ਸਰਕਾਰਾਂ ਦਾ ਲੋਕਾਂ ਤੱਕ ਪਹੁੰਚਣ ਦਾ ਸਮਾਂ ਆ ਗਿਆ ਹੈ

04/29/2021 3:28:31 AM

ਵਿਪਿਨ ਪੱਬੀ
ਭਾਰਤ ਮੌਜੂਦਾ ਸਮੇਂ ’ਚ ਕੌਮੀ ਐਮਰਜੈਂਸੀ ਅਤੇ ਦੇਸ਼ ਦਾ ਸਭ ਤੋਂ ਖਰਾਬ ਮੈਡੀਕਲ ਸੰਕਟ ਝੱਲ ਰਿਹਾ ਹੈ। ਅਸੀਂ ਅਜੇ ਵੀ ਸਮੱਸਿਆ ਦੇ ਸਟੀਕ ਨਤੀਜਿਆ ਸਬੰਧੀ ਨਹੀਂ ਜਾਣਦੇ ਜਾਂ ਫਿਰ ਇੰਝ ਕਹੋ ਕਿ ਕੀ ਕਦੋਂ ਖਤਮ ਹੋਵੇਗਾ, ਉਹ ਵੀ ਨਹੀਂ ਜਾਣਦੇ। ਯਕੀਨੀ ਤੌਰ ’ਤੇ ਇਹ ਸਭ ਤੋਂ ਔਖਾ ਸਮਾਂ ਹੈ, ਜਿਸ ’ਚੋਂ ਅਸੀਂ ਲੰਘ ਰਹੇ ਹਾਂ।

ਅਸੀਂ ਪਹਿਲਾਂ ਤੋਂ 2 ਲੱਖ ਤੋਂ ਵੱਧ ਨਾਗਰਿਕਾਂ ਨੂੰ ਗੁਆ ਚੁੱਕੇ ਹਾਂ। ਇਹ ਉਨ੍ਹਾਂ ਸਭ ਫੌਜੀਆਂ ਤੋਂ 10 ਗੁਣਾ ਵੱਧ ਹਨ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਲੜੀਆਂ ਗਈਆਂ ਸਭ ਲੜਾਈਆਂ ਦੌਰਾਨ ਆਪਣਾ ਸਰਵਉੱਚ ਬਲਿਦਾਨ ਦਿੱਤਾ। ਅਮਰੀਕਾ ’ਚ 2001 ’ਚ 9/11 ਦੇ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਮੁਕਾਬਲੇ ’ਚ ਰੋਜ਼ਾਨਾ ਮੌਤਾਂ ਦੀ ਦਰ ਵੱਧ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਦੇਸ਼ ’ਚ ਕੋਵਿਡ ਦੇ 30 ਲੱਖ ਸਰਗਰਮ ਮਾਮਲੇ ਹਨ ਜਦਕਿ ਅਸਲ ਅੰਕੜੇ ਇਸ ਤੋਂ ਵੀ ਕਿਤੇ ਵੱਧ ਹਨ।

ਬੀਤੇ ਸਮੇਂ ’ਚ ਦੇਸ਼ ਕੁਝ ਹੋਰ ਔਖੇ ਸਮੇਂ ’ਚੋਂ ਵੀ ਲੰਘਿਆ ਹੈ। ਇਸ ਦੌਰਾਨ ਕੁਦਰਤੀ ਆਫਤਾਂ ਵੀ ਆਈਆਂ ਪਰ ਬੀਤੇ ਸਮੇਂ ’ਚ ਅਜਿਹੀ ਕੋਈ ਮਿਸਾਲ ਨਹੀਂ ਜਦੋਂ ਦੇਸ਼ ਨੇ ਸਰਕਾਰ ਨੂੰ ਕਾਰਵਾਈ ਤੋਂ ਗਾਇਬ ਵੇਖਿਆ ਹੋਵੇ। ਅਜਿਹਾ ਲੱਗਦਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਖੁਦ ਦੇ ਭਰੋਸੇ ’ਤੇ ਛੱਡ ਦਿੱਤਾ ਗਿਆ ਹੈ। ਨਾ ਤਾਂ ਇੱਥੇ ਕੋਈ ਕੰਟਰੋਲ ਰੂਮ ਹੈ ਅਤੇ ਨਾ ਹੀ ਕੇਂਦਰ ਦਾ ਕੋਈ ਸੂਚਨਾ ਕੇਂਦਰ ਹੈ, ਜੋ ਲੋਕਾਂ ਨੂੰ ਜ਼ਰੂਰੀ ਮੂਲ ਲੋੜਾਂ ਜਿਵੇਂ ਹਸਪਤਾਲ ਦੇ ਬੈੱਡਾਂ, ਆਕਸੀਜਨ ਜਾਂ ਦਵਾਈਆਂ ਸਬੰਧੀ ਮਾਰਗਦਰਸ਼ਨ ਕਰਨ ਲਈ ਨਿਰਦੇਸ਼ ਜਾਂ ਸੂਚਨਾ ਦੇ ਸਕੇ।

ਹਸਪਤਾਲ ਦੇ ਬਿਸਤਰਿਆਂ, ਆਕਸੀਜਨ ਦੇ ਸਿਲੰਡਰਾਂ ਅਤੇ ਇੱਥੋਂ ਤੱਕ ਕਿ ਬੁਨਿਆਦੀ ਦਵਾਈਆਂ ਦੀ ਭਾਲ ’ਚ ਇਧਰ-ਓਧਰ ਭਟਕ ਰਹੇ ਕੋਵਿਡ ਰੋਗੀਆਂ ਦੇ ਪਰਿਵਾਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਿਖਾਉਣੇ ਇਕ ਆਮ ਗੱਲ ਹੋ ਗਈ ਹੈ। ਸ਼ਮਸ਼ਾਨਘਾਟਾਂ ਅਤੇ ਕਬਰਿਸਤਾਨਾਂ ’ਤੇ ਆਪਣੇ ਨੇੜਲੇ ਅਤੇ ਪਿਆਰੇ ਲੋਕਾਂ ਦੇ ਅੰਤਿਮ ਸੰਸਕਾਰ ਕਰਨ ਲਈ ਉਡੀਕ ਕਰਨ ਵਾਲੇ ਲੋਕਾਂ ਦੇ ਦ੍ਰਿਸ਼ ਵੇਖ ਕੇ ਦਿਲ ਦਹਿਲ ਜਾਂਦਾ ਹੈ।

ਅਜਿਹੇ ਪਰਿਵਾਰਾਂ ਦਾ ਮਾਰਗਦਰਸ਼ਨ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਪ੍ਰਦਾਨ ਕਰਨ ਲਈ ਸ਼ਾਇਦ ਹੀ ਕੋਈ ਸਰਕਾਰੀ ਏਜੰਸੀ ਉਪਲਬਧ ਹੋਵੇ। ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਲੋਕਾਂ ਨਾਲ ਨਜਿੱਠਣ ਅਤੇ ਇਹ ਵੇਖਣ ਲਈ ਕਿ ਉਨ੍ਹਾਂ ਨੂੰ ਕੀ ਮਦਦ ਪ੍ਰਦਾਨ ਕੀਤੀ ਜਾਵੇ, ਨਾਮਜ਼ਦ ਨਹੀਂ ਕੀਤਾ ਗਿਆ ਹੈ

ਹਸਪਤਾਲ ਦੇ ਬੈੱਡਾਂ, ਦਵਾਈਆਂ ਜਾਂ ਆਕਸੀਜਨ ਦੇ ਸਿਲੰਡਰਾਂ ਦੀ ਉਪਲਬਧਤਾ ਨਾਲ ਨਜਿੱਠਣ ਲਈ ਨੋਡਲ ਅਧਿਕਾਰੀ ਨੂੰ ਘੱਟੋ-ਘੱਟ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲਿਆਂ ’ਚ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ। ਮੀਡੀਆ ਹਨੇਰੇ ’ਚ ਲੋਕਾਂ ਨੂੰ ਲੱਭਦਾ ਹੋਇਆ,ਆਪਣੇ ਮਰੀਜ਼ਾਂ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਲਿਜਾਣ ਜਾਂ ਦੂਰ ਦਰਾਜ ਦੀਆਂ ਥਾਵਾਂ ਤੋਂ ਆਕਸੀਜਨ ਦੇ ਸਿਲੰਡਰ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਰਿਪੋਰਟ ਕਰਦਾ ਰਿਹਾ ਹੈ।

ਸਪੱਸ਼ਟ ਤੌਰ ’ਤੇ ਦੇਸ਼ ’ਚ ਅਜਿਹੇ ਲੋਕ ਵੀ ਹਨ ਜੋ ਲਾਭ ਕਮਾਉਣ ਲਈ ਸੰਕਟ ਦੀ ਸਭ ਤੋਂ ਵੱਧ ਵਰਤੋਂ ਕਰ ਰਹੇ ਹਨ। ਅਜਿਹੇ ਲੋਕ ਗੰਭੀਰ ਨਿੰਦਾ ਦੇ ਯੋਗ ਹਨ। ਅਜਿਹੀਆਂ ਵੀ ਰਿਪੋਰਟਾਂ ਹਨ ਜਦੋਂ ਐਂਬੂਲੈਂਸ ਦੇ ਡਰਾਈਵਰ ਮਰੀਜ਼ਾਂ ਨੂੰ ਹਸਪਤਾਲ ਤੋਂ ਲਿਜਾਣ ਲਈ ਲੋਕਾਂ ਕੋਲੋਂ ਕਈ ਗੁਣਾ ਵੱਧ ਪੈਸੇ ਵਸੂਲ ਰਹੇ ਹਨ। ਦਵਾਈਆਂ ਦੀ ਜਮ੍ਹਾਖੋਰੀ ਕਰ ਕੇ ਮੁਨਾਫਾ ਕਮਾਉਣ ’ਚ ਲੱਗੇ ਹੋਏ ਹਨ। ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਬੇਸ਼ੱਕ ਦੇਸ਼ ’ਚ ਅਜਿਹੇ ਕਈ ਦਿਆਲੂ ਵਿਅਕਤੀ ਅਤੇ ਐੱਨ.ਜੀ.ਓ. ਵੀ ਹਨ, ਜੋ ਅਜਿਹੇ ਔਖੇ ਸਮੇਂ ’ਚ ਲੋਕਾਂ ਦੀ ਮਦਦ ਕਰਨ ’ਚ ਜੁਟੇ ਹੋਏ ਹਨ। ਉਨ੍ਹਾਂ ਦੇ ਯਤਨਾਂ ਦੀ ਕਦਰ ਕਰਨੀ ਚਾਹੀਦੀ ਹੈ। ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਇਸ ਸੰਕਟ ਦੀ ਘੜੀ ’ਚ ਆਪਣੇ ਕੋਲੋਂ ਜੋ ਕੁਝ ਵੀ ਹੋ ਸਕਦਾ ਹੋਵੇ, ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਨੇ ਕੋਵਿਡ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਵੀ ਪਿਛਲੇ ਸਾਲ ਇਕ ਵਧੀਆ ਭੂਮਿਕਾ ਨਿਭਾਈ ਸੀ।

ਪੇਸ਼ੇਵਰਾਂ ਦੀ ਇਕ ਅਜਿਹੀ ਸ਼੍ਰੇਣੀ ਵੀ ਹੈ ਜੋ ਸਾਡੇ ਕੋਲੋਂ ਹਰ ਤਰ੍ਹਾਂ ਦੀ ਹਮਾਇਤ ਲੈਣ ਅਤੇ ਧੰਨਵਾਦ ਦੇ ਯੋਗ ਹੈ। ਇਹ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਹੈ ਜੋ ਮੰਗ ਨੂੰ ਪੂਰਾ ਕਰਨ ਲਈ ਬਹੁਤ ਜ਼ਿਆਦਾ ਸਰਗਰਮ ਹੈ।

ਇਨ੍ਹਾਂ ’ਚੋਂ ਕਈ ਰੋਗੀਆਂ ਦੀ ਵਧਦੀ ਗਿਣਤੀ ਦੀ ਦੇਖਭਾਲ ਲਈ ਦਿਨ ’ਚ 14 ਤੋਂ 18 ਘੰਟੇ ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਕੁਝ ਤਾਂ ਅਸਲ ’ਚ ਮਾਨਸਿਕ ਪੱਖੋਂ ਟੁੱਟ ਚੁੱਕੇ ਹਨ। ਉਨ੍ਹਾਂ ਨੂੰ ਸਾਡੀ ਸਭ ਦੀ ਨੈਤਿਕ ਹਮਾਇਤ ਦੀ ਲੋੜ ਹੈ।

ਦਿੱਲੀ ’ਚ ਇਕ ਤਾਜ਼ਾ ਘਟਨਾ ਦੌਰਾਨ ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਕੁੱਟਦਿਆਂ ਦੇਖਿਆ ਗਿਆ। ਅਜਿਹੇ ਦੋਸ਼ੀਆਂ ਵਿਰੁੱਧ ਅਧਿਕਾਰੀਆਂ ਨੂੰ ਤੁਰੰਤ ਅਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਸਰਕਾਰਾਂ ਨੂੰ ਲੋਕਾਂ ਤੱਕ ਪਹੁੰਚਣ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਅੱਧੀ ਦਰਜਨ ਤੋਂ ਵੱਧ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਪਰ ਇਸ ਸਮੇਂ ਉਨ੍ਹਾਂ ਇਕ ਵਾਰ ਰਾਸ਼ਟਰੀ ਹਾਜ਼ਰੀ ਲਵਾਈ। ਸਿਰਫ ਉਨ੍ਹਾਂ ਨੂੰ ਹੀ ਨਹੀਂ ਸਗੋਂ ਮੁੱਖ ਮੰਤਰੀਆਂ ਸਮੇਤ ਹੋਰਨਾਂ ਸੀਨੀਅਰ ਆਗੂਆਂ ਨੂੰ ਵੀ ਇਸ ਅਹਿਮ ਮੋੜ ’ਤੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਥ ਨੂੰ ਹੁਣੇ ਜਿਹੇ ਹੀ ਕੀਤੇ ਗਏ ਝੂਠੇ ਦਾਅਵਿਆਂ ’ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਜਿਸ ਅਧੀਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਯੂ.ਪੀ. ’ਚ ਬੈੱਡ ਅਤੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਪ੍ਰਭਾਵਿਤ ਵਿਅਕਤੀਆਂ ਦੇ ਵੀਡੀਓ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਖਤਮ ਕਰ ਦਿੱਤਾ।


Bharat Thapa

Content Editor

Related News