ਮਮਤਾ ਨੇ ‘ਖੇਲਾ ਹੋਬੇ’ ਦਾ ਸੱਦਾ ਦਿੱਤਾ

Saturday, Mar 01, 2025 - 04:31 PM (IST)

ਮਮਤਾ ਨੇ ‘ਖੇਲਾ ਹੋਬੇ’ ਦਾ ਸੱਦਾ ਦਿੱਤਾ

ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸੁਪਰੀਮੋ ਮਮਤਾ ਬੈਨਰਜੀ ਨੇ ਨੇਤਾਜੀ ਇਨਡੋਰ ਸਟੇਡੀਅਮ ਵਿਖੇ ਆਪਣੀ ਪਾਰਟੀ ਦੀ ਸੰਗਠਨਾਤਮਕ ਮੀਟਿੰਗ ਵਿਚ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਅਤੇ ਐਲਾਨ ਕੀਤਾ ਕਿ ਰਾਜ ਵਿਚ ਰਾਜਨੀਤਿਕ ਲੜਾਈ ਹੋਰ ਵੀ ਤੇਜ਼ ਹੋ ਜਾਵੇਗੀ ਅਤੇ ਇਕ ਵਾਰ ਫਿਰ ਆਪਣੇ ਪ੍ਰਸਿੱਧ ਨਾਅਰੇ ‘ਖੇਲਾ ਹੋਬੇ’ ਦਾ ਸੱਦਾ ਦਿੱਤਾ। ਮਮਤਾ ਨੇ 294 ਮੈਂਬਰੀ ਵਿਧਾਨ ਸਭਾ ਵਿਚ 215 ਤੋਂ ਵੱਧ ਸੀਟਾਂ ਜਿੱਤਣ ਦਾ ਅਭਿਲਾਸ਼ੀ ਟੀਚਾ ਟੀ. ਐੱਮ. ਸੀ. ਲਈ ਰੱਖਿਆ ਸੀ। ਉਨ੍ਹਾਂ ਨੇ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਘਟਾਉਣ ਦੀ ਸਹੁੰ ਖਾਧੀ, ਜਿਸ ਨੇ 2021 ਦੀਆਂ ਚੋਣਾਂ ਵਿਚ 77 ਸੀਟਾਂ ਜਿੱਤੀਆਂ ਸਨ, ਜਦੋਂ ਕਿ ਅਭਿਸ਼ੇਕ ਬੈਨਰਜੀ ਨੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨਾਲ ਮਤਭੇਦਾਂ ਦੀਆਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਅਤੇ ਉਨ੍ਹਾਂ ਪ੍ਰਤੀ ਆਪਣੀ ਵਫ਼ਾਦਾਰੀ ਦੀ ਪੁਸ਼ਟੀ ਕੀਤੀ।

ਹਾਲਾਂਕਿ, ਮਮਤਾ ਨੇ ਭਾਜਪਾ ’ਤੇ ਪੱਛਮੀ ਬੰਗਾਲ ਦੀ ਵੋਟਰ ਸੂਚੀ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ, ਜਿਸ ਵਿਚ ਬਾਹਰੀ ਲੋਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ‘ਐਸੋਸੀਏਸ਼ਨ ਆਫ ਬ੍ਰਿਲੀਐਂਟ ਮਾਈਂਡਜ਼’ ਨਾਮਕ ਇਕ ਸਮੂਹ ਦੀ ਵਰਤੋਂ ਡੇਟਾ ਵਿਚ ਹੇਰਾਫੇਰੀ ਕਰਨ ਲਈ ਕੀਤੀ ਜਾ ਰਹੀ ਸੀ।

ਗੋਗੋਈ ਦੇ ਸੂਬੇ ਦੇ ਚੋਟੀ ਦੇ ਨੇਤਾ ਵਜੋਂ ਉੱਭਰਨ ਦੀਆਂ ਅਟਕਲਾਂ

ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਏ. ਆਈ. ਸੀ. ਸੀ. ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਆਸਾਮ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਆਸਾਮ ਵਿਚ ਪਾਰਟੀ ਦੇ ਅੱਗੇ ਵਧਣ ਦੇ ਰਸਤੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ, ਜਿੱਥੇ ਪਾਰਟੀ 2016 ਤੋਂ ਸੱਤਾ ਤੋਂ ਬਾਹਰ ਹੈ। ਮੀਟਿੰਗ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (ਐੱਲ. ਓ. ਪੀ.) ਰਾਹੁਲ ਗਾਂਧੀ ਨੇ ਕਿਹਾ ਕਿ ਰਾਜ ਦੇ ਨੇਤਾਵਾਂ ਨੂੰ ਆਸਾਮ ਵਿਚ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਸਰਕਾਰ ਦਾ ਸਾਹਮਣਾ ਕਰਨ ਲਈ ਇਕ ਸਮੂਹਿਕ ਅਤੇ ਸੰਯੁਕਤ ਮੋਰਚਾ ਬਣਾਉਣਾ ਚਾਹੀਦਾ ਹੈ ਅਤੇ ਅੱਗੇ ਕਿਹਾ ਕਿ ਪਾਰਟੀ ਲਾਈਨ ਤੋਂ ਬਾਹਰ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਹਾਲਾਂਕਿ ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਲਈ ਕਿਸੇ ਵੀ ਚਿਹਰੇ ਦਾ ਐਲਾਨ ਨਹੀਂ ਕਰੇਗੀ, ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮਰਹੂਮ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਗੌਰਵ ਗੋਗੋਈ ਸੂਬੇ ਦੇ ਚੋਟੀ ਦੇ ਨੇਤਾ ਵਜੋਂ ਉੱਭਰਨਗੇ। ਦੂਜੇ ਪਾਸੇ, ਲੀਡਰਸ਼ਿਪ ਨੇ ਸੂਬੇ ਦੇ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਸੂਬੇ ਵਿਚੋਂ ਭਾਜਪਾ ਸਰਕਾਰ ਨੂੰ ਬਾਹਰ ਕੱਢਣ ਲਈ ਇਕਜੁੱਟ ਰਹਿਣ ਦੀ ਲੋੜ ਹੈ। ਰਾਜ ਵਿਚ ਖੇਤਰੀ ਪਾਰਟੀਆਂ ਨਾਲ ਗੱਠਜੋੜ ਦੇ ਮੁੱਦੇ ’ਤੇ, ਏ. ਆਈ. ਸੀ. ਸੀ. ਲੀਡਰਸ਼ਿਪ ਨੇ ਸਥਾਨਕ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਤੌਰ ’ਤੇ ਸੂਬਾ ਇਕਾਈ ਦੀ ਸਲਾਹ ’ਤੇ ਕੰਮ ਕਰਨਗੇ।

ਭਾਜਪਾ ਦੇ ਚਹੇਤੇ ਬਣੇ ਨਿਤੀਸ਼ : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਬਾਕੀ ਸਾਰੇ 7 ਮੰਤਰੀ ਅਹੁਦੇ ਭਾਜਪਾ ਨੂੰ ਦੇ ਦਿੱਤੇ, ਜਿਸ ਨਾਲ ਕੁੱਲ ਗਿਣਤੀ 36 ਹੋ ਗਈ, ਜੋ ਕਿ 243 ਮੈਂਬਰੀ ਵਿਧਾਨ ਸਭਾ ਵਾਲੇ ਰਾਜ ਵਿਚ ਵੱਧ ਤੋਂ ਵੱਧ ਮਨਜ਼ੂਰ ਹੈ। ਇਨ੍ਹਾਂ ਵਿਚੋਂ 3 ਓ. ਬੀ. ਸੀ. (ਹੋਰ ਪੱਛੜਾ ਵਰਗ), 2 ਈ. ਬੀ. ਸੀ. (ਬੇਹੱਦ ਪੱਛੜਾ ਵਰਗ) ਅਤੇ 2 ਸਵਰਣ (ਉੱਚ ਜਾਤੀ) ਹਨ।

ਇਹ ਵਿਸਥਾਰ ਨਿਤੀਸ਼ ਨੇ ਮੰਗਲਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਕੀਤਾ। ਹਾਲਾਂਕਿ ਕੁਝ ਜਨਤਾ ਦਲ (ਯੂ) ਆਗੂਆਂ ਨੇ ਕਿਹਾ ਕਿ ਸਰਬ ਭਾਜਪਾ ਕੈਬਨਿਟ ਵਿਸਥਾਰ ਨਿਤੀਸ਼ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਅਤੇ ਅਕਤੂਬਰ-ਨਵੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਇਕ ਸੌਦੇ ਦਾ ਹਿੱਸਾ ਹੋ ਸਕਦਾ ਹੈ।

ਹਰਿਆਣਾ ’ਚ ਕਾਂਗਰਸ ਆਪਣੇ ਸਭ ਤੋਂ ਔਖੇ ਦੌਰ ਵਿਚੋਂ ਲੰਘ ਰਹੀ

ਕਾਂਗਰਸ ਪਾਰਟੀ ਏ. ਆਈ. ਸੀ. ਸੀ. ਵਿਚ ਨਵੀਆਂ ਨਿਯੁਕਤੀਆਂ ਦੀ ਉਮੀਦ ਕਰ ਰਹੀ ਹੈ। ਚਰਚਾ ਹੈ ਕਿ ਇਕ ਪ੍ਰਮੁੱਖ ਅਨੁਸੂਚਿਤ ਜਾਤੀ ਨੇਤਾ ਅਤੇ ਸਿਰਸਾ ਦੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਨੂੰ ਕਾਂਗਰਸ ਹਾਈਕਮਾਨ ਵਲੋਂ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਰਾਜੇਸ਼ ਲਿਲੋਠੀਆ ਦੀ ਥਾਂ ’ਤੇ ਏ. ਆਈ. ਸੀ. ਸੀ. ਐੱਸ. ਸੀ. ਵਿਭਾਗ ਦਾ ਮੁਖੀ ਬਣਾਇਆ ਜਾ ਸਕਦਾ ਹੈ।

ਇਸ ਦੌਰਾਨ, ਹਰਿਆਣਾ ਵਿਚ ਕਾਂਗਰਸ ਆਪਣੇ ਸਭ ਤੋਂ ਔਖੇ ਦੌਰ ਵਿਚੋਂ ਲੰਘ ਰਹੀ ਹੈ ਕਿਉਂਕਿ ਇਹ ਅਕਤੂਬਰ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਹੱਥੋਂ ਮਿਲੀ ਆਪਣੀ ਹੈਰਾਨ ਕਰਨ ਵਾਲੀ ਹਾਰ ਤੋਂ ਉੱਭਰਨ ਲਈ ਸੰਘਰਸ਼ ਕਰ ਰਹੀ ਹੈ। ਪਾਰਟੀ ਦੀ ਲਗਾਤਾਰ ਦੁਚਿੱਤੀ, ਖਾਸ ਕਰ ਕੇ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (ਐੱਲ. ਓ. ਪੀ.) ਦੀ ਨਿਯੁਕਤੀ ਨੂੰ ਲੈ ਕੇ, ਇਸ ਦੇ ਵਿਧਾਇਕਾਂ ਅਤੇ ਵਰਕਰਾਂ ਦਾ ਮਨੋਬਲ ਡਿੱਗ ਗਿਆ ਹੈ।

90 ਮੈਂਬਰਾਂ ਵਾਲੇ ਸਦਨ ਵਿਚ 37 ਵਿਧਾਇਕਾਂ ਦੇ ਨਾਲ, ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਲੀਡਰਸ਼ਿਪ ਦੇ ਖਲਾਅ ਵਿਚ ਹੈ, ਇਕ ਅਜਿਹੀ ਸਥਿਤੀ ਜਿਸ ਕਾਰਨ ਨਵੰਬਰ ਵਿਚ ਵਿਧਾਨ ਸਭਾ ਸੈਸ਼ਨ ਦੌਰਾਨ ਸੀ. ਐੱਲ. ਪੀ. ਨੂੰ ਬਿਨਾਂ ਕਿਸੇ ਨੇਤਾ ਦੇ ਸੰਘਰਸ਼ ਕਰਨਾ ਪਿਆ ਅਤੇ ਇਹੀ ਸਥਿਤੀ 7 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਵਿਚ ਬਣੇ ਰਹਿਣ ਦੀ ਉਮੀਦ ਹੈ।

ਸੰਸਦ ਵਿਚ ਸੰਜੀਵ ਅਰੋੜਾ ਦੀ ਥਾਂ ਲੈ ਸਕਦੇ ਹਨ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ

ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਨਾਲ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਸੰਸਦ ਵਿਚ ਉਨ੍ਹਾਂ ਦੀ ਥਾਂ ਲੈ ਸਕਦੇ ਹਨ।

ਜਦੋਂ ਕਿ ‘ਆਪ’ ਨੇ ਅਧਿਕਾਰਤ ਤੌਰ ’ਤੇ ਇਨ੍ਹਾਂ ਅਟਕਲਾਂ ਦਾ ਖੰਡਨ ਕੀਤਾ ਹੈ ਕਿ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀ ਦੀ ਮੰਗ ਕਰਨਗੇ। ਲੁਧਿਆਣਾ ਦੇ ਇਕ ਉਦਯੋਗਪਤੀ ਸੰਜੀਵ ਅਰੋੜਾ 2022 ਤੋਂ ਰਾਜ ਸਭਾ ਦੇ ਮੈਂਬਰ ਹਨ। ਰਾਜਨੀਤਿਕ ਹਲਕਿਆਂ ਵਿਚ ਇਹ ਚਰਚਾ ਹੈ ਕਿ ਜੇਕਰ ਅਰੋੜਾ ਇਹ ਜ਼ਿਮਨੀ ਚੋਣ ਜਿੱਤ ਜਾਂਦੇ ਹਨ ਅਤੇ ਵਿਧਾਇਕ ਬਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਭਗਵੰਤ ਮਾਨ ਕੈਬਨਿਟ ਵਿਚ ਮੰਤਰੀ ਬਣਾਇਆ ਜਾ ਸਕਦਾ ਹੈ।

-ਰਾਹਿਲ ਨੋਰਾ ਚੋਪੜਾ


author

Tanu

Content Editor

Related News