ਮਰੀਅਮ ਨੇ ਪਾਕਿ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਕੇ ਰਚਿਆ ਇਤਿਹਾਸ

Tuesday, Feb 27, 2024 - 01:55 PM (IST)

ਮਰੀਅਮ ਨੇ ਪਾਕਿ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਕੇ ਰਚਿਆ ਇਤਿਹਾਸ

ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਪੰਜਾਬ ’ਚ ਰਾਜਿੰਦਰ ਕੌਰ ਭੱਠਲ ਨੇ 1996 ਤੋਂ 1997 ਤਕ ਪੰਜਾਬ ਦੀ 14ਵੀਂ ਮੁੱਖ ਮੰਤਰੀ ਅਤੇ 2004 ਤੋਂ 2007 ਤਕ ਦੂਜੀ ਉਪ ਮੁੱਖ ਮੰਤਰੀ ਦੇ ਰੂਪ ਵਿਚ ਕਾਰਜ ਕੀਤਾ। ਉਹ ਪੰਜਾਬ ਦੀ ਪਹਿਲੀ ਅਤੇ ਹੁਣ ਤਕ ਇਕੋ-ਇਕ ਮਹਿਲਾ ਉਪ ਮੁੱਖ ਮੰਤਰੀ ਹਨ। ਕੁਲ ਮਿਲਾ ਕੇ ਉਹ ਭਾਰਤ ਦੀ 8ਵੀਂ ਮਹਿਲਾ ਮੁੱਖ ਮੰਤਰੀ ਅਤੇ ਤੀਜੀ ਮਹਿਲਾ ਉਪ ਮੁੱਖ ਮੰਤਰੀ ਹਨ। ਪਾਕਿਸਤਾਨ ਵਿਚ ਪੰਜਾਬ ਵਿਧਾਨ ਸਭਾ 371 ਸੀਟਾਂ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਚੁਣੀ ਹੋਈ ਅਸੈਂਬਲੀ ਹੈ, ਜਿਸ ਵਿਚ 297 ਜਨਰਲ ਸੀਟਾਂ ਅਤੇ 74 ਰਾਖਵੀਆਂ ਸੀਟਾਂ ਹਨ, ਜਿਨ੍ਹਾਂ ਵਿਚੋਂ 66 ਔਰਤਾਂ ਲਈ ਅਤੇ 8 ਘੱਟਗਿਣਤੀਆਂ ਲਈ ਹਨ। ਪੰਜਾਬ ਦੀ ਆਬਾਦੀ 127,688,122 ਹੈ। ਲਾਹੌਰ ਦਾ ਸੱਭਿਆਚਾਰ ਬੇਮਿਸਾਲ ਹੈ, ਇਸ ਨੂੰ ਸੱਭਿਆਚਾਰਕ ਰਾਜਧਾਨੀ ਜਾਂ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ। ਮਰੀਅਮ ਨੂੰ ਨਵਾਜ਼ ਸ਼ਰੀਫ ਦਾ ਜਾਨਸ਼ੀਨ ਅਤੇ ਪੀ. ਐੱਮ. ਐੱਲ.-ਐੱਨ. ਦਾ ਭਾਵੀ ਨੇਤਾ ਮੰਨਿਆ ਜਾਂਦਾ ਸੀ। ਉਹ ਆਪਣੀ ਤਿੱਖੀ ਬਿਆਨਬਾਜ਼ੀ ਅਤੇ ਭੀੜ ਨੂੰ ਖਿੱਚਣ ਅਤੇ ਭੜਕਾਉਣ ਦੀ ਸਮਰੱਥਾ ਲਈ ਜਾਣੀ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਨੇ ਵੱਡੇ ਪੈਮਾਨੇ ’ਤੇ ਮਰਦਾਂ ਦੇ ਗਲਬੇ ਵਾਲੇ ਸਿਆਸੀ ਖੇਤਰ ’ਚ ਖੁਦ ਨੂੰ ਸਥਾਪਿਤ ਕੀਤਾ ਹੈ। ਮਰੀਅਮ ਨੇ ਡਾਕਟਰ ਬਣਨ ਦਾ ਯਤਨ ਕੀਤਾ, ਇਸ ਲਈ 1980 ਦੇ ਦਹਾਕੇ ਦੇ ਅੰਤ ’ਚ ਕਿੰਗ ਐਡਵਰਡ ਮੈਡੀਕਲ ਕਾਲਜ ਵਿਚ ਦਾਖਲਾ ਲਿਆ, ਦਾਖਲੇ ’ਤੇ ਵਿਵਾਦ ਪੈਦਾ ਹੋਣ ਪਿੱਛੋਂ ਉਨ੍ਹਾਂ ਨੂੰ ਆਪਣੀ ਡਿਗਰੀ ਪੂਰੀ ਕੀਤੇ ਬਿਨਾਂ ਕਾਲਜ ਛੱਡਣਾ ਪਿਆ। 1992 ’ਚ ਉਨ੍ਹਾਂ ਨੇ ਸਫਦਰ ਅਵਾਣ ਨਾਲ ਵਿਆਹ ਕੀਤਾ। 

ਸਫਦਰ ਉਸ ਵੇਲੇ ਪਾਕਿਸਤਾਨ ਫੌਜ ’ਚ ਕੈਪਟਨ ਦੇ ਅਹੁਦੇ ’ਤੇ ਕਾਰਜਸ਼ੀਲ ਸਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਨਵਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਸਨ। ਸਫਦਰ ਅਵਾਣ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ-ਬੇਟਾ ਜੁਨੈਦ ਅਤੇ ਦੋ ਬੇਟੀਆਂ ਮਾਹਨੂਰ ਅਤੇ ਮੇਹਰ-ਉਨ-ਨਿਸਾ। 1999 ਦੇ ਪਾਕਿਸਤਾਨੀ ਤਖਤਾ ਪਲਟ ਪਿੱਛੋਂ, ਸ਼ਰੀਫ ਪਰਿਵਾਰ ਦੇ ਮੈਂਬਰਾਂ ਨਾਲ ਸਾਊਦੀ ਅਰਬ ’ਚ ਜਲਾਵਤਨੀ ’ਚ ਭੇਜੇ ਜਾਣ ਤੋਂ ਪਹਿਲਾਂ ਉਹ ਚਾਰ ਮਹੀਨੇ ਤਕ ਘਰ ’ਚ ਨਜ਼ਰਬੰਦ ਰਹੀ। ਨਵੰਬਰ 2011 ’ਚ, ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ ਸਿਆਸਤ ’ਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਆਪਣੇ ਸਿਆਸੀ ਪਾਰੀ ਸ਼ੁਰੂ ਕਰਨ ਦੌਰਾਨ, ਉਨ੍ਹਾਂ ਨੇ ਸਿੱਖਿਆ ਅਤੇ ਮਹਿਲਾਵਾਂ ਦੇ ਅਧਿਕਾਰਾਂ ’ਤੇ ਭਾਸ਼ਣ ਦੇਣ ਲਈ ਸਿੱਖਿਆ ਸੰਸਥਾਨਾਂ ਦਾ ਦੌਰਾ ਕਰਨਾ ਸ਼ੁਰੂ ਕੀਤਾ। ਜਨਵਰੀ 2012 ’ਚ, ਮਰੀਅਮ ਨੇ ਟਵੀਟ ਕੀਤਾ, ਮੈਂ ਸਿਰਫ ਨਵਾਜ਼ ਸ਼ਰੀਫ ਦੀ ਉਨ੍ਹਾਂ ਦੇ ਸਾਈਬਰ ਸੈੱਲ ਦੀ ਨਿਗਰਾਨੀ ਕਰਨ ’ਚ ਸਹਾਇਤਾ ਕਰ ਰਹੀ ਹਾਂ। ਚੋਣ ਜਾਂ ਅਮਲੀ ਸਿਆਸਤ ’ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਹ 2013 ਤਕ ਕਾਫੀ ਹੱਦ ਤੱਕ ਸੁਰਖੀਆਂ ਤੋਂ ਬਾਹਰ ਰਹੀ, ਜਦ ਉਨ੍ਹਾਂ ਨੂੰ ਪਾਕਿਸਤਾਨ ਦੀਆਂ ਆਮ ਚੋਣਾਂ ਦੌਰਾਨ ਨਵਾਜ਼ ਸ਼ਰੀਫ ਦੀ ਚੋਣ ਮੁਹਿੰਮ ਦਾ ਇੰਚਾਰਜ ਬਣਾਇਆ ਗਿਆ, ਜਿਥੇ ਉਨ੍ਹਾਂ ਨੇ ਇਕ ਪ੍ਰਮੁੱਖ ਭੂਮਿਕਾ ਨਿਭਾਈ।

ਮਰੀਅਮ ਨੂੰ ਪੀ. ਐੱਮ. ਐੱਲ-ਐੱਨ. ਵੱਲੋਂ ਨੌਜਵਾਨਾਂ ਦੇ ਵਿਰੋਧੀ ਸੰਤੁਲਨ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਤਾ ਦੇ ਸੱਤਾ ਸੰਭਾਲਣ ਅਤੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਉਨ੍ਹਾਂ ਨੂੰ ਨਵੰਬਰ 2013 ’ਚ ਪ੍ਰਧਾਨ ਮੰਤਰੀ ਨੌਜਵਾਨ ਪ੍ਰੋਗਰਾਮ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਬਾਅਦ ’ਚ, ਮਰੀਅਮ ਨੇ ਪੀ. ਟੀ. ਆਈ. ਵੱਲੋਂ ਪੇਸ਼ ਚੁਣੌਤੀਆਂ ਦਾ ਹੱਲ ਕਰਨ ਲਈ ਪੀ.ਐੱਮ. ਐੱਲ-ਐੱਨ. ਸੋਸ਼ਲ ਮੀਡੀਆ ਦਾ ਕੰਟਰੋਲ ਆਪਣੇ ਹੱਥ ’ਚ ਲੈ ਲਿਆ। ਮਾਰਚ 2017 ’ਚ, ਮਰੀਅਮ ਨੂੰ ਬੀ. ਬੀ. ਸੀ. ਨੇ 100 ਸ਼ਕਤੀਸ਼ਾਲੀ ਮਹਿਲਾਵਾਂ ’ਚੋਂ ਇਕ ਦੇ ਤੌਰ ’ਤੇ ਚੁਣਿਆ। ਦਸੰਬਰ 2017 ’ਚ, ਉਨ੍ਹਾਂ ਨੂੰ ਨਿਊਯਾਰਕ ਟਾਈਮਜ਼ ਦੀ ਸਾਲ 2017 ਦੀਆਂ ਦੁਨੀਆ ਭਰ ਦੀ 11 ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਜੂਨ 2018 ’ਚ, ਮਰੀਅਮ ਨੂੰ ਚੋਣ ਖੇਤਰ ਐੱਨ. ਏ-127 (ਲਾਹੌਰ) ਅਤੇ ਪੀ. ਪੀ. -173 ਤੋਂ 2018 ਦੀ ਆਮ ਚੋਣ ਲੜਨ ਲਈ ਟਿਕਟ ਦਿੱਤੀ ਗਈ ਸੀ। ਜੁਲਾਈ ’ਚ, ਉਨ੍ਹਾਂ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਵੱਲੋਂ ਦਾਇਰ ਏਵਨਫੀਲਡ ਮਾਮਲੇ ’ਚ ਭ੍ਰਿਸ਼ਟਾਚਾਰ ਦੇ ਦੋਸ਼ ’ਚ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਜਦਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਨੂੰ 9 ਮਹੀਨੇ ਦੀ ਲੰਬੀ ਸੁਣਵਾਈ ’ਚ 10 ਸਾਲ ਦੀ ਸਜ਼ਾ ਮਿਲੀ ਸੀ। ਆਪਣੇ ਪਿਤਾ ਦੀ ਜਾਇਦਾਦ ਨੂੰ ਛੁਪਾਉਣ ਲਈ ਸਹਾਇਕ ਪਾਏ ਜਾਣ ਪਿੱਛੋਂ ਉਨ੍ਹਾਂ ਨੂੰ ਉਕਸਾਉਣ ਲਈ 7 ਸਾਲ ਦੀ ਸਜ਼ਾ ਮਿਲੀ, ਜਿਸ ’ਚ ਐੱਨ. ਏ. ਬੀ. ਨਾਲ ਅਸਹਿਯੋਗ ਲਈ 1 ਸਾਲ ਦੀ ਸਜ਼ਾ ਵੀ ਸ਼ਾਮਿਲ ਸੀ।

ਸਿੱਟੇ ਵਜੋਂ ਉਨ੍ਹਾਂ ਨੂੰ 10 ਸਾਲ ਲਈ ਸਿਆਸਤ ਤੋਂ ਅਯੋਗ ਐਲਾਨ ਦਿੱਤਾ ਗਿਆ ਜਿਸ ਪਿੱਛੋਂ ਪੀ. ਐੱਮ. ਐੱਲ-ਐੱਨ ਨੇ ਅਲੀ ਪਰਵੇਜ਼ ਅਤੇ ਮਲਿਕ ਇਰਫਾਨ ਸ਼ਫੀ ਖੋਖਰ ਨੂੰ ਕ੍ਰਮਵਾਰ ਚੋਣ ਖੇਤਰ ਐੱਨ. ਏ-127 ਅਤੇ ਪੀ. ਪੀ.-173 ’ਚ 2018 ਦੀ ਚੋਣ ਲੜਨ ਲਈ ਨਾਜ਼ਮਦ ਕੀਤਾ। ਮਰੀਅਮ ਨੂੰ 8 ਅਗਸਤ 2019 ਨੂੰ ਐੱਨ. ਏ. ਬੀ. ਲਾਹੌਰ ਵੱਲੋਂ ਚੌਧਰੀ ਸ਼ੂਗਰ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਦੇ ਸਿਲਸਿਲੇ ’ਚ ਇਕ ਹੋਰ ਗ੍ਰਿਫਤਾਰੀ ਦਾ ਸਾਹਮਣਾ ਕਰਨ ਪਿਆ। ਉਨ੍ਹਾਂ ਨੂੰ ਕੋਟ ਲਖਪਤ ਜੇਲ ’ਚ ਹਿਰਾਸਤ ’ਚ ਲੈ ਲਿਆ ਗਿਆ ਜਿਥੇ ਉਹ ਆਪਣੇ ਪਿਤਾ ਨਵਾਜ਼ ਸ਼ਰੀਫ ਨੂੰ ਮਿਲਣ ਲਈ ਸਪਤਾਹਿਕ ਯਾਤਰਾ ’ਤੇ ਸੀ। ਇਸ ਪਿੱਛੋਂ ਉਨ੍ਹਾਂ ਨੇ ਲਾਹੌਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਨੇ 6 ਨਵੰਬਰ 2019 ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਅਤੇ ਰਿਹਾਅ ਕਰਨ ਦਾ ਹੁਕਮ ਦਿੱਤਾ।

ਯੂਨਾਈਟਿਡ ਕਿੰਗਡਮ ’ਚ ਆਪਣੇ ਪਿਤਾ ਦੀ 4 ਸਾਲ ਦੀ ਸਵੈ ਜਲਾਵਤਨੀ ਦੌਰਾਨ ਮਰੀਅਮ ਸਿਆਸਤ ’ਚ ਤੇਜ਼ੀ ਨਾਲ ਸ਼ਾਮਲ ਹੋ ਗਈ। 2019 ’ਚ ਉਸ ਨੂੰ ਪੀ.ਐੱਮ. ਐੱਲ.-ਐੈੱਨ. ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਨਿਯੁਕਤ ਕੀਤਾ ਗਿਆ। ਇਸ ਪਿੱਛੋਂ ਉਨ੍ਹਾਂ ਨੇ ਪੂਰੇ ਦੇਸ਼ ’ਚ ਸਰਕਾਰ ਵਿਰੋਧੀ ਰੈਲੀਆਂ ਦੀ ਅਗਵਾਈ ਕੀਤੀ ਅਤੇ ਆਪਣੇ ਪਿਤਾ ਨੂੰ ਸੱਤਾ ’ਚੋਂ ਬਾਹਰ ਕਰਨ ਅਤੇ ਕਥਿਤ ਤੌਰ ’ਤੇ ਤਤਕਾਲੀ ਪੀ. ਟੀ. ਆਈ.ਮੁਖੀ ਨੂੰ ਸੱਤਾ ’ਚ ਲਿਆਉਣ ’ਚ ਮਦਦ ਕਰਨ ਲਈ ਇਮਰਾਨ ਖਾਨ, ਪੀ. ਟੀ. ਆਈ., ਨਾਲ ਹੀ ਫੌਜ ਅਤੇ ਨਿਆਂਪਾਲਿਕਾ ਦੀ ਡੱਟ ਕੇ ਨਿੰਦਾ ਕੀਤੀ।

ਇਹ ਪਤਾ ਲੱਗਣ ਪਿੱਛੋਂ ਕਿ ਨਵਾਜ਼ ਸ਼ਰੀਫ ਯੂਨਾਈਟਿਡ ਕਿੰਗਡਮ ’ਚ ਆਪਣੀ ਚਾਰ ਸਾਲ ਦੀ ਸਵੈ-ਜਲਾਵਤਨੀ ਨੂੰ ਖਤਮ ਕਰਨ ਪਿੱਛੋਂ ਅਕਤਬੂਰ 2023 ’ਚ ਪਾਕਿਸਤਾਨ ਪਰਤ ਰਹੇ ਹਨ, ਮਰੀਅਮ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਨਵਾਜ਼ ਸ਼ਰੀਫ ਦੀਆਂ ਯੋਜਨਾਵਾਂ ’ਤੇ ਜ਼ੋਰ ਦੇਣ ਲਈ ਸਰਗਰਮ ਹੋ ਗਈ। ਉਨ੍ਹਾਂ ਨੇ ਆਪਣੇ ਪਿਤਾ ਦੀ ਵਾਪਸੀ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਇਕਜੁਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਦੇਸ਼ ’ਚ ਕਿਸੇ ਵਿਅਕਤੀ ਦੀ ਵਾਪਸੀ ਨਹੀਂ ਹੋਵੇਗੀ, ਦੇਸ਼ ’ਚ ਖੁਸ਼ਹਾਲੀ ਅਤੇ ਆਸ ਦੀ ਵਾਪਸੀ ਹੋਵੇਗੀ।

2024 ਦੀਆਂ ਆਮ ਚੋਣਾਂ ’ਚ ਪੀ.ਐੱਮ. ਐੱਲ.-ਐੈੱਨ. ਦੇ ਉਮੀਦਵਾਰ ਵਜੋਂ ਪਹਿਲੀ ਵਾਰ ਲੜ ਰਹੀ ਮਰੀਅਮ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ।

ਚੋਣਾਂ ਪਿੱਛੋਂ ਮਰੀਅਮ ਨਵਾਜ਼ ਨੂੰ ਪੀ.ਐੱਮ. ਐੱਲ.-ਐੈੱਨ. ਵੱਲੋਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ। ਸਿੱਟੇ ਵਜੋਂ ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣ ਲਈ ਐੱਨ-ਏ-119 ਤੋਂ ਆਪਣੀ ਸੀਟ ਛੱਡ ਦਿੱਤੀ ਅਤੇ ਪੀ. ਪੀ-59 ’ਚ ਆਪਣੀ ਸੀਟ ਬਰਕਰਾਰ ਰੱਖੀ।

23 ਫਰਵਰੀ ਨੂੰ ਮਰੀਅਮ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਸਿਹਤ ਸੇਵਾਵਾਂ, ਸਿੱਖਿਆ ਅਤੇ ਆਈ. ਟੀ. ਖੇਤਰਾਂ ’ਚ ਸੁਧਾਰ ’ਤੇ ਧਿਆਨ ਕੇਂਦਰਿਤ ਕਰਦਿਆਂ ਪੰਜਾਬ ’ਚ ਵਿਕਾਸ ਦਾ ਇਕ ਨਵਾਂ ਯੁੱਗ ਲਿਆਉਣ ਦਾ ਵਾਅਦਾ ਕੀਤਾ। ਦੋਵਾਂ ਪੰਜਾਬ ਸੂਬਿਆਂ (ਭਾਰਤ ਤੇ ਪਾਕਿਸਤਾਨ) ਦੇ ਲੋਕਾਂ ਨੂੰ ਆਸ ਹੈ ਕਿ ਹੁਣ ਵਪਾਰ ਬਹਾਲ ਹੋ ਜਾਏਗਾ।

ਰਾਜ ਸਦੋਸ਼


author

Rakesh

Content Editor

Related News