ਮੋਦੀ ਦੀ ਥਾਂ ਮੁੱਦਿਆਂ ’ਤੇ ਧਿਆਨ ਦੇਵੇ ਮਹਾਗੱਠਜੋੜ
Thursday, Jun 15, 2023 - 02:23 PM (IST)

ਪ੍ਰਮੁੱਖ ਵਿਰੋਧੀ ਸਿਆਸੀ ਦਲ ਅਗਲੇ ਹਫਤੇ 23 ਜੂਨ ਨੂੰ ਪਟਨਾ ’ਚ ਇਕ ਵਿਸ਼ਾਲ ਰੈਲੀ ’ਚ ਆਗਾਮੀ ਲੋਕ ਸਭਾ ਚੋਣਾਂ ਲਈ ਬਿਗੁਲ ਵਜਾਉਣ ਵਾਲੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਇਕ ਹੀ ਮੰਚ ’ਤੇ ਇਨ੍ਹਾਂ ਸਾਰੇ ਦਲਾਂ ਦੀ ਪ੍ਰਤੀਨਿੱਧਤਾ ਉਨ੍ਹਾਂ ਦੇ ਚੋਟੀ ਦੇ ਆਗੂਆਂ ਵੱਲੋਂ ਕੀਤੀ ਜਾਵੇਗੀ। ਕੁਝ ਮਹੀਨੇ ਪਹਿਲਾਂ ਤੱਕ ਪ੍ਰਮੁੱਖ ਖੇਤਰੀ ਦਲ ਜਿਹੜੇ ਜ਼ਿਆਦਾਤਾਰ ਆਪਣੇ ਆਪਣੇ ਸੂਬੇ ’ਚ ਸ਼ਾਸਨ ਕਰ ਰਹੇ ਸਨ, ਲਗਾਤਾਰ ਚੋਣਾਂ ਦੀ ਹਾਰ ਨੂੰ ਦੇਖਦੇ ਹੋਏ ਕਾਂਗਰਸ ਨੂੰ ਕਿਨਾਰੇ ’ਤੇ ਰੱਖ ਰਹੇ ਸਨ। ਇਨ੍ਹਾਂ ’ਚੋਂ ਕੁਝ ਖੇਤਰੀ ਸਿਆਸੀ ਦਲਾਂ ਦੇ ਆਗੂ ਜਿਵੇਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ, ਖੁਦ ਨੂੰ ਵਿਰੋਧੀ ਧਿਰ ਦੇ ਆਗੂ ਦੇ ਰੂਪ ’ਚ ਪੇਸ਼ ਕਰ ਰਹੇ ਸਨ, ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦੇ ਸਨ। ਪ੍ਰਤੱਖ ਤੌਰ ’ਤੇ ਸਿਆਸੀ ਦ੍ਰਿਸ਼ ਨੂੰ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐੱਨ. ਡੀ. ਏ.) ਵਲੋਂ ਉਤਸ਼ਾਹ ਨਾਲ ਦੇਖਿਆ ਗਿਆ ਸੀ। ਜਿਸ ’ਚ ਵਿਰੋਧੀ ਆਗੂਆਂ ਦਰਮਿਆਨ ਤੀਜੇ ਕਾਰਜਕਾਲ ਦਾ ਇਕ ਰੌਸ਼ਨ ਮੌਕਾ ਦੇਖਿਆ ਗਿਆ ਸੀ। ਉਨ੍ਹਾਂ ਦਰਮਿਆਨ ਕੋਈ ਵੀ ਏਕਤਾ ‘ਦੂਰ ਦੀ ਕੌਡੀ’ ਬਣੀ ਰਹੀ।
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇ ਕਰਨਾਟਕ ’ਚ ਉਨ੍ਹਾਂ ਦੀ ਪਾਰਟੀ ਦੀ ਸ਼ਾਨਦਾਰ ਸਫਲਤਾ ਕਾਰਨ ਪਾਰਟੀ ਨੂੰ ਫਿਰ ਤੋਂ ਮੋਹਰੀ ਰਾਸ਼ਟਰੀ ਪਾਰਟੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਕਾਂਗਰਸ ਗੁਜਰਾਤ ’ਚ ਬੁਰੀ ਤਰ੍ਹਾਂ ਹਾਰ ਗਈ ਅਤੇ ਹਿਮਾਚਲ ਪ੍ਰਦੇਸ਼ ’ਚ ਬਿਨਾਂ ਕਿਸੇ ਯੋਗਦਾਨ ਦੇ ਜਿੱਤ ਗਈ। ਇਸ ਨਾਲ ਪਾਰਟੀ ਵਰਕਰਾਂ ’ਚ ਉਤਸ਼ਾਹ ਭਰ ਗਿਆ ਸੀ। ਵਿਰੋਧੀ ਆਗੂ ਵੀ ਆਗਾਮੀ ਚੋਣਾਂ ’ਚ ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਡ੍ਰਾਈਵਰ ਸੀਟ ’ਤੇ ਕਾਂਗਰਸ ਨੂੰ ਨਹੀਂ ਦੇਖ ਸਕਦੇ ਪਰ ਹੁਣ ਮੰਨਦੇ ਹਨ ਕਿ ਕਾਂਗਰਸ ਦੇ ਬਿਨਾਂ ਕੋਈ ਵਿਰੋਧੀ ਧਿਰ ਗਠਜੋੜ ਨਹੀਂ ਹੋ ਸਕਦਾ। ਮਹੱਤਵਪੂਰਨ ਤੌਰ ’ਤੇ ਇਸ ਨੇ ਰਾਹੁਲ ਗਾਂਧੀ ਦੇ ਅਕਸ ਨੂੰ ‘ਪੱਪੂ’ ਤੋਂ ‘ਰਾਹੁਲ’ ’ਚ ਬਦਲ ਦਿੱਤਾ ਸੀ। ਨਾਲ ਹੀ ਹੋਰ ਸਿਆਸੀ ਆਗੂ ਉਨ੍ਹਾਂ ਨੂੰ ਕੁਝ ਗੰਭੀਰਤਾ ਨਾਲ ਦੇਖਣ ਲੱਗੇ ਸਨ।
ਇਸੇ ਆਲੋਕ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਨਿਤੀਸ਼ ਕੁਮਾਰ ਦੀ ਮੁਲਾਕਾਤ ਮਹੱਤਵਪੂਰਨ ਸੀ। ਦੋਵਾਂ ਆਗੂਆਂ ਨੇ ਅਗਲੇ ਹਫਤੇ ਪਟਨਾ ’ਚ ਮਹਾਗੱਠਜੋੜ ਦੀ ਰੈਲੀ ’ਚ ਸ਼ਾਮਲ ਹੋਣ ’ਚ ਸਹਿਮਤੀ ਜਤਾਈ ਹੈ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਵੀ ਬੈਠਕ ’ਚ ਕਾਂਗਰਸ ਆਗੂਆਂ ਦਾ ਸਵਾਗਤ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਗ੍ਰਹਿ ਸੂਬੇ ’ਚ ਕਾਂਗਰਸ ਨਾਲ ਉਨ੍ਹਾਂ ਦੀ ਸਖਤ ਮੁਕਾਲੇਬਾਜ਼ੀ ਹੈ। ਅਸਲ ’ਚ ਉਨ੍ਹਾਂ ਨੇ ਪਿਛਲੇ ਹਫਤੇ ਹੀ ਇਕ ਕਾਂਗਰਸ ਵਿਧਾਇਕ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਸੀ ਪਰ ਕਿਹਾ ਕਿ ਖੇਤਰੀ ਸਿਆਸਤ ਰਾਸ਼ਟਰੀ ਸਿਆਸਤ ਤੋਂ ਅਲੱਗ ਸੀ। ਦਿਲਚਸਪ ਗੱਲ ਇਹ ਹੈ ਕਿ ਮਮਤਾ ਦਾਅਵਾ ਕਰਦੀ ਰਹੀ ਹੈ ਕਿ ਅੱਜ ਵੀ ਬੰਗਾਲ ’ਚ ਕਾਂਗਰਸ, ਖੱਬੇਪੱਖੀਆਂ ਅਤੇ ਭਾਜਪਾ ਨੇ ਉਨ੍ਹਾਂ ਦਾ ਵਿਰੋਧ ਕਰਨ ਲਈ ਹੱਥ ਮਿਲਾ ਲਿਆ ਸੀ।
ਨਿਤੀਸ਼ ਕੁਮਾਰ ਅਨੁਸਾਰ ਕਾਂਗਰਸ ਤੇ ਮਮਤਾ ਬੈਨਰਜੀ ਤੋਂ ਇਲਾਵਾ ਸਾਂਝੀ ਵਿਰੋਧੀ ਧਿਰ ਦੀ ਰੈਲੀ ’ਚ ਹਾਜ਼ਰ ਹੋਣ ਲਈ ਆਮ ਸਹਿਮਤੀ ਰੱਖਣ ਵਾਲੇ ਹੋਰ ਆਗੂਆਂ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਰਾਕਾਂਪਾ ਮੁਖੀ ਸ਼ਰਦ ਪਵਾਰ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਾਕਪਾ ਜਨਰਲ ਸਕੱਤਰ ਵੀ. ਰਾਜਾ, ਮਾਕਪਾ ਜਨਰਲ ਸਕੱਤਰ ਸੀਤਾਰਾਮ ਯੈਚੁਰੀ ਸ਼ਾਮਲ ਹਨ।
ਸੰਯੋਗ ਨਾਲ ਬੈਠਕ ਦਾ ਸਥਾਨ ਹੋਰ ਸਥਾਨਾਂ ’ਤੇ ਮਤਭੇਦ ਹੋਣ ਦੇ ਬਾਅਦ ਚੁਣਿਆ ਗਿਆ ਸੀ ਕਿਉਂਕਿ ਕੁਝ ਵਿਰੋਧੀ ਨੇਤਾ ਇਕ ਨਿਰਪੱਖ ਥਾਂ ਚਾਹੁੰਦੇ ਸੀ ਜਿੱਥੇ ਕਾਂਗਰਸ ਨੂੰ ਬੈਠਕ ਲਈ ਮੇਜ਼ਬਾਨ ਦੀ ਭੂਮਿਕਾ ਨਿਭਾਉਣ ਨੂੰ ਨਾ ਮਿਲੇ।
ਪਰ ਹੁਣ ਵਿਰੋਧੀ ਧਿਰ ਆਪਣੇ ਸਾਰੇ ਚੋਟੀ ਦੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ’ਚ ਸਮਰੱਥ ਹੋ ਸਕਦੀ ਹੈ ਤਾਂ ਉਸ ਵੱਲੋਂ ਇਹ ਮੰਨਣਾ ਮੂਰਖਤਾ ਹੋਵੇਗੀ ਕਿ ਸਾਂਝਾ ਮੋਰਚਾ ਬਣਾਉਣ ਨਾਲ ਮੋਦੀ ਦੀ ਅਗਵਾਈ ਵਾਲੇ ਗਠਜੋੜ ਨੂੰ ਵੱਡੀ ਚੁਣੌਤੀ ਮਿਲੇਗੀ। ਇਸ ਤਰ੍ਹਾਂ ਜੇ ਇਨ੍ਹਾਂ ਆਗੂਆਂ ਨੂੰ ਲੱਗਦਾ ਹੈ ਕਿ ਉਹ ਸਿਰਫ ‘ਮੋਦੀ ਹਟਾਓ’ ਦੇ ਨਾਅਰੇ ਨਾਲ ਜੇਤੂ ਬਣ ਕੇ ਉਭਰ ਸਕਦੇ ਹਨ ਤਾਂ ਉਹ ਸਿਰਫ ਸੁਪਨਾ ਹੀ ਦੇਖ ਰਹੇ ਹੋਣਗੇ।
ਉਨ੍ਹਾਂ ਨੂੰ ਦੇਸ਼ ਅਤੇ ਇਸ ਦੇ ਨਾਗਰਿਕਾਂ ਨੂੰ ਅੱਗੇ ਲਿਜਾਣ ਲਈ ਇਕ ਠੋਸ ਕਾਰਜ ਯੋਜਨਾ ਨਾਲ ਸਾਹਮਣੇ ਆਉਣ ਦੀ ਲੋੜ ਹੋਵੇਗੀ। ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੌਕਰੀਆਂ ਦੀ ਸਿਰਜਣਾ, ਉੱਦਮਸ਼ੀਲਤਾ, ਅਰਥਵਿਵਸਥਾ, ਭਾਈਚਾਰਕ ਸਦਭਾਵ, ਕਾਨੂੰਨ ਦਾ ਸ਼ਾਸਨ, ਲੋਕਤੰਤਰ ਦੀ ਸੁਰੱਖਿਆ, ਸਿੱਖਿਆ, ਪੋਸ਼ਣ ਅਤੇ ਸਿਹਤ, ਬੁਨਿਆਦੀ ਢਾਂਚਾ, ਰਿਹਾਇਸ਼ ਅਤੇ ਅਜਿਹੇ ਕਈ ਖੇਤਰਾਂ ਬਾਰੇ ਗੱਲ ਕਰਨ ਦੀ ਲੋੜ ਹੋਵੇਗੀ। ਮੁੁਫਤ ਦੀਆਂ ਚੀਜ਼ਾਂ ਵੰਡਣ ਅਤੇ ਗੈਰ-ਵਿਵਹਾਰਕ ਭਰੋਸਾ ਦੇਣ ਨਾਲ ਮਦਦ ਨਹੀਂ ਮਿਲੇਗੀ। ਦੇਸ਼ ਦੇ ਨਾਗਰਿਕ ਅਜਿਹੀਆਂ ਨੌਟੰਕੀਆਂ ਨੂੰ ਕਾਫੀ ਦੇਖ ਚੁੱਕੇ ਹਨ। ਉਹ ਇਕ ਸ਼ਾਂਤੀਪੂਰਨ, ਮਜ਼ਬੂਤ ਅਤੇ ਭਵਿੱਖ ਮੁਖੀ ਭਾਰਤ ਲਈ ਪੋਲਿੰਗ ਕਰਨਾ ਚਾਹੁਣਗੇ।