ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
Tuesday, May 05, 2026 - 04:29 PM (IST)
ਕੀ ‘ਇੰਡੀਆ’ ਗੱਠਜੋੜ ਖਿਲਰਨ ਸਾਹਮਣਾ ਕਰ ਰਿਹਾ ਹੈ? ਇਸ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਭਵਿੱਖ ਲਈ ਕੀ ਸੰਭਾਵਨਾਵਾਂ ਹਨ? 2024 ਦੀਆਂ ਚੋਣਾਂ ’ਚ ਸਫਲ ਨਤੀਜਿਆਂ ਤੋਂ ਬਾਅਦ, ਕੀ ਗੱਠਜੋੜ 2029 ’ਚ ਫਿਰ ਤੋਂ ਇਕੱਠਾ ਹੋਵੇਗਾ ਜਾਂ ਕੀ ਇਸ ਦਾ ਖੇਰੂੰ-ਖੇਰੂੰ ਹੋਣਾ ਲੱਗਭਗ ਤੈਅ ਹੈ?
ਇਹ ਧਿਆਨ ਦੇਣ ਯੋਗ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਸੁਤੰਤਰ ਤੌਰ ’ਤੇ ਚੋਣ ਲੜਨ ਦਾ ਬਦਲ ਚੁਣਿਆ, ਜਦੋਂ ਕਿ ਉਸ ਦੇ ਗੱਠਜੋੜ ਸਹਿਯੋਗੀ ਰਾਹੁਲ ਗਾਂਧੀ ਨੇ ਟੀ. ਐੱਮ. ਸੀ. ਦੀ ਆਲੋਚਨਾ ਕੀਤੀ।
4 ਮਈ ਨੂੰ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ, ਇਹ ਜਾਂਚਣਾ ਮਹੱਤਵਪੂਰਨ ਹੈ ਕਿ ਕੀ ਵਿਰੋਧੀ ਗੱਠਜੋੜ ‘ਇੰਡੀਆ’ ਇਕਜੁੱਟ ਰਹੇਗਾ ਜਾਂ ਵੰਡਿਆ ਜਾਵੇਗਾ। ਇਹ ਫ਼ੈਸਲਾ ਭਾਰਤ ਦੀ ਸਿਆਸੀ ਸਥਿਰਤਾ ਅਤੇ ਸ਼ਾਸਨ ਦੇ ਨਾਲ-ਨਾਲ ਭਾਜਪਾ ਦੇ ਦਬਦਬੇ ਨੂੰ ਵੀ ਮਹੱਤਵਪੂਰਨ ਰੂਪ ’ਚ ਪ੍ਰਭਾਵਿਤ ਕਰੇਗਾ।
ਗੱਠਜੋੜ ’ਚ ਕਾਂਗਰਸ, ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.), ਡੀ. ਐੱਮ. ਕੇ., ਸਮਾਜਵਾਦੀ ਪਾਰਟੀ (ਸਪਾ), ਰਾਕਾਂਪਾ (ਐੱਨ. ਸੀ. ਪੀ.), ਰਾਜਦ (ਆਰ. ਜੇ. ਡੀ.), ਆਪ (ਏ. ਏ. ਪੀ.) ਅਤੇ ਖੱਬੇਪੱਖੀ ਪਾਰਟੀਆਂ ਭਾਕਪਾ ਤੇ ਮਾਕਪਾ ਸਮੇਤ 26 ਪ੍ਰਮੁੱਖ ਪਾਰਟੀਆਂ ਸ਼ਾਮਲ ਹਨ। ਇਸ ’ਚ ਸ਼ਿਵ ਸੈਨਾ (ਯੂ. ਬੀ. ਟੀ.), ਆਈ. ਯੂ. ਐੱਮ. ਐੱਲ., ਜੇ. ਐੱਮ. ਐੱਮ. (ਝਾਮੁਮੋ), ਐੱਮ. ਡੀ. ਐੱਮ. ਕੇ. ਅਤੇ ਆਰ. ਐੱਸ. ਪੀ. ਵਰਗੇ ਖੇਤਰੀ ਦਲ ਵੀ ਸ਼ਾਮਲ ਹਨ। ਇਹ ਗੱਠਜੋੜ ਐੱਨ. ਡੀ. ਏ. ਅਤੇ ਭਾਜਪਾ ਦਾ ਵਿਰੋਧ ਕਰਨ ਲਈ ਬਣਾਇਆ ਗਿਆ ਸੀ।
ਚੁਣੌਤੀਆਂ ਦੇ ਬਾਵਜੂਦ, ਜਿਨ੍ਹਾਂ ’ਚ ਜਦ (ਯੂ) ਨੇਤਾ ਨਿਤੀਸ਼ ਕੁਮਾਰ ਦਾ ਭਾਜਪਾ ’ਚ ਸ਼ਾਮਲ ਹੋਣ ਲਈ ਗੱਠਜੋੜ ਛੱਡਣਾ ਸ਼ਾਮਲ ਹੈ, ਗੱਠਜੋੜ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕੱਠਾ ਹੋਇਆ। ਵਿਰੋਧੀ ਧੜੇ ਨੇ ਲੋਕ ਸਭਾ ਦੀਆਂ 543 ਸੀਟਾਂ ’ਚੋਂ 234 ਸੀਟਾਂ ਜਿੱਤੀਆਂ ਪਰ ਉਨ੍ਹਾਂ ਨੂੰ ਬਹੁਮਤ ਨਹੀਂ ਮਿਲਿਆ। ਫਿਰ ਵੀ, ਪਾਰਟੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸੀਟਾਂ 240 ਤੱਕ ਘਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਉਮੀਦ ਤੋਂ ਘੱਟ ਸਨ। 99 ਸੀਟਾਂ ਜਿੱਤ ਕੇ ਕਾਂਗਰਸ ਧੜੇ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਅਤੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਆਪਣੀ ਅਗਵਾਈ ਨੂੰ ਦਰਸਾਉਣ ਅਤੇ ਵਧੇਰੇ ਜਨਤਕ ਸਿਆਸੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਸੰਸਦ ਅਤੇ ਉਸ ਤੋਂ ਬਾਹਰ ਵੀ ਸਰਗਰਮ ਭੂਮਿਕਾ ਨਿਭਾਈ ਹੈ।
ਗੱਠਜੋੜ ਦੀ ਨਾਜ਼ੁਕ ਏਕਤਾ ਅਤੇ ਸੀਟਾਂ ਦੀ ਵੰਡ ਦੀਆਂ ਪੇਚੀਦਗੀਆਂ ਅੰਦਰੂਨੀ ਚੁਣੌਤੀਆਂ ਨੂੰ ਦਰਸਾਉਂਦੀਆਂ ਹਨ, ਜੋ ਭਾਈਵਾਲਾਂ ਵਿਚਲੇ ਭਾਜਪਾ ਵਿਰੁੱਧ ਆਪਣੀ ਸਮੂਹਿਕ ਤਾਕਤ ਬਾਰੇ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਕਾਂਗਰਸ, ਸ਼ਰਦ ਪਵਾਰ ਦੀ ਰਾਕਾਂਪਾ (ਐੱਸ. ਪੀ.) ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਤੋਂ ਮਿਲ ਕੇ ਬਣੇ ‘ਮਹਾ ਵਿਕਾਸ ਅਘਾੜੀ’ (ਐੱਮ. ਵੀ. ਏ.) ਨੇ ਸਿਰਫ 46 ਸੀਟਾਂ ਹਾਸਲ ਕੀਤੀਆਂ। ਉੱਥੇ ਹੀ, ਬਾਅਦ ਦੀਆਂ ਚੋਣਾਂ ’ਚ ਭਾਜਪਾ ਗੱਠਜੋੜ (ਮਹਾਯੁਤੀ) ਨੇ 288 ਸੀਟਾਂ ’ਚੋਂ 230 ਸੀਟਾਂ ਜਿੱਤੀਆਂ।
ਜਦੋਂ ਕਿ ‘ਇੰਡੀਆ’ ਗੱਠਜੋੜ ਭਾਜਪਾ ਅਤੇ ਪੀ. ਐੱਮ. ਮੋਦੀ ਨੂੰ ਹਰਾਉਣ ਲਈ ਬਣਾਇਆ ਗਿਆ ਸੀ, ਇਸ ਦੇ ਮੈਂਬਰਾਂ ਵਿਚਾਲੇ ਚੱਲ ਰਹੇ ਅੰਦਰੂਨੀ ਵਿਵਾਦ ਇਸ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰ ਰਹੇ ਹਨ। ਖ਼ਾਸ ਤੌਰ ’ਤੇ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਅਤੇ ‘ਆਪ’ ਦੇ ਅਰਵਿੰਦ ਕੇਜਰੀਵਾਲ ਨੇ ਆਪਣੇ ਸਬੰਧਤ ਰਾਜਾਂ ’ਚ ਸੁਤੰਤਰ ਤੌਰ ’ਤੇ ਕਾਰਜ ਕਰਨ ਦਾ ਬਦਲ ਚੁਣਿਆ ਹੈ।
‘ਇੰਡੀਆ’ ਧੜੇ ਦੀਆਂ ਕਈ ਪਾਰਟੀਆਂ, ਜਿਨ੍ਹਾਂ ’ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂ. ਬੀ. ਟੀ.) ਸ਼ਾਮਲ ਹਨ, ਨੇ 5 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਹਮਾਇਤ ਕੀਤੀ। ਹਾਲਾਂਕਿ, ਕਾਂਗਰਸ ਪਾਰਟੀ ਜੋ ਭਾਜਪਾ ਵਿਰੋਧੀ ਗੱਠਜੋੜ ਦੀ ਸਭ ਤੋਂ ਵੱਡੀ ਭਾਈਵਾਲ ਹੈ, ਨੇ ਖ਼ੁਦ ਨੂੰ ਚੋਣਵੇਂ ਦ੍ਰਿਸ਼ ’ਚ ਇਕੱਲੇ ਹੀ ਸੰਘਰਸ਼ ਕਰਦੇ ਹੋਏ ਪਾਇਆ।
ਦਿੱਲੀ ’ਚ ਭਾਜਪਾ ਨੇ 70 ’ਚੋਂ 48 ਸੀਟਾਂ ਜਿੱਤੀਆਂ, ਜਦੋਂ ਕਿ ‘ਆਪ’ ਨੇ 22 ਸੀਟਾਂ ਹਾਸਲ ਕੀਤੀਆਂ। ਬਦਕਿਸਮਤੀ ਨਾਲ, ਕਾਂਗਰਸ ਨੇ ਕੋਈ ਸੀਟ ਨਹੀਂ ਜਿੱਤੀ। ਅਗਲੀਆਂ ਚੋਣਾਂ ’ਚ ਕਾਂਗਰਸ ਦਾ ਟੀਚਾ ‘ਆਪ’ ਤੋਂ ਵੋਟ ਹਾਸਲ ਕਰਨਾ ਹੈ, ਕੁਝ ਮੈਂਬਰ ਇਹ ਤਰਕ ਦਿੰਦੇ ਹਨ ਕਿ ਇਕ ਸਹਿਯੋਗੀ ਦੀ ਆਲੋਚਨਾ ਕਰਨਾ ਜਾਇਜ਼ ਹੈ, ਇਹ ਦੇਖਦੇ ਹੋਏ ਕਿ ‘ਆਪ’ ਦੀ ਉਤਪੱਤੀ ਕਾਂਗਰਸ ਦੇ ਵਿਰੋਧ ’ਚ ਹੋਈ ਸੀ। ਉਨ੍ਹਾਂ ਦਾ ਤਰਕ ਹੈ ਕਿ ਰਾਜ ਚੋਣਾਂ ਰਾਸ਼ਟਰੀ ਚੋਣਾਂ ਤੋਂ ਵੱਖਰੀਆਂ ਹੁੰਦੀਆਂ ਹਨ, ਜੋ ਸੰਭਾਵਿਤ ਰੂਪ ’ਚ ਰਣਨੀਤਕ ਤਬਦੀਲੀਆਂ ਦੀ ਇਜਾਜ਼ਤ ਦਿੰਦੀਆਂ ਹਨ।
ਦਿੱਲੀ ਚੋਣਾਂ ਦੇ ਮੱਦੇਨਜ਼ਰ, ਨਾ ਸਿਰਫ ‘ਆਪ’ ਦੇ ਭਵਿੱਖ ਸਗੋਂ ਵਿਰੋਧੀ ਗੱਠਜੋੜ ਦੀ ਵਿਵਹਾਰਕਤਾ ਬਾਰੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਚੋਣ ਨਤੀਜੇ ਐਲਾਨੇ ਜਾਣ ’ਤੇ ਇਕ ਜ਼ਿਕਰਯੋਗ ਟਿੱਪਣੀ ਕੀਤੀ, ਜਿਸ ਵਿਚ ਕਾਂਗਰਸ ਅਤੇ ‘ਆਪ’ ਵਿਚਾਲੇ ਚੱਲ ਰਹੇ ਟਕਰਾਅ ’ਤੇ ਰੌਸ਼ਨੀ ਪਾਈ ਗਈ- ਕਿ ਉਹ ‘ਇਕ-ਦੂਜੇ ਨਾਲ ਸੰਘਰਸ਼ ’ਚ ਉਲਝੇ ਰਹਿੰਦੇ ਹਨ।’
ਝਾਰਖੰਡ ਨੇ ਇਕ ਉਮੀਦ ਦੀ ਕਿਰਨ ਦਿਖਾਈ- ਜੇ. ਐੱਮ. ਐੱਮ., ਕਾਂਗਰਸ, ਰਾਜਦ ਅਤੇ ਭਾਕਪਾ (ਮਾਲੇ) ਲਿਬਰੇਸ਼ਨ ਤੋਂ ਮਿਲ ਕੇ ਬਣੇ ‘ਇੰਡੀਆ’ ਧੜੇ ਨੇ 81 ’ਚੋਂ 56 ਸੀਟਾਂ ਜਿੱਤੀਆਂ। ਜੰਮੂ ਅਤੇ ਕਸ਼ਮੀਰ ’ਚ ‘ਇੰਡੀਆ’ ਪੱਖੀ ਗੱਠਜੋੜ, ਜਿਸ ਵਿਚ ਐੱਨ. ਸੀ., ਕਾਂਗਰਸ, ਮਾਕਪਾ ਅਤੇ ਜੇ. ਕੇ. ਐੱਨ. ਪੀ. ਪੀ. ਸ਼ਾਮਲ ਹਨ, ਨੇ 90 ’ਚੋਂ 49 ਸੀਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ, 2024 ਦੇ ਮੱਧ ’ਚ ‘ਇੰਡੀਆ’ ਧੜੇ ਨੇ 7 ਰਾਜਾਂ ’ਚ ਹੋਈਆਂ ਜ਼ਿਮਨੀ ਚੋਣਾਂ ’ਚ 13 ਵਿਧਾਨ ਸਭਾ ਸੀਟਾਂ ’ਚੋਂ 10 ਸੀਟਾਂ ਜਿੱਤੀਆਂ।
ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਬਾਰੇ ਵੱਖ-ਵੱਖ ਧਾਰਨਾਵਾਂ ਕਾਰਨ ਵਿਰੋਧੀ ਗਠਜੋੜ ਖੰਡਿਤ ਬਣਿਆ ਹੋਇਆ ਹੈ। ਜਦੋਂ ਕਿ ਕਈ ਲੋਕ ਕਾਂਗਰਸ ਨੂੰ ਭਾਜਪਾ ਦੇ ਪ੍ਰਮੁੱਖ ਚੈਲੇਂਜਰ ਵਜੋਂ ਦੇਖਦੇ ਹਨ, ਇਸ ਦੀਆਂ ਅਕਸਰ ਅਣਉਚਿਤ ਮੰਗਾਂ ਖੇਤਰੀ ਭਾਈਵਾਲਾਂ ਨੂੰ ਨਿਰਾਸ਼ ਕਰ ਸਕਦੀਆਂ ਹਨ।
ਹਾਲਾਂਕਿ ਵਿਰੋਧ ਦੇ ਸੰਘਰਸ਼ਾਂ ਨੂੰ ਪੂਰੀ ਤਰ੍ਹਾਂ ਕਾਂਗਰਸ ਸਿਰ ਮੜ੍ਹਨਾ ਬੇਇਨਸਾਫ਼ੀ ਲੱਗ ਸਕਦਾ ਹੈ, ਭਾਰਤ ਦੇ ਮੁਕਾਬਲੇਬਾਜ਼ ਸਿਆਸੀ ਦ੍ਰਿਸ਼ ’ਚ ਹਰੇਕ ਪਾਰਟੀ ਅਕਸਰ ਆਪਣੇ ਹਿੱਤਾਂ ਨੂੰ ਤਰਜੀਹ ਦਿੰਦੀ ਹੈ। ਇਕ ਇਕਜੁੱਟ ਵਿਚਾਰਧਾਰਕ ਕਥਾ ਦੀ ਗੈਰ-ਮੌਜੂਦਗੀ ਭਾਜਪਾ ਦੀ ਹਿੰਦੂਤਵ ਵਿਚਾਰਧਾਰਾ ਲਈ ਇਕ ਆਕਰਸ਼ਕ ਬਦਲ ਪੇਸ਼ ਕਰਨ ਦੀ ਵਿਰੋਧੀ ਧਿਰ ਦੀ ਸਮਰੱਥਾ ਨੂੰ ਰੋਕਦੀ ਹੈ।
ਇਸ ਤੋਂ ਇਲਾਵਾ, ਗੱਠਜੋੜ ਨੂੰ ਅਜੇ ਤੱਕ ਆਪਣੇ ਅੰਦਰੂਨੀ ਟਕਰਾਵਾਂ ਨੂੰ ਢੁੱਕਵੇਂ ਰੂਪ ’ਚ ਹੱਲ ਕਰਨਾ ਬਾਕੀ ਹੈ, ਜਿਸ ਨਾਲ ਇਹ 2029 ਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਭਾਜਪਾ ਲਈ ਇਕ ਘੱਟੋ-ਘੱਟ ਖਤਰਾ ਬਣ ਜਾਂਦਾ ਹੈ। ਅੰਤ ’ਚ, ਗੱਠਜੋੜ ਇਕ ਸਦੀਵੀ ਸਾਂਝੇਦਾਰੀ ਦੀ ਬਜਾਏ ਇਕ ਅਸਥਾਈ ਵਿਵਸਥਾ ਪ੍ਰਤੀਤ ਹੁੰਦਾ ਹੈ, ਜੋ ਮਹੱਤਵਪੂਰਨ ਬਦਲਾਅ ਕੀਤੇ ਜਾਣ ਤੱਕ ਭਾਜਪਾ ਦੇ ਸਥਾਈ ਪ੍ਰਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁਣੌਤੀ ਦੇਣ ਦੀ ਆਪਣੀ ਸਮਰੱਥਾ ਬਾਰੇ ਚਿੰਤਾਵਾਂ ਵਧਾਉਂਦਾ ਹੈ।
ਕਲਿਆਣੀ ਸ਼ੰਕਰ
