ਕੁਪੋਸ਼ਣ ’ਚ ਅੱਵਲ ਯੂ. ਪੀ. ਅਤੇ ਬਿਹਾਰ

10/13/2019 1:44:13 AM

ਹਰ ਸਾਲ 1 ਤੋਂ 7 ਸਤੰਬਰ ਤਕ ਨੈਸ਼ਨਲ ਨਿਊਟ੍ਰੀਸ਼ੀਅਨ ਹਫਤਾ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਕੁਪੋਸ਼ਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਦਰਅਸਲ, ਕੁਪੋਸ਼ਣ ਕਿਸੇ ਵੀ ਦੇਸ਼ ਜਾਂ ਸਮਾਜ ਲਈ ਮੌਜੂਦਾ ਸਮੇਂ ’ਚ ਸਭ ਤੋਂ ਵੱਡੀ ਸਮੱਸਿਆ ਹੈ। ਜੇਕਰ ਹਿੰਦੋਸਤਾਨ ਦੇ ਸੰਦਰਭ ’ਚ ਦੇਖੀਏ ਤਾਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਅੰਕੜੇ ਸੋਚਣ ਲਈ ਮਜਬੂਰ ਕਰਦੇ ਹਨ। ਕੇਂਦਰ ਸਰਕਾਰ ਹਿੰਦੋਸਤਾਨ ਨੂੰ ਕੁਪੋਸ਼ਣ-ਮੁਕਤ ਕਰਨ ਲਈ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ। ਸਰਕਾਰ ਨੇ ਰਾਸ਼ਟਰੀ ਕੁਪੋਸ਼ਣ ਮਿਸ਼ਨ ਦਾ ਨਾਂ ਬਦਲ ਕੇ ਪੋਸ਼ਣ ਅਭਿਆਨ ਕਰ ਦਿੱਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕੁਪੋਸ਼ਣ-ਮੁਕਤ ਹਿੰਦੋਸਤਾਨ ਦਾ ਟੀਚਾ 2022 ਤਕ ਹਾਸਿਲ ਕਰਨ ਦਾ ਨਾਅਰਾ ਦਿੱਤਾ ਹੈ ਪਰ ਹਿੰਦੋਸਤਾਨ ’ਚ ਕੁਪੋਸ਼ਣ ਦੀ ਇੰਨੀ ਵੱਡੀ ਸਮੱਸਿਆ ਹੈ ਕਿ ਇਸ ਨਾਲ ਨਜਿੱਠਣਾ ਆਸਾਨ ਨਹੀਂ ਹੈ। ਅੱਜਕਲ ਲੱਗਭਗ ਹਰ ਤੀਸਰਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਕਿਉਂਕਿ ਸਟੰਟਿੰਗ ਅਤੇ ਕੁਪੋਸ਼ਣ ਦੀ ਸ਼ੁਰੂਆਤ ਬੱਚੇ ਤੋਂ ਨਹੀਂ, ਸਗੋਂ ਗਰਭਵਤੀ ਮਾਂ ਤੋਂ ਹੁੰਦੀ ਹੈ। ਹਿੰਦੋਸਤਾਨ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚੇ 35 ਫੀਸਦੀ ਹਨ। ਇਨ੍ਹਾਂ ਵਿਚ ਵੀ ਬਿਹਾਰ ਅਤੇ ਯੂ. ਪੀ. ਸਭ ਤੋਂ ਅੱਗੇ ਹਨ।

ਮੱਧ ਪ੍ਰਦੇਸ਼ ’ਚ 5 ਸਾਲ ਤੋਂ ਛੋਟੀ ਉਮਰ ਦੇ 42 ਫੀਸਦੀ ਬੱਚੇ ਕੁਪੋਸ਼ਿਤ ਹਨ ਅਤੇ ਬਿਹਾਰ ਵਿਚ ਇਹ ਫੀਸਦੀ 48.3 ਫੀਸਦੀ ਹੈ। ਪੱਛਮੀ ਬੰਗਾਲ ’ਚ ਕੁਪੋਸ਼ਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 2005 ਦੇ ਮੁਕਾਬਲੇ ਐੱਨ. ਐੱਫ. ਐੱਚ. ਐੱਸ.-4 ਸਰਵੇ ’ਚ ਕਰੀਬ 4.5 ਫੀਸਦੀ ਵਾਧਾ ਦਰਜ ਕੀਤਾ ਗਿਆ, ਜੋ ਚਿੰਤਾ ਦਾ ਵਿਸ਼ਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਮੁਤਾਬਿਕ ਕੁਪੋਸ਼ਣ ਦੇ ਸਭ ਤੋਂ ਜ਼ਿਆਦਾ ਮਾਮਲੇ ਬਿਹਾਰ ਵਿਚ ਪਾਏ ਗਏ। ਬਿਹਾਰ ਵਿਚ 5 ਸਾਲ ਤੋਂ ਘੱਟ ਉਮਰ ਦੇ ਕਰੀਬ 48.3 ਫੀਸਦੀ ਬੱਚੇ ਸਰੀਰਕ ਤੌਰ ’ਤੇ ਅਵਿਕਸਿਤ ਸਨ, ਇਸ ਦਾ ਵੱਡਾ ਕਾਰਣ ਉਚਿਤ ਪੋਸ਼ਣ ਆਹਾਰ ਦਾ ਨਾ ਮਿਲਣਾ ਹੈ। ਡਬਲਯੂ. ਐੱਚ. ਓ. ਮੁਤਾਬਿਕ ਬਿਹਾਰ ਦੇ ਮੁਜ਼ੱਫਰਨਗਰ ਵਿਚ ਸਭ ਤੋਂ ਜ਼ਿਆਦਾ ਕੁਪੋਸ਼ਿਤ ਬੱਚੇ ਹਨ। ਕੁਪੋਸ਼ਣ ਦੇ ਸਭ ਤੋਂ ਜ਼ਿਆਦਾ ਮਾਮਲੇ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਮੇਘਾਲਿਆ ਅਤੇ ਮੱਧ ਪ੍ਰਦੇਸ਼ ਵਿਚ ਪਾਏ ਜਾਂਦੇ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ-4 ਅਨੁਸਾਰ ਬਿਹਾਰ ਵਿਚ 48.3 ਫੀਸਦੀ, ਉੱਤਰ ਪ੍ਰਦੇਸ਼ ’ਚ 46.3 ਫੀਸਦੀ, ਝਾਰਖੰਡ ’ਚ 45.3 ਫੀਸਦੀ, ਮੇਘਾਲਿਆ ’ਚ 43.8 ਫੀਸਦੀ ਅਤੇ ਮੱਧ ਪ੍ਰਦੇਸ਼ ਵਿਚ 42 ਫੀਸਦੀ ਕੁਪੋਸ਼ਿਤ ਬੱਚੇ ਹਨ, ਜਦਕਿ ਹਿੰਦੋਸਤਾਨ ’ਚ ਇਹ ਅੰਕੜਾ 35.7 ਫੀਸਦੀ ਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਛੱਤੀਸਗੜ੍ਹ ’ਚ 5 ਸਾਲ ਦੇ 37 ਫੀਸਦੀ ਤੋਂ ਵੱਧ ਬੱਚੇ ਕੁਪੋਸ਼ਿਤ ਹਨ, ਅੰਕੜਿਆਂ ’ਚ ਇਹ ਗਿਣਤੀ ਕਰੀਬ 5 ਲੱਖ ਹੈ।


Bharat Thapa

Content Editor

Related News