ਸਿਆਸੀ ਹਾਸ਼ੀਏ ’ਤੇ ਹਰਿਆਣਾ ਦੇ ‘ਲਾਲ’ ਪਰਿਵਾਰ

Saturday, Sep 07, 2024 - 11:33 AM (IST)

ਸਿਆਸੀ ਹਾਸ਼ੀਏ ’ਤੇ ਹਰਿਆਣਾ ਦੇ ‘ਲਾਲ’ ਪਰਿਵਾਰ

ਸਿਆਸਤ ਵੀ ਅਜੀਬ ਖੇਡ ਹੈ। ਹਰਿਆਣਾ ਵਿਚ ਦਹਾਕਿਆਂ ਤੱਕ ਸੱਤਾ-ਸਿਆਸਤ ਦੇ ਕੇਂਦਰ ਵਿਚ ਰਹੇ ਤਿੰਨ ਪ੍ਰਸਿੱਧ ਲਾਲਾਂ, ਭਾਵ ਬੰਸੀਲਾਲ, ਦੇਵੀ ਲਾਲ ਅਤੇ ਭਜਨ ਲਾਲ ਦੇ ਪਰਿਵਾਰ ਇਸ ਵਿਧਾਨ ਸਭਾ ਚੋਣਾਂ ਵਿਚ ਹਾਸ਼ੀਏ ’ਤੇ ਚਲੇ ਗਏ ਹਨ। 1 ਨਵੰਬਰ, 1966 ਨੂੰ ਵੱਖਰਾ ਸੂਬਾ ਬਣੇ ਹਰਿਆਣਾ ਦੀ ਸਿਆਸਤ ’ਤੇ ਇਹ ਤਿੰਨੇ ਲਾਲ ਦਹਾਕਿਆਂ ਤੱਕ ਹਾਵੀ ਰਹੇ। ਉਦੋਂ ਉਨ੍ਹਾਂ ਲਾਲਾਂ ਤੋਂ ਬਿਨਾਂ ਕੋਈ ਵੀ ਪਾਰਟੀ ਹਰਿਆਣਾ ਵਿਚ ਸਿਆਸਤ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ ਪਰ ਹੁਣ ਜਦੋਂ ਹਰਿਆਣਾ ਦੇ ਵੋਟਰ 5 ਅਕਤੂਬਰ, 2024 ਨੂੰ ਆਪਣੀ ਨਵੀਂ ਵਿਧਾਨ ਸਭਾ ਅਤੇ ਸਰਕਾਰ ਦੀ ਚੋਣ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਲਾਲ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਸੱਤਾ-ਸਿਆਸਤ ਦੀ ਮੁੱਖ ਧਾਰਾ ਤੋਂ ਦੂਰ ਹਾਸ਼ੀਏ ’ਤੇ ਨਜ਼ਰ ਆ ਰਹੇ ਹਨ।

ਬੇਸ਼ੱਕ ਇਨ੍ਹਾਂ ਤਿੰਨਾਂ ਲਾਲਾਂ ਨੇ ਕਾਂਗਰਸ ਤੋਂ ਹੀ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਪਰ ਤਿੰਨਾਂ ਨੇ ਹੀ ਕਾਂਗਰਸ ਛੱਡ ਦਿੱਤੀ। ਹਕੀਕਤ ਇਹ ਵੀ ਹੈ ਕਿ ਪਿਛਲੇ 10 ਸਾਲਾਂ ਤੋਂ ਹਰਿਆਣਾ ਦੀ ਸੱਤਾਧਾਰੀ ਭਾਜਪਾ ਦੇਵੀ ਲਾਲ ਅਤੇ ਬੰਸੀਲਾਲ ਦੀਆਂ ਪਾਰਟੀਆਂ ਨਾਲ ਗੱਠਜੋੜ ਦੀ ਸਿਆਸਤ ਕਰਦੀ ਆ ਰਹੀ ਹੈ ਪਰ ਪਿਛਲੇ ਇਕ ਦਹਾਕੇ ਵਿੱਚ ਇਹ ਤਿੰਨੋਂ ਲਾਲ ਪਰਿਵਾਰ ਉਸ ਦਾ ਕਮਲ ਫੜੀ ਨਜ਼ਰ ਆਏ। ਚੌਧਰੀ ਬੰਸੀਲਾਲ ਇੰਦਰਾ ਗਾਂਧੀ ਦੇ ਸਮੇਂ ਵੱਡੇ ਆਗੂਆਂ ਵਿਚ ਗਿਣੇ ਜਾਂਦੇ ਸਨ। ਉਹ ਇੰਦਰਾ ਦੇ ਮਸ਼ਹੂਰ ਪੁੱਤਰ ਸੰਜੇ ਗਾਂਧੀ ਦੇ ਵੀ ਨੇੜੇ ਸਨ। ਕੇਂਦਰ ਵਿਚ ਮੰਤਰੀ ਹੋਣ ਤੋਂ ਇਲਾਵਾ ਬੰਸੀਲਾਲ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਵੀ ਰਹੇ। ਉਨ੍ਹਾਂ ਨੂੰ ‘ਆਧੁਨਿਕ ਹਰਿਆਣਾ ਦਾ ਨਿਰਮਾਤਾ’ ਕਿਹਾ ਜਾਂਦਾ ਹੈ। ਤੀਜੀ ਵਾਰ ਉਨ੍ਹਾਂ ਨੇ ਆਪਣੀ ਵੱਖਰੀ ਹਰਿਆਣਾ ਵਿਕਾਸ ਪਾਰਟੀ (ਐੱਚ. ਵੀ. ਪੀ.) ਬਣਾਈ ਅਤੇ ਭਾਜਪਾ ਨਾਲ ਗੱਠਜੋੜ ਕਰਕੇ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣੇ ਸਨ।

ਭਾਜਪਾ ਵੱਲੋਂ ਹਮਾਇਤ ਵਾਪਸ ਲੈਣ ਕਾਰਨ ਬੰਸੀਲਾਲ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ। 2004 ਵਿਚ ਬੰਸੀਲਾਲ ਅਤੇ ਉਸ ਦੇ ਪੁੱਤਰ ਸੁਰਿੰਦਰ ਸਿੰਘ ਨੇ ਐੱਚ. ਵੀ. ਪੀ. ਨੂੰ ਕਾਂਗਰਸ ਵਿਚ ਮਿਲਾ ਲਿਆ। ਜਦੋਂ 2005 ਵਿਚ ਭੂਪੇਂਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਸੱਤਾ ਵਿਚ ਆਈ ਤਾਂ ਸੁਰਿੰਦਰ ਸਿੰਘ ਨੂੰ ਵੀ ਮੰਤਰੀ ਬਣਾਇਆ ਗਿਆ। ਹੈਲੀਕਾਪਟਰ ਹਾਦਸੇ ਵਿਚ ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਪਤਨੀ ਕਿਰਨ ਚੌਧਰੀ, ਜੋ ਕਿ ਇਸ ਤੋਂ ਪਹਿਲਾਂ ਦਿੱਲੀ ਵਿਚ ਇਕ ਸੀਨੀਅਰ ਕਾਂਗਰਸੀ ਆਗੂ ਸੀ, ਨੇ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਸੰਭਾਲ ਲਿਆ। ਕਿਰਨ ਨੂੰ ਹਰਿਆਣਾ ਵਿਚ ਮੰਤਰੀ ਬਣਾਇਆ ਗਿਆ ਅਤੇ ਉਸ ਦੀ ਧੀ ਸ਼ਰੂਤੀ ਚੌਧਰੀ ਲੋਕ ਸਭਾ ਮੈਂਬਰ।

ਹਰਿਆਣਾ ਵਿਚ ਗੈਰ-ਕਾਂਗਰਸੀ ਸਿਆਸਤ ਦਾ ਧੁਰਾ ਬਣੇ ਦੇਵੀ ਲਾਲ ਨੇ ਸਭ ਤੋਂ ਵੱਧ ਪੰਜ ਵਾਰ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਪਰ ਉਨ੍ਹਾਂ ਦਾ ਕਾਰਜਕਾਲ ਕਦੇ ਵੀ ਲੰਮਾ ਨਹੀਂ ਰਿਹਾ। ਜਨਸੰਘ ਅਤੇ ਭਾਜਪਾ ਨਾਲ ਉਨ੍ਹਾਂ ਦੇ ਚੰਗੇ ਸਬੰਧ ਸਨ। ਦੋਵਾਂ ਨੇ ਗੱਠਜੋੜ ਦੀ ਸਰਕਾਰ ਵੀ ਚਲਾਈ। ‘ਤਾਊ’ ਦੇ ਨਾਂ ਨਾਲ ਹਰਮਨਪਿਆਰੇ ਦੇਵੀ ਲਾਲ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਬਣੇ। ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ, ਜੋ ਉਨ੍ਹਾਂ ਦੇ ਸਿਆਸੀ ਉੱਤਰਾਧਿਕਾਰੀ ਬਣੇ, ਨੇ ਵੀ ਭਾਜਪਾ ਨਾਲ ਗੱਠਜੋੜ ਸਰਕਾਰ ਚਲਾਈ। ਇਸੇ ਕਾਰਜਕਾਲ ਦੌਰਾਨ ਦੋਵਾਂ ਵਿਚਾਲੇ ਤਲਖੀਆਂ ਵਧ ਗਈਆਂ ਅਤੇ ਰਾਹ ਵੱਖਰੇ ਹੋ ਗਏ।

ਜਦੋਂ ਚੌਟਾਲਾ ਪਰਿਵਾਰ ਅਤੇ ਇਸ ਦੀ ਪਾਰਟੀ ਇਨੈਲੋ 2018 ਵਿਚ ਸਿਆਸੀ ਇੱਛਾਵਾਂ ਦੇ ਟਕਰਾਅ ਕਾਰਨ ਟੁੱਟ ਗਈ ਤਾਂ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਨੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਬਣਾ ਲਈ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਭਾਜਪਾ ਬਹੁਮਤ ਤੋਂ ਵਾਂਝੀ ਰਹੀ ਤਾਂ ਇਸ ਨੇ 10 ਵਿਧਾਇਕਾਂ ਨਾਲ ਜੇ. ਜੇ. ਪੀ. ਨਾਲ ਗੱਠਜੋੜ ਕੀਤਾ ਅਤੇ ਦੇਵੀ ਲਾਲ ਦੀ ਚੌਥੀ ਪੀੜ੍ਹੀ ਦੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣੇ।

ਭਜਨ ਲਾਲ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ। ਪਹਿਲੀ ਵਾਰ 1979 ਵਿਚ, ਦੂਜੀ ਵਾਰ 1982 ਵਿਚ ਅਤੇ ਤੀਜੀ ਵਾਰ 1991 ਵਿਚ। ਭਜਨ ਲਾਲ ਕੇਂਦਰ ਵਿਚ ਮੰਤਰੀ ਵੀ ਰਹੇ। ਸਿਆਸੀ ਜੋੜ-ਤੋੜ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ‘ਪੀ. ਐੱਚ. ਡੀ.’ ਕਿਹਾ ਜਾਂਦਾ ਸੀ। ਕੇਂਦਰ ਵਿਚ ਨਰਸਿਮ੍ਹਾ ਰਾਓ ਸਰਕਾਰ ਨੂੰ ਘੱਟਗਿਣਤੀ ਤੋਂ ਬਹੁਮਤ ਵਿਚ ਬਦਲਣ ਵਿਚ ਉਨ੍ਹਾਂ ਦੀ ਭੂਮਿਕਾ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਦੇ ਦੋਵੇਂ ਪੁੱਤਰ ਚੰਦਰਮੋਹਨ ਅਤੇ ਕੁਲਦੀਪ ਬਿਸ਼ਨੋਈ ਸਿਆਸਤ ਵਿਚ ਹਨ।

ਚੰਦਰਮੋਹਨ ਕਾਂਗਰਸ ਵਿਚ ਹਨ, ਜਦੋਂਕਿ ਕੁਲਦੀਪ ਹੁਣ ਵੱਖਰੀ ਪਾਰਟੀ ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ) ਬਣਾਉਣ ਅਤੇ ਕਾਂਗਰਸ ਵਿਚ ਵਾਪਸ ਆਉਣ ਤੋਂ ਬਾਅਦ ਭਾਜਪਾ ਵਿਚ ਹਨ। 2005 ਵਿਚ ਭੂਪੇਂਦਰ ਸਿੰਘ ਹੁੱਡਾ ਦੇ ਮੁੱਖ ਮੰਤਰੀ ਬਣਨ ਤੱਕ ਹਰਿਆਣਾ ਦੀ ਸਿਆਸਤ ਇਨ੍ਹਾਂ ਤਿੰਨਾਂ ਲਾਲ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਰਹੀ, ਪਰ ਇਸ ਤੋਂ ਬਾਅਦ ਇਨ੍ਹਾਂ ਦਾ ਦਬਦਬਾ ਘਟਣਾ ਸ਼ੁਰੂ ਹੋ ਗਿਆ।

‘ਚੌਥੇ ਲਾਲ’ ਵਜੋਂ ਹਰਿਆਣਾ ਦੀ ਸੱਤਾ ਸੰਭਾਲਣ ਵਾਲੇ ਮਨੋਹਰ ਲਾਲ ਦੇ ਕਾਰਜਕਾਲ ਨੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਜਿਹੜੇ ਪਰਿਵਾਰ ਕੱਲ੍ਹ ਤੱਕ ਹਰਿਆਣਾ ਦੀ ਸਿਆਸਤ ਦੀ ਦਿਸ਼ਾ ਤੈਅ ਕਰਦੇ ਸਨ, ਅੱਜ ਉਨ੍ਹਾਂ ਦੇ ਪਰਿਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਰ ਪਾਰਟੀਆਂ ਅਤੇ ਆਗੂ ਤੈਅ ਕਰ ਰਹੇ ਹਨ। ਜਿਹੜੇ ਪਰਿਵਾਰ ਹਰਿਆਣੇ ਵਿਚ ਲੋਕਾਂ ਨੂੰ ਆਗੂ ਬਣਾਉਂਦੇ ਸਨ, ਅੱਜ ਉਨ੍ਹਾਂ ਦੀ ਸਿਆਸਤ ਸਿਰਫ਼ ਆਪਣੇ ਲਈ ਟਿਕਟਾਂ ਦੀ ਜੋੜ-ਤੋੜ ਤੱਕ ਸੀਮਤ ਹੋ ਕੇ ਰਹਿ ਗਈ ਹੈ।

ਭੂਪੇਂਦਰ ਸਿੰਘ ਹੁੱਡਾ ਨਾਲ ਲੰਮੀ ਤਕਰਾਰ ਤੋਂ ਬਾਅਦ ਆਖਰਕਾਰ ਕਿਰਨ ਚੌਧਰੀ ਨੂੰ ਭਾਜਪਾ ਵਿਚ ਸ਼ਰਨ ਲੈਣੀ ਪਈ, ਜਿਸ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਤੋਂ ਬਾਅਦ ਹੁਣ ਤੋਸ਼ਾਮ ਤੋਂ ਧੀ ਸ਼ਰੂਤੀ ਚੌਧਰੀ ਨੂੰ ਵਿਧਾਨ ਸਭਾ ਟਿਕਟ ਵੀ ਦੇ ਦਿੱਤੀ ਹੈ। ਭਜਨ ਲਾਲ ਦੇ ਵੱਡੇ ਪੁੱਤਰ ਚੰਦਰਮੋਹਨ ਦੀ ਸਿਆਸਤ ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਸੀਟਾਂ ਤੱਕ ਸੀਮਤ ਹੈ। ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਦਾ ਸਾਰਾ ਧਿਆਨ ਆਪਣੇ ਬੇਟੇ ਭਵਿਆ ਨੂੰ ਸਿਆਸੀ ਤੌਰ ’ਤੇ ਸਥਾਪਿਤ ਕਰਨ ’ਤੇ ਲੱਗਾ ਹੋਇਆ ਹੈ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਨਾ ਤਾਂ ਭਵਿਆ ਨੂੰ ਮੰਤਰੀ ਬਣਾ ਸਕੇ ਅਤੇ ਨਾ ਹੀ ਖੁਦ ਰਾਜ ਸਭਾ ਮੈਂਬਰ ਬਣ ਸਕੇ।

ਓਮ ਪ੍ਰਕਾਸ਼ ਚੌਟਾਲਾ ਆਪਣੇ ਛੋਟੇ ਬੇਟੇ ਅਭੈ ਨਾਲ ਇਨੈਲੋ ਚਲਾ ਰਹੇ ਹਨ, ਜਦੋਂ ਕਿ ਵੱਡਾ ਬੇਟਾ ਅਜੈ ਆਪਣੇ ਦੋ ਪੁੱਤਰਾਂ ਦੁਸ਼ਯੰਤ ਅਤੇ ਦਿਗਵਿਜੇ ਨਾਲ ਜੇ. ਜੇ. ਪੀ. ਚਲਾ ਰਿਹਾ ਹੈ। ਦੇਵੀ ਲਾਲ ਦਾ ਆਪਣਾ ਪੁੱਤਰ ਰਣਜੀਤ ਸਿੰਘ ਚੌਟਾਲਾ ਪਿਛਲੀ ਵਾਰ ਰਾਣੀਆ ਤੋਂ ਆਜ਼ਾਦ ਵਿਧਾਇਕ ਬਣਿਆ ਸੀ ਅਤੇ ਪਹਿਲਾਂ ਮਨੋਹਰ ਲਾਲ ਅਤੇ ਫਿਰ ਨਾਇਬ ਸਿੰਘ ਸੈਣੀ ਸਰਕਾਰ ’ਚ ਮੰਤਰੀ ਵੀ ਰਿਹਾ। ਜ਼ਾਹਿਰ ਹੈ ਕਿ ਇਨ੍ਹਾਂ ਚੋਣਾਂ ਵਿਚ ਤਿੰਨੋਂ ਲਾਲ ਪਰਿਵਾਰ ਆਪਣੀ ਸਿਆਸਤ ਬਚਾਉਣ ਲਈ ਮੁਸ਼ਕਲ ਵਿਚ ਹਨ।

-ਰਾਜ ਕੁਮਾਰ ਸਿੰਘ


author

Tanu

Content Editor

Related News