ਸਿੱਖਿਆ ਦਾ ਬਾਜ਼ਾਰੀਕਰਨ ਘਾਤਕ
Saturday, Oct 05, 2024 - 02:14 PM (IST)
ਯੂਨੈਸਕੋ ਅਤੇ ਆਈ. ਐੱਲ. ਓ. ਦੀ ਪਹਿਲ ’ਤੇ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਮਨਾਏ ਜਾਣ ਦੀ ਸ਼ੁਰੂਆਤ ਸੰਨ 1994 ’ਚ ਹੋਈ ਸੀ। ਮੰਤਵ ਜਾਂ ਮੂਲ ਮੰਤਰ ਸੀ ਕਿ ਅਧਿਆਪਕ ਵਿਦਿਆਰਥੀਆਂ ਦੇ ਗੁਣ-ਦੋਸ਼ ਪਛਾਣ ਕੇ ਇਸ ਤਰ੍ਹਾਂ ਸਿੱਖਿਅਤ ਕਰਨ ਕਿ ਉਹ ਬਿਹਤਰੀਨ ਨਾਗਰਿਕ ਬਣਨ ਦੇ ਨਾਲ-ਨਾਲ ਪੜ੍ਹਾਏ ਗਏ ਵਿਸ਼ਿਆਂ ’ਚ ਨਿਪੁੰਨ ਹੋਣ ਅਤੇ ਕੀਰਤੀਮਾਨ ਸਥਾਪਤ ਕਰਨ। ਇਹ ਕਲਪਨਾ ਕਿੰਨੀ ਸਫਲ ਹੋਈ, ਇਹ ਭਾਰਤ ਦੇ ਸੰਦਰਭ ’ਚ ਸਮਝਣਾ ਜ਼ਰੂਰੀ ਹੈ।
ਅਧਿਆਪਕ ਅਤੇ ਵਪਾਰ
ਅੱਜ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਦੇਸ਼ ਦੱਖਣੀ ਕੋਰੀਆ ਹੈ, ਜੋ ਭਾਰਤ ਦੇ ਮੁਕਾਬਲੇ ਛੋਟਾ ਜਿਹਾ ਦੇਸ਼ ਹੈ। ਉਸ ਤੋਂ ਬਾਅਦ ਹੋਰ ਵਿਕਸਤ ਦੇਸ਼ ਚੀਨ, ਰੂਸ, ਕੈਨੇਡਾ, ਅਮਰੀਕਾ, ਜਰਮਨੀ, ਇੰਗਲੈਂਡ, ਫਰਾਂਸ, ਆਇਰਲੈਂਡ, ਨਾਰਵੇ ਹਨ। ਭਾਰਤ ਦਾ ਦਰਜਾ ਉਨ੍ਹਾਂ ਤੋਂ ਬਾਅਦ ਕਿਤੇ 90 ਦੇ ਆਸ-ਪਾਸ ਆਉਂਦਾ ਹੈ, ਕੁਝ ਲੋਕ ਕਹਿੰਦੇ ਹਨ ਕਿ ਸਾਡਾ ਨੰਬਰ 60 ਦੇ ਆਸ-ਪਾਸ ਹੈ। ਇਸ ਦਾ ਮਤਲਬ ਹੈ ਕਿ ਸਾਡੀ ਹਾਲਤ ਚਿੰਤਾਜਨਕ ਹੈ। ਸਾਡੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਅਨਪੜ੍ਹ ਜਾਂ ਮਾਮੂਲੀ ਪੜ੍ਹਿਆ-ਲਿਖਿਆ ਹੈ। ਬਾਕੀਆਂ ਬਾਰੇ ਸੋਚਣਾ ਵੀ ਦਿਲਚਸਪ ਨਹੀਂ ਕਿਉਂਕਿ ਫਿਰ ਅਨਪੜ੍ਹ ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਹੋਣ ਦਾ ਡਰ ਰਹਿੰਦਾ ਹੈ। ਤ੍ਰਾਸਦੀ ਇਹ ਹੈ ਕਿ ਚੀਨ, ਜਿਸ ਨੂੰ ਆਬਾਦੀ ਦੇ ਮਾਮਲੇ ਵਿਚ ਅਸੀਂ ਪਛਾੜ ਦਿੱਤਾ ਹੈ, ਉਸ ਕੋਲ ਸਾਡੇ ਨਾਲੋਂ ਦੁੱਗਣੇ ਅਧਿਆਪਕ ਹਨ, ਭਾਵ ਲਗਭਗ 2 ਕਰੋੜ। ਫਰੰਟਲਾਈਨ ਦੇਸ਼ਾਂ ਵਿਚ 50 ਤੋਂ 80 ਲੱਖ ਤਕ ਅਧਿਆਪਕ ਹਨ। ਇਕ ਅੰਦਾਜ਼ਾ ਹੈ ਕਿ ਦੁਨੀਆ ਵਿਚ ਲਗਭਗ 15 ਕਰੋੜ ਬੱਚੇ ਸਵੇਰੇ ਪੜ੍ਹਨ ਲਈ ਸ਼ਾਨਦਾਰ ਇਮਾਰਤਾਂ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਵਿੱਦਿਅਕ ਅਦਾਰਿਆਂ ਵਿਚ ਜਾਂਦੇ ਹਨ।
ਇਨ੍ਹਾਂ ਵਿਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ-ਨਾਲ ਘੱਟ ਵਿਕਸਤ ਦੇਸ਼ ਵੀ ਸ਼ਾਮਲ ਹਨ। ਇਨ੍ਹਾਂ ਵਿਚ ਵਿੱਦਿਆ ਦੀਆਂ ਸ਼ਾਨਦਾਰ ਇਮਾਰਤਾਂ ਵੀ ਦੇਖਣ ਨੂੰ ਮਿਲਣਗੀਆਂ ਅਤੇ ਸਰਵ ਸਿੱਖਿਆ ਅਭਿਆਨ ਜਾਂ ਅਜਿਹੀ ਕਿਸੇ ਸਰਕਾਰੀ ਸਕੀਮ ਤੋਂ ਗ੍ਰਾਂਟਾਂ ਜਾਂ ਸਹਾਇਤਾ ਪ੍ਰਾਪਤ ਕਰਨ ਦੇ ਮਕਸਦ ਨਾਲ ਗਲੀਆਂ ਵਿਚ ਬਣੇ ਘਰਾਂ, ਦੁਕਾਨਾਂ, ਕੋਠੀਆਂ, ਪੁਰਾਤਨ ਟੁੱਟੇ-ਭੱਜੇ ਮਕਾਨਾਂ ਵਿਚ ਬਣੇ ਸਕੂਲ ਵੀ ਮਿਲਣਗੇ।
ਇਨ੍ਹਾਂ ਵਿਚ ਪੈਸਾ ਲਗਾਉਣ ਵਾਲਾ ਵਿਅਕਤੀ ਕਦੇ ਵੀ ਅੱਗੇ ਨਹੀਂ ਆਉਂਦਾ ਪਰ ਇਕ ਨਾਮਵਰ ਅਧਿਆਪਕ ਜਾਂ ਜਿਸ ਨੇ ਅਧਿਆਪਨ ਦੀ ਸਿਖਲਾਈ ਲਈ ਹੈ, ਭਾਵੇਂ ਉਹ ਬੀ. ਐੱਡ. ਜਾਂ ਐੱਮ. ਐੱਡ. ਹੋਵੇ, ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਉਸ ਦਾ ਮੁੱਖ ਕੰਮ ਇਹ ਹੁੰਦਾ ਹੈ ਕਿ ਪੜ੍ਹਾਈ-ਲਿਖਾਈ ਹੋਵੇ ਜਾਂ ਨਾ ਹੋਵੇ ਪਰ ਸਰਕਾਰੀ ਸਹੂਲਤਾਂ ਅਤੇ ਗੈਰ-ਸਰਕਾਰੀ ਐੱਨ. ਜੀ. ਓ. ਅਤੇ ਟੈਕਸ ਬਚਾਉਣ ਦੇ ਮਕਸਦ ਨਾਲ ਵੱਖ-ਵੱਖ ਉਦਯੋਗਪਤੀਆਂ ਵਲੋਂ ਸਥਾਪਿਤ ਚੈਰੀਟੇਬਲ ਸੰਸਥਾਵਾਂ ਤੋਂ ਫੰਡਾਂ ਦਾ ਪ੍ਰਬੰਧ ਕਰੇ। ਉਸ ਨੂੰ ਵੀ ਪੜ੍ਹਨ-ਪੜ੍ਹਾਉਣ ਨਾਲੋਂ ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਵਿਚ ਆਪਣਾ ਫਾਇਦਾ ਦਿੱਸਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਅਧਿਆਪਕ ਦੀ ਆੜ ਵਿਚ ਇਹ ਕਾਲਾ ਧੰਦਾ ਲਗਾਤਾਰ ਵਧਦਾ-ਫੁੱਲਦਾ ਰਹਿੰਦਾ ਹੈ।
ਸਿੱਖਿਆ ਦਾ ਚੱਕਰਵਿਊ :
ਸਿੱਖਿਆ ਦੇ ਵਪਾਰੀਕਰਨ ਦੇ ਨਾਂ ’ਤੇ ਇਸ ਵਪਾਰਕ ਮੰਡੀ ਵਿਚ ਇਨ੍ਹਾਂ ਘਟੀਆ ਅਦਾਰਿਆਂ ਦੀਆਂ ਫੀਸਾਂ ਇੰਨੀਆਂ ਵਧ ਜਾਂਦੀਆਂ ਹਨ ਕਿ ਆਮ ਆਮਦਨ ਵਾਲਾ ਵਿਅਕਤੀ ਇਨ੍ਹਾਂ ਦੇ ਵਿਸ਼ਾਲ ਕੈਂਪਸ ਨੂੰ ਤਰਸਦੀਆਂ ਅੱਖਾਂ ਨਾਲ ਦੇਖ ਕੇ ਮੋਹਿਤ ਹੋ ਸਕਦਾ ਹੈ ਪਰ ਆਪਣੇ ਬੱਚਿਆਂ ਨੂੰ ਉਨ੍ਹਾਂ ’ਚ ਪੜ੍ਹਾਉਣ ਦਾ ਸੁਫਨਾ ਤਕ ਨਹੀਂ ਦੇਖ ਸਕਦਾ। ਉਂਝ ਆਮ ਆਦਮੀ ਲਈ ਇਹ ਚੰਗਾ ਹੀ ਹੈ ਕਿ ਉਹ ਇਸ ਝੰਜਟ ’ਚ ਨਹੀਂ ਪੈਂਦਾ ਅਤੇ ਪਰਿਵਾਰ ਅਤੇ ਦੋਸਤਾਂ-ਰਿਸ਼ਤੇਦਾਰਾਂ ਦੇ ਮਿਹਣੇ ਵੀ ਸਹਿ ਲੈਂਦਾ ਹੈ ਕਿ ਕੀ ਭਾਈ ਸਾਹਿਬ ਜਾਂ ਭਾਬੀ ਜੀ ਆਪਣੇ ਬੇਟੇ ਜਾਂ ਬੇਟੀ ਨੂੰ ਕਿਸੇ ਵੱਡੇ ਸਕੂਲ ’ਚ ਵੀ ਨਹੀਂ ਪੜ੍ਹਾ ਸਕਦੇ।
ਉਹ ਬਹੁਤ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਲਈ ਇਨ੍ਹਾਂ ਵਿਚ ਦਾਖਲਾ ਲੈਣਾ ਕਿੰਨਾ ਔਖਾ ਸੀ ਅਤੇ ਦੇਖੋ ਕਿ ਕਿੰਨੀ ਸਹੂਲਤ ਹੈ ਕਿ ਸਕੂਲ ਜਾਂ ਯੂਨੀਵਰਸਿਟੀ ਤੋਂ ਸਭ ਕੁਝ ਮਿਲਦਾ ਹੈ, ਇੱਥੋਂ ਤੱਕ ਕਿ ਘਰ ਦੀਆਂ ਟਿਊਸ਼ਨਾਂ ਲਈ ਵੀ ਅਧਿਆਪਕ ਉਥੋਂ ਆਉਂਦੇ ਹਨ, ਬਸ ਖਰਚੇ ਹੋ ਜਾਂਦੇ ਹਨ। ਇਹ ਵੀ ਜੋੜ ਦਿੰਦੇ ਹਨ ਕਿ ਅਸੀਂ ਇੰਨੀ ਕਮਾਈ ਕਿਸ ਲਈ ਕਰ ਰਹੇ ਹਾਂ, ਸਿਰਫ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਹੀ ਨਾ। ਸਾਡੇ ਦੇਸ਼ ਵਿਚ ਪੁਰਾਤਨ ਸਮੇਂ ਤੋਂ ਵਿਸ਼ਵ ਪ੍ਰਸਿੱਧ ਅਤੇ ਉੱਤਮ ਅਧਿਆਪਕਾਂ ਦੀ ਕਦੇ ਵੀ ਕਮੀ ਨਹੀਂ ਰਹੀ ਹੈ। ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਸਿੱਖਿਆ ਦੀ ਮੰਡੀ ਵਿਚ ਆਪਣੀ ਸਾਖ ਬਣਾਉਣ ਲਈ ਉਨ੍ਹਾਂ ਦਾ ਨਾਂ ਵਰਤਿਆ ਜਾਂਦਾ ਹੈ।
ਗੌਤਮ ਬੁੱਧ, ਕੌਟਿਲਯ ਜਾਂ ਚਾਣੱਕਿਆ, ਸਵਾਮੀ ਵਿਵੇਕਾਨੰਦ ਅਤੇ ਉਨ੍ਹਾਂ ਦੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ, ਰਾਬਿੰਦਰਨਾਥ ਟੈਗੋਰ, ਸਾਵਿਤਰੀ ਬਾਈ ਫੂਲੇ, ਮਦਨ ਮੋਹਨ ਮਾਲਵੀਆ ਅਤੇ ਸਾਡੇ ਵਿਗਿਆਨੀ ਅਧਿਆਪਕ ਰਾਸ਼ਟਰਪਤੀ ਰਹੇ ਏ. ਪੀ. ਜੇ. ਅਬਦੁਲ ਕਲਾਮ, ਇਨ੍ਹਾਂ ਦੇ ਨਾਂ ’ਤੇ ਚੱਲ ਰਹੀਆਂ ਸਿੱਖਿਆ ਦੀਆਂ ਦੁਕਾਨਾਂ ਦੇਸ਼ ਭਰ ’ਚ ਖੁੰਬਾਂ ਵਾਂਗ ਖਿੱਲਰੀਆਂ ਦੇਖੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੇ ਵੱਡੇ-ਵੱਡੇ ਬੁੱਤਾਂ ਅਤੇ ਵੱਖ-ਵੱਖ ਮੌਕਿਆਂ ’ਤੇ ਉਨ੍ਹਾਂ ’ਤੇ ਫੁੱਲ-ਮਾਲਾਵਾਂ ਭੇਟ ਕਰਨ ਦੇ ਪ੍ਰੋਗਰਾਮ ਆਯੋਜਿਤ ਕਰਵਾਏ ਜਾਂਦੇ ਹਨ, ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਬਦਲੇ ਵਿਚ ਉਨ੍ਹਾਂ ਨੂੰ ਆਪਣੀ ਸੰਸਥਾ ਦੀ ਪ੍ਰਸ਼ੰਸਾ ਵਿਚ ਕੁਝ ਵਾਕ ਕਹਿਣ ਲਈ ਕਿਹਾ ਜਾਂਦਾ ਹੈ। ਇਨ੍ਹਾਂ ਦੁਕਾਨਾਂ ਵਿਚ ਇਕੋ ਪਰਿਵਾਰ ਦੇ ਲੋਕ ਚਾਂਸਲਰ, ਵਾਈਸ ਚਾਂਸਲਰ, ਡੀਨ, ਪ੍ਰੋਫੈਸਰ ਵਰਗੇ ਵੱਕਾਰੀ ਅਹੁਦੇ ਆਪਣੇ ਨਾਂ ਕਰ ਲੈਂਦੇ ਹਨ ਅਤੇ ਦੇਸ਼-ਵਿਦੇਸ਼ ਵਿਚ ਵਿੱਦਿਅਕ ਸੈਮੀਨਾਰਾਂ ਅਤੇ ਕਾਨਫਰੰਸਾਂ ਵਿਚ ਪੈਸੇ ਦੀ ਤਾਕਤ ਨਾਲ ਚੇਅਰਮੈਨ ਵਜੋਂ ਜਾਂ ਕਿਸੇ ਐਵਾਰਡ ਨਾਲ ਸਨਮਾਨਿਤ ਹੁੰਦੇ ਰਹਿੰਦੇ ਹਨ।
ਅਖੀਰ ਵਿਚ
ਕਿਹਾ ਜਾਂਦਾ ਹੈ ਕਿ ਸਿੱਖਣ ਜਾਂ ਗ੍ਰਹਿਣ ਕਰਨ ਦੀ ਪ੍ਰਕਿਰਿਆ ਸਾਰੀ ਉਮਰ ਜਾਰੀ ਰਹਿੰਦੀ ਹੈ। ਸਾਨੂੰ ਹਮੇਸ਼ਾ ਕੋਈ ਨਾ ਕੋਈ ਸਿੱਖਿਆ ਦੇਣ ਵਾਲਾ ਮਿਲ ਹੀ ਜਾਂਦਾ ਹੈ ਜਿਸ ਦੀ ਭੂਮਿਕਾ ਕਿਸੇ ਅਧਿਆਪਕ ਤੋਂ ਘੱਟ ਨਹੀਂ ਹੁੰਦੀ। ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਸ਼ਰਧਾ ਅਤੇ ਸਨਮਾਨ ਨਾਲ ਆਪਣਾ ਗੁਰੂ ਬਣਾਇਆ ਅਤੇ ਉਸੇ ਨੇ ਉਹ ਸਬਕ ਸਿਖਾਇਆ ਜੋ ਜ਼ਿੰਦਗੀ ਭਰ ਨਹੀਂ ਭੁੱਲਦਾ। ਸਾਨੂੰ ਅਧਿਆਪਕਾਂ ਦੇ ਰੂਪ ਵਿਚ ਕਈ ਪਖੰਡੀ ਲੋਕ ਵੀ ਮਿਲਦੇ ਹਨ, ਜਿਨ੍ਹਾਂ ਦੀ ਧੋਖੇਬਾਜ਼ੀ ਸਾਨੂੰ ਧੋਖੇ-ਫਰੇਬ ਦਾ ਪਰਦਾਫਾਸ਼ ਕਰਨ ਵਿਚ ਬਹੁਤ ਸਹਾਈ ਹੁੰਦੀ ਹੈ। ਕਦੇ-ਕਦੇ ਇਹ ਸਭ ਕੁਝ ਗੁਆਉਣ ਅਤੇ ਹੋਸ਼ ਵਿਚ ਆਉਣ ਵਰਗਾ ਹੋ ਜਾਂਦਾ ਹੈ। ਵਿਸ਼ਵ ਅਧਿਆਪਕ ਦਿਵਸ ’ਤੇ ਸਾਡੀ ਕਾਮਨਾ ਹੈ ਕਿ ਸਾਨੂੰ ਅਜਿਹੇ ਕਾਬਲ ਅਧਿਆਪਕ ਮਿਲਣ ਜੋ ਚੰਗੇ-ਮਾੜੇ, ਸਹੀ-ਗ਼ਲਤ ਅਤੇ ਝੂਠ-ਸੱਚ ਦੇ ਮਾਪਦੰਡ ਸਮਝਾ ਸਕਣ।