‘ਚੋਣਾਂ ’ਚ ਮਰਿਆਦਾ ਉਲੰਘਣਾ ਅਤੇ ਮਣੀਪੁਰ ਹਿੰਸਾ’ ‘ਉੱਤੇ ਮੋਹਨ ਭਾਗਵਤ ਦੀ ਚਿੰਤਾ’

Wednesday, Jun 12, 2024 - 02:21 AM (IST)

‘ਚੋਣਾਂ ’ਚ ਮਰਿਆਦਾ ਉਲੰਘਣਾ ਅਤੇ ਮਣੀਪੁਰ ਹਿੰਸਾ’ ‘ਉੱਤੇ ਮੋਹਨ ਭਾਗਵਤ ਦੀ ਚਿੰਤਾ’

ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਨਾਗਪੁਰ ’ਚ ਸੰਘ ਵਰਕਰਾਂ ਦੇ ਇਕ ਸਮਾਗਮ ’ਚ ਭਾਸ਼ਣ ਦਿੰਦਿਆਂ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਅਤੇ ਮਣੀਪੁਰ ਹਿੰਸਾ ਦੇ ਸਬੰਧ ’ਚ ਕੁਝ ਬੇਬਾਕ ਟਿੱਪਣੀਆਂ ਕੀਤੀਆਂ ਹਨ।

ਉਨ੍ਹਾਂ ਨੇ ਚੋਣਾਂ ’ਚ ਨਾਂਹਪੱਖੀ ਪ੍ਰਚਾਰ ਦੀ ਨਿੰਦਾ ਕੀਤੀ ਅਤੇ ਕਿਹਾ ‘ਦੋਵਾਂ ਧਿਰਾਂ’ ਨੇ ਸਮਾਜ ’ਚ ਮਨ-ਮੁਟਾਅ ਪੈਦਾ ਕਰਨ ਵਾਲੀਆਂ ਗੱਲਾਂ ਕਹੀਆਂ, ਜਿਨ੍ਹਾਂ ’ਚ ਮਰਿਆਦਤ ਸਿਆਸੀ ਸ਼ਬਦਾਵਲੀ ਦੀ ਘਾਟ ਸੀ ਅਤੇ ਇਸ ਨਾਲ ਵਾਤਾਵਰਣ ਜ਼ਹਿਰੀਲਾ ਹੋਇਆ।

ਸ਼੍ਰੀ ਭਾਗਵਤ ਦੇ ਅਨੁਸਾਰ ਦੋਵਾਂ ਹੀ ਧਿਰਾਂ ਨੇ ਜਿਸ ਤਰ੍ਹਾਂ ਇਕ-ਦੂਜੇ ’ਤੇ ਤਿੱਖੇ ਹਮਲੇ ਕੀਤੇ ਅਤੇ ਜਿਸ ਢੰਗ ਨਾਲ ਉਨ੍ਹਾਂ ਨੇ ਚੋਣ ਰਣਨੀਤੀਆਂ ਦੀ ਅਣਦੇਖੀ ਕੀਤੀ, ਉਸ ਨਾਲ ਸਮਾਜ ’ਚ ਮਨ-ਮੁਟਾਅ ਪੈਦਾ ਹੋਵੇਗਾ ਅਤੇ ਆਪਸੀ ਦੂਸ਼ਣਬਾਜ਼ੀ ਵਧੇਗੀ।

ਸ਼੍ਰੀ ਭਾਗਵਤ ਨੇ ਸੁਝਾਅ ਦਿੱਤਾ ਕਿ ਚੋਣ ਪ੍ਰਚਾਰ ’ਤੇ ਕੁਝ ਨਿਸ਼ਚਿਤ ਰੋਕਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਹਾਲ ਹੀ ਦੀਆਂ ਚੋਣਾਂ ਦੀ ਮੁਹਿੰਮ ’ਚ ਪਾਲਣ ਨਹੀਂ ਕੀਤਾ ਗਿਆ। ਸ਼ਾਇਦ ਉਨ੍ਹਾਂ ਦਾ ਸੰਕੇਤ ਚੋਣ ਕਮਿਸ਼ਨ ਵੱਲ ਸੀ ਜਿਸ ਨੇ ਚੋਣ ਮੁਹਿੰਮਾਂ ’ਚ ਨਫਰਤ ਵਾਲੇ ਭਾਸ਼ਣਾਂ ’ਤੇ ਰੋਕ ਲਗਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਉਨ੍ਹਾਂ ਨੇ ਪ੍ਰਚਾਰ ਮੁਹਿੰਮ ’ਚ ਮਰਿਆਦਾ ਦੀਆਂ ਹੱਦਾਂ ਦੀ ਉਲੰਘਣਾ ਦੀ ਗੱਲ ਵੀ ਕਹੀ ਅਤੇ ਚੋਣਾਂ ਦੌਰਾਨ ਵਿਰੋਧੀਆਂ ’ਤੇ ਹਮਲਿਆਂ ਦੀ ਆਲੋਚਨਾ ਵੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਸਾਡੀ ਆਮ ਸਹਿਮਤੀ ਨਾਲ ਅੱਗੇ ਵਧਣ ਦੀ ਰਵਾਇਤ ਹੈ। ਲੋਕਤੰਤਰ ਆਮ ਸਹਿਮਤੀ ਕਾਇਮ ਕਰਨ ਦੀ ਪ੍ਰਕਿਰਿਆ ਅਤੇ ਚੋਣਾਂ ਇਸ ਦਾ ਲਾਜ਼ਮੀ ਹਿੱਸਾ ਹਨ ਤਾਂ ਕਿ ਹਰ ਗੱਲ ਦੇ ਦੋਵੇਂ ਪਹਿਲੂ ਸੰਸਦ ’ਚ ਪੇਸ਼ ਕੀਤੇ ਜਾ ਸਕਣ। ਵੱਖ-ਵੱਖ ਵਿਚਾਰ ਪੇਸ਼ ਕਰਨ ਲਈ ਸੰਸਦੀ ਪ੍ਰਣਾਲੀ ਇਕ ਮੰਚ ਮੁਹੱਈਆ ਕਰਦੀ ਹੈ।

ਉਨ੍ਹਾਂ ਨੇ ਚੋਣਾਂ ਦੌਰਾਨ ਤਕਨੀਕ ਦੀ ਵਰਤੋਂ ਦਾ ਵੀ ਵਰਨਣ ਕੀਤਾ ਅਤੇ ਕਿਹਾ ਕਿ ‘ਸੋਸ਼ਲ ਮੀਡੀਆ ਤਕਨਾਲੋਜੀ’ ਦੇ ਰਾਹੀਂ ਝੂਠੀਆਂ ਗੱਲਾਂ ਫੈਲਾਈਆਂ ਗਈਆਂ। ਉਨ੍ਹਾਂ ਦਾ ਸੰਕੇਤ ‘ਇੰਡੀਆ’ ਗੱਠਜੋੜ ਵੱਲੋਂ ਕੀਤੇ ਗਏ ਇਸ ਦਾਅਵੇ ਵੱਲ ਸੀ ਕਿ ਭਾਜਪਾ ਪੱਛੜੇ ਵਰਗਾਂ ਅਤੇ ਦਲਿਤਾਂ ਤੋਂ ਰਾਖਵੇਂਕਰਨ ਦੇ ਲਾਭ ਵਾਪਸ ਲੈਣ ਲਈ ਸੰਵਿਧਾਨ ਬਦਲਣਾ ਚਾਹੁੰਦੀ ਹੈ। ਦੂਜੇ ਪਾਸੇ ਭਾਜਪਾ ਨੇ ਆਪਣੇ ਵੱਲੋਂ ਇਹ ਗਲਤ ਦਾਅਵਾ ਕੀਤਾ ਕਿ ਕਾਂਗਰਸ ਰਾਖਵਾਂਕਰਨ ਮੁਸਲਮਾਨਾਂ ਨੂੰ ਟ੍ਰਾਂਸਫਰ ਕਰਨਾ ਚਾਹੁੰਦੀ ਹੈ।

ਇਸ ਦੇ ਨਾਲ ਹੀ ਸ਼੍ਰੀ ਮੋਹਨ ਭਾਗਵਤ ਨੇ ‘ਵਿਰੋਧੀ ਧਿਰ’ ਨੂੰ ‘ਵਿਰੋਧੀ’ ਦੀ ਬਜਾਏ ‘ਪ੍ਰਤੀਧਿਰ’ ਸ਼ਬਦ ਵਰਤਣ ਦੀ ਸਲਾਹ ਦਿੱਤੀ ਹੈ। ਸ਼੍ਰੀ ਭਾਗਵਤ ਦੇ ਅਨੁਸਾਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੁਦ ਨੂੰ ਚੋਣਾਂ ਦੀ ਉਤੇਜਨਾ ਤੋਂ ਮੁਕਤ ਕਰ ਕੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ’ਤੇ ਧਿਆਨ ਕੇਂਦ੍ਰਿਤ ਕਰੀਏ। ਉਨ੍ਹਾਂ ਨੇ ਕਿਹਾ, ‘‘ਅਸੀਂ 10 ਸਾਲਾਂ ’ਚ ਕਈ ਹਾਂ ਪੱਖੀ ਕੰਮ ਕੀਤੇ ਹਨ ਪਰ ਇਸ ਦਾ ਇਹ ਭਾਵ ਨਹੀਂ ਹੈ ਕਿ ਸਾਡੀਆਂ ਚੁਣੌਤੀਆਂ ਖਤਮ ਹੋ ਗਈਆਂ ਹਨ।’’

ਉਨ੍ਹਾਂ ਨੇ ਨਵੀਂ ਸਰਕਾਰ ਨੂੰ ਸਲਾਹ ਦਿੰਦਿਆਂ ਇਹ ਵੀ ਕਿਹਾ, ‘‘ਚੋਣਾਂ ਅਤੇ ਸ਼ਾਸਨ ਦੋਵਾਂ ਦੇ ਪ੍ਰਤੀ ਬਦਲਾਅ ਕੀਤਾ ਜਾਣਾ ਚਾਹੀਦਾ ਹੈ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਮਣੀਪੁਰ ’ਚ ਜਾਤੀ ਟਕਰਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਿੰਸਾਗ੍ਰਸਤ ਸੂਬੇ ਦੀ ਸਥਿਤੀ ਨੂੰ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਦੇਰੀ ਦੇ ਸੁਲਝਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਹਿੰਸਾ ਨਾਲ ਪ੍ਰਭਾਵਿਤ ਇਹ ਉੱਤਰ-ਪੂਰਬੀ ਸੂਬਾ ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਹੈ। ਇਹ ਅੱਜ ਤੱਕ ਸੜ ਰਿਹਾ ਹੈ ਅਤੇ ਸਹਾਇਤਾ ਲਈ ਅਪੀਲ ਕਰ ਰਿਹਾ ਹੈ। ਇਸ ਪਾਸੇ ਕੌਣ ਧਿਆਨ ਦੇਵੇਗਾ। ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਪਹਿਲ ਦੇਈਏ। ਬੀਤੇ ਸਾਲ 3 ਮਈ ਦੇ ਬਾਅਦ ਤੋਂ ਇਸ ਸਾਲ 3 ਜੂਨ ਤੱਕ ਉੱਥੇ 220 ਤੋਂ ਵੱਧ ਵਿਅਕਤੀਆਂ ਦੀਆਂ ਮੌਤਾਂ ਅਤੇ 50,000 ਤੋਂ ਵੱਧ ਲੋਕ ਬੇਘਰ ਹੋਏ ਹਨ।

ਚੋਣਾਂ ਦੇ ਤੁਰੰਤ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਵੱਲੋਂ ਦਿੱਤੀ ਗਈ ਇਸ ਨਸੀਹਤ ਦਾ ਭਾਜਪਾ ਲਈ ਵੱਡਾ ਅਰਥ ਹੈ। ਸੰਘ ਮੁਖੀ ਨੇ ਜਿਸ ਤਰ੍ਹਾਂ ‘ਸੇਵਕ’ ਨੂੰ ਹੰਕਾਰ ਨਾ ਕਰਨ ਅਤੇ ਸਾਰਿਆਂ ਦੇ ਨਾਲ ਮਿਲਜੁਲ ਕੇ ਚੱਲਣ ਦੀ ਨਸੀਹਤ ਦਿੱਤੀ ਹੈ, ਉਸ ਤੋਂ ਯਕੀਨੀ ਤੌਰ ’ਤੇ ਭਾਜਪਾ ਨੂੰ ਵੀ ਇਕ ਸਖਤ ਸੰਦੇਸ਼ ਗਿਆ ਹੈ।

ਇਸੇ ਦਰਮਿਆਨ ‘ਰਾਸ਼ਟਰੀ ਸਵੈਮਸੇਵਕ ਸੰਘ’ ਨਾਲ ਜੁੜੀ ਪੱਤ੍ਰਿਕਾ ‘ਆਰਗੇਨਾਈਜ਼ਰ’ ਦੇ ਤਾਜ਼ਾ ਅੰਕ ’ਚ ਪ੍ਰਕਾਸ਼ਿਤ ਸੰਘ ਦੇ ਉਮਰ ਭਰ ਲਈ ਮੈਂਬਰ ਰਤਨ ਸ਼ਾਰਧਾ ਦੇ ਲੇਖ ’ਚ ਭਾਜਪਾ ਦੇ ਖਰਾਬ ਪ੍ਰਦਰਸ਼ਨ ’ਚ ਬੇਲੋੜੀ ਸਿਆਸਤ ਨੂੰ ਵੀ ਇਕ ਕਾਰਨ ਦੱਸਿਆ ਗਿਆ ਹੈ।

ਲੇਖ ’ਚ ਕਿਹਾ ਗਿਆ ਹੈ ਕਿ, ‘‘ਚੋਣਾਂ ਦੇ ਨਤੀਜੇ ਭਾਜਪਾ ਦੇ ਅਤੀ ਆਤਮਵਿਸ਼ਵਾਸੀ ਵਰਕਰਾਂ ਅਤੇ ਕਈ ਨੇਤਾਵਾਂ ਦਾ ਸੱਚ ਨਾਲ ਸਾਹਮਣਾ ਕਰਾਉਣ ਵਾਲੇ ਹਨ ਜੋ ਪ੍ਰਧਾਨ ਮੰਤਰੀ ਦੇ ਆਭਾਮੰਡਲ ਦੇ ਆਨੰਦ ’ਚ ਡੁੱਬੇ ਰਹਿ ਗਏ। ਉਨ੍ਹਾਂ ਨੇ ਆਮ ਲੋਕਾਂ ਦੀ ਆਵਾਜ਼ ਨੂੰ ਅਣਦੇਖਿਆ ਕਰ ਦਿੱਤਾ ਅਤੇ ‘ਸੰਘ’ ਦੇ ਵਰਕਰਾਂ ਕੋਲੋਂ ਸਹਿਯੋਗ ਤੱਕ ਨਹੀਂ ਮੰਗਿਆ।’’

‘‘ਸੰਘ ਨੂੰ ਅੱਤਵਾਦੀ ਸੰਗਠਨ ਦੱਸਣ ਵਾਲੇ ਕਾਂਗਰਸੀਆਂ ਨੂੰ ਭਾਜਪਾ ’ਚ ਸ਼ਾਮਲ ਕਰਨ ਵਰਗੇ ਫੈਸਲਿਆਂ ਨੇ ਭਾਜਪਾ ਦੇ ਅਕਸ ਨੂੰ ਖਰਾਬ ਕੀਤਾ ਅਤੇ ਸੰਘ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਵੀ ਠੇਸ ਪੁੱਜੀ।’’

ਚੋਣਾਂ ’ਚ ਮਰਿਆਦਾ ਦੀ ਉਲੰਘਣਾ ਅਤੇ ਮਣੀਪੁਰ ਦੀ ਸਮੱਸਿਆ ਨੂੰ ਜਲਦੀ ਸੁਲਝਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਭਾਗਵਤ ਨੇ ਸਹੀ ਗੱਲਾਂ ਕਹੀਆਂ ਹਨ। ਇਸ ਦੇ ਨਾਲ ਹੀ ਦੇਸ਼ ’ਚ ਸਮੇਂ-ਸਮੇਂ ’ਤੇ ਉੱਠ ਖੜ੍ਹੇ ਹੋ ਰਹੇ ਫਿਰਕੂ ਦੰਗਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News