ਨਕਾਰਾਤਮਕ ਰਾਜਨੀਤੀ ਨੂੰ ਮਹਾਰਾਸ਼ਟਰ ਨਗਰ ਨਿਗਮ ਨਤੀਜਿਆਂ ਨੇ ਨਕਾਰ ਦਿੱਤਾ
Monday, Jan 19, 2026 - 05:24 PM (IST)
ਮਹਾਰਾਸ਼ਟਰ ਨਗਰ ਨਿਗਮ ਚੋਣਾਂ ਨੇ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਦੇਸ਼ ’ਚ ਨਫਰਤ, ਖੇਤਰਵਾਦ, ਫਿਰਕਾਪ੍ਰਸਤੀ ਅਤੇ ਜਾਤੀਵਾਦ ਵਰਗੇ ਮੁੱਦੇ ਹੁਣ ਇਤਿਹਾਸ ਦਾ ਵਿਸ਼ਾ ਬਣ ਚੁੱਕੇ ਹਨ। ਇਨ੍ਹਾਂ ਚੋਣਾਂ ’ਚ ਭਾਜਪਾ ਗੱਠਜੋੜ ਨੇ ਰਿਕਾਰਡ ਜਿੱਤ ਹਾਸਲ ਕਰਕੇ ਵਿਕਾਸ ਦੇ ਮੁੱਦੇ ’ਤੇ ਮੋਹਰ ਲਗਾ ਦਿੱਤੀ ਹੈ।
ਇਨ੍ਹਾਂ ’ਚ ਸਭ ਤੋਂ ਵੱਧ ਮਹੱਤਵਪੂਰਨ ਮੁੰਬਈ ਨਗਰ ਨਿਗਮ ਦੀਆਂ ਚੋਣਾਂ ’ਚ ਭਾਜਪਾ ਗੱਠਜੋੜ ਨੇ ਜਿੱਤ ਦਾ ਝੰਡਾ ਲਹਿਰਾ ਕੇ ਠਾਕਰੇ ਭਰਾਵਾਂ ਦੇ ਸਿਆਸੀ ਭਵਿੱਖ ਦੇ ਅੰਤ ਦਾ ਸੰਕੇਤ ਦੇ ਦਿੱਤੇ। ਮਰਾਠੀ ਪਛਾਣ ਦੇ ਨਾਂ ’ਤੇ ਗਾਲੀ-ਗਲੋਚ ਅਤੇ ‘ਲੁੰਗੀ-ਪੁੰਗੀ’ ਕਰਨ ਵਾਲੇ ਰਾਜ ਠਾਕਰੇ ਦੀ ਨਫਰਤੀ ਰਾਜਨੀਤੀ ਨੂੰ ਮਹਾਰਾਸ਼ਟਰ ਦੀ ਜਨਤਾ ਨੇ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ।
ਰਾਜ ਠਾਕਰੇ ਦੇ ਚੱਕਰ ’ਚ ਊਧਵ ਠਾਕਰੇ ਦੇ ਹੱਥ ਵੀ ਸੜ ਗਏ ਹਨ। ਬੀ. ਐੱਮ. ਸੀ. ਦੀ ਸੱਤਾ 30 ਸਾਲ ਬਾਅਦ ਊਧਵ ਠਾਕਰੇ ਦੇ ਹੱਥੋਂ ਜਾ ਰਹੀ ਹੈ। ਨਫਰਤੀ ਪਾਲੀਟਿਕਸ ਦੇ ਹੀਰੋ ਰਹੇ ਰਾਜ ਠਾਕਰੇ ਨਗਰ ਨਿਗਮ ਚੋਣਾਂ ’ਚ ਖਤਮ ਹੋ ਗਏ ਹਨ। ਮਹਾਰਾਸ਼ਟਰ ਦੀ ਜਨਤਾ ਨੇ ਰਾਜ ਠਾਕਰੇ ਨੂੰ ਨਕਾਰ ਦਿੱਤਾ ਹੈ। ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੂੰ 6 ਸੀਟਾਂ ਮਿਲੀਆਂ। ਦਿਲਚਸਪ ਹੈ ਕਿ ਅਸਦੁਦੀਨ ਓਵੈਸੀ ਦੀ ਏ. ਆਈ. ਐੱਮ. ਆਈ. ਐੱਮ. ਨੇ ਮੁੰਬਈ ’ਚ ਰਾਜ ਠਾਕਰੇ ਤੋਂ ਜ਼ਿਆਦਾ ਕੁੱਲ 8 ਸੀਟਾਂ ’ਤੇ ਜਿੱਤ ਹਾਸਲ ਕੀਤੀ। ਚੋਣਾਂ ਦੌਰਾਨ ਉਨ੍ਹਾਂ ਨੇ ਮਰਾਠੀ ਪਛਾਣ ਦੇ ਨਾਂ ’ਤੇ ਉੱਤਰ ਭਾਰਤੀਆਂ ਵਿਰੁੱਧ ਅੱਗ ਉਗਲੀ ਸੀ।
ਇਹੀ ਨਹੀਂ, ਭਾਜਪਾ ਦੇ ਪੱਖ ’ਚ ਪ੍ਰਚਾਰ ਕਰਨ ਆਏ ਅੰਨਾਮਲਾਈ ’ਤੇ ਵੀ ਰਾਜ ਠਾਕਰੇ ਨੇ ਟਿੱਪਣੀ ਕੀਤੀ ਸੀ। ‘ਰਸਮਲਾਈ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਨਾਲ ਹੀ ਨਾਅਰਾ ਦਿੱਤਾ ਸੀ ਕਿ ‘ਬਜਾਓ ਪੁੰਗੀ ਭਗਾਓ ਲੁੰਗੀ’।
ਮਨਸੇ ਮੁਖੀ ਰਾਜ ਠਾਕਰੇ ਦੀ ਪਛਾਣ ਮਹਾਰਾਸ਼ਟਰ ਦੀ ਰਾਜਨੀਤੀ ’ਚ ਨਫਰਤੀ ਪਾਲੀਟਿਕਸ ਨੂੰ ਲੈ ਕੇ ਰਹੀ ਹੈ। ਮਰਾਠੀ ਪਛਾਣ ਦੇ ਨਾਂ ’ਤੇ ਗੈਰ-ਮਰਾਠੀਆਂ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਉਨ੍ਹਾਂ ਦੇ ਵਰਕਰਾਂ ਦੀ ਪਛਾਣ ਰਹੀ ਹੈ। ਰਾਜ ਠਾਕਰੇ ਆਪਣੀਆਂ ਸਭਾਵਾਂ ’ਚ ਖੁਦ ਵੀ ਜ਼ੁਬਾਨ ’ਤੇ ਕੰਟਰੋਲ ਨਹੀਂ ਕਰ ਪਾਉਂਦੇ ਸਨ।
ਨਗਰ ਨਿਗਮ ਚੋਣਾਂ ’ਚ ਪ੍ਰਚਾਰ ਦੌਰਾਨ ਰਾਜ ਠਾਕਰੇ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼, ਬਿਹਾਰ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਿੰਦੀ ਤੁਹਾਡੀ ਭਾਸ਼ਾ ਨਹੀਂ ਹੈ। ਮੈਨੂੰ ਭਾਸ਼ਾ ਤੋਂ ਨਫਰਤ ਨਹੀਂ ਹੈ ਪਰ ਜੇਕਰ ਤੁਸੀਂ ਇਸ ਨੂੰ ਥੋਪੋਗੇ ਤਾਂ ਮੈਂ ਲੱਤ ਮਾਰਾਂਗਾ। ਰਾਜ ਠਾਕਰੇ ਇੱਥੇ ਹੀ ਨਹੀਂ ਰੁਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ, ‘‘ਉਹ ਚਾਰੋਂ ਪਾਸਿਓਂ ਮਹਾਰਾਸ਼ਟਰ ਆ ਰਹੇ ਹਨ ਅਤੇ ਤੁਹਾਡਾ ਹਿੱਸਾ ਖੋਹ ਰਹੇ ਹਨ। ਜੇਕਰ ਤੁਹਾਡੀ ਜ਼ਮੀਨ ਅਤੇ ਭਾਸ਼ਾ ਚਲੀ ਗਈ ਤਾਂ ਤੁਸੀਂ ਖਤਮ ਹੋ ਜਾਓਗੇ।’’ ਠਾਕਰੇ ਦੇ ਇਸ ਬਿਆਨ ਦਾ ਬਹੁਤ ਵਿਰੋਧ ਹੋਇਆ ਸੀ।
ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਹੈ ਕਿ ਮਹਾਰਾਸ਼ਟਰ ’ਚ ਰਾਜ ਠਾਕਰੇ ਹੁਣ ਸਿਆਸੀ ਤਾਕਤ ਨਹੀਂ ਰਹੇ ਹਨ। ਅਜਿਹੇ ’ਚ ਉਨ੍ਹਾਂ ਦੀ ਵਾਪਸੀ ਮੁਸ਼ਕਲ ਹੈ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਰਾਜ ਠਾਕਰੇ ਨਾਲ ਊਧਵ ਠਾਕਰੇ ਨੂੰ ਹੱਥ ਮਿਲਾਉਣਾ ਸਹੀ ਸਾਬਿਤ ਨਹੀਂ ਹੋਵੇਗਾ।
ਰਾਜ ਠਾਕਰੇ 2025 ’ਚ ਮਾਤੋਸ਼੍ਰੀ ਛੱਡ ਗਏ ਸਨ। ਉਨ੍ਹਾਂ ਨੇ 2006 ’ਚ ਆਪਣੀ ਪਾਰਟੀ ਬਣਾਈ ਸੀ ਜਿਸ ਨੂੰ ਸ਼ਿਵਸੈਨਾ ਦੀ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਰਾਜ ਠਾਕਰੇ ਨੇ ਆਪਣੇ ਭਰਾ ਊਧਵ ਨਾਲ ਹੱਥ ਮਿਲਾਇਆ ਸੀ। 2009 ’ਚ ਰਾਜ ਠਾਕਰੇ ਦੀ ਪਾਰਟੀ ਨੂੰ ਮਹਾਰਾਸ਼ਟਰ ’ਚ ਵੱਡੀ ਜਿੱਤ ਮਿਲੀ ਸੀ ਅਤੇ ਉਨ੍ਹਾਂ ਦੇ 13 ਉਮੀਦਵਾਰ ਚੋਣ ਜਿੱਤੇ ਸਨ ਪਰ ਉਸ ਦੌਰ ’ਚ ਉੱਤਰ ਭਾਰਤੀਆਂ ਵਿਰੁੱਧ ਖੂਬ ਹਿੰਸਾ ਹੋਈ ਸੀ।
ਰਾਜ ਠਾਕਰੇ ਦੀ ਪਾਰਟੀ 2009 ਵਾਲੀ ਸਫਲਤਾ 2014 ਦੀਆਂ ਵਿਧਾਨ ਸਭਾ ਚੋਣਾਂ ’ਚ ਨਹੀਂ ਦੁਹਰਾਅ ਸਕੀ ਅਤੇ ਉਨ੍ਹਾਂ ਦਾ ਸਿਰਫ ਇਕ ਵਿਧਾਇਕ ਜਿੱਤਿਆ। 2019 ’ਚ ਵੀ ਇਹੀ ਹਸ਼ਰ ਹੋਇਆ ਅਤੇ 2024 ਦੀਆਂ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਇਸ ਦੌਰਾਨ ਰਾਜ ਠਾਕਰੇ ਦੇ ਸੁਰ ਬਦਲਦੇ ਰਹੇ। ਕਦੇ ਕਿਸੇ ਦੇ ਨਾਲ ਤਾਂ ਕਦੇ ਕਿਸੇ ਦੇ ਨਾਲ। 2009 ਵਾਲੀ ਟ੍ਰਿਕ ਨਾਲ ਉਹ ਬੀ. ਐੱਮ. ਸੀ. ਚੋਣਾਂ ਜ਼ਰੀਏ ਸਥਾਪਤ ਹੋਣਾ ਚਾਹੁੰਦੇ ਸਨ ਪਰ ਇਹ ਹੋ ਨਾ ਸਕਿਆ।
ਇਕ ਰਿਪੋਰਟ ਅਨੁਸਾਰ ਮੁੰਬਈ ’ਚ ਮਰਾਠੀ ਵੋਟਰਾਂ ਦੀ ਗਿਣਤੀ ਸਿਰਫ 38 ਫੀਸਦੀ ਹੈ। ਇਸ ਦੇ ਬਾਅਦ ਉਥੋਂ ਦੀ ਆਬਾਦੀ ਉੱਤਰ ਭਾਰਤੀਆਂ, ਗੁਜਰਾਤੀਆਂ ਅਤੇ ਹੋਰ ਲੋਕਾਂ ਦੀ ਹੈ। ਰਾਜ ਦੀ ਨਫਰਤੀ ਰਾਜਨੀਤੀ ਦੇ ਕਾਰਨ ਦੂਜੇ ਵੋਟਰ ਇਨ੍ਹਾਂ ਦੇ ਨਾਲ ਨਹੀਂ ਜੁੜ ਸਕੇ। ਇਸ ਦਾ ਨੁਕਸਾਨ ਇਹ ਹੋਇਆ ਕਿ ਰਾਜ ਠਾਕਰੇ ਦੀ ਪਾਲੀਟਿਕਸ ’ਤੇ ਹੁਣ ਗ੍ਰਹਿਣ ਲੱਗ ਗਿਆ ਹੈ।
ਠਾਕਰੇ ਭਰਾਵਾਂ ਦੀ ਪੂਰੀ ਰਾਜਨੀਤੀ ਮਰਾਠੀ ਵੋਟਰਾਂ ਦੇ ਆਲੇ-ਦੁਆਲੇ ਸੀ, ਪਰ ਮਰਾਠੀ ਵੋਟਰਾਂ ਨੇ ਹੀ ਉਨ੍ਹਾਂ ਤੋਂ ਮੂੰਹ ਮੋੜ ਲਿਆ। ਭਾਜਪਾ ਦੀ ਰਣਨੀਤੀ ਠਾਕਰੇ ਭਰਾਵਾਂ ’ਤੇ ਭਾਰੀ ਪਈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਮੈਂ ਵੀ ਮਰਾਠੀ ਹਾਂ, ਮੈਂ ਕੋਈ ਬਾਹਰੋਂ ਨਹੀਂ ਆਇਆ ਹਾਂ। ਮਹਾਰਾਸ਼ਟਰ ਦੇ ਲੋਕਾਂ ਲਈ ਮੈਂ ਵੀ ਲੜਦਾ ਹਾਂ। ਨਾਗਪੁਰ ਵੀ ਮਹਾਰਾਸ਼ਟਰ ’ਚ ਹੀ ਹੈ। ਰਾਜ ਠਾਕਰੇ ਇਨ੍ਹਾਂ ਚੋਣਾਂ ’ਚ ਆਪਣੇ ਪੁਰਾਣੇ ਅੰਦਾਜ਼ ਜ਼ਰੀਏ ਗੁਆਚੀ ਜ਼ਮੀਨ ਨੂੰ ਵਾਪਸ ਹਾਸਲ ਕਰਨਾ ਚਾਹੁੰਦੇ ਸਨ। ਉਹ ਮਰਾਠੀ ਪਛਾਣ ਦੇ ਨਾਂ ’ਤੇ ਨਫਰਤੀ ਪਾਲੀਟਿਕਸ ਕਰ ਰਹੇ ਸਨ। ਉੱਤਰ ਤੋਂ ਲੈ ਕੇ ਦੱਖਣ ਭਾਰਤੀਆਂ ਤੱਕ ਦੇ ਵਿਰੁੱਧ ਮਰਾਠੀਆਂ ਨੂੰ ਭੜਕਾਅ ਰਹੇ ਸਨ ਪਰ ਮਹਾਰਾਸ਼ਟਰ ਦੀ ਜਨਤਾ ਨੇ ਵਿਧਾਨ ਸਭਾ ਚੋਣਾਂ ਵਾਂਗ ਹੀ ਉਨ੍ਹਾਂ ਨੂੰ ਬੀ. ਐੱਮ. ਸੀ. ਦੀਆਂ ਚੋਣਾਂ ’ਚ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭਰਾ ਊਧਵ ਠਾਕਰੇ ਨਾਲ ਹੱਥ ਮਿਲਾਉਣ ਤੋਂ ਬਾਅਦ ਵੀ ਰਾਜ ਨੂੰ ਕਾਮਯਾਬੀ ਨਹੀਂ ਮਿਲੀ, ਸਗੋਂ ਊਧਵ ਨੂੰ ਨੁਕਸਾਨ ਇਹ ਹੋਇਆ ਕਿ ਉਨ੍ਹਾਂ ਤੋਂ ਉੱਤਰ ਭਾਰਤੀ ਵੋਟਰ ਕੱਟੇ ਗਏ।
‘ਮੇਰਾ ਪਾਨੀ ਉਤਰਤਾ ਦੇਖੀਏ, ਮੇਰੇ ਕਿਨਾਰੇ ਪਰ ਘਰ ਮਤ ਬਨਾ ਲੇਨਾ, ਮੈਂ ਸਮੁੰਦਰ ਹੂੰ, ਲੌਟ ਕਰ ਵਾਪਸ ਆਊਂਗਾ’, 2019 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਨਾਅਰੇ ’ਚ ‘ਮੈਂ ਵਾਪਸ ਆਊਂਗਾ’ ਦਾ ਮਜ਼ਾਕ ਬਣਾਉਣ ’ਤੇ ਦੇਵੇਂਦਰ ਫੜਨਵੀਸ ਨੇ ਇਹ ਸ਼ੇਅਰ ਵਿਧਾਨ ਸਭਾ ’ਚ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਸੁਣਾਇਆ ਸੀ। ਉਦੋਂ ਤੋਂ ਅੱਜ ਤੱਕ ਹਰ ਵਾਰ ਉਨ੍ਹਾਂ ਨੇ ਇਸ ਨੂੰ ਸਹੀ ਸਾਬਿਤ ਕਰ ਕੇ ਦਿਖਾਇਆ ਹੈ। ਮਹਾਰਾਸ਼ਟਰ ’ਚ 15 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਕਾਰਨ ਚੋਣ ਜ਼ਾਬਤਾ ਲਾਗੂ ਸੀ, ਮਹਾਯੁਤੀ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ 14 ਜਨਵਰੀ ਨੂੰ ਮੁੱਖ ਮੰਤਰੀ ਮਾਝੀ ‘ਲਾਡਕੀ ਬਹਿਨ’ ਯੋਜਨਾ ਦੀਆਂ ਪਾਤਰ ਮਹਿਲਾਵਾਂ ਦੇ ਖਾਤੇ ’ਚ ਦਸੰਬਰ ਅਤੇ ਜਨਵਰੀ ਦੀ ਕਿਸ਼ਤ ਦੇ ਰੂਪ ’ਚ 3000 ਰੁਪਏ ਟ੍ਰਾਂਸਫਰ ਕੀਤੇ ਜਾਣਗੇ ਪਰ ਵਿਰੋਧੀ ਧਿਰ ਨੇ ਇਸ ’ਤੇ ਇਤਰਾਜ਼ ਜਤਾ ਦਿੱਤਾ। ਬਾਅਦ ’ਚ ਚੋਣ ਕਮਿਸ਼ਨ ਨੇ ਵੀ ਫਰਮਾਨ ਸੁਣਾ ਦਿੱਤਾ ਕਿ ਵੋਟਿੰਗ ਤੋਂ ਠੀਕ ਪਹਿਲਾਂ ਜਨਵਰੀ ਦੀ ਐਡਵਾਂਸ ਕਿਸ਼ਤ ਟਰਾਂਸਫਰ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਸਾਫ ਕਰ ਦਿੱਤਾ ਕਿ ‘ਮਾਝੀ ਲਾਡਕੀ ਬਹਿਨ’ ਯੋਜਨਾ ਦਾ ਪੈਸਾ 16 ਜਨਵਰੀ ਦੇ ਬਾਅਦ ਹੀ ਆਏਗਾ। ਇਸ ਦੇ ਬਾਵਜੂਦ ਭਾਜਪਾ ਗੱਠਜੋੜ ਦੀ ਜਿੱਤ ਦਾ ਰੱਥ ਨਹੀਂ ਰੁਕਿਆ।
ਹਾਲ ਹੀ ’ਚ ਮਹਾਰਾਸ਼ਟਰ ’ਚ ਮਰਾਠੀ ਨਾ ਬੋਲਣ ’ਤੇ ਊਧਵ ਠਾਕਰੇ ਗੁੱਟ ਅਤੇ ਮਨਸੇ ਵਰਕਰਾਂ ਨੇ ਗੈਰ-ਮਰਾਠੀ ਭਾਸ਼ੀ ਆਟੋ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਕੁੱਟਿਆ ਜਿਸ ਨਾਲ ਭਾਸ਼ਾ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ। ਵਰਕਰਾਂ ਨੇ ਜਨਤਕ ਤੌਰ ’ਤੇ ਕੁੱਟਮਾਰ ਕਰਕੇ ਮੁਆਫੀ ਮੰਗਵਾਈ ਜਿਸ ਨਾਲ ਉਨ੍ਹਾਂ ਵਲੋਂ ਕੀਤੀ ਗਈ ਹਿੰਸਾ ਦੀ ਆਲੋਚਨਾ ਹੋਈ।
ਵਿਰਾਰ ’ਚ ‘ਸ਼ਿਵ ਸ਼ੈਨਾ ਊਧਵ ਠਾਕਰੇ’ ਦੇ ਵਰਕਰਾਂ ਨੇ ਇਕ ਆਟੋ ਚਾਲਕ ਨੂੰ ਮਰਾਠੀ ਨਾ ਬੋਲਣ ’ਤੇ ਕੁੱਟਿਆ ਕਿਉਂਕਿ ਉਸ ਨੇ ਹਿੰਦੀ ਅਤੇ ਭੋਜਪੁਰੀ ’ਚ ਗੱਲ ਕਰਨ ਦੀ ਗੱਲ ਕਹੀ ਸੀ। ਇਸੇ ਦੌਰਾਨ ਠਾਣੇ, ਭਿਆਂਦਰ ’ਚ ਮਨਸੇ ਵਰਕਰਾਂ ਨੇ ਸਟ੍ਰੀਟ ਵੈਂਡਰ ਨੂੰ ਮਰਾਠੀ ਨਾ ਬੋਲਣ ’ਤੇ ਥੱਪੜ ਮਾਰੇ। ਮੀਰਾ ਰੋਡ ’ਤੇ ਮਨਸੇ ਵਰਕਰਾਂ ਨੇ ਦੁਕਾਨਦਾਰ ਨੂੰ ਮਰਾਠੀ ਨਾ ਬੋਲਣ ’ਤੇ ਕੁੱਟਿਆ। ਥਾਣੇ ’ਚ ਊਧਵ ਠਾਕਰੇ ਗੁੱਟ ਦੇ ਸਾਬਕਾ ਸੰਸਦ ਮੈਂਬਰ ਰਾਜਨ ਵਿਚਾਰੇ ਦੇ ਦਫਤਰ ’ਚ ਵਪਾਰੀਆਂ ਨੂੰ ਮਰਾਠੀ ਨਾ ਬੋਲਣ ’ਤੇ ਥੱਪੜ ਮਾਰੇ ਗਏ ਅਤੇ ਮੁਆਫੀ ਮੰਗਣ ਲਈ ਮਜਬੂਰ ਕੀਤਾਗਿਆ।
ਮਹਾਰਾਸ਼ਟਰ ’ਚ ਭਾਸ਼ਾ ਵਿਵਾਦ ਮੁੱਖ ਤੌਰ ’ਤੇ ਮਰਾਠੀ ਅਤੇ ਹਿੰਦੀ ਦੇ ਵਿਚਾਲੇ ਹੈ। ਸਾਲ 2025 ’ਚ ਸੂਬਾਈ ਸਰਕਾਰ ਦੇ ਇਕ ਹੁਕਮ ਨਾਲ ਵਿਵਾਦ ਡੂੰਘਾ ਹੋ ਗਿਆ ਜਿਸ ’ਚ ਕਲਾਸ 1 ਤੋਂ 5 ਤੱਕ ਹਿੰਦੀ ਨੂੰ ਜ਼ਰੂਰੀ ਤੀਜੀ ਭਾਸ਼ਾ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਨੂੰ ਹਿੰਦੀ ਥੋਪਣ ਦੇ ਯਤਨ ਦੇ ਰੂਪ ’ਚ ਦੇਖਿਆ ਗਿਆ।
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਅਤੇ ਸ਼ਿਵਸੈਨਾ (ਊਧਵ ਠਾਕਰੇ ਗੁੱਟ) ਵਰਗੇ ਦਲਾਂ ਨੇ ਇਸ ਮੁੱਦੇ ’ਤੇ ਹਮਲਾਵਰੀ ਰੁਖ ਅਪਣਾਇਆ, ਵਿਰੋਧ ਪ੍ਰਦਰਸ਼ਨ ਕੀਤੇ ਅਤੇ ਹਿੰਦੀ ਥੋਪਣ ਦੇ ਵਿਰੁੱਧ ਆਵਾਜ਼ ਉਠਾਈ। ਮਰਾਠੀ ਭਾਸ਼ਾ ਅਤੇ ਸੰਸਕ੍ਰਿਤ ਨੂੰ ਲੈ ਕੇ ਮਰਾਠੀ ਭਾਸ਼ੀਆਂ ’ਚ ਇਕ ਡੂੰਘੀ ਭਾਵਨਾ ਹੈ ਅਤੇ ਉਹ ਹਿੰਦੀ ਦੇ ਵਧਦੇ ਪ੍ਰਭੂਤੱਵ ਨੂੰ ਆਪਣੀ ਮਾਤਭਾਸ਼ਾ ’ਤੇ ਥੋਪਣ ਦੇ ਰੂਪ ’ਚ ਦੇਖਦੇ ਹਨ। ਇਸ ਵਿਵਾਦ ਕਾਰਨ ਮਰਾਠੀ ਭਾਸ਼ੀ ਅਤੇ ਹਿੰਦੀ ਭਾਸ਼ੀ ਫਿਰਕਿਆਂ ਵਿਚਾਲੇ ਕੁੱਟਮਾਰ ਅਤੇ ਝੜਪਾਂ ਦੀਆਂ ਖਬਰਾਂ ਆਈਆਂ, ਜਿਸ ਨਾਲ ਸਮਾਜਿਕ ਤਣਾਅ ਵਧਿਆ।
ਵਿਰੋਧੀ ਦਲਾਂ ਨੇ ਭਾਜਪਾ ’ਤੇ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਰਾਜਨੀਤੀ ਕਰਨ ਅਤੇ ਬਿਹਾਰ ਚੋਣਾਂ ਤੋਂ ਪਹਿਲਾਂ ਮਰਾਠੀ-ਹਿੰਦੀ ਭਾਸ਼ੀਆਂ ਨੂੰ ਲੜਾਉਣ ਦਾ ਦੋਸ਼ ਲਗਾਇਆ ਜਦਕਿ ਭਾਜਪਾ ਨੇ ‘ਮਨਸੇ’ ਅਤੇ ‘ਸ਼ਿਵਸੈਨਾ ਊਧਵ’ ਨੂੰ ਜ਼ਿੰਮੇਵਾਰ ਠਹਿਰਾਇਆ।
ਭਾਜਪਾ ਗੱਠਜੋੜ ਨੂੰ ਮਿਲੀ ਨਗਰ ਨਿਗਮ ਚੋਣਾਂ ’ਚ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਰਾਜਨੀਤੀ ਕਿਸੇ ਦੀ ਵਿਰਾਸਤ ਨਹੀਂ ਹੈ। ਚਾਹੇ ਭਰਾ ਨਾਲ ਆਉਣ ਜਾਂ ਚਾਚਾ-ਭਤੀਜਾ। ਵਿਛੜਿਆਂ ਦੇ ਮਿਲਣ ਦੇ ਬਾਵਜੂਦ ਵਿਕਾਸ ਦੇ ਮੁੱਦਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਮਹਾਰਾਸ਼ਟਰ ਦੀਆਂ ਨਗਰ ਨਿਗਮ ਚੋਣਾਂ ਨਾ ਸਿਰਫ ਠਾਕਰੇ ਭਰਾਵਾਂ ਸਗੋਂ ਕਾਂਗਰਸ ਵਰਗੀ ਪਾਰਟੀ ਲਈ ਵੀ ਇਕ ਸਬਕ ਹੈ ਕਿ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਹਵਾ ਦੇ ਕੇ ਵੋਟਰਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਮੌਜੂਦਾ ਦੌਰ ਦਾ ਵੋਟਰ ਸਭ ਸਿਆਸੀ ਦਲਾਂ ਦੀ ਨਬਜ਼ ਚੰਗੀ ਤਰ੍ਹਾਂ ਪਛਾਣਦਾ ਹੈ। ਅਜੇ ਵੀ ਸਿਆਸੀ ਦਲਾਂ ਨੇ ਜੇਕਰ ਸੁਧਾਰ ਕਰਕੇ ਵੋਟਰਾਂ ਦੀਆਂ ਇੱਛਾਵਾਂ ’ਤੇ ਖਰੇ ਉਤਰਨ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਤਾਂ ਭਵਿੱਖ ’ਚ ਹੋਣ ਵਾਲੀਆਂ ਚੋਣਾਂ ’ਚ ਵੋਟਰ ਉਨ੍ਹਾਂ ਨੂੰ ਇਸੇ ਤਰ੍ਹਾਂ ਸਬਕ ਸਿਖਾਉਣਗੇ।
–ਯੋਗੇਂਦਰ ਯੋਗੀ
