ਹੈਰਾਨੀਜਨਕ ਮਾਮਲਾ, ਘਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

Saturday, Jun 28, 2025 - 01:35 PM (IST)

ਹੈਰਾਨੀਜਨਕ ਮਾਮਲਾ, ਘਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

ਸਮਾਲਸਰ (ਰਾਜਵੀਰ) : ਭਾਰਤ ਸਰਕਾਰ ਵੱਲੋਂ ਜਦੋਂ ਦਾ ਟੋਲ ਟੈਕਸਾਂ ’ਤੇ ਫਾਸਟ ਟੈਗ ਦੀ ਸੇਵਾ ਮੁਹੱਈਆ ਕਰਵਾਈ ਗਈ ਹੈ, ਬੇਸ਼ੱਕ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਵੇਗੀ ਅਤੇ ਟੋਲ ਟੈਕਸ ਪਲਾਜਿਆਂ ’ਤੇ ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ, ਜਿਸ ਨਾਲ ਲੋਕਾਂ ਦਾ ਸਮਾਂ ਖਰਾਬ ਨਹੀਂ ਹੋਵੇਗਾ। ਬੇਸ਼ੱਕ ਇਹ ਤਰੀਕਾ ਕਾਫੀ ਹੱਦ ਤੱਕ ਕਾਰਗਰ ਸਾਬਤ ਹੋਇਆ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਇਸ ਵਿਚ ਖਾਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਖਬਰਾਂ ਵਿਚ ਆਮ ਹੀ ਸੁਨਣ ਅਤੇ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਘਰੇ ਖੜੀ ਗੱਡੀ ਦਾ ਟੋਲ ਟੈਕਸ ਕੱਟਿਆ ਜਾਂਦਾ ਹੈ। ਇਸ ਦਾ ਪਤਾ ਮਾਲਕ ਨੂੰ ਉਦੋਂ ਲੱਗਦਾ ਹੈ ਜਦੋਂ ਉਸ ਦੇ ਮੋਬਾਇਲ ’ਤੇ ਮੈਸੇਜ ਆ ਜਾਂਦਾ ਹੈ। ਅਜਿਹਾ ਹੀ ਵਾਪਰਿਆ ਹੈ ਪਿੰਡ ਭਲੂਰ ਦੇ ਨੌਜਵਾਨ ਜਸਵੀਰ ਸਿੰਘ ਕੰਡਾ ਪੁੱਤਰ ਸਵਰਨਜੀਤ ਸਿੰਘ ਨਾਲ। ਇਸ ਨੌਜਵਾਨ ਕੋਲ ਅਰਟੀਕਾ ਗੱਡੀ ਹੈ, ਜਿਸ ਦਾ ਮਿਤੀ 27.6.25 ਨੂੰ ਸ਼ਾਮ ਦੇ 7:38 ਤੇ 175 ਰੁਪਏ ਦਾ ਟੋਲ ਟੈਕਸ ਕਿਸੇ ਜਾਇਤਪੁਰ ਟੋਲ ਪਲਾਜੇ ਵੱਲੋਂ ਟੈਕਸ ਕੱਟਣ ਦਾ ਮੈਸੇਜ 27 ਜੂਨ ਰਾਤ ਨੂੰ ਉਸ ਦੇ ਮੋਬਾਇਲ ’ਤੇ ਆਉਂਦਾ ਹੈ। ਜਦੋਂ ਕਿ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਤਾਂ 27 ਜੂਨ ਨੂੰ ਕਿਤੇ ਗਿਆ ਹੀ ਨਹੀਂ ਹੈ। 

ਉਸ ਦੀ ਗੱਡੀ ਸਾਰਾ ਦਿਨ ਉਸ ਦੇ ਘਰੇ ਹੀ ਖੜੀ ਰਹੀ ਹੈ ਉਸ ਦੇ ਘਰੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ ਉਹ ਇਸ ਗੱਲ ਦਾ ਸਬੂਤ ਵੀ ਦੇ ਸਕਦਾ ਹੈ। ਫਿਰ ਵੀ ਉਸ ਦੇ 175 ਰੁਪਏ ਕੱਟੇ ਗਏ ਹਨ। ਉਸ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫਾਸਟ ਟੈਗ ਪ੍ਰਾਣਲੀ ਵਿਚ ਸੋਧ ਕਰੇ ਅਤੇ ਇਸ ਤਰ੍ਹਾਂ ਘਰੇ ਖੜੀ ਗੱਡੀ ਦਾ ਟੋਲ ਕੱਟਣ ਦੀ ਪੜਤਾਲ ਜਰੂਰ ਕਰੇ ਕਿਤੇ ਕੋਈ ਜਾਅਲਸ਼ਾਲੀ ਤਾਂ ਨਹੀਂ ਹੋ ਰਹੀ, ਜਿਸ ਨਾਲ ਆਮ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕੇ।


author

Gurminder Singh

Content Editor

Related News