹੱਤਿਆਵਾਂ

Thursday, Mar 21, 2024 - 02:59 AM (IST)

ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਦੇ ਯਤਨਾਂ ਦੇ ਬਾਵਜੂਦ ਦੇਸ਼ ’ਚ ਅਪਰਾਧੀ ਤੱਤਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤਾਂ ਮਾਸੂਮ ਬੱਚੇ ਵੀ ਸੁਰੱਖਿਅਤ ਨਹੀਂ ਰਹੇ ਅਤੇ ਨਿੱਜੀ ਦੁਸ਼ਮਣੀ ਕੱਢਣ ਲਈ ਮਾਸੂਮ ਬੱਚਿਆਂ ਤੱਕ ਨੂੰ ਬਿਨਾਂ ਕਿਸੇ ਦੋਸ਼ ਦੇ ਅਪਰਾਧੀ ਤੱਤਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ :

* 19 ਅਕਤੂਬਰ, 2023 ਨੂੰ ਕੋਡਰਮਾ (ਝਾਰਖੰਡ) ਦੇ ‘ਮੂਰਕਸਰਾਏ ਪਿੰਡ’ ’ਚ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ’ਤੇ ਵਿਵਾਦ ਦੇ ਚੱਲਦਿਆਂ 4 ਸਾਲਾ ਬੱਚੇ ਦੀ ਉਸ ਦੇ ਰਿਸ਼ਤੇਦਾਰਾਂ ਨੇ ਗਲਾ ਘੁੱਟ ਕੇ ਹੱਤਿਆ ਕਰ ਕੇ ਲਾਸ਼ ਤਾਲਾਬ ’ਚ ਸੁੱਟ ਦਿੱਤੀ।

* 5 ਨਵੰਬਰ, 2023 ਨੂੰ ਪਲਾਮੂ (ਝਾਰਖੰਡ) ਜ਼ਿਲੇ ਦੇ ਹੈਦਰ ਨਗਰ ਦੇ ‘ਕਰੀਮਨ ਡੀਹ’ ਪਿੰਡ ’ਚ ਘਰੇਲੂ ਕਲੇਸ਼ ਕਾਰਨ ਇਕ ਔਰਤ ਨੇ ਗੁੱਸੇ ’ਚ ਆ ਕੇ ਆਪਣੇ 3 ਬੱਚਿਆਂ ਨੂੰ ਤਾਲਾਬ ’ਚ ਸੁੱਟ ਦਿੱਤਾ ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ।

* 19 ਨਵੰਬਰ, 2023 ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ਪਿੰਡ ‘ਤੇੜਾ’ ਚ ‘ਅਰਸਲਾਨ’ ਨਾਂ ਦੇ 5 ਸਾਲਾ ਬਾਲਕ ਨੂੰ ਅਗਵਾ ਕਰ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਬੋਰੇ ’ਚ ਬੰਦ ਕਰ ਕੇ ਪਿੰਡ ’ਚ ਇਕ ਤਾਲਾਬ ਦੇ ਕੋਲ ਸੁੱਟ ਦੇਣ ਦੇ ਦੋਸ਼ ’ਚ ‘ਆਸਿਫਾ’ ਨਾਂ ਦੀ ਗੁਆਂਢਣ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ‘ਆਸਿਫਾ’ ਨੇ ਕਿਹਾ ਕਿ ਗੁਆਂਢੀ ‘ਅਰਸਲਾਨ’ ਨੂੰ ਉਸ ਦੇ ਬੱਚਿਆਂ ਦੇ ਨਾਲ ਖੇਡਣ ਨਹੀਂ ਦਿੰਦੇ ਸਨ।

* 25 ਜਨਵਰੀ, 2024 ਨੂੰ ਅਯੁੱਧਿਆ (ਉੱਤਰ ਪ੍ਰਦੇਸ਼) ਦੇ ਥਾਣਾ ‘ਤਾਰੂਨ’ ਇਲਾਕੇ ’ਚ ਜ਼ਮੀਨੀ ਝਗੜੇ ’ਚ 8 ਸਾਲਾ ਇਕ ਬੱਚੇ ਨੂੰ ਚਾਕੂ ਨਾਲ ਵਿੰਨ੍ਹ ਕੇ ਮਾਰ ਦਿੱਤਾ ਗਿਆ।

*27 ਜਨਵਰੀ, 2024 ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ‘ਕਾਂਠ’ ’ਚ ਆਪਣੇ ਦੁਸ਼ਮਣ ਨੂੰ ਫਸਾਉਣ ਖਾਤਰ ਇਦਰੀਸ ਨਾਂ ਦੇ ਵਿਅਕਤੀ ਨੂੰ ਆਪਣੇ 7 ਸਾਲਾ ਮਤਰੇਏ ਬੇਟੇ ਦੀ ਗਲਾ ਵੱਢ ਕੇ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

*6 ਮਾਰਚ, 2024 ਨੂੰ ‘ਨੀਮ ਕਾ ਥਾਨਾ’ (ਰਾਜਸਥਾਨ) ਜ਼ਿਲੇ ’ਚ ਘਰ ਤੋਂ ਲਾਪਤਾ 4 ਸਾਲਾ ਇਕ ਮਾਸੂਮ ਬੱਚੇ ਦੀ ਹੱਤਿਆ ਕੀਤੇ ਜਾਣ ਪਿੱਛੋਂ ਉਸ ਦੀ ਲਾਸ਼ ਨੂੰ ਪਹਾੜੀਆਂ ’ਚ ਸੁੱਟ ਦਿੱਤਾ ਗਿਆ।

*15 ਮਾਰਚ, 2024 ਨੂੰ ਜਬਲਪੁਰ (ਮੱਧ ਪ੍ਰਦੇਸ਼) ’ਚ ਇਕ ਰੇਲਵੇ ਮੁਲਾਜ਼ਮ ਅਤੇ ਉਸ ਦੇ ਨਾਬਾਲਿਗ ਬੇਟੇ ਦੀ ਰੇਲਵੇ ਕੁਆਰਟਰ ’ਚ ਹੱਤਿਆ ਕਰਨ ਪਿੱਛੋਂ ਹਤਿਆਰੇ ਨੇ ਬੱਚੇ ਦੀ ਲਾਸ਼ ਫ੍ਰਿਜ ’ਚ ਲੁਕੋ ਦਿੱਤੀ। ਰੇਲਵੇ ਮੁਲਾਜ਼ਮ ਨੇ ਕੁੱਝ ਹੀ ਦਿਨ ਪਹਿਲਾਂ ਸ਼ੱਕੀ ਹਤਿਆਰੇ ਵਿਰੁੱਧ ਆਪਣੀ ਬੇਟੀ ਨਾਲ ਛੇੜ-ਛਾੜ ਕਰਨ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਸੀ। ਘਟਨਾ ਪਿੱਛੋਂ ਮ੍ਰਿਤਕ ਦੀ ਬੇਟੀ ਵੀ ਲਾਪਤਾ ਹੈ।

*19 ਮਾਰਚ, 2024 ਨੂੰ ਬਦਾਯੂੰ (ਉੱਤਰ ਪ੍ਰਦੇਸ਼) ਤੋਂ ਦਿਲ ਦਹਿਲਾਉਣ ਵਾਲੀ ਘਟਨਾ ’ਚ ਇਕ ਨਾਈ ਨੇ 2 ਮਾਸੂਮ ਸਕੇ ਭਰਾਵਾਂ ਨੂੰ ਹਜਾਮਤ ਕਰਨ ਵਾਲੇ ਉਸਤਰੇ ਨਾਲ ਗਲ ਵੱਢ ਕੇ ਬੇਰਹਿਮੀ ਨਾਲ ਮਾਰ ਦਿੱਤਾ ਜਦ ਕਿ ਤੀਜਾ ਭਰਾ ਕਿਸੇ ਤਰ੍ਹਾਂ ਬਚ ਗਿਆ।

ਉਪਰੋਕਤ ਮਾਮਲਾ ਦੋ ਫਿਰਕਿਆਂ ਨਾਲ ਜੁੜਿਆ ਹੋਣ ਦੇ ਕਾਰਨ ਕੁੱਝ ਹੀ ਦੇਰ ’ਚ ਸਥਿਤੀ ਵਿਗੜਣ ਲੱਗੀ। ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪੁੱਜ ਕੇ ਮੁੱਖ ਦੋਸ਼ੀ ਸਾਜਿਦ ਨੂੰ ਫੜ ਲਿਆ ਪਰ ਉਹ ਪੁਲਸ ਨੂੰ ਧੱਕਾ ਦੇ ਕੇ ਭੱਜ ਗਿਆ ਪਰ ਬਾਅਦ ’ਚ ਪੁਲਸ ਨਾਲ ਐਨਕਾਊਂਟਰ ’ਚ ਮਾਰਿਆ ਗਿਆ। ਇਸ ਦਰਮਿਆਨ ਸਾਜਿਦ ਦੇ ਭਰਾ ਜਾਵੇਦ ਤੋਂ ਇਲਾਵਾ ਉਸ ਦੇ ਪਿਤਾ ਅਤੇ ਚਾਚੇ ਨੂੰ ਵੀ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ।

ਘਟਨਾ ਦੇ ਪਿੱਛੋਂ ਸ਼ਹਿਰ ਦੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਨੇ ਸੜਕ ’ਤੇ ਜਾਮ ਲਾ ਦਿੱਤਾ। ਗੁੱਸੇ ’ਚ ਆਏ ਲੋਕਾਂ ਨੇ ਕੁਝ ਦੁਕਾਨਾਂ ਨੂੰ ਅੱਗ ਲਾਉਣ ਤੋਂ ਇਲਾਵਾ ਕਈ ਥਾਵਾਂ ’ਤੇ ਭੰਨ-ਤੋੜ ਵੀ ਕੀਤੀ ਜਿਸ ’ਤੇ ਸਥਿਤੀ ਨੂੰ ਸੰਭਾਲਣ ਲਈ ਪ੍ਰਸ਼ਾਸਨ ਨੂੰ ਪੁਲਸ ਬਲ ਅਤੇ ਅਰਧ ਸੈਨਿਕ ਬਲ ਵੀ ਤਾਇਨਾਤ ਕਰਨੇ ਪਏ। ਇਸ ਘਟਨਾ ਦੇ ਕਈ ਕਾਰਨ ਦੱਸੇ ਜਾ ਰਹੇ ਹਨ। 

ਕਿਹਾ ਜਾਂਦਾ ਹੈ ਕਿ ਸਾਜਿਦ ਨੇ ਬੱਚਿਆਂ ਦੀ ਮਾਂ ਸੰਗੀਤਾ ਕੋਲੋਂ ਪਹਿਲਾਂ ਆਪਣੀ ਪਤਨੀ ਦੀ ਡਲਿਵਰੀ ਲਈ 5000 ਰੁਪਏ ਉਧਾਰ ਮੰਗੇ ਅਤੇ ਰੁਪਏ ਲੈਣ ਪਿੱਛੋਂ ਇਹ ਕਹਿ ਕੇ ਛੱਤ ’ਤੇ ਚਲਾ ਗਿਆ ਕਿ ਉਸ ਦਾ ਦਿਲ ਘਬਰਾ ਰਿਹਾ ਹੈ ਅਤੇ ਉਹ ਕੁੱਝ ਦੇਰ ਛੱਤ ’ਤੇ ਟਹਿਲਣਾ ਚਾਹੁੰਦਾ ਹੈ ਅਤੇ ਉੱਥੇ ਜਾ ਕੇ ਸਾਜਿਦ ਨੇ ਦੋਵਾਂ ਬੱਚਿਆਂ ਦੀ ਹੱਤਿਆ ਕਰ ਦਿੱਤੀ।

* 20 ਮਾਰਚ ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ’ਚ ਵੀ 4 ਅਤੇ 6 ਸਾਲ ਦੇ 2 ਮਾਸੂਮ ਬੱਚਿਆਂ ਦੀ ਲੱਕੜੀ ਦੇ ਪਟੜੇ ਨਾਲ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੱਤਿਆ ਦਾ ਦੋਸ਼ ਬੱਚਿਆਂ ਦੀ ਭੂਆ ’ਤੇ ਲੱਗਿਆ ਹੈ, ਜਿਸ ਨੇ ਆਪਣੀ ਭਾਬੀ ਨਾਲ ਅਣਬਣ ਕਾਰਨ ਇਹ ਭਿਆਨਕ ਕਦਮ ਚੁੱਕਿਆ। ਘਟਨਾ ਤੋਂ ਇਕ ਦਿਨ ਪਹਿਲਾਂ ਹੀ ਨਣਦ-ਭਾਬੀ ਦਰਮਿਆਨ ਬੋਲ-ਬੁਲਾਰਾ ਹੋਇਆ ਸੀ।

ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਚੰਦ ਲੋਕ ਆਪਣੀ ਨਿੱਜੀ ਦੁਸ਼ਮਣੀ ਕੱਢਣ ਲਈ ਬਿਨਾਂ ਕਿਸੇ ਦੋਸ਼ ਦੇ ਮਾਸੂਮ ਬੱਚਿਆਂ ਨੂੰ ਕਿਸ ਤਰ੍ਹਾਂ ਜਾਨ ਤੋਂ ਮਾਰ ਰਹੇ ਹਨ। ਇਸ ਬੁਰਾਈ ’ਤੇ ਰੋਕ ਲਾਉਣ ਲਈ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣ ਦੀ ਲੋੜ ਹੈ।

-ਵਿਜੇ ਕੁਮਾਰ


Harpreet SIngh

Content Editor

Related News