ਮਲਿਆਲੀ ਫਿਲਮ ਹੀਰੋਇਨਾਂ ਨੇ ਉਜਾਗਰ ਕੀਤਾ ਕੇਰਲ ਫਿਲਮ ਉਦਯੋਗ ਦਾ ਘਿਨੌਣਾ ਚਿਹਰਾ
Wednesday, Aug 28, 2024 - 05:02 AM (IST)
ਦੇਸ਼ ਭਰ ’ਚ ਔਰਤਾਂ ਵਿਰੁੱਧ ਜ਼ੁਲਮਾਂ ਨੂੰ ਲੈ ਕੇ ਹੋਏ ਹੰਗਾਮੇ ਦਰਮਿਆਨ ਹਾਲ ਹੀ ’ਚ ਕੇਰਲ ਫਿਲਮ ਉਦਯੋਗ ’ਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ‘ਜਸਟਿਸ ਕੇ. ਹੇਮਾ ਕਮੇਟੀ’ ਦੀ ਰਿਪਰੋਟ ਨੇ ਤਹਿਲਕਾ ਮਚਾ ਦਿੱਤਾ ਹੈ। 2017 ’ਚ ਇਕ ਮਲਿਆਲੀ ਫਿਲਮ ਅਦਾਕਾਰਾ ਨੇ ਮਲਿਆਲੀ ਸੁਪਰ ਸਟਾਰ ‘ਦਿਲੀਪ’ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਜਿਸ ’ਤੇ ‘ਦਿਲੀਪ’ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਪਿੱਛੋਂ ਕੇਰਲ ਸਰਕਾਰ ਨੇ ਇੱਥੋਂ ਦੇ ਫਿਲਮ ਉਦਯੋਗ ’ਚ ਔਰਤਾਂ ਦੀ ਸਥਿਤੀ ਦੀ ਜਾਂਚ ਕਰਨ ਲਈ ‘ਜਸਟਿਸ ਕੇ. ਹੇਮਾ ਕਮੇਟੀ’ ਬਣਾਈ ਸੀ।
‘ਜਸਟਿਸ ਕੇ. ਹੇਮਾ’ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ 10-15 ਸਰਬ ਸ਼ਕਤੀਮਾਨ ਅਧਿਕਾਰ ਸੰਪੰਨ ਮਰਦਾਂ ਦਾ ਸਮੂਹ ਮਲਿਆਲਮ ਫਿਲਮ ਇੰਡਸਟਰੀ ਨੂੰ ਕੰਟਰੋਲ ਕਰ ਰਿਹਾ ਹੈ। ਜਦ ਕੋਈ ਔਰਤ ਉਸ ਨੂੰ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਲੈ ਕੇ ਸਾਹਮਣੇ ਆਉਂਦੀ ਹੈ ਤਾਂ ਇਹ ਸਮੂਹ ਬਿਨਾਂ ਕੋਈ ਕਾਰਨ ਦੱਸੇ ਉਸ ਨੂੰ ਜ਼ਿੰਦਗੀ ਭਰ ਲਈ ਬੈਨ ਕਰਨ ਅਤੇ ਬਦਲਾ ਲੈਣ ਲਈ ਦੂਜੇ ਤਰੀਕੇ ਵਰਤਦਾ ਹੈ।
ਇਕ ਅਹਿਮ ਅਦਾਕਾਰ ਨੇ ਇਸ ਰਿਪੋਰਟ ’ਚ ਦੱਸੇ ਗਏ ਸਰਬ ਸ਼ਕਤੀਮਾਨ ਲੋਕਾਂ ਨੂੰ ਮਾਫੀਆ ਕਰਾਰ ਦਿੱਤਾ ਹੈ ਜਿਨ੍ਹਾਂ ਵਿਰੁੱਧ ਕੇਰਲ ਫਿਲਮ ਉਦਯੋਗ ਨਾਲ ਜੁੜਿਆ ਕੋਈ ਵੀ ਵਿਅਕਤੀ ਇਕ ਸ਼ਬਦ ਤਕ ਮੂੰਹ ’ਚੋਂ ਨਹੀਂ ਕੱਢ ਸਕਦਾ।
ਰਿਪੋਰਟ ਅਨੁਸਾਰ ਨਿਰਮਾਤਾ-ਨਿਰਦੇਸ਼ਕਾਂ ਨੇ ਇਕ ‘ਸੈਕਸ ਕੋਡ’ ਬਣਾਇਆ ਹੋਇਆ ਹੈ-‘ਸਮਝੌਤਾ ਅਤੇ ਐਡਜਸਟ ਕਰੋ’। ਜੋ ਅਦਾਕਾਰਾ ਇਸ ਦਾ ਵਿਰੋਧ ਕਰਦੀ ਹੈ, ਸਾਰੀ ਇੰਡਸਟਰੀ ਉਸ ਦੇ ਵਿਰੁੱਧ ਹੋ ਜਾਂਦੀ ਹੈ ਅਤੇ ਉਸ ਨੂੰ ‘ਸਜ਼ਾ’ ਦਿੱਤੀ ਜਾਂਦੀ ਹੈ।
ਸ਼ੂਟਿੰਗ ਦੌਰਾਨ ਹੋਟਲ ’ਚ ਠਹਿਰੀਆਂ ਅਦਾਕਾਰਾਵਾਂ ਦੇ ਦਰਵਾਜ਼ਿਆਂ ’ਤੇ ਅੱਧੀ-ਅੱਧੀ ਰਾਤ ਨੂੰ ਦਸਤਕ ਦਿੱਤੀ ਜਾਂਦੀ ਹੈ ਅਤੇ ਜੂਨੀਅਰ ਅਦਾਕਾਰਾਂ ਨਾਲ ਗੁਲਾਮਾਂ ਵਰਗਾ ਵਤੀਰਾ ਕੀਤਾ ਜਾਂਦਾ ਹੈ।
ਇਸ ਸਾਲ 19 ਅਗਸਤ ਨੂੰ ਇਸ ਰਿਪੋਰਟ ਦੇ ਜਨਤਕ ਹੁੰਦਿਆਂ ਹੀ ਕਈ ਮਲਿਆਲੀ ਫਿਲਮ ਨਿਰਦੇਸ਼ਕ, ਲੇਖਕ ਅਤੇ ਅਦਾਕਾਰ ਦੋਸ਼ਾਂ ਦੇ ਘੇਰੇ ’ਚ ਆ ਗਏ ਹਨ। ਇਸੇ ਕਾਰਨ ਹੁਣ ਕੇਰਲ ਸਰਕਾਰ ਨੇ ਇਕ ਹੋਰ ਜਾਂਚ ਕਮੇਟੀ ਬਣਾ ਦਿੱਤੀ ਹੈ।
ਇਸ ਦਰਮਿਆਨ ਮਲਿਆਲੀ ਅਦਾਕਾਰਾ ‘ਰੇਵਤੀ’ ਵਲੋਂ ਪ੍ਰਸਿੱਧ ਅਦਾਕਾਰ ‘ਸਿੱਦੀਕੀ’ ’ਤੇ ਜਬਰ-ਜ਼ਨਾਹ ਦੇ ਦੋਸ਼ ਲਾਉਣ ਪਿੱਛੋਂ ‘ਸਿੱਦੀਕੀ’ ਨੇ ‘ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ’ ਦਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
‘ਰੇਵਤੀ’ ਅਨੁਸਾਰ, ‘‘ਉਸ ਨੇ ਮੈਨੂੰ ਫੇਸਬੁੱਕ ’ਤੇ ਸੰਪਰਕ ਕੀਤਾ ਸੀ। ਤਦ ‘ਸਿੱਦੀਕੀ’ ਨੇ ਮੈਨੂੰ ‘ਮੋਲ’ (ਬੇਟੀ) ਕਿਹਾ ਸੀ ਅਤੇ ਬਾਅਦ ’ਚ ਫੇਸਬੁੱਕ ਜ਼ਰੀਏ ਹੀ ਸੁਨੇਹਾ ਭੇਜ ਕੇ ਫਿਲਮਾਂ ’ਚ ਅਦਾਕਾਰੀ ਬਾਰੇ ਗੱਲ ਕਰਨ ਲਈ ਮੈਨੂੰ ਤਿਰੂਵਨੰਤਪੁਰਮ ਦੇ ਇਕ ਹੋਟਲ ’ਚ ਬੁਲਾਇਆ।’’
‘ਰੇਵਤੀ’ ਅਨੁਸਾਰ, ‘‘ਉਸ ਨੇ ਮੈਨੂੰ ਪੁੱਛਿਆ ਕਿ ਮੈਂ ਉਸ ਲਈ ਕੁਝ ਐਡਜਸਟਮੈਂਟ ਕਰ ਸਕਦੀ ਹਾਂ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ‘ਸਿੱਦੀਕੀ’ ਦੇ ਕਹਿਣ ਦਾ ਕੀ ਮਤਲਬ ਹੈ? ਪਰ ਉਸ ਪਿੱਛੋਂ ਉਸ ਨੇ ਮੇਰੇ ਨਾਲ ਗਾਲੀ ਗਲੋਚ ਕਰਨ ਤੋਂ ਇਲਾਵਾ ਮੇਰੇ ਨਾਲ ਜਬਰ-ਜ਼ਨਾਹ ਕਰ ਦਿੱਤਾ ਅਤੇ ਮੇਰੇ ਸਾਹਮਣੇ ਹੱਥਰਸੀ ਕੀਤੀ।’’
ਇਕ ਹੋਰ ਅਦਾਕਾਰਾ ‘ਸ਼੍ਰੀਲੇਖਾ ਮਿੱਤਰਾ’ ਨੇ ਇਨਾਮ ਜੇਤੂ ਫਿਲਮ ‘ਨੰਦਨਮ’ ਦੇ ਨਿਰਦੇਸ਼ਕ ‘ਰੰਜੀਤ’ ’ਤੇ ਉਸ ਨਾਲ ਭੈੜਾ ਵਤੀਰਾ ਕਰਨ ਦਾ ਦੋਸ਼ ਲਾਇਆ, ਜਿਸ ਪਿੱਛੋਂ ‘ਰੰਜੀਤ’ ਨੇ ਕੇਰਲ ਸਰਕਾਰ ਵਲੋਂ ਸੰਚਾਲਿਤ ‘ਕੇਰਲ ਚਿੱਤਰਕਲਾ ਅਕਾਦਮੀ’ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ।
ਇਕ ਹੋਰ ਅਦਾਕਾਰਾ ‘ਮੀਨੂ ਮੁਨੀਰ’ ਨੇ ਕਈ ਕਲਾਕਾਰਾਂ ’ਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਅਦਾਕਾਰ ਤੋਂ ਮਾਕਪਾ ਵਿਧਾਇਕ ਬਣੇ ‘ਐੱਮ. ਮੁਕੇਸ਼’ ਤੋਂ ਇਲਾਵਾ ਮਲਿਆਲਮ ਫਿਲਮ ਉਦਯੋਗ ’ਚ 3 ਹੋਰ ਨਾਮਵਰ ਅਦਾਕਾਰਾਂ ‘ਜੈਸੂਰੀਆ’, ‘ਮਣੀਅਨਪਿਲਾ ਰਾਜੂ’, ‘ਇਦਾਵੇਲਾ ਬਾਬੂ’ ਅਤੇ 2 ਪ੍ਰੋਡਕਸ਼ਨ ਕੰਟਰੋਲਰਾਂ ‘ਨੋਬਲ’ ਅਤੇ ‘ਵਿਚੂ’ ’ਤੇ ਵੀ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਹਨ।
‘ਮੀਨੂ’ ਅਨੁਸਾਰ, ‘‘2013 ’ਚ ਇਕ ਫਿਲਮ ’ਚ ਅਦਾਕਾਰੀ ਕਰਨ ਦੌਰਾਨ ਮੈਂ ਇਨ੍ਹਾਂ ਦੇ ਹੱਥੋਂ ਸਰੀਰਕ ਅਤੇ ਜ਼ੁਬਾਨੀ ਸ਼ੋਸ਼ਣ ਦਾ ਸ਼ਿਕਾਰ ਹੋਈ। ਮੈਂ ਇਨ੍ਹਾਂ ਨਾਲ ਕੋਆਪ੍ਰੇਟ ਕਰਨ ਅਤੇ ਕੰਮ ਕਰਦੇ ਰਹਿਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਭੈੜਾ ਵਤੀਰਾ ਅਤੇ ਸ਼ੋਸ਼ਣ ਵਧਦਾ ਗਿਆ ਅਤੇ ਅਸਹਿਣਯੋਗ ਹੋ ਗਿਆ। ਇਸ ਕਾਰਨ ਮੈਨੂੰ ਮਲਿਆਲਮ ਫਿਲਮ ਇੰਡਸਟਰੀ ਛੱਡ ਕੇ ਮਜਬੂਰਨ ਚੇਨਈ ਸ਼ਿਫਟ ਹੋਣਾ ਪਿਆ।’’
ਇਕ ਹੋਰ ਜੂਨੀਅਰ ਅਦਾਕਾਰਾ ਨੇ ਖਲਨਾਇਕ ‘ਬਾਬੂ ਰਾਜ’ ’ਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਜਦ ਕਿ ਇਕ ਬੰਗਲਾ ਅਦਾਕਾਰਾ ‘ਰਿਤਾਭਰੀ’ ਨੇ ਵੀ ਬੰਗਲਾ ਫਿਲਮ ਉਦਯੋਗ ’ਚ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ।
ਇਸ ਦਰਮਿਆਨ ‘ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ’ ਦੇ ਪ੍ਰਧਾਨ ਅਤੇ ਚੋਟੀ ਦੇ ਅਦਾਕਾਰ ‘ਮੋਹਨ ਲਾਲ’ ਸਮੇਤ ਇਸ ਦੇ ਸਾਰੇ ਅਹੁਦੇਦਾਰਾਂ ਨੇ ਦੋਸ਼ਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਇੰਨਾ ਹੀ ਕਾਫੀ ਨਹੀਂ ਹੈ।
ਲੋੜ ਇਸ ਗੱਲ ਦੀ ਹੈ ਕਿ ਕੇਰਲ ਦੀ ਫਿਲਮ ਇੰਡਸਟਰੀ ’ਤੇ ਹਾਵੀ ਮਾਫੀਆ ਦਾ ਘਿਨਾਉਣਾ ਚਿਹਰਾ ਉਜਾਗਰ ਕਰਨ ਵਾਲੀ ਇਸ ਰਿਪੋਰਟ ’ਚ ਕੀਤੇ ਗਏ ਖੁਲਾਸਿਆਂ ਦਾ ਖੁਦ ਨੋਟਿਸ ਲੈ ਕੇ ਸੁਪਰੀਮ ਕੋਰਟ ਨੂੰ ਛੇਤੀ ਤੋਂ ਛੇਤੀ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ ਅਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
-ਵਿਜੇ ਕੁਮਾਰ