ਘਰੇਲੂ ਹਿੰਸਾ ’ਚ ‘ਮਰਦਾਂ ਦਾ ਦਰਦ’

12/22/2023 3:10:37 PM

ਸਾਡੇ ਸਮਾਜ ’ਚ ਔਰਤਾਂ ਵਿਰੁੱਧ ਕਈ ਤਰ੍ਹਾਂ ਦੀ ਹਿੰਸਾ ਹੁੰਦੀ ਰਹੀ ਹੈ, ਜਿਸ ’ਚ ਸਰੀਰਕ, ਮਾਨਸਿਕ, ਭਾਵਨਾਤਮਕ, ਮਨੋਵਿਗਿਆਨਕ ਜਾਂ ਫਿਰ ਸੈਕਸ ਸ਼ੋਸ਼ਣ ਮੁੱਖ ਤੌਰ ’ਤੇ ਮੌਜੂਦ ਰਹੀ ਹੈ। ਇਸ ਸਭ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਹਨ।

ਇਸੇ ਤਰ੍ਹਾਂ ਸਾਲ 2005 ’ਚ ਘਰੇਲੂ ਹਿੰਸਾ ਵਿਰੁੱਧ ਮਹਿਲਾ ਰਿਜ਼ਰਵੇਸ਼ਨ ਐਕਟ ਬਣਾਇਆ ਗਿਆ। ਮਰਦ ਪ੍ਰਧਾਨ ਸਮਾਜ ’ਚ ਦੇਖਿਆ ਗਿਆ ਹੈ ਕਿ ਪਤੀ ਆਪਣੀ ਪਤਨੀ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੰਦਾ ਆਇਆ ਹੈ। ਕਦੀ ਦਾਜ ਤੇ ਕਦੀ ਦੂਜਾ ਵਿਆਹ ਕਰ ਲੈਣਾ ਜਾਂ ਫਿਰ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਲੈਣ ਵਰਗੀਆਂ ਘਟਨਾਵਾਂ ਆਮ ਤੌਰ ’ਤੇ ਵਾਪਰੀਆਂ ਰਹਿੰਦੀਆਂ ਹਨ।

ਇਸ ਦੇ ਇਲਾਵਾ ਬੱਚੇ, ਖਾਸ ਕਰ ਕੇ ਲੜਕਾ ਪੈਦਾ ਨਾ ਹੋਣ ’ਤੇ ਸਾਰਾ ਦੋਸ਼ ਔਰਤ ’ਤੇ ਹੀ ਮੜ੍ਹ ਦੇਣਾ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਸਹੁਰੇ ਪੱਖ ਵੱਲੋਂ ਕਈ ਤਰ੍ਹਾਂ ਦੇ ਤਸੀਹੇ ਦੇਣਾ ਆਮ ਜਿਹੀ ਗੱਲ ਬਣ ਗਈ ਸੀ। ਇਨ੍ਹਾਂ ਸਾਰੇ ਜ਼ੁਲਮਾਂ ਨੂੰ ਦੂਰ ਕਰਨ ਲਈ ਸਖਤ ਕਾਨੂੰਨ ਬਣਾਉਣਾ ਪਿਆ ਜੋ ਕਿ ਅਸਲ ’ਚ ਕਈ ਸਾਲ ਪਹਿਲਾਂ ਹੀ ਬਣਾ ਲੈਣਾ ਚਾਹੀਦਾ ਸੀ।

ਸਮਾਜ ’ਚ ਜੇ ਕਿਸੇ ਮਹਿਲਾ ਨਾਲ ਹਿੰਸਾ ਹੁੰਦੀ ਹੈ ਤਾਂ ਦੋਸ਼ੀ ਵਿਰੁੱਧ ਸਖਤ ਅਤੇ ਸਪੱਸ਼ਟ ਕਾਨੂੰਨ ਹੈ ਅਤੇ ਔਰਤ ਦੀ ਸ਼ਿਕਾਇਤ ’ਤੇ ਭਾਰਤੀ ਜ਼ਾਬਤੇ ਦੀ ਧਾਰਾ 498-ਏ ਦੇ ਅਧੀਨ ਐੱਫ. ਆਈ. ਆਰ. ਦਰਜ ਹੋ ਸਕਦੀ ਹੈ ਪਰ ਇਹ ਵੀ ਦੇਖਿਆ ਗਿਆ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣ ਲੱਗੀ ਹੈ ਅਤੇ ਪਤਨੀ ਦੀ ਸ਼ਿਕਾਇਤ ’ਤੇ ਸਹੁਰੇ ਵਾਲਿਆਂ ਅਤੇ ਹੋਰ ਸਾਰੇ ਰਿਸ਼ਤੇਦਾਰਾਂ ਨੂੰ ਜੇਲਾਂ ’ਚ ਰੱਖਿਆ ਜਾਣ ਲੱਗਾ।

ਸਾਲ 2014 ’ਚ ਅਰਨੇਸ਼ ਕੁਮਾਰ ਬਨਾਮ ਸਟੇਟ ਆਫ ਬਿਹਾਰ ਦੇ ਕੇਸ ’ਚ ਸੁਪਰੀਮ ਕੋਰਟ ਨੇ ਆਪਣੇ ਇਕ ਇਤਿਹਾਸਕ ਫੈਸਲੇ ’ਚ ਧਾਰਾ 498-ਏ ਨੂੰ ਜ਼ਮਾਨਤੀ ਅਪਰਾਧ ਬਣਾ ਦਿੱਤਾ ਨਹੀਂ ਤਾਂ ਇਸ ਐਕਟ ਦੀ ਦੁਰਵਰਤੋਂ ਵਧਦੀ ਹੀ ਜਾ ਰਹੀ ਸੀ।

ਦੂਜੇ ਪਾਸੇ ਕਈ ਹਾਲਾਤ ’ਚ ਮਰਦਾਂ/ਪੁਰਸ਼ਾਂ ਦਾ ਦਰਦ ਵੀ ਵਧਦਾ ਗਿਆ ਅਤੇ ਉਹ ਵੀ ਹਿੰਸਾ ਦੇ ਸ਼ਿਕਾਰ ਹੋਣ ਲੱਗੇ। ਵਿਧੀ-ਵਿਧਾਤਿਆਂ ਨੇ ਵੀ ਸ਼ਾਇਦ ਇਹ ਕਦੀ ਨਹੀਂ ਸੋਚਿਆ ਕਿ ਮਰਦਾਂ ਨਾਲ ਹੋਣ ਵਾਲੀ ਹਿੰਸਾ ਦੇ ਵਿਰੁੱਧ ਵੀ ਕੋਈ ਕਾਨੂੰਨ ਬਣਾਇਆ ਜਾਵੇ।

ਹਰ ਮਾਂ-ਬਾਪ ਜਿਨ੍ਹਾਂ ਨੇ ਆਪਣੇ ਬੇਟੇ ਦਾ ਹਰ ਤਰ੍ਹਾਂ ਦਾ ਪਾਲਣ-ਪੋਸ਼ਣ ਕੀਤਾ ਹੁੰਦਾ ਹੈ, ਦੀ ਚਾਹ ਹੁੰਦੀ ਹੈ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇ ਪਰ ਪਤਾ ਨਹੀਂ ਬੇਟੇ ਕਿਨ੍ਹਾਂ ਕਾਰਨਾਂ ਨਾਲ ਆਪਣੇ ਮਾਤਾ-ਪਿਤਾ ਦੇ ਉਪਕਾਰ ਨੂੰ ਭੁਲਾ ਕੇ ਉਨ੍ਹਾਂ ਨੂੰ ਨਕਾਰਨਾ ਸ਼ੁਰੂ ਕਰ ਦਿੰਦੇ ਹਨ। ਹਰੇਕ ਬੇਟਾ ਆਪਣੇ ਮਾਂ-ਬਾਪ ਦੀ ਸਹੀ ਦੇਖਭਾਲ ਕਰਨਾ ਚਾਹੁੰਦਾ ਹੈ ਪਰ ਵਿਆਹ ਪਿੱਛੋਂ ਪਤਾ ਨਹੀਂ ਕਿਨ੍ਹਾਂ ਮਜਬੂਰੀਆਂ ਕਾਰਨ ਉਹ ਆਪਣੇ ਮਾਂ-ਬਾਪ ਨੂੰ ਠੁਕਰਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਨਹੀਂ ਹੈ ਕਿ ਉਹ ਅਜਿਹਾ ਵਿਵਹਾਰ ਕਰਨ ਨਾਲ ਖੁਸ਼ ਰਹਿੰਦਾ ਹੋਵੇਗਾ ਪਰ ਹਾਲਾਤ ਉਸ ਨੂੰ ਤਣਾਅਗ੍ਰਸਤ ਜ਼ਰੂਰ ਬਣਾ ਦਿੰਦੇ ਹਨ। ਉਹ ਆਪਣੇ ਦਰਦ ਨੂੰ ਕਿਸੇ ਨੂੰ ਕਹਿ ਨਹੀਂ ਸਕਦਾ ਅਤੇ ਕਈ ਵਾਰ ਤਾਂ ਉਹ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਹੋ ਜਾਂਦਾ ਹੈ।

ਉਦਾਹਰਣ ਵਜੋਂ ਹਾਲ ਹੀ ’ਚ ਦਿੱਲੀ ਦੇ ਇਕ ਥਾਣੇ ’ਚ ਮਾਮਲਾ ਦਰਜ ਹੋਇਆ, ਜਿਸ ’ਚ ਮਰਦ ਨੇ ਦੱਸਿਆ ਕਿ ਉਸ ਦੀ ਪਤਨੀ ਆਪਣਾ ਘਰ ਵੇਚ ਕੇ ਕਿਸੇ ਦੂਜੀ ਥਾਂ ਖਰੀਦਣ ਦਾ ਦਬਾਅ ਬਣਾ ਰਹੀ ਸੀ ਅਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਪਤਨੀ ਨੇ ਉਸ ਦਾ ਕੰਨ ਕੱਟ ਦਿੱਤਾ।

ਸਾਡੇ ਸਮਾਜ ਦੀ ਧਾਰਨਾ ਹੈ ਕਿ ਮਰਦ ਹੀ ਘਰੇਲੂ ਹਿੰਸਾ ਕਰਦੇ ਹਨ ਪਰ ਅੰਕੜੇ ਮਰਦ ਦੇ ਦਰਦ ਦੀ ਇਕ ਵੱਖਰੀ ਹੀ ਕਹਾਣੀ ਬਿਆਨ ਕਰਦੇ ਹਨ। ਨੈਸ਼ਨਲ ਹੈਲਥ ਫੈਮਿਲੀ ਸਰਵੇ ਨੇ ਜਦੋਂ 18 ਤੋਂ 49 ਸਾਲ ਦੀਆਂ ਵਿਆਹੁਤਾ ਔਰਤਾਂ ਨੂੰ ਸਵਾਲ ਪੁੱਛਿਆ ਕਿ ਉਹ ਆਪਣੇ ਪਤੀ ਨਾਲ ਕੁੱਟਮਾਰ ਕਰਦੀਆਂ ਹਨ ਤਾਂ 4 ਫੀਸਦੀ ਔਰਤਾਂ ਨੇ ਮੰਨਿਆ ਕਿ ਉਹ ਆਪਣੇ ਪਤੀ ਨਾਲ ਕੁੱਟਮਾਰ ਕਰਦੀਆਂ ਹਨ। ਇਹੀ ਸਵਾਲ ਜੇ ਮਰਦਾਂ ਕੋਲੋਂ ਪੁੱਛਿਆ ਜਾਵੇ ਤਾਂ ਅੰਕੜਾ ਕਿਤੇ ਵੱਡਾ ਹੋਵੇਗਾ।

ਸਾਡੇ ਸਮਾਜ ’ਚ ਪਹਿਲਾਂ ਤੋਂ ਹੀ ਧਾਰਨਾ ਬਣੀ ਹੋਈ ਹੈ ਕਿ ਮਰਦਾਂ ਨੂੰ ਦਰਦ ਨਹੀਂ ਹੁੰਦਾ ਅਤੇ ਅਸਲੀ ਮਰਦ ਰੋਂਦੇ ਨਹੀਂ ਹਨ। ਜੇ ਕੋਈ ਮਰਦ ਕਈ ਕਾਰਨਾਂ ਕਾਰਨ ਤਣਾਅ ’ਚ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਮਰਦ ਬਹੁਤ ਕਮਜ਼ੋਰ ਹੈ ਅਤੇ ਉਸ ਨੂੰ ਇਹੀ ਕਿਹਾ ਜਾਂਦਾ ਹੈ ਕਿ ਉਹ ਮਰਦ ਬਣਨਾ ਸਿੱਖੇ।

ਅਜਿਹੇ ਮਰਦਾਂ ਦੇ ਮਨ ਦੀ ਤਕਲੀਫ ਦੀ ਸਮਾਜ ’ਚ ਕਿਤੇ ਚਰਚਾ ਨਹੀਂ ਹੁੰਦੀ। ਮਰਦ ਬਣਨਾ ਵੀ ਕੋਈ ਸੌਖਾ ਨਹੀਂ ਹੈ। ਇਕ ਅੰਦਾਜ਼ੇ ਅਨੁਸਾਰ 73 ਫੀਸਦੀ ਖੁਦਕੁਸ਼ੀ ਦੇ ਮਾਮਲੇ ’ਚ ਮਰਦ ਹੀ ਹੁੰਦੇ ਹਨ ਅਤੇ ਵਧੇਰੇ ਮਾਮਲਿਆਂ ’ਚ ਇਸ ਦਾ ਵੱਡਾ ਕਾਰਨ ਪਰਿਵਾਰਕ ਹੀ ਹੁੰਦਾ ਹੈ।

ਅੱਜਕਲ ਕਈ ਤਣਾਅਪੂਰਨ ਵਿਆਹੁਤਾ ਸਥਿਤੀਆਂ ਕਾਰਨ ਪਤਨੀ ਜਾਂ ਉਸ ਦੇ ਰਿਸ਼ਤੇਦਾਰ ਸਹੁਰੇ ਵਾਲਿਆਂ ਨੂੰ ਬਲੈਕਮੇਲ ਕਰਨ ਦਾ ਸਾਧਨ ਵੀ ਬਣਾ ਲੈਂਦੇ ਹਨ ਤੇ ਇਸ ਤਰ੍ਹਾਂ ਤਲਾਕ ਦੇ ਮਾਮਲਿਆਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਤਾਂ ਪਹਿਲਾਂ ਹੀ ਮੰਨਿਆ ਹੈ ਕਿ ਧਾਰਾ 498-ਏ ਦੀ ਦੁਰਵਰਤੋਂ ਹੋ ਰਹੀ ਹੈ।

ਅਜਿਹੇ ਪਵਿੱਤਰ ਤੇ ਨਾਜ਼ੁਕ ਸਬੰਧ ਕਾਨੂੰਨ ਵੱਲੋਂ ਹੀ ਮਜ਼ਬੂਤ ਨਹੀਂ ਕੀਤੇ ਜਾ ਸਕੇ ਅਤੇ ਇਹ ਸਬੰਧ ਤਾਂ ਇਕ-ਦੂਜੇ ਨੂੰ ਸਮਝਣ ਤੇ ਆਦਰ ਸਤਿਕਾਰ ਕਰਨ ਨਾਲ ਹੀ ਮਜ਼ਬੂਤ ਹੋ ਸਕਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਕੁਝ ਔਰਤਾਂ ਆਪਣੇ ਸਹੁਰੇ ਵਾਲਿਆਂ ਨੂੰ ਉਚਿੱਤ ਸਨਮਾਨ ਨਹੀਂ ਦਿੰਦੀਆਂ ਤੇ ਪਤੀਆਂ ਨੂੰ ਉਸ ਦੇ ਮਾਤਾ-ਪਿਤਾ ਤੋਂ ਵੱਖ ਰਹਿਣ ’ਤੇ ਮਜਬੂਰ ਕਰ ਦਿੰਦੀਆਂ ਹਨ। ਇਸ ਦੇ ਇਲਾਵਾ ਪਤੀ ’ਤੇ ਬਿਨਾਂ ਕਾਰਨ ਸ਼ੱਕ ਕਰਦੇ ਰਹਿਣਾ ਅਤੇ ਉਸ ਨੂੰ ਆਪਣੇ ਮਾਤਾ-ਪਿਤਾ ਨਾਲ ਜ਼ਿਆਦਾ ਗੱਲਬਾਤ ਨਾ ਕਰਨ ਦੇਣਾ ਆਦਿ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਮਰਦ ਆਪਣੇ ਦਰਦ ਨੂੰ ਮਨ ਹੀ ਮਨ ’ਚ ਰੱਖਦਾ ਚਲਾ ਜਾਂਦਾ ਹੈ ਅਤੇ ਆਪਣੀ ਕਹਾਣੀ ਨੂੰ ਕਿਸੇ ਵੀ ਪਲੇਟਫਾਰਮ ’ਤੇ ਚਰਚਾ ਨਹੀਂ ਕਰ ਸਕਦਾ।

ਇਸ ਦੇ ਇਲਾਵਾ ਸਾਡੇ ਦੇਸ਼ ’ਚ ਕਈ ਅਜਿਹੀਆਂ ਐੱਨ.ਜੀ.ਓਜ਼. ਬਣੀਆਂ ਹੋਈਆਂ ਹਨ ਜੋ ਆਪਣੀ ਰੋਟੀ ਨੂੰ ਸੇਕਦੀਆਂ ਰੱਖਣਾ ਚਾਹੁੰਦੀਆਂ ਹਨ ਅਤੇ ਉਹ ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੀ ਥਾਂ ਸਿਰਫ ਔਰਤ ਦਾ ਪੱਖ ਲੈਂਦੀਆਂ ਹੋਈਆਂ ਪਤੀ ਨੂੰ ਕਈ ਤਰ੍ਹਾਂ ਦੇ ਤਸੀਹੇ ਸਹਿਣ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ।

ਵਿਆਹ ਤਾਂ ਗ੍ਰਹਿਸਥ ਜੀਵਨ ’ਚ ਚਾਰ ਪੁਰਸ਼ਾਰਥਾਂ-ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਦਾ ਯਤਨ ਹੈ। ਪਤੀ ਤੇ ਪਤਨੀ ਦੋਵਾਂ ਨੂੰ ਇਸ ਪਾਵਨ-ਪਵਿੱਤਰ ਰਿਸ਼ਤੇ ਨੂੰ ਮੰਗਲਮਈ ਤੇ ਸੁਖਮਈ ਬਣਾਉਣ ਲਈ ਇਕ ਦੂਜੇ ਨੂੰ ਸਮਝਣ ਦੀ ਲੋੜ ਹੈ। ਇੱਥੇ ਇਕ ਪਾਸੇ ਔਰਤਾਂ ਨੂੰ ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਤਾ-ਪਿਤਾ ਵਾਂਗ ਹੀ ਸਮਝਣ ਤੇ ਉਨ੍ਹਾਂ ਦਾ ਆਦਰ ਸਤਿਕਾਰ ਕਰਨ ਦੀ ਲੋੜ ਹੈ, ਉੱਥੇ ਦੂਜੇ ਪਾਸੇ ਸੱਸ-ਸਹੁਰੇ ਨੂੰ ਵੀ ਆਪਣੀ ਨੂੰਹ ਨੂੰ ਆਪਣੀ ਧੀ ਵਾਂਗ ਲਾਡ-ਪਿਆਰ ਦਿੱਤੇ ਜਾਣ ਦੀ ਲੋੜ ਹੈ।

ਰਾਜਿੰਦਰ ਮੋਹਨ ਸ਼ਰਮਾ
ਡੀ.ਆਈ.ਜੀ. (ਸੇਵਾਮੁਕਤ) ਹਿ.ਪ੍ਰਾ.


Rakesh

Content Editor

Related News