ਕੀ ਵਿਆਹ ਦੀ ਲੋੜ ਖਤਮ ਹੁੰਦੀ ਜਾ ਰਹੀ ਹੈ?

Monday, Sep 30, 2024 - 04:55 PM (IST)

ਕੀ ਵਿਆਹ ਦੀ ਲੋੜ ਖਤਮ ਹੁੰਦੀ ਜਾ ਰਹੀ ਹੈ?

ਆਪਣੇ ਦੇਸ਼ ਦੇ ਕਾਫੀ ਲੋਕ ਬਾਲੀਵੁੱਡ ਦੇ ਰਿਵਾਜ ਦੀ ਰੀਸ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਸਿਤਾਰਿਆਂ ’ਚ ਤਲਾਕ ਦੀਆਂ ਘਟਨਾਵਾਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲ ਹੀ ’ਚ ਬਾਲੀਵੁੱਡ ਦੀ ਰੰਗੀਲਾ ਫੇਮ ਅਭਿਨੇਤਰੀ ਆਪਣੇ ਤਲਾਕ ਨੂੰ ਲੈ ਕੇ ਚਰਚਾ ’ਚ ਹੈ। ਸਮਾਜ ’ਚ ਤਲਾਕ ਦੀਆਂ ਘਟਨਾਵਾਂ ਨੂੰ ਲੈ ਕੇ ਇਹ ਸਾਫ ਹੈ ਕਿ ਅੱਜ ਦੇ ਦੌਰ ’ਚ ਵਿਆਹ ਦੀ ਧਾਰਨਾ ’ਚ ਬਦਲਾਅ ਆ ਰਿਹਾ ਹੈ। ਪਹਿਲਾਂ ਵਿਆਹ ਨੂੰ ਇਕ ਪਵਿੱਤਰ ਬੰਧਨ ਮੰਨਿਆ ਜਾਂਦਾ ਸੀ। ਇਕ ਵਾਰ ਵਿਆਹ ਹੋ ਜਾਣ ਤੋਂ ਬਾਅਦ ਪਤੀ-ਪਤਨੀ ਦੇ ਵੱਖ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ ਪਰ ਸਮੇਂ ਦੇ ਨਾਲ-ਨਾਲ ਵਿਆਹ ਅਤੇ ਤਲਾਕ ਦੋਵਾਂ ਦੀ ਗਿਣਤੀ ਵਧ ਰਹੀ ਹੈ।

ਕਈ ਮਾਮਲਿਆਂ ’ਚ ਪਤੀ-ਪਤਨੀ ਦਰਮਿਆਨ ਛੋਟੀ-ਮੋਟੀ ਅਣਬਣ ਵੀ ਤਲਾਕ ਦਾ ਕਾਰਨ ਬਣ ਰਹੀ ਹੈ। ਓਧਰ ਦੂਜੇ ਪਾਸੇ ਨਾਜਾਇਜ਼ ਸੰਬੰਧ, ਲਿਵ-ਇਨ-ਰਿਲੇਸ਼ਨਸ਼ਿਪ, ਡੇਟਿੰਗ ਅਤੇ ਅਮੀਰ ਵਰਗ ’ਚ ਪਤਨੀਆਂ ਦੀ ਅਦਲਾ-ਬਦਲੀ ਵਰਗੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਇਹ ਸਭ ਪਹਿਲਾਂ ਵਿਦੇਸ਼ਾਂ ’ਚ ਹੀ ਦੇਖੇ ਜਾਂਦੇ ਸਨ, ਜਿਨ੍ਹਾਂ ਨੂੰ ਭਾਰਤ ’ਚ ਨਫਰਤ ਵਾਲੇ ਅਤੇ ਅਸ਼ਲੀਲ ਮੰਨਿਆ ਜਾਂਦਾ ਸੀ ਪਰ ਹੁਣ ਇਹ ਸਾਰੇ ਤੌਰ-ਤਰੀਕੇ ਅਤੇ ਰਿਸ਼ਤੇ ਭਾਰਤ ’ਚ ਵੀ ਫੈਲ ਚੁੱਕੇ ਹਨ। ਇਸੇ ਕਾਰਨ ਔਰਤਾਂ ਹੁਣ ਆਜ਼ਾਦ ਰਹਿਣਾ ਚਾਹੁੰਦੀਆਂ ਹਨ ਅਤੇ ਵਿਆਹ ਨਹੀਂ ਕਰਨਾ ਚਾਹੁੰਦੀਆਂ। ਕੀ ਇਹ ਠੀਕ ਸੋਚ ਹੈ?

ਜੇਕਰ ਇਹ ਟ੍ਰੈਂਡ ਇਵੇਂ ਹੀ ਅੱਗੇ ਵਧਦਾ ਗਿਆ ਤਾਂ ਇਨ੍ਹਾਂ ਸਾਰਿਆਂ ਦਾ ਨਤੀਜਾ ਇਹ ਹੋਵੇਗਾ ਕਿ ਆਉਣ ਵਾਲੇ 6 ਤੋਂ 7 ਦਹਾਕਿਆਂ ’ਚ ਭਾਵ ਲਗਭਗ 2100 ਤਕ ਵਿਆਹ ਦੀ ਧਾਰਨਾ ਹੀ ਖਤਮ ਹੋ ਜਾਵੇਗੀ। ਇਸ ਬਿੰਦੂ ’ਤੇ ਮਨੋਵਿਗਿਆਨ ਦੇ ਮਾਹਿਰਾਂ ਵਲੋਂ ਇਕ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਵਿਆਹ ਵਰਗੇ ਰਿਸ਼ਤੇ ਕਿਵੇਂ ਆਕਾਰ ਲੈ ਰਹੇ ਹਨ। ਸਮਾਜਿਕ ਬਦਲਾਅ, ਵਧਦਾ ਨਿੱਜਵਾਦ ਅਤੇ ਵਿਕਸਿਤ ਹੁੰਦੀਆਂ ਜਿਨਸੀ ਭੂਮਿਕਾਵਾਂ ਦੇ ਕਾਰਨ ਰਵਾਇਤੀ ਵਿਆਹ ਹੁਣ ਟਿਕ ਨਹੀਂ ਸਕਣਗੇ।

ਅੱਜ ਦੀ ਨੌਜਵਾਨ ਪੀੜ੍ਹੀ ਹੁਣ ਕਰੀਅਰ, ਨਿੱਜੀ ਵਿਕਾਸ ਅਤੇ ਤਜਰਬਿਆਂ ’ਤੇ ਵੱਧ ਧਿਆਨ ਕੇਂਦਰਿਤ ਕਰ ਰਹੀ ਹੈ। ਨਾਲ ਹੀ ਲਿਵ-ਇਨ-ਰਿਲੇਸ਼ਨਸ਼ਿਪ ਅਤੇ ਗੈਰ-ਰਵਾਇਤੀ ਰਿਸ਼ਤਿਆਂ ’ਚ ਵੀ ਵਾਧਾ ਹੋ ਰਿਹਾ ਹੈ। ਇਸ ਨਾਲ ਵਿਆਹ ਦੀ ਲੋੜ ਹੀ ਖਤਮ ਹੁੰਦੀ ਜਾ ਰਹੀ ਹੈ। ਇਸ ਦੇ ਇਲਾਵਾ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਚ ਤਰੱਕੀ ਵੀ ਇਕ ਕਾਰਨ ਹੈ। ਮਾਹਿਰ ਮੰਨਦੇ ਹਨ ਕਿ ਇਸ ਤਰੱਕੀ ਨਾਲ ਭਵਿੱਖ ’ਚ ਮਨੁੱਖੀ ਸੰਬੰਧ ਵੱਖ ਤਰ੍ਹਾਂ ਦੇ ਦਿਸ ਸਕਦੇ ਹਨ। ਇਸ ਤੋਂ ਇਲਾਵਾ ਜ਼ਿੰਦਗੀ ਗੁਜ਼ਾਰਨ ਦੀ ਵਧਦੀ ਲਾਗਤ ਵਰਗੇ ਆਰਥਿਕ ਕਾਰਨ ਵੀ ਲੋਕਾਂ ਨੂੰ ਵਿਆਹ ਪ੍ਰਤੀ ਘੱਟ ਆਕਰਸ਼ਿਤ ਕਰ ਰਹੇ ਹਨ। ਖਾਸ ਕਰ ਕੇ ਔਰਤਾਂ ਹੁਣ ਆਤਮਨਿਰਭਰ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਵਿਆਹ ਦੇ ਬੰਧਨ ਦੀ ਲੋੜ ਮਹਿਸੂਸ ਨਹੀਂ ਹੁੰਦੀ।

ਤਲਾਕ ਦੇ ਮਾਮਲੇ ਭਾਰਤ ’ਚ ਬਾਕੀ ਦੇਸ਼ਾਂ ਦੇ ਮੁਤਾਬਕ ਘੱਟ ਦੇਖਣ ਨੂੰ ਮਿਲਦੇ ਹਨ ਪਰ ਪਿਛਲੇ ਕੁਝ ਸਾਲਾਂ ’ਚ ਭਾਰਤ ’ਚ ਤਲਾਕ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਭਾਰਤ ’ਚ ਤਲਾਕ ਦੇ ਮਾਮਲੇ 1.1 ਫੀਸਦੀ ਤੋਂ ਵੀ ਘੱਟ ਹਨ, ਭਾਵ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਹੁਣ ਵੀ ਸਭ ਤੋਂ ਘੱਟ ਤਲਾਕ ਦੇ ਕਿੱਸੇ ਦੇਖਣ ਨੂੰ ਮਿਲਦੇ ਹਨ। ਸੰਯੁਕਤ ਰਾਸ਼ਟਰ ਦੀ ਹਾਲ ਹੀ ’ਚ ਆਈ ਰਿਪੋਰਟ ਦੇ ਅਨੁਸਾਰ ਪਿਛਲੇ ਕੁਝ ਸਾਲਾਂ ’ਚ ਭਾਰਤ ’ਚ ਤਲਾਕ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ’ਚ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟ੍ਰੈਂਡ ਉਨ੍ਹਾਂ ਜੋੜਿਆਂ ’ਚ ਵੱਧ ਵਧਿਆ ਹੈ, ਜੋ ਆਪਣੀ ਜ਼ਿੰਦਗੀ ਦੇ 2 ਜਾਂ 2 ਤੋਂ ਵੱਧ ਦਹਾਕੇ ਇਕੱਠਿਆਂ ਬਤੀਤ ਕਰ ਚੁੱਕੇ ਹਨ ਭਾਵ 10 ਜਾਂ 20 ਸਾਲ ਇਕੱਠੇ ਰਹਿਣ ਦੇ ਬਾਅਦ ਇਨ੍ਹਾਂ ਦੇ ਵਿਆਹ ਟੁੱਟ ਰਹੇ ਹਨ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਖਿਰਕਾਰ ਇਸ ਦਾ ਕਾਰਨ ਕੀ ਹੈ?

ਪਹਿਲੇ ਸਮੇਂ ’ਚ ਸਾਂਝੇ ਪਰਿਵਾਰ ’ਚ ਇਕ-ਦੂਜੇ ’ਤੇ ਸਾਰੇ ਨਿਰਭਰ ਰਹਿੰਦੇ ਸਨ। ਸਾਂਝੇ ਪਰਿਵਾਰ ’ਚ ਰਹਿਣ ਵਾਲੇ ਜੋੜੇ ਦੀ ਵਿਆਹੁਤਾ ਜ਼ਿੰਦਗੀ ਦਾ ਇਕ ਪ੍ਰਭਾਵ ਹੁੰਦਾ ਸੀ ਪਰ ਅੱਜ ਦੀ ‘ਨਿਊਕਲੀਅਰ ਫੈਮਿਲੀ’ ’ਚ ਕਿਤੇ ਨਾ ਕਿਤੇ ਉਹ ਨਿਰਭਰਤਾ ਖਤਮ ਹੋ ਰਹੀ ਹੈ। ਹਾਲਾਂਕਿ ਇਹ ਪਾਜ਼ੇਟਿਵ ਵੀ ਹੈ ਕਿਉਂਕਿ ਨਿਰਭਰਤਾ ਨਾ ਹੋਣ ਦੇ ਕਾਰਨ ਕੋਈ ਵੀ ਪਾਰਟਨਰ ਆਪਣੇ ‘ਜ਼ਹਿਰੀਲੇ’ ਵਿਆਹ ’ਚੋਂ ਆਸਾਨੀ ਨਾਲ ਬਾਹਰ ਆ ਸਕਦਾ ਹੈ ਪਰ ਇਸ ਦਾ ਨੈਗੇਟਿਵ ਅਸਰ ਵੀ ਹੈ, ਨਿਰਭਰਤਾ ਨਾ ਹੋਣ ਕਾਰਨ ਜੋੜਿਆਂ ਦਰਮਿਆਨ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ।

ਇਸ ਤੋਂ ਇਲਾਵਾ ਅੱਜਕਲ ਦੇ ਵਿਆਹਾਂ ’ਚ ਜਾਤੀ, ਧਰਮ ਅਤੇ ਸੱਭਿਆਚਾਰ ਨੂੰ ਪਿੱਛੇ ਰੱਖਿਆ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਅਕਸਰ ਪਾਰਟਨਰ ’ਚ ਇਨ੍ਹਾਂ ਨੂੰ ਲੈ ਕੇ ਟਕਰਾਅ ਹੋਣ ਲੱਗਦਾ ਹੈ, ਜੋ ਕਿ ਹੰਕਾਰ ਦੇ ਟਕਰਾਅ ’ਚ ਬਦਲ ਜਾਂਦਾ ਹੈ। ਇਸ ਦੌਰਾਨ ਆਰਥਿਕ ਤੌਰ ’ਤੇ ਆਜ਼ਾਦ ਪਾਰਟਨਰ ਸਹਿਮਤੀ ਲਈ ਤਿਆਰ ਨਹੀਂ ਹੁੰਦਾ। ਵਧੇਰੇ ਮਾਮਲਿਆਂ ’ਚ ਲੋਕ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਦਰਮਿਆਨ ਟਾਈਮ ਦਾ ਬੈਲੇਂਸ ਨਹੀਂ ਬਣਾਉਂਦੇ ਜਿਸ ਕਾਰਨ ਪਾਰਟਨਰਸ ਨੂੰ ਇਕ-ਦੂਜੇ ਨਾਲ ਕੁਝ ਵੀ ਸ਼ੇਅਰ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਨਾਲ ਦੋਵਾਂ ’ਚ ਦੂਰੀਆਂ ਬਣ ਜਾਂਦੀਆਂ ਹਨ।

ਇਸ ਦੇ ਇਲਾਵਾ ਲੋਕਾਂ ਨੂੰ ਅੱਜਕਲ ਪਹਿਲਾਂ ਨਾਲੋਂ ਵੱਧ ਆਜ਼ਾਦੀ ਮਿਲੀ ਹੋਈ ਹੈ। ਔਰਤ ਹੋਵੇ ਜਾਂ ਮਰਦ, ਹਰੇਕ ਦਾ ਰੋਜ਼ਾਨਾ ਬਾਹਰ ਨਵੇਂ ਲੋਕਾਂ ਨਾਲ ਮਿਲਣਾ-ਜੁਲਣਾ ਰਹਿੰਦਾ ਹੈ ਜਿਸ ਨਾਲ ਕਈ ਵਾਰ ਲੋਕ ਆਪਣੇ ਰਿਸ਼ਤੇ ’ਚ ਬੇਵਫਾਈ ਕਰਨ ਲੱਗਦੇ ਹਨ, ਜਿਸ ਨਾਲ ਪਾਰਟਨਰਸ ਦਰਮਿਆਨ ਤਲਾਕ ਹੋ ਜਾਂਦਾ ਹੈ। ਅੱਜਕਲ ਲੋਕ ਆਪਣੀ ਪ੍ਰੋਫੈਸ਼ਨਲ ਲਾਈਫ ’ਚ ਚੰਗੀ ਕਾਰਗੁਜ਼ਾਰੀ ਲਈ ਆਪਣੀ ਪਰਸਨਲ ਲਾਈਫ ਨਾਲ ਸਮਝੌਤਾ ਕਰਨ ਲੱਗਦੇ ਹਨ, ਜਿਸ ਨਾਲ ਵੀ ਤਲਾਕ ਦੇ ਮਾਮਲੇ ਵਧ ਰਹੇ ਹਨ।

ਅੱਜ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿਆਹ ਇਕ ਬੰਧਨ ਹੈ, ਜਿਸ ’ਚ ਆਜ਼ਾਦੀ ਨਹੀਂ ਹੁੰਦੀ, ਭਵਿੱਖ ਨਹੀਂ ਹੁੰਦਾ ਅਤੇ ਕਰੀਅਰ ’ਚ ਵੀ ਅੱਗੇ ਨਹੀਂ ਵਧਿਆ ਜਾ ਸਕਦਾ। ਅਜਿਹੇ ਵਿਚਾਰ ਰੱਖਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਅੱਜਕਲ ਬਹੁਤ ਸਾਰੇ ਲੋਕ ਵਿਆਹ ਕਰਵਾਉਣ ਲਈ ਤਿਆਰ ਨਹੀਂ ਹਨ। ਵਿਆਹ ਤੋਂ ਬਾਅਦ ਬੱਚੇ ਪੈਦਾ ਕਰਨ ਤੋਂ ਵੀ ਲੋਕ ਕੰਨੀ ਕਤਰਾਉਣ ਲੱਗੇ ਹਨ। ਜੇਕਰ ਇਹੀ ਵਰਤਾਰਾ ਰਿਹਾ ਤਾਂ ਇਸ ਸ਼ਤਾਬਦੀ ਦੇ ਅਖੀਰ ਤੱਕ ਵਿਆਹ ਵਰਗਾ ਕੋਈ ਸੰਬੰਧ ਹੀ ਨਹੀਂ ਬਚੇਗਾ।

ਸਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਭਾਰਤ ’ਚ ਤਲਾਕ ਦੇ ਮਾਮਲੇ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੇ ਹਨ? ਕਿਉਂ ਭਾਰਤੀ ਆਪਣੇ ਵਿਆਹ ਨਾਲ ਨਿਆਂ ਨਹੀਂ ਕਰ ਰਹੇ, ਕਿਉਂ ਉਨ੍ਹਾਂ ਦੇ ਵਿਆਹ ਉਨ੍ਹਾਂ ਦੀਆਂ ਇੱਛਾਵਾਂ ’ਤੇ ਖਰੇ ਨਹੀਂ ਉਤਰੇ। ਕੀ ਭਾਰਤ ’ਚ ਲੋਕਾਂ ਦਾ ਵਿਆਹ ਤੋਂ ਯਕੀਨ ਉੱਠ ਗਿਆ ਹੈ ਜਾਂ ਫਿਰ ਲੋਕਾਂ ਦੇ ਅੰਦਰ ਵਿਆਹ ਦੀ ਕਮਿਟਮੈਂਟ ਨੂੰ ਲੈ ਕੇ ਮਨੋਵਿਕਾਰ ਪੈਦਾ ਹੋ ਗਿਆ ਹੈ?

-ਵਰਿੰਦਰ ਭਾਟੀਆ


author

Tanu

Content Editor

Related News