ਮਹਾਕੁੰਭ : ਜਿਥੇ ਵਿਕਾਸ ਅਤੇ ਆਸਥਾ ਇਕੱਠੇ ਆਉਂਦੇ ਹਨ

Thursday, Jan 30, 2025 - 03:04 PM (IST)

ਮਹਾਕੁੰਭ : ਜਿਥੇ ਵਿਕਾਸ ਅਤੇ ਆਸਥਾ ਇਕੱਠੇ ਆਉਂਦੇ ਹਨ

‘‘ਆਸਥਾ ਉਹ ਪੰਛੀ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਰੌਸ਼ਨੀ ਦੇ ਗੀਤ ਗਾਉਂਦਾ ਹੈ।’’ ਇਹ ਸ਼ਬਦ ਟੈਗੋਰ ਦੇ ਹਨ, ਜੋ ਸਾਨੂੰ ਬੁਰੇ ਸਮੇਂ ’ਚ ਵੀ ਪ੍ਰੇਰਣਾ ਦੇਣ ਅਤੇ ਵਿਕਾਸ ਕਰਨ ਲਈ ਆਸਥਾ ਦੀਆਂ ਸ਼ਾਸ਼ਵਤ ਸ਼ਕਤੀਆਂ ਦੀ ਯਾਦ ਦਿਵਾਉਂਦੇ ਹਨ। ਹਾਲਾਂਕਿ ਪਵਿੱਤਰ ਮਹਾਕੁੰਭ ਦੇ ਆਯੋਜਨ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀਆਂ ਹਾਲੀਆ ਟਿੱਪਣੀਆਂ ਕਿ ਪਵਿੱਤਰ ਗੰਗਾ ’ਚ ਡੁਬਕੀ ਲਾਉਣ ਨਾਲ ਨਾ ਤਾਂ ਗਰੀਬੀ ਦੂਰ ਹੁੰਦੀ ਹੈ ਅਤੇ ਨਾ ਹੀ ਰਾਸ਼ਟਰ ਦੀਆਂ ਚੁਣੌਤੀਆਂ ਦਾ ਹੱਲ ਹੁੰਦਾ ਹੈ, ਨਾ ਸਿਰਫ ਬੇਹੱਦ ਨਿਰਾਸ਼ਾਜਨਕ ਹੈ ਸਗੋਂ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਪ੍ਰਤੀ ਕਾਂਗਰਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਣਦੇਖੀ ਨੂੰ ਵੀ ਦਰਸਾਉਂਦੀਆਂ ਹਨ।

ਇਹ ਪਹਿਲੀ ਵਾਰ ਨਹੀਂ ਹੈ, ਨਾ ਹੀ ਉਹ ਇਕੱਲੇ ਕਾਂਗਰਸ ਆਗੂ ਹਨ ਜਿਨ੍ਹਾਂ ਨੇ ਹਿੰਦੂ ਮਾਨਤਾਵਾਂ ਨੂੰ ਇਸ ਤਰ੍ਹਾਂ ਨਾਲ ਤੁੱਛ ਦੱਸਿਆ ਹੈ। ਫਿਰ ਵੀ, ਉਨ੍ਹਾਂ ਦੀ ਬਿਆਨਬਾਜ਼ੀ ਦੀ ਹਰ ਘਟਨਾ ਪਿਛਲੀ ਘਟਨਾ ਤੋਂ ਕਿਤੇ ਵੱਧ ਹਾਸੋਹੀਣੀ ਅਤੇ ਸਪੱਸ਼ਟ ਤੌਰ ’ਤੇ ਗੁੱਸਾ ਦਿਵਾਉਣ ਵਾਲੀ ਹੈ। ਇਸ ਤੱਥ ਨੂੰ ਛੱਡ ਵੀ ਦੇਈਏ ਕਿ ਉਹ ਕਦੇ ਵੀ ਹੋਰ ਧਰਮਾਂ ਖਿਲਾਫ ਅਜਿਹੇ ਦੋਸ਼ ਨਹੀਂ ਲਾਉਂਦੇ ਜੋ ਕਿ ਘੋਰ ਪਖੰਡ ਕਾਰਜ ਹੈ, ਤਾਂ ਵੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਬਿਆਨ ਬੇਬੁਨਿਆਦ ਸਾਬਿਤ ਹੁੰਦੇ ਹਨ। ਖੜਗੇ ਦੇ ਬਿਆਨ ’ਚ ਕੋਈ ਤੱਥਾਤਮਕ ਆਧਾਰ ਨਹੀਂ ਸੀ। ਇਸ ’ਚੋਂ ਘੋਰ ਸਿਆਸੀ ਮੌਕਾਪ੍ਰਸਤੀ ਦੀ ਬੋਅ ਆ ਰਹੀ ਸੀ, ਜਿਸ ਨੂੰ ‘ਵਿਕਾਸ ਬਨਾਮ ਆਸਥਾ’ ਦੀ ਮਨਘੜਤ ਕਹਾਣੀ ਬਣਾਉਣ ਲਈ ਘੜਿਆ ਗਿਆ ਸੀ।

ਆਸਥਾ ਨੂੰ ਰੱਸਾਕਸ਼ੀ ’ਚ ਇਕ ਧਰੁਵ ਅਤੇ ਵਿਕਾਸ ਨੂੰ ਦੂਜਾ ਧਰੁਵ ਕਿਉਂ ਮੰਨਿਆ ਜਾਣਾ ਚਾਹੀਦਾ ਹੈ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਇਹ ਨਾ ਸਿਰਫ ਸੰਗਤ ਹੈ ਸਗੋਂ ਅਕਸਰ ਇਕ ਰਾਸ਼ਟਰ ਦੀ ਤਰੱਕੀ ਨੂੰ ਨਿਰਧਾਰਿਤ ਕਰਨ ’ਚ ਇਕ-ਦੂਜੇ ਦੇ ਤੱਤਾਂ ਨੂੰ ਮਜ਼ਬੂਤ ਕਰਦੇ ਹਨ। ਇਸ ਹਮਲੇ ਨੂੰ ਮੁੱਖ ਤੌਰ ’ਤੇ ਨਿਰਾਸ਼ਾਜਨਕ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਮਹਾਕੁੰਭ ਦੇ ਅਸਲ ਸਾਰ ਬਾਰੇ ਅਗਿਆਨਤਾ ਨੂੰ ਹੀ ਉਜਾਗਰ ਕਰਦਾ ਹੈ।

ਮਹਾਕੁੰਭ ਸਿਰਫ ਇਕ ਤਮਾਸ਼ਾ ਹੋਣ ਤੋਂ ਕਿਤੇ ਅੱਗੇ ਵਧ ਕੇ ਆਸਥਾ, ਏਕਤਾ ਅਤੇ ਸਮੂਹਿਕ ਮੰਤਵ ਦਾ ਡੂੰਘਾਈ ਨਾਲ ਜਸ਼ਨ ਮਨਾਉਂਦਾ ਹੈ। ਇਹ ਸਾਡੀ ਸਾਂਝੀ ਵਿਰਾਸਤ ਦੀ ਯਾਦ ਦਿਵਾਉਂਦਾ ਹੈ। ਲੱਖਾਂ ਲੋਕਾਂ ’ਚ ਅਪਣੱਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਂਦਾ ਹੈ। ਖੜਗੇ ਦੇ ਸੁਝਾਅ ਦੇ ਉਲਟ, ਅਜਿਹੇ ਆਯੋਜਨ ਵਿਕਾਸ ਨਾਲ ਵਿਚਲਿਤ ਨਹੀਂ ਕਰਦੇ, ਉਹ ਸਮਾਜਿਕ ਤਾਲਮੇਲ, ਆਰਥਿਕ ਸਰਗਰਮੀ ਅਤੇ ਸੱਭਿਆਚਾਰਕ ਸੁਰੱਖਿਆ ਲਈ ਇਕ ਪ੍ਰੇਰਕ ਸ਼ਕਤੀ ਹਨ।

ਇਸ ਨੂੰ ਦਿਖਾਵਟੀ ਮੰਨ ਕੇ ਖਾਰਿਜ ਕਰਨਾ ਸਾਡੇ ਦੇਸ਼ ਦੇ ਅਧਿਆਤਮਿਕ ਅਤੇ ਸਮਾਜਿਕ ਤਾਣੇ-ਬਾਣੇ ’ਚ ਇਸ ਵਲੋਂ ਕੀਤੇ ਜਾ ਰਹੇ ਮਹਾਨ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਕਾਂਗਰਸ ਪ੍ਰਧਾਨ ਵਲੋਂ ਪੁੱਛੇ ਗਏ ਸਵਾਲ, ‘ਕੀ ਗੰਗਾ ’ਚ ਡੁਬਕੀ ਲਾਉਣ ਨਾਲ ਗਰੀਬੀ ਦੂਰ ਹੁੰਦੀ ਹੈ’ ਦਾ ਜਵਾਬ ਸਾਨੂੰ ਭਾਵਨਾਵਾਂ ਨਾਲ ਨਹੀਂ ਸਗੋਂ ਤੱਥਾਂ ਨਾਲ ਦੇਣਾ ਚਾਹੀਦਾ ਹੈ। ਮਹਾਕੁੰਭ ਸਿਰਫ ਇਕ ਧਾਰਮਿਕ ਸਮਾਗਮ ਨਹੀਂ ਹੈ, ਇਹ ਆਰਥਿਕ ਸਰਗਰਮੀ ਅਤੇ ਜੀਵੰਤ ਸੱਭਿਆਚਾਰ ਦੀ ਇਕ ਵਿਸ਼ਾਲ ਸ਼ਕਤੀ ਹੈ ਜੋ ਲੱਖਾਂ ਲੋਕਾਂ ਦੇ ਦਰਵਾਜ਼ੇ ’ਤੇ ਖੁਸ਼ਹਾਲੀ ਲਿਆਉਂਦੀ ਹੈ।

ਹਰ 12 ਸਾਲ ’ਚ ਕੁੰਭ ਮੇਲਾ ਆਸ ਅਤੇ ਖੁਸ਼ੀ ਦਾ ਸਰੋਤ ਬਣਦਾ ਹੈ। ਕੁਝ ਅਜਿਹਾ ਜੋ ਸਾਡੀ ਅਧਿਆਤਮਿਕ ਊਰਜਾ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਜੀਵੰਤ ਕਰਦਾ ਹੈ। ਸਾਡੇ ਰਾਸ਼ਟਰ ਦੀ ਅਦਭੁਤ ਭਾਵਨਾ ਵਾਂਗ, ਮਹਾਕੁੰਭ ਹਰ ਲੰਘਦੇ ਚੱਕਰ ਨਾਲ ਵੱਡਾ ਅਤੇ ਬਿਹਤਰ ਹੁੰਦਾ ਜਾਂਦਾ ਹੈ ਜੋ ਤਰੱਕੀ, ਏਕਤਾ ਅਤੇ ਭਗਤੀ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ ਮੈਂ ਇਸ ਆਯੋਜਨ ਦੀ ਯਕੀਨ ਨਾ ਆਉਣ ਵਾਲੀ ਵਿਸ਼ਾਲਤਾ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹਾਂ। ਇਸ ਸਾਲ 15.20 ਲੱਖ ਕਲਪਵਾਸੀਆਂ ਸਮੇਤ 45 ਕਰੋੜ ਤੋਂ ਵੱਧ ਲੋਕਾਂ ਦੇ ਹਿੱਸਾ ਲੈਣ ਦੀ ਆਸ ਹੈ। ਇਸ ਤਰ੍ਹਾਂ ਇਹ ਦਰਜ ਇਤਿਹਾਸ ’ਚ ਸਭ ਤੋਂ ਵੱਡਾ ਮਨੁੱਖੀ ਇਕੱਠ ਹੋਵੇਗਾ। ਆਯੋਜਨ ਖੇਤਰ 4,000 ਹੈਕਟੇਅਰ ’ਚ ਫੈਲਿਆ ਹੋਇਆ ਹੈ ਅਤੇ ਇਸ ’ਚ 12 ਕਿਲੋਮੀਟਰ ਦਾ ਬੁਨਿਆਦੀ ਢਾਂਚਾ ਹੈ ਜੋ ਇਕ ਹੈਰਾਨੀ ਹੈ।

ਮੇਲਾ ਖੇਤਰ ਦੇ ਅੰਦਰ ਸੜਕਾਂ ਦਾ ਵਿਸਥਾਰ 299 ਕਿਲੋਮੀਟਰ ਤੋਂ ਵਧਾ ਕੇ 450 ਕਿਲੋਮੀਟਰ ਕਰ ਦਿੱਤਾ ਗਿਆ ਹੈ। ਅੰਕੜੇ ਕਦੇ ਖਤਮ ਨਾ ਹੋਣ ਵਾਲੀ ਕਹਾਣੀ ਦੱਸਦੇ ਹਨ। ਮਹਾਕੁੰਭ ਵਿਕਾਸ ਦੇ ਇੰਜਣ ਵਾਂਗ ਹੈ, ਜੋ ਪ੍ਰਯਾਗਰਾਜ ਨੂੰ ਪੂਰੀ ਤਰ੍ਹਾਂ ਨਾਲ ਸਰਗਰਮੀ, ਵਿਕਾਸ ਅਤੇ ਵਿਸ਼ਵ ਧਿਆਨ ਦੇ ਕੇਂਦਰ ’ਚ ਬਦਲ ਰਿਹਾ ਹੈ। 2019 ਦੇ ਕੁੰਭ ਨੇ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ’ਚ 1.2 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਇਆ। ਇਸ ਵਾਰ, ਇਸ ਮਹਾਕੁੰਭ ਤੋਂ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਪ੍ਰਭਾਵ ਨਿਕਲਣ ਦੀ ਆਸ ਹੈ।

ਇਸ ਸੰਦਰਭ ’ਚ ਦੇਖੀਏ ਤਾਂ ਖੁਰਾਕ ਅਤੇ ਪੀਣ ਵਾਲੇ ਪਦਾਰਥ ਉਦਯੋਗ ’ਚੋਂ ਇਕੱਲੇ 20,000 ਕਰੋੜ ਰੁਪਏ ਮਿਲਣ ਦੀ ਆਸ ਹੈ ਅਤੇ ਧਾਰਮਿਕ ਵਸਤੂਆਂ ਅਤੇ ਪ੍ਰਸ਼ਾਦ ਤੋਂ 20,000 ਕਰੋੜ ਰੁਪਏ ਦਾ ਯੋਗਦਾਨ ਮਿਲੇਗਾ। ਟਰਾਂਸਪੋਰਟ, ਰਸਦ ਅਤੇ ਸੈਰ-ਸਪਾਟਾ ਸੇਵਾਵਾਂ ਲਈ ਅੰਦਾਜ਼ਨ 10,000 ਕਰੋੜ ਰੁਪਏ ਹਨ ਅਤੇ ਮਨੋਰੰਜਨ ਅਤੇ ਮੀਡੀਆ ’ਚ ਪ੍ਰਚਾਰ ਸਰਗਰਮੀਆਂ ਤੋਂ ਵੀ 10,000 ਕਰੋੜ ਰੁਪਏ ਜੁੜਨ ਦੀ ਉਮੀਦ ਹੈ।

ਇਥੋਂ ਤਕ ਕਿ ਸਿਹਤ ਦੇਖਭਾਲ, ਕਰਿਆਨੇ ਦਾ ਸਾਮਾਨ ਅਤੇ ਡੇਅਰੀ ਉਤਪਾਦਕਾਂ ਦਾ ਅੰਦਾਜ਼ਾ ਵੀ ਕੁਝ ਹਜ਼ਾਰ ਕਰੋੜ ਰੁਪਏ ਦਾ ਹੈ। ਇਹ ਬੇੜੀਆਂ ਵਾਲਿਆਂ ਦੀ 50 ਕਰੋੜ ਰੁਪਏ ਦੀ ਆਮਦਨ ਤੋਂ ਲੈ ਕੇ ਪ੍ਰਯਾਗਰਾਜ ਤੋਂ ਪਰ੍ਹੇ ਦੇ ਇਲਾਕਿਆਂ ’ਚ ਪ੍ਰਾਹੁਣਚਾਰੀ ਉਦਯੋਗ ਤੋਂ 2500 ਕਰੋੜ ਰੁਪਏ ਤਕ ਦੀ ਆਮਦਨ ਨੂੰ ਦਰਸਾਉਂਦਾ ਹੈ। ਲੋਕਾਂ ਦੇ ਠਹਿਰਨ ਲਈ 1,50,000 ਤੋਂ ਵੱਧ ਟੈਂਟ, 3,000 ਰਸੋਈਆਂ, 1,45,000 ਟਾਇਲਟ ਅਤੇ 99 ਪਾਰਕਿੰਗ ਸਥਾਨ ਬਣਾਏ ਗਏ ਹਨ। ਮਹਾਕੁੰਭ ’ਚ 15 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀਆਂ ਦੇ ਆਉਣ ਦੀ ਵੀ ਉਮੀਦ ਹੈ, ਜੋ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਵਿਸ਼ਵ ਮੰਚ ਪ੍ਰਦਾਨ ਕਰੇਗਾ।

ਹੁਣ ਖੜਗੇ ਦੇ ਬਿਆਨ ਦੇ ਦੂਸਰੇ ਹਿੱਸੇ ’ਤੇ ਵਿਚਾਰ ਕਰੋ, ‘ਕੀ ਇਹ ਭੋਜਨ ਮੁਹੱਈਆ ਕਰਵਾਉਂਦਾ ਹੈ’ ਇਸ ਦਾ ਉੱਤਰ ਹਿੰਦੂ ਧਰਮ ਦੇ ਲੋਕਾਚਾਰ ’ਚ ਨਿਹਿਤ ਹੈ, ‘100 ਹੱਥਾਂ ਨਾਲ ਕਮਾਓ ਅਤੇ 1,000 ਹੱਥਾਂ ਨਾਲ ਦਾਨ ਕਰੋ।’ ਦੇਣ ਦੀ ਇਹ ਭਾਵਨਾ ਮਹਾਕੁੰਭ ’ਚ ਡੂੰਘਾਈ ਨਾਲ ਸਮੋਈ/ਰਚੀ ਹੋਈ ਹੈ। 200 ਤੋਂ ਵੱਧ ਧਾਰਮਿਕ ਸੰਸਥਾਵਾਂ ਹਰ ਰੋਜ਼ ਲੱਖਾਂ ਆਉਣ ਵਾਲਿਆਂ ਨੂੰ ਮੁਫਤ ’ਚ ਤਾਜ਼ਾ ਪੱਕਿਆ ਹੋਇਆ, ਗਰਮ ਭੋਜਨ ਪਰੋਸਣ ਲਈ ਕੈਂਪ ਲਾਉਣਗੀਆਂ। ਪ੍ਰਯਾਗਰਾਜ ਅਤੇ ਉਸ ਦੇ ਆਲੇ-ਦੁਆਲੇ ਦੇ ਵਪਾਰ ’ਤੇ ਇਸ ਆਯੋਜਨ ਦਾ ਪ੍ਰਭਾਵ ਅਤੇ ਇਸ ਦੇ ਸਿੱਟੇ ਵਜੋਂ ਵਿਕਾਸ ਦੀ ਲਹਿਰ ਅਣਗਿਣਤ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗੀ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਰਾਸ਼ਟਰ ਨੂੰ ਲਾਭ ਨਹੀਂ ਹੋਵੇਗਾ।

ਪ੍ਰੋ. ਗੌਰਵ ਵੱਲਭ


author

Tanu

Content Editor

Related News