ਡਾ. ਮਨਮੋਹਨ ਸਿੰਘ : ਸਾਰਿਆਂ ਦੇ ਮਨ ਨੂੰ ਮੋਹਿਆ

Monday, Dec 30, 2024 - 12:51 PM (IST)

ਡਾ. ਮਨਮੋਹਨ ਸਿੰਘ : ਸਾਰਿਆਂ ਦੇ ਮਨ ਨੂੰ ਮੋਹਿਆ

ਦੁਨੀਆ ਤੋਂ ਜਾਣ ਤੋਂ ਬਾਅਦ ਇਨਸਾਨ ਦੇ ਚੰਗੇ ਗੁਣਾਂ ਨੂੰ ਯਾਦ ਕਰਨ ਦੀ ਪ੍ਰਪੰਰਾ ਹੈ, ਇਸ ਲਈ ਅੱਜ ਭਾਰਤਵਾਸੀ ਹੀ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਮਹੱਤਵਪੂਰਨ ਲੋਕ ਡਾ. ਮਨਮੋਹਨ ਸਿੰਘ ਨੂੰ ਯਾਦ ਕਰ ਰਹੇ ਹਨ। ਪਿਛਲੇ 30 ਸਾਲਾਂ ’ਚ ਮੇਰਾ ਉਨ੍ਹਾਂ ਨਾਲ ਕਈ ਵਾਰ ਸਾਹਮਣਾ ਹੋਇਆ। ਹਰ ਵਾਰ ਇਕ ਨਵਾਂ ਤਜਰਬਾ ਮਿਲਿਆ। ਮੇਰਾ ਛੋਟਾ ਬੇਟਾ ਅਤੇ ਡਾ. ਮਨਮੋਹਨ ਸਿੰਘ ਦਾ ਦੋਹਤਾ ਮਾਧਵ ਦਿੱਲੀ ਦੇ ਸਰਦਾਰ ਪਟੇਲ ਸਕੂਲ ’ਚ ਪਹਿਲੀ ਜਮਾਤ ਤੋਂ 12ਵੀਂ ਤੱਕ ਇਕੱਠੇ ਪੜ੍ਹੇ। ਇਸ ਲਈ ਇਨ੍ਹਾਂ ਦੋਵਾਂ ਬੱਚਿਆਂ ਦੇ ਜਨਮਦਿਨ ’ਤੇ ਮੇਰੀ ਪਤਨੀ ਅਤੇ ਡਾ. ਸਿੰਘ ਦੀ ਬੇਟੀ ਆਪਣੇ ਪੁੱਤਰ ਨੂੰ ਲੈ ਕੇ ਜਨਮਦਿਨ ਦੀ ਪਾਰਟੀ ’ਚ ਆਉਂਦੀ-ਜਾਂਦੀ ਸੀ। ਜਦ ਡਾ. ਸਿੰਘ ਵਿੱਤ ਮੰਤਰੀ ਸਨ ਤਾਂ ਮੇਰੀ ਪਤਨੀ ਨੇ ਉਨ੍ਹਾਂ ਦੇ ਕ੍ਰਿਸ਼ਨ ਮੇਨਨ ਮਾਰਗ ਦੀ ਰਿਹਾਇਸ਼ ਤੋਂ ਮੁੜ ਕੇ ਦੱਸਿਆ ਕਿ ਉਨ੍ਹਾਂ ਦੀ ਇਹ ਪਾਰਟੀ ਓਨੀ ਹੀ ਸਾਦਗੀ ਭਰੀ ਸੀ, ਜਿਵੇਂ ਆਮ ਮੱਧਵਰਗੀ ਪਰਿਵਾਰਾਂ ਦੀ ਹੁੰਦੀ ਹੈ। ਨਾ ਕੋਈ ਸਜਾਵਟ, ਨਾ ਕੋਈ ਹਾਈ-ਫਾਈ ਕੈਂਟਰਿੰਗ ਸਾਰਾ ਸਾਮਾਨ ਘਰ ਦੀ ਰਸੋਈ ’ਚ ਹੀ ਬਣਿਆ ਸੀ। ਕੋਈ ਸਰਕਾਰੀ ਕਰਮਚਾਰੀ ਇਸ ਆਯੋਜਨ ’ਚ ਭੱਜ-ਨੱਠ ਕਰਦਾ ਦਿਖਾਈ ਨਹੀਂ ਦਿੱਤਾ। ਮਾਧਵ ਦੇ ਮਾਤਾ-ਪਿਤਾ ਅਤੇ ਨਾਨਾ-ਨਾਨੀ ਹੀ ਸਾਰੇ ਮਹਿਮਾਨ ਬੱਚਿਆਂ ਨੂੰ ਖਿਲਾ-ਪਿਲਾ ਰਹੇ ਸਨ। ਸਰਦਾਰ ਪਟੇਲ ਸਕੂਲ ਦੇ ਸਾਲਾਨਾ ਸਮਾਰੋਹ ’ਚ ਡਾ. ਮਨਮੋਹਨ ਸਿੰਘ ਭਾਰਤ ਦੇ ਵਿੱਤ ਮੰਤਰੀ ਵਜੋਂ ਮੁੱਖ ਮਹਿਮਾਨ ਸਨ। ਸਕੂਲ ਦੀ ਮਸ਼ਹੂਰ ਪ੍ਰਿੰਸੀਪਲ ਸ਼੍ਰੀਮਤੀ ਵਿਭਾ ਪਾਰਥਸਾਰਥੀ, ਹੋਰ ਅਧਿਆਪਕ ਅਤੇ ਅਸੀਂ ਕੁਝ ਮਾਪੇ ਉਨ੍ਹਾਂ ਦੇ ਸਵਾਗਤ ਲਈ ਸਕੂਲ ਦੇ ਗੇਟ ’ਤੇ ਖੜ੍ਹੇ ਸੀ। ਉਦੋਂ ਸਕੂਲ ਦਾ ਇਕ ਕਰਮਚਾਰੀ ਪ੍ਰਿੰਸੀਪਲ ਮੈਡਮ ਕੋਲ ਆਇਆ ਅਤੇ ਕਿਹਾ ਕਿ ਇਕ ਸਰਦਾਰ ਜੀ ਹਾਲ ’ਚ ਆ ਕੇ ਬੈਠੇ ਹਨ ਅਤੇ ਤੁਹਾਡੇ ਬਾਰੇ ਪੁੱਛ ਰਹੇ ਹਨ।

ਵਿਭਾ ਭੈਣ ਅਤੇ ਅਸੀਂ ਸਾਰੇ ਤੇਜ਼ੀ ਨਾਲ ਹਾਲ ਵੱਲ ਗਏ ਤਾਂ ਦੇਖਿਆ ਕਿ ਉਹ ਡਾ. ਮਨਮੋਹਨ ਸਿੰਘ ਹੀ ਸਨ। ਹੋਇਆ ਇਹ ਕਿ ਉਹ ਆਦਤ ਅਨੁਸਾਰ ਕੈਬਨਿਟ ਮੰਤਰੀ ਦੀ ਗੱਡੀ, ਸੁਰੱਖਿਆ ਦਸਤਾ ਨਾਲ ਨਾ ਲਿਆ ਕੇ ਆਪਣੀ ਚਿੱਟੀ ਮਾਰੂਤੀ 800 ਕਾਰ ਨੂੰ ਖੁਦ ਚਲਾ ਕੇ ਸਕੂਲ ਦੇ ਉਸ ਛੋਟੇ ਗੇਟ ਤੋਂ ਅੰਦਰ ਆ ਗਏ ਜਿੱਥੇ ਉਹ ਅਕਸਰ ਮਾਧਵ ਨੂੰ ਸਕੂਲ ਛੱਡਣ ਆਉਂਦੇ ਰਹੇ ਹੋਣਗੇ। ਹਵਾਲਾ ਕਾਂਡ ਦੀ ਮੁਹਿੰਮ ਦੌਰਾਨ ਮੈਂ ਦੇਸ਼ ਦੀ ਹਰ ਵੱਡੀ ਪਾਰਟੀ ਦੇ ਨੇਤਾਵਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਤਿੱਖੇ ਸਵਾਲ ਕਰਦਾ ਸੀ ਅਤੇ ਪੁੱਛਦਾ ਸੀ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇੰਨੇ ਵੱਡੇ ਕਾਂਡ ’ਤੇ ਸੰਸਦ ਚੁੱਪ ਕਿਉਂ ਹੈ? ਤੁਸੀਂ ਲੋਕ ਸਰਕਾਰ ਨੂੰ ਸਵਾਲ ਕਿਉਂ ਨਹੀਂ ਪੁੱਛਦੇ ਕਿ ਕਸ਼ਮੀਰ ਦੇ ਅੱਤਵਾਦੀਆਂ ਨੂੰ ਹਵਾਲਾ ਰਾਹੀਂ ਨਾਜਾਇਜ਼ ਧਨ ਪਹੁੰਚਾਉਣ ਦੇ ਮਾਮਲੇ ’ਚ ਸੀ. ਬੀ. ਆਈ. ਜਾਂਚ ਕਿਉਂ ਦੱਬੀ ਬੈਠੀ ਹੈ? ਇਸ ਦੌਰਾਨ ਮੈਂ ਤਤਕਾਲੀ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਿਆ। ਉਹ ਅਤੇ ਉਨ੍ਹਾਂ ਦੀ ਪਤਨੀ ਬੜੇ ਸਨਮਾਨ ਨਾਲ ਮਿਲੇ। ਸ਼ਿਸ਼ਟਾਚਾਰ ਦੀ ਰਸਮ ਤੋਂ ਬਾਅਦ ਮੈਂ ਉਨ੍ਹਾਂ ਤੋਂ ਪੁੱਛਿਆ, ‘‘ਤੁਹਾਡਾ ਅਕਸ ਇਕ ਇਮਾਨਦਾਰ ਨੇਤਾ ਦਾ ਹੈ, ਇਹ ਕਿਵੇਂ ਸੰਭਵ ਹੋਇਆ ਕਿ ਬਿਨਾਂ ਯੂਰੀਆ ਭਾਰਤ ਆਏ ਕਰੋੜਾਂ ਰੁਪਇਆਂ ਦਾ ਭੁਗਤਾਨ ਹੋ ਗਿਆ?’’ ਫਿਰ ਮੈਂ ਕਿਹਾ, ‘‘ਹਰਸ਼ਦ ਮਹਿਤਾ ਕਾਂਡ ਅਤੇ ਹੁਣ ਜੈਨ ਹਵਾਲਾ ਕਾਂਡ ਤੁਹਾਡੇ ਨੱਕ ਦੇ ਹੇਠਾਂ ਹੋਏ ਅਤੇ ਤੁਹਾਨੂੰ ਭਿਣਕ ਤੱਕ ਨਹੀਂ ਲੱਗੀ, ਅਜਿਹਾ ਕਿਵੇਂ ਹੋ ਸਕਦਾ ਹੈ ਕਿ ਵਿੱਤ ਮੰਤਰਾਲਾ ਨੂੰ ਇਸ ਦੀ ਜਾਣਕਾਰੀ ਨਾ ਹੋਵੇ।

ਇਹ ਵੀ ਸੰਭਵ ਨਹੀਂ ਹੈ ਕਿ ਤੁਹਾਡੇ ਅਫਸਰਾਂ ਨੇ ਤੁਹਾਨੂੰ ਹਨੇਰੇ ’ਚ ਰੱਖਿਆ ਹੋਵੇ ਪਰ ਹੁਣ ਤਾਂ ਇਹ ਮਾਮਲਾ ਜਨਤਕ ਮੰਚਾਂ ’ਤੇ ਆ ਚੁੱਕਾ ਹੈ ਤਾਂ ਤੁਹਾਡੀ ਖਾਮੋਸ਼ੀ ਦਾ ਕੀ ਕਾਰਨ ਸਮਝਿਆ ਜਾਵੇ।’’ ਉਨ੍ਹਾਂ ਨੇ ਮੇਰੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਚਾਹ ਦੀ ਚੁਸਕੀ ਭਰੀ ਅਤੇ ਮੈਨੂੰ ਕਿਹਾ, ‘‘ਤੁਸੀਂ ਬਿਸਕੁੱਟ ਨਹੀਂ ਲਿਆ।’’ ਮੈਂ ਸਮਝ ਗਿਆ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਨਹੀਂ ਚਾਹੁੰਦੇ ਜਾਂ ਜਵਾਬ ਨਾ ਦੇਣ ਦੀ ਮਜਬੂਰੀ ਹੈ। ਫਿਰ ਦੋਵੇਂ ਪਤੀ-ਪਤਨੀ ਮੈਨੂੰ ਮੇਰੀ ਗੱਡੀ ਤੱਕ ਛੱਡਣ ਆਏ ਅਤੇ ਜਦ ਤੱਕ ਮੈਂ ਗੱਡੀ ਸਟਾਰਟ ਕਰ ਕੇ ਚੱਲ ਨਹੀਂ ਪਿਆ, ਉਦੋਂ ਤੱਕ ਉੱਥੇ ਖੜ੍ਹੇ ਰਹੇ। ਹਵਾਲਾ ਕਾਂਡ ਦੇ ਲੰਬੇ ਸੰਘਰਸ਼ ਤੋਂ ਜਦ ਮੈਂ ਥੱਕ ਗਿਆ ਤਾਂ ਬਰਸਾਨਾ ਦੇ ਵਿਰੱਕਤ ਸੰਤ ਸ਼੍ਰੀ ਰਮੇਸ਼ ਬਾਬਾ ਦੀ ਪ੍ਰੇਰਣਾ ਨਾਲ ਮਥੁਰਾ, ਵਰਿੰਦਾਵਨ ਅਤੇ ਆਲੇ-ਦੁਆਲੇ ਦੇ ਖੇਤਰ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਲੀਲਾ ਸਥਾਨਾਂ ਦਾ ਮੁੜ ਵਿਕਾਸ ਅਤੇ ਸੁਰੱਖਿਆ ਕਰਨ ’ਚ ਜੁਟ ਗਿਆ। ਮੈਨੂੰ ਹੈਰਾਨੀ ਹੋਈ ਇਹ ਦੇਖ ਕੇ 1947 ਤੋਂ ਹੁਣ ਤੱਕ ਕਿਸੇ ਵੀ ਸਿਆਸੀ ਪਾਰਟੀ ਜਾਂ ਉਸ ਨਾਲ ਜੁੜੇ ਸਮਾਜਿਕ ਸੰਗਠਨਾਂ ਨੇ ਕਦੇ ਵੀ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਦੇ ਪਵਿੱਤਰ ਲੀਲਾ ਸਥਾਨਾਂ ਦੇ ਮੁੜ ਵਿਕਾਸ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਜੇ ਕੁਝ ਕੀਤਾ ਤਾਂ ਜਨਤਕ ਜ਼ਮੀਨਾਂ ’ਤੇ ਕਬਜ਼ਾ ਕਰਨ ਦਾ ਕੰਮ ਕੀਤਾ। ਖੈਰ ਭਗਵਤ ਕ੍ਰਿਪਾ ਅਤੇ ਸੰਤ ਕ੍ਰਿਪਾ ਨਾਲ ਸਾਡੇ ਕੰਮ ਦੀ ਖੁਸ਼ਬੂ ਦੂਰ-ਦੂਰ ਤੱਕ ਫੈਲ ਗਈ ਪਰ ਇਸ ਦੌਰਾਨ ਮੈਂ ਦੇਸ਼ ਦੀ ਮੁੱਖ ਧਾਰਾ ਦੇ ਸਿਆਸੀ ਅਤੇ ਮੀਡੀਆ ਘੇਰਿਆਂ ਤੋਂ ਬਹੁਤ ਦੂਰ ਚਲਾ ਗਿਆ। ਮੇਰੀ ਗੁੰਮਨਾਮੀ ਇਸ ਹੱਦ ਤੱਕ ਹੋ ਗਈ ਕਿ ਸਿਰਫ 7 ਸਾਲਾਂ ’ਚ ਦਿੱਲੀ ਦੇ ਮਹੱਤਵਪੂਰਨ ਲੋਕ ਮੈਨੂੰ ਭੁੱਲਣ ਲੱਗੇ। 

ਤਦ 2009 ’ਚ ‘ਆਈ. ਬੀ. ਡੇਅ’ ’ਤੇ ਆਈ. ਬੀ. ਦੇ ਤਤਕਾਲੀ ਡਾਇਰੈਕਟਰ ਦੀ ਰਿਹਾਇਸ਼ ’ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੋਰ ਮਾਣਯੋਗ ਲੋਕਾਂ ਨਾਲ ਹੱਥ ਮਿਲਾ ਕੇ ਹੌਲੀ-ਹੌਲੀ ਅੱਗੇ ਵਧ ਰਹੇ ਸਨ। ਮੈਂ ਅਤੇ ਮੇਰੀ ਪਤਨੀ ਉਨ੍ਹਾਂ ਤੋਂ ਕਾਫੀ ਦੂਰ ਲਾਅਨ ’ਚ ਇਕ ਦਰੱਖਤ ਦੇ ਹੇਠਾਂ ਖੜ੍ਹੇ ਸੀ। ਮੇਰੀ ਪਤਨੀ ਨੇ ਕਿਹਾ ਕਿ ਚੱਲੋ ਅਸੀਂ ਵੀ ਅੱਗੇ ਵਧ ਕੇ ਪ੍ਰਧਾਨ ਮੰਤਰੀ ਜੀ ਨੂੰ ਮਿਲ ਲੈਂਦੇ ਹਾਂ ਪਰ ਮੈਂ ਸੰਕੋਚ ਵਸ ਉੱਥੇ ਖੜ੍ਹਾ ਰਿਹਾ। ਇੰਨੇ ’ਚ ਡਾ. ਸਿੰਘ ਮੁੜੇ ਅਤੇ ਦੂਰ ਤੋਂ ਮੈਨੂੰ ਦੇਖ ਕੇ ਮੇਰੇ ਕੋਲ ਚੱਲਦੇ ਹੋਏ ਆਏ ਅਤੇ ਕਿਹਾ, ‘‘ਵਿਨੀਤ ਜੀ ਤੁਹਾਡਾ ਮਥੁਰਾ ਦਾ ਕੰਮ ਕਿਵੇਂ ਚੱਲ ਰਿਹਾ ਹੈ?’’ ਸਾਡੀ ਇਹ ਮੁਲਾਕਾਤ ਸ਼ਾਇਦ ਲੱਗਭਗ 15 ਸਾਲ ਬਾਅਦ ਹੋ ਰਹੀ ਸੀ। ਮੈਨੂੰ ਹੈਰਾਨੀ ਹੋਈ ਉਨ੍ਹਾਂ ਦਾ ਇਹ ਸਵਾਲ ਸੁਣ ਕੇ। ਮੈਂ ਕਿਹਾ, ‘‘ਸਾਡਾ ਕੰਮ ਤਾਂ ਠੀਕ ਚੱਲ ਰਿਹਾ ਹੈ ਪਰ ਤੁਹਾਡੀ ਧਰਮਨਿਰਪੱਖ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ।’’ ਉਹ ਬੋਲੇ, ‘‘ਤੁਸੀਂ ਕਦੇ ਆ ਕੇ ਮੈਨੂੰ ਮਿਲੋ।’’ 40 ਸਾਲਾਂ ਦੀ ਪੱਤਰਕਾਰਿਤਾ ’ਚ ਦੇਸ਼ ਦੇ ਸਾਰੇ ਵੱਡੇ ਸਿਆਸੀ ਨੇਤਾਵਾਂ ਨਾਲ ਚੰਗਾ ਸੰਪਰਕ ਰਿਹਾ। ਆਪਣੇ ਤਜਰਬੇ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਵੀ ਜਿਸ ਪਿਆਰ ਨਾਲ ਚੰਦਰਸ਼ੇਖਰ ਜੀ, ਅਟਲ ਬਿਹਾਰੀ ਵਾਜਪਾਈ ਜੀ ਅਤੇ ਡਾ. ਮਨਮੋਹਨ ਸਿੰਘ ਜੀ ਮੈਨੂੰ ਮਿਲਦੇ ਰਹੇ, ਉਹ ਚਿਰਾਂ ਤੱਕ ਯਾਦ ਰੱਖਣਯੋਗ ਹੈ। ਇਹ ਤਾਂ ਉਦੋਂ ਜਦੋਂ ਇਨ੍ਹਾਂ ਤਿੰਨਾਂ ਦੀ ਉਨ੍ਹਾਂ ਦੇ ਇਸ ਮਹੱਤਵਪੂਰਨ ਅਹੁਦੇ ’ਤੇ ਰਹਿੰਦੇ ਹੋਏ ਮੈਂ ਆਪਣੇ ਲੇਖਾਂ ਅਤੇ ਭਾਸ਼ਣਾਂ ’ਚ ਤਿੱਖੀ ਆਲੋਚਨਾ ਕਰਦਾ ਸੀ।

ਵਿਨੀਤ ਨਾਰਾਇਣ


author

DIsha

Content Editor

Related News