ਇਸ ਮਹਿੰਗੀ ਸਿਆਸਤ ਦੇ ਦੌਰ ’ਚ ਕੋਈ ਵੀ ਗੁਆਉਣੀ ਨਹੀਂ ਚਾਹੁੰਦਾ ਮਹਾਰਾਸ਼ਟਰ ਦੀ ਸੱਤਾ

Monday, Oct 28, 2024 - 04:51 PM (IST)

ਰਾਜ ਕੁਮਾਰ ਸਿੰਘ

ਇਸ ਵਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕੁਝ ਜ਼ਿਆਦਾ ਹੀ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਵੋਟਰ ਜਦੋਂ 20 ਨਵੰਬਰ ਨੂੰ ਵੋਟਾਂ ਪਾਉਣਗੇ ਤਾਂ ਅਗਲੀ ਸਰਕਾਰ ਹੀ ਨਹੀਂ ਚੁਣਨਗੇ, ਕੁਝ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦਾ ਭਵਿੱਖ ਵੀ ਤੈਅ ਕਰ ਦੇਣਗੇ। ਵੋਟਰ ਅਸਲੀ-ਨਕਲੀ ਸ਼ਿਵਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦਾ ਵੀ ਫ਼ੈਸਲਾ ਕਰਨਗੇ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਦੋ-ਚਾਰ ਨਹੀਂ ਸਗੋਂ 16 ਸਿਆਸੀ ਪਾਰਟੀਆਂ ਦਾਅ ਲਾ ਰਹੀਆਂ ਹਨ। ਬਤੌਰ ਆਜ਼ਾਦ ਵੀ ਕੁਝ ਨੇਤਾ ਆਪਣੀ ਕਿਸਮਤ ਅਜ਼ਮਾਉਣਗੇ। ਸੰਭਵ ਹੈ ਕਿ ਕੁਝ ਚੋਣ ਹਲਕਿਆਂ ’ਚ ਉਮੀਦਵਾਰਾਂ ਦੇ ਨਾਵਾਂ ਨੂੰ ਐਡਜਸਟ ਕਰਨ ਲਈ ਇਕ ਤੋਂ ਵੱਧ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਲੋੜ ਪੈ ਜਾਵੇ। ਫਿਲਹਾਲ ਸੱਤਾ ਦੀ ਮੁੱਖ ਜੰਗ ਸੱਤਾਧਾਰੀ ਮਹਾਯੁਤੀ ਭਾਵ ਰਾਜਗ ਅਤੇ ਮਹਾ ਵਿਕਾਸ ਆਘਾੜੀ ਭਾਵ ‘ਇੰਡੀਆ’ ਗੱਠਜੋੜ ਦੇ ਦਰਮਿਆਨ ਹੀ ਹੋਵੇਗੀ। ਦੋਵਾਂ ਦੇ ਗੱਠਜੋੜਾਂ ’ਚ ਮੁੱਖ ਤੌਰ ’ਤੇ 3-3 ਪਾਰਟੀਆਂ ਸ਼ਾਮਲ ਹਨ। ਮਹਾਯੁਤੀ ’ਚ ਭਾਜਪਾ, ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਅਤੇ ਅਜਿਤ ਪਵਾਰ ਦੀ ਰਾਕਾਂਪਾ ਹੈ ਤਾਂ ਮਹਾ ਵਿਕਾਸ ਆਘਾੜੀ ’ਚ ਕਾਂਗਰਸ, ਊਧਵ ਠਾਕਰੇ ਦੀ ਸ਼ਿਵਸੈਨਾ ਅਤੇ ਸ਼ਰਦ ਪਵਾਰ ਦੀ ਰਾਕਾਂਪਾ ਹੈ।

ਊਧਵ ਠਾਕਰੇ ਦੀ ਅਗਵਾਈ ਵਾਲੀ ਆਘਾੜੀ ਸਰਕਾਰ ਡੇਗ ਕੇ ਹੀ ਮਹਾਯੁਤੀ ਸੱਤਾ ’ਚ ਆਈ। ਉਸ ਸੱਤਾ ਤਬਦੀਲੀ ਦੀ ਖੇਡ ’ਚ ਸ਼ਿਵਸੈਨਾ ਦੀ ਵੱਡੀ ਭੂਮਿਕਾ ਰਹੀ। ਬੇਸ਼ੱਕ ਅਸਲੀ ਖਿਡਾਰੀ ਭਾਜਪਾ ਹੀ ਸੀ, ਜਿਸ ਦੀ ਸ਼ਹਿ ’ਤੇ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸ਼ਿਵਸੈਨਾ ਵਿਧਾਇਕ ਦਲ ’ਚ ਜ਼ਬਰਦਸਤ ਬਗਾਵਤ ਹੋਈ। ਭਾਜਪਾ ਵਿਧਾਨ ਸਭਾ ’ਚ ਸਭ ਤੋਂ ਵੱਡੀ ਪਾਰਟੀ ਹੈ। ਫਿਰ ਵੀ ਉਸ ਨੇ ਉਸ ਬਗਾਵਤ ਲਈ ਇਨਾਮ ਵਜੋਂ ਮੁੱਖ ਮੰਤਰੀ ਦਾ ਅਹੁਦਾ ਸ਼ਿੰਦੇ ਨੂੰ ਸੌਂਪ ਦਿੱਤਾ, ਜਦਕਿ ਆਪਣੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਉਪ ਮੁੱਖ ਮੰਤਰੀ ਬਣਾਇਆ।

ਦੋ-ਰਾਇ ਨਹੀਂ ਕਿ ਸ਼ਿਵਸੈਨਾ ਵਿਧਾਇਕ ਦਲ ਦੀ ਬਹੁਮਤ ਸ਼ਿੰਦੇ ਦੇ ਨਾਲ ਗਈ ਅਤੇ ਊਧਵ ਆਪਣੇ ਪਿਤਾ ਬਾਲਾ ਸਾਹਿਬ ਠਾਕਰੇ ਵਲੋਂ ਬਣਾਈ ਗਈ ਪਾਰਟੀ ’ਚ ਹੀ ਘੱਟ ਗਿਣਤੀ ’ਚ ਰਹਿ ਗਏ। ਸ਼ਿਵਸੈਨਾ ’ਚ ਬਗਾਵਤ ਦੀ ਜਾਇਜ਼ਤਾ ਅਤੇ ਵਿਧਾਨਪਾਲਿਕਾ ਤੋਂ ਲੈ ਕੇ ਨਿਆਪਾਲਿਕਾ ਤੱਕ ਸਵਾਲ ਉੱਠੇ ਪਰ ਹੁਣ ਜਦਕਿ ਨਵੀਂ ਵਿਧਾਨ ਸਭਾ ਲਈ ਚੋਣਾਂ ਹੋ ਰਹੀਆਂ ਹਨ, ਜਨਤਾ ਦੀ ਅਦਾਲਤ ’ਚ ਇਕ ਵਧੀਆ ਫ਼ੈਸਲਾ ਹੋ ਜਾਵੇਗਾ ਕਿ ਉਹ ਸ਼ਿੰਦੇ ਦੀ ਸ਼ਿਵਸੈਨਾ ਨੂੰ ਅਸਲੀ ਮੰਨਦੀ ਹੈ ਜਾਂ ਊਧਵ ਠਾਕਰੇ ਦੀ।

ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ’ਚ ਵੋਟਰਾਂ ਦਾ ਮਨ ਊਧਵ ਦੀ ਸ਼ਿਵਸੈਨਾ ਵੱਲ ਝੁਕਿਆ ਹੋਇਆ ਨਜ਼ਰ ਆਇਆ ਸੀ। ਮਹਾਯੁਤੀ ਨੂੰ 2019 ਦੇ ਮੁਕਾਬਲੇ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਰੀ ਨੁਕਸਾਨ ਹੋਇਆ। ਪਿਛਲੀ ਵਾਰ 48 ’ਚੋਂ 41 ਸੀਟਾਂ ਜਿੱਤਣ ਵਾਲਾ ਰਾਜਗ ਇਸ ਵਾਰ 17 ’ਤੇ ਸੁੰਗੜ ਗਿਆ ਪਰ ਉਸ ਤੋਂ ਬਾਅਦ ਸ਼ਿੰਦੇ ਸਰਕਾਰ ਨੇ ਲੋਕਾਂ ਨੂੰ ਭਰਮਾਉਣ ਵਾਲੀਆਂ ਯੋਜਨਾਵਾਂ ਦਾ ਐਲਾਨ ਕਰ ਕੇ ਵੋਟਰਾਂ ਦਾ ਮਨ ਮੋਹਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।

ਸ਼ਾਇਦ ਇਸੇ ਲਈ ਮਹਾਰਾਸ਼ਟਰ ’ਚ ਹਰਿਆਣੇ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਨਹੀਂ ਕਰਵਾਈਆਂ ਗਈਆਂ। 2019 ’ਚ ਦੋਵਾਂ ਸੂਬਿਆਂ ’ਚ ਇਹ ਚੋਣਾਂ ਇਕੱਠੀਆਂ ਹੋਈਆਂ ਸਨ। ਉਦੋਂ ਭਾਜਪਾ ਅਤੇ ਸ਼ਿਵਸੈਨਾ ਦੋਸਤ ਸਨ। ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਈ ਸ਼ਿੰਦੇ ਮੰਤਰੀ ਮੰਡਲ ਦੀ ਅੰਤਿਮ ਬੈਠਕ ’ਚ 150 ਮਿੰਟ ’ਚ ‘ਮੁਫ਼ਤ ਰਿਓੜੀਆਂ’ ਵੰਡਣ ਵਾਲੀਆਂ 50 ਯੋਜਨਾਵਾਂ ਦਾ ਐਲਾਨ ਕੀਤਾ ਗਿਆ।

ਇਹ ਐਲਾਨ ਸੱਤਾ ਵਿਰੋਧੀ ਭਾਵਨਾ ਦੇ ਨਾਲ ਹੀ ਊਧਵ ਅਤੇ ਸ਼ਰਦ ਪਵਾਰ ਪ੍ਰਤੀ ਹਮਦਰਦੀ ਨੂੰ ਵੀ ਘਟਾ ਕੇ ਵੋਟਰਾਂ ਦਾ ਮਨ ਕਿੰਨਾ ਬਦਲ ਸਕਣਗੇ, ਇਹ ਤਾਂ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਹੀ ਪਤਾ ਲੱਗੇਗਾ ਪਰ ਲੋਕ ਸਭਾ ਚੋਣਾਂ ਤੋਂ ਇਹ ਸੰਕੇਤ ਤਾਂ ਸਾਫ਼ ਹੈ ਕਿ ਸ਼ਿੰਦੇ ਦੀ ਸ਼ਿਵਸੈਨਾ ਅਜਿਤ ਪਵਾਰ ਦੀ ਰਾਕਾਂਪਾ ਦੀ ਤਰ੍ਹਾਂ ਹਵਾ-ਹਵਾਈ ਨਹੀਂ ਹੈ। ਓਧਰ ਅਜਿਤ ਪਵਾਰ ਦੇਵੇਂਦਰ ਫੜਨਵੀਸ ਦੇ ਨਾਲ ਇਕ ਸਵੇਰ ਉਪ ਮੁੱਖ ਮੰਤਰੀ ਬਣ ਕੇ ਸ਼ਰਦ ਪਵਾਰ ਦੀ ਰਾਕਾਂਪਾ ਤੋੜਨ ’ਚ ਅਸਫ਼ਲ ਰਹੇ ਸਨ। ਊਧਵ ਸਰਕਾਰ ਦੇ ਪਤਨ ਤੋਂ ਬਾਅਦ ਜਦੋਂ ਸ਼ਿੰਦੇ ਸਰਕਾਰ ਮਹਾਰਾਸ਼ਟਰ ’ਚ ਸੱਤਾਧਾਰੀ ਹੋ ਗਈ, ਅਜਿਤ ਪਵਾਰ ਵੀ ਆਪਣੇ ਚਾਚੇ ਦੀ ਪਾਰਟੀ ਤੋੜਨ ’ਚ ਸਫਲ ਹੋ ਗਏ।

ਰਾਕਾਂਪਾ ਦੇ ਦੋ-ਤਿਹਾਈ ਵਿਧਾਇਕਾਂ ਨੇ ਅਜਿਤ ਦੇ ਨਾਲ ਬਗਾਵਤ ਕਰ ਕੇ ਪਾਰਟੀ ’ਚ ਫੁੱਟ ਨੂੰ ਅੰਜਾਮ ਦਿੱਤਾ ਪਰ ਪੰਜਵੀਂ ਵਾਰ ਵੀ ਅਜਿਤ ਦੀ ਗੱਡੀ ਉਪ ਮੁੱਖ ਮੰਤਰੀ ਅਹੁਦੇ ’ਤੇ ਹੀ ਜਾ ਕੇ ਰੁਕ ਗਈ, ਜਦਕਿ ਉਨ੍ਹਾਂ ਦਾ ਸੁਫ਼ਨਾ ਮੁੱਖ ਮੰਤਰੀ ਬਣਨਾ ਹੈ। ਲੋਕ ਸਭਾ ਚੋਣਾਂ ’ਚ ਸਭ ਤੋਂ ਖਰਾਬ ਕਾਰਗੁਜ਼ਾਰੀ ਅਜਿਤ ਪਵਾਰ ਦੀ ਰਾਕਾਂਪਾ ਦੀ ਹੀ ਰਹੀ। ਉਸ ਦੇ ਕਾਰਨ ਵਿਧਾਨ ਸਭਾ ਚੋਣਾਂ ’ਚ ਵੱਧ ਸੀਟਾਂ ਲਈ ਅਜਿਤ ਦੀ ਦਾਅਵੇਦਾਰੀ ਕਮਜ਼ੋਰ ਪਈ ਹੈ। ਉਨ੍ਹਾਂ ਨੂੰ 50 ਦੇ ਨੇੜੇ-ਤੇੜੇ ਹੀ ਸੀਟਾਂ ਮਿਲਣ ਦੀ ਆਸ ਹੈ। ਜ਼ਾਹਿਰ ਹੈ, ਜਿੱਤਣਗੇ ਉਸ ਤੋਂ ਵੀ ਘੱਟ ਭਾਵ ਮੁੱਖ ਮੰਤਰੀ ਬਣਨ ਦਾ ਸੁਪਨਾ ਇਸ ਵਾਰ ਵੀ ਅਧੂਰਾ ਹੀ ਰਹੇਗਾ ਪਰ ਸ਼ਿੰਦੇ ਮੁੱਖ ਮੰਤਰੀ ਅਹੁਦੇ ਨੂੰ ਆਸਾਨੀ ਨਾਲ ਛੱਡਣ ਲਈ ਤਿਆਰ ਨਹੀਂ।

ਸੱਚ ਹੈ ਕਿ ਖੁਦ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਭਾਜਪਾ ਨੇ ਸ਼ਿਵਸੈਨਾ ਤੋੜਨ ਵਾਲੇ ਸ਼ਿੰਦੇ ਨੂੰ ਸਿਆਸੀ ਅਤੇ ਰਣਨੀਤਿਕ ਮਜਬੂਰੀ ’ਚ ਹੀ ਮੁੱਖ ਮੰਤਰੀ ਬਣਾਇਆ। ਨਵੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਭਾਜਪਾ ਇਸ ਮਜਬੂਰੀ ਤੋਂ ਨਿਕਲਣਾ ਚਾਹੇਗੀ। ਇਸੇ ਲਈ ਉਹ ਸ਼ਿੰਦੇ ਦੀ ਸ਼ਿਵਸੈਨਾ ਦੀਆਂ ਸੀਟਾਂ 75 ਦੇ ਨੇੜੇ-ਤੇੜੇ ਸੀਮਤ ਰੱਖਦੀ ਹੋਈ ਖੁਦ 150 ਸੀਟਾਂ ’ਤੇ ਲੜਨਾ ਚਾਹੁੰਦੀ ਹੈ। ਬੇਸ਼ੱਕ ਅਜੇ ਸ਼ਿੰਦੇ ਮੁੱਖ ਮੰਤਰੀ ਹਨ ਅਤੇ ਮਹਾਯੁਤੀ ਉਨ੍ਹਾਂ ਦੀ ਅਗਵਾਈ ’ਚ ਚੋਣ ਲੜ ਰਹੀ ਹੈ ਪਰ ਚੋਣਾਂ ਦੇ ਬਾਅਦ ਸਭ ਤੋਂ ਵੱਡੀ ਪਾਰਟੀ ਦਾ ਦਾਅਵਾ ਵੱਧ ਹੋਵੇਗਾ। ਇਸ ਲਈ ਸ਼ਿੰਦੇ ਵੱਧ ਸੀਟਾਂ ਲਈ ਦਬਾਅ ਬਣਾ ਰਹੇ ਹਨ।

ਦੂਜੇ ਪਾਸੇ ਆਘਾੜੀ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਦਾ ਅੰਕੜਾ ਹੈਰਾਨੀਜਨਕ ਨਜ਼ਰ ਆ ਰਿਹਾ ਹੈ। ਊਧਵ ਦੀ ਸ਼ਿਵਸੈਨਾ, ਸ਼ਰਦ ਪਵਾਰ ਦੀ ਰਾਕਾਂਪਾ ਅਤੇ ਕਾਂਗਰਸ 85-85 ਸੀਟਾਂ ’ਤੇ ਸਹਿਮਤ ਹੋ ਗਈਆਂ ਹਨ। ਬਾਕੀ 33 ਸੀਟਾਂ ’ਚੋਂ 13 ਛੋਟੀਆਂ ਪਾਰਟੀਆਂ ਨੂੰ ਦਿੱਤੇ ਜਾਣ ਦੇ ਸੰਕੇਤ ਹਨ ਜਦਕਿ ਬਾਕੀ 15 ’ਤੇ ਘੁੰਡੀ ਅਜੇ ਵੀ ਫਸੀ ਹੋਈ ਹੈ। ਇਹ ਆਪਸ ’ਚ ਹੀ ਵੰਡਣਗੀਆਂ। ਜੋ ਪਾਰਟੀ ਜ਼ਿਆਦਾ ਸੀਟਾਂ ਜਿੱਤੇਗੀ, ਮੁੱਖ ਮੰਤਰੀ ਅਹੁਦੇ ’ਤੇ ਉਸੇ ਦਾ ਦਾਅਵਾ ਵੱਧ ਮਜ਼ਬੂਤ ਹੋਵੇਗਾ।

ਬੇਸ਼ੱਕ ਫ਼ੈਸਲਾਕੁੰਨ ਤਾਂ ਜਿੱਤ ਹੀ ਹੋਵੇਗੀ ਪਰ ਫਿਲਹਾਲ ਊਧਵ ਅਤੇ ਸ਼ਰਦ, ਸ਼ਿੰਦੇ ਅਤੇ ਅਜਿਤ ਦੇ ਮੁਕਾਬਲੇ ਵੱਧ ਸੀਟਾਂ ਹਾਸਲ ਕਰਨ ’ਚ ਸਫ਼ਲ ਦਿਸ ਰਹੇ ਹਨ। ਜ਼ਾਹਿਰ ਹੈ, ਲੋਕ ਫਤਵੇ ਤੋਂ ਪਹਿਲਾਂ ਹੀ ਦੋਵਾਂ ਗੱਠਜੋੜਾਂ ’ਚ ਸੰਭਾਵਿਤ ਦ੍ਰਿਸ਼ ਦੇ ਮੱਦੇਨਜ਼ਰ ਸ਼ਹਿ-ਮਾਤ ਦੀ ਖੇਡ ਵੀ ਚੱਲ ਰਹੀ ਹੈ। ਸ਼ਿਵਸੈਨਾ ਅਤੇ ਰਾਕਾਂਪਾ ’ਚ ਹੋ ਚੁੱਕੀ ਵੰਡ ਦੇ ਮੱਦੇਨਜ਼ਰ ਕਾਂਗਰਸ ’ਤੇ ਸੂਬਾਈ ਨੇਤਾਵਾਂ ਅਤੇ ਵਰਕਰਾਂ ਦਾ ਦਬਾਅ ਹੈ ਕਿ ਉਹ ਜ਼ਿਆਦਾ ਸੀਟਾਂ ’ਤੇ ਲੜੇ, ਜਦਕਿ ਸਾਬਕਾ ਮੁੱਖ ਮੰਤਰੀ ਅਤੇ ਹਮਦਰਦੀ ਦੇ ਨਾਤੇ ਊਧਵ ਆਪਣੀ ਸ਼ਿਵਸੈਨਾ ਲਈ ਵੱਧ ਸੀਟਾਂ ਚਾਹੁੰਦੇ ਹਨ।

ਬਾਕੀ 15 ਸੀਟਾਂ ’ਚੋਂ ਕਿਸ ਦੇ ਹਿੱਸੇ ਕਿੰਨੀਆਂ ਆਉਣਗੀਆਂ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਮਰਾਠਾ ਸ਼ਤਰਪ ਸ਼ਰਦ ਪਵਾਰ ਆਪਣੇ ਰਾਕਾਂਪਾ ਧੜੇ ਨੂੰ ਤੀਜੇ ਸਥਾਨ ਤੋਂ ਚੁੱਕ ਕੇ ਊਧਵ ਦੀ ਸ਼ਿਵਸੈਨਾ ਅਤੇ ਕਾਂਗਰਸ ਦੇ ਬਰਾਬਰ ਖੜ੍ਹਾ ਕਰਨ ’ਚ ਤਾਂ ਸਫਲ ਹੋ ਹੀ ਗਏ ਹਨ। ਅਜਿਹੇ ’ਚ ਬਾਕੀ 15 ਸੀਟਾਂ ਊਧਵ ਅਤੇ ਕਾਂਗਰਸ ਦਰਮਿਆਨ ਵੰਡਣ ਦੇ ਆਸਾਰ ਵੱਧ ਹਨ। ਹਾਂ, ਸੀਟਾਂ ਦੀ ਵੰਡ ਅਤੇ ਕਿਸੇ ਹੱਦ ਤਕ ਉਮੀਦਵਾਰਾਂ ਦੇ ਐਲਾਨ ਨਾਲ ਵੀ, ਇਹ ਸੰਕੇਤ ਸਾਫ਼ ਹੈ ਕਿ ਕੋਈ ਵੀ ਗੱਠਜੋੜ ਇਸ ਚੋਣ ਨੂੰ ਹੌਲੇਪਨ ’ਚ ਨਹੀਂ ਲੈ ਰਿਹਾ, ਕਿਉਂਕਿ ਖੁਸ਼ਹਾਲ ਸੂਬੇ ਮਹਾਰਾਸ਼ਟਰ ਦੀ ਸੱਤਾ, ਇਸ ਮਹਿੰਗੀ ਸਿਆਸਤ ਦੇ ਦੌਰ ’ਚ ਕੋਈ ਵੀ ਕਿਸੇ ਵੀ ਕੀਮਤ ’ਤੇ ਨਹੀਂ ਗੁਆਉਣਾ ਚਾਹੁੰਦਾ।


rajwinder kaur

Content Editor

Related News