ਆਉ ਬੱਚਿਆਂ ਨੂੰ ਹੀਣ ਭਾਵਨਾ ''ਚੋਂ ਕੱਢੀਏ

04/07/2017 5:59:53 PM

ਜੋਹਨ ਲਾਕ ਨੇ ਬੱਚੇ ਦੇ ਮਨ ਦੀ ਤੁਲਨਾ ਟਬੁਲਾ ਰਾਸਾ ਭਾਵ ਖਾਲੀ ਸਲੇਟ ਨਾਲ ਕੀਤੀ ਹੈ। ਬੱਚੇ ਦਾ ਮਨ ਇੱਕ ਖਾਲੀ ਸਲੇਟ ਵਾਂਗ ਸਾਫ ਹੁੰਦਾ ਹੈ । ਬੱਚਾ ਜੀਵਨ ਦੇ ਮੁੱਢਲੇ ਵਰ੍ਹਿਆਂ ''ਚ ਮਾਨਸਿਕ ਅਤੇ ਬੌਧਿਕ ਤੌਰ ਤੇ ਪੂਰਨ ਵਿਕਸਿਤ ਨਹੀਂ ਹੁੰਦਾ । ਵਾਧੇ ਅਤੇ ਵਿਕਾਸ ਦੇ ਨਾਲ-ਨਾਲ ਉਸਦਾ ਸਮਾਜੀਕਰਨ ਹੁੰਦਾ ਹੈ। ਜਿਸ ਵਿੱਚ ਉਸਦਾ ਆਪਣਾ ਪਰਿਵਾਰ, ਆਂਢੀ-ਗੁਆਂਢੀ, ਅਧਿਆਪਕ ਅਤੇ ਸਹਿਪਾਠੀਆਂ ਅਹਿਮ ਭੂਮਿਕਾ ਨਿਭਾਉਂਦੇ ਹਨ । ਉਹ ਸਮਾਜਿਕ ਵਾਤਾਵਰਣ ਤੋਂ ਢੇਰ ਸਾਰੇ ਚੰਗੇ ਅਤੇ ਮਾੜੇ ਪ੍ਰਭਾਵ ਗ੍ਰਹਿਣ ਕਰਦਾ ਹੈ । ਜੋ ਉਸਨੂੰ ਅੱਗੇ ਵੱਧਣ ''ਚ ਉਸਦੀ ਮਦਦ ਕਰਦੇ ਹਨ। ਹੀਣ ਭਾਵਨਾ ਵੀ ਸਮਾਜਕ ਸੰਬੰਧਾਂ ਵਿੱਚੋਂ ਉਪਜਦੀ ਹੈ। ਬੱਚੇ ਦੇ ਮਨ ਵਿਚ ਹੀਣ ਭਾਵਨਾ ਆਉਣ ਦਾ ਕਾਰਨ ਉਸਦਾ ਆਲਾ-ਦੁਆਲਾ ਹੁੰਦਾ ਹੈ । ਅਧਿਆਪਕ ਦੁਆਰਾ ਦਿੱਤਾ ਕਾਰਜ ਨਾ ਕਰਨ, ਘਰ ਵਿੱਚ ਕੋਈ ਗਲਤੀ ਹੋਣ ''ਤੇ ਮਾਪਿਆਂ ਦੁਆਰਾ ਘਰ ''ਚ ਸਾਰੇ ਬੱਚਿਆਂ ਨੂੰ ਬਰਾਬਰ ਅਹਿਮੀਅਤ ਨਾ ਦੇਣ ਜਿਵੇਂ ਨਵ ਜਨਮੇ ਬੱਚੇ ਨਾਲ ਜ਼ਿਆਦਾ ਲਗਾਉ ਕਾਰਨ ਵੱਡੇ ਬੱਚੇ ਵੱਲ ਘੱਟ ਧਿਆਨ ਦੇਣ , ਅਧਿਆਪਕ ਅਤੇ ਮਾਪਿਆਂ ਦੁਆਰਾ ਦੂਸਰੇ ਬੱਚੇ ਦੀ ਕਾਰਗੁਜਾਰੀ ਜਾਂ ਪੇਪਰਾਂ ''ਚੋ ਪ੍ਰਾਪਤ ਅੰਕਾਂ ਨਾਲ ਤੁਲਨਾ ਕਰਨ ਦੇ ਨਤੀਜੇ ਵਜੋਂ ਜਦੋ ਕੋਈ ਗੱਲ ਵਾਰ ਵਾਰ ਕਹੀ ਜਾਂਦੀ ਹੈ ਜਾਂ ਅਧਿਆਪਕ ਮਾਪੇ ਜਾਂ ਕੋਈ ਹੋਰ ਉਸਨੂੰ  ਸੁਸਤ, ਬੇਅਕਲ, ਨਲਾਇਕ, ਬੁੱਧੂ ਕਹਿੰਦਾ ਹੈ ਜਾਂ ਉਸਦੀ ਸਰੀਰਕ ਬਣਤਰ ਬਾਰੇ ਟਿੱਪਣੀ ਕਰਦਾ ਹੈ ਤਾਂ ਬੱਚਾ ਆਪਣੇ ਬਾਰੇ ਗਲਤ ਧਾਰਨਾ ਬਣਾ ਲੈਂਦਾ ਹੈ । ਭਾਵੇਂ ਕਿ ਕੁਝ ਬੱਚੇ ਅਜਿਹੀਆਂ ਗੱਲਾ ਨੂੰ ਸਕਾਰਾਤਮ ਰੂਪ ''ਚ ਲੈ ਅੰਦਰੂਨੀ ਤੌਰ ਤੇ ਅੱਗੇ ਨਾਲੋ  ਵਧੀਆ ਕਰਨ ਲਈ ਉਤਸ਼ਾਹਤ ਹੋ ਜਾਂਦੇ ਹਨ ਪਰ ਕਈ ਬੱਚੇ ਇਸਨੂੰ ਨਕਾਰਾਤਮ ਤਰੀਕੇ ਨਾਲ ਲਂੈਦੇ ਹਨ ਅਤੇ ਉਹਨਾ ਦੇ ਆਤਮ ਸਨਮਾਨ ਨੂੰ ਠੇਸ ਪੁੱਜਦੀ ਹੈ ਉਹ ਆਪਣੇ ਆਪ ਨੂੰ ਕਿਸੇ ਕੰਮ ਦੇ ਯੋਗ ਨਹੀ ਸਮਝਦੇ । ਹੀਣ ਭਾਵਨਾ ਦਾ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਂਦਾ ਹੈ। ਇਸ ਨਾਲ ਬੱਚਾ ਇੱਕ ਬੋਝ ਜਾਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਜੀਵਨ ਭਰ ਉਹ ਅਜਿਹਾ ਮਹਿਸੂਸ ਕਰਦਾ ਰਹੇਗਾ ਜੇਕਰ ਉਸਨੂੰ ਇਸ ਭਾਵ ''ਚੋਂ ਨਾ ਕੱਢਿਆ ਜਾਵੇ।
ਬੱਚਿਆਂ ਨੂੰ ਹੀਣ ਭਾਵਨਾ ਤੋਂ ਬਚਾਉਣ ਲਈ ਸਭ ਤੋਂ ਪਹਿਲਾ ਅਧਿਆਪਕ ਅਤੇ ਮਾਪਿਆਂ ਨੂੰ ਬੱਚੇ ਦੇ ਮਨੋਵਿਗਿਆਨ ਅਤੇ ਮਾਨਸਿਕ ਪੱਧਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਭਾਵ ਐਨਾ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਬੱਚੇ ਬਰਾਬਰ ਨਹੀਂ ਹੁੰਦੇ ਉਹਨਾ ਵਿੱਚ ਵਿਅਕਤੀਗਤ ਅੰਤਰ ਪਾਏ ਜਾਂਦੇ ਹਨ।ਪਰ ਪ੍ਰਮਾਤਮਾ ਨੇ ਹਰ ਬੱਚੇ ਨੂੰ ਅਲੱਗ ਕਿਸਮ ਦਾ ਬੌਧਿਕ ਗੁਣ ਜਰੂਰ ਦਿੱਤਾ ਹੈ ।ਅਧਿਆਪਕ ਨੂੰ ਹਰ ਇਕ ਬੱਚੇ ਵਿੱਚ ਉਸਦੇ ਗੁਣਾ ਦਾ ਪਤਾ ਲਗਾ ਕੇ ਉਸਨੂੰ ਪ੍ਰੋਤਸਾਹਨ ਕਰਨਾ ਚਾਹੀਦਾ ਹੈ । ਮਾਪਿਆਂ ਨੂੰ ਆਪਣੇ ਬੱਚਿਆਂ ਦੀ ਤੁਲਨਾ ਹੋਰ ਬੱਚਿਆਂ ਨਾਲ ਨਹੀਂ ਕਰਨੀ ਚਾਹੀਦੀ ਸਗੋ ਆਪਣੇ ਬੱਚੇ ਦੀ ਬੌਧਿਕ ਅਤੇ ਮਾਨਸਿਕ ਸਮਰੱਥਾ ਦਾ ਗਿਆਨ ਰੱਖਣਾ ਚਾਹੀਦਾ ਹੈ। ਇਹ ਗੱਲ ਹਮੇਸ਼ਾ ਅਧਿਆਪਕ ਅਤੇ ਮਾਤਾ ਪਿਤਾ ਨੂੰ ਯਾਦ ਰੱਖਣੀ ਚਹੀਦੀ ਹੈ ਕਿ ਬੱਚੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਹੀਣ ਭਾਵਨਾ ਆਉਣ ਲਈ ਉਹ ਆਪ ਜਿੰਮੇਵਾਰ ਹਨ ।ਭਾਵੇਂ ਘਰ ਹੋਵੇ ਜਾਂ ਸਕੂਲ ਹਰ ਬੱਚਾ ਦੂਜੇ ਦੇ ਬਰਾਬਰ ਅਹਿਮੀਅਤ ਪ੍ਰਾਪਤ ਕਰਨੀ ਚਾਹੁੰਦਾ ਹੈ ਇਸ ਲਈ ਸਭ ਬੱਚਿਆਂ ਨੂੰ ਕਿਸੇ ਨਾ ਕਿਸੇ ਮਾਧਿਅਮ ਨਾਲ ਪ੍ਰੋਤਸਾਹਿਤ ਕਰਦੇ ਰਹਿਣਾ ਚਾਹੀਦਾ ਹੈ।
                                                                                                                 
                                                                           ਅੰਮ੍ਰਿਤਪਾਲ ਸਿੰਘ ਸੰਧੂ
                                                                 ਪਿੰਡ ਤੇ ਡਾਕਖਾਨਾ -ਬਾੜੀਆਂ ਕਲਾ
                                                                              ਜਿਲਾ ਹੁਸ਼ਿਆਰਪੁਰ
                                                                               94649-29718


Related News