ਤਾਂ ਕੀ ਯੂਰਪ ਇਕ ਵੱਡੀ ਜੰਗ ਲਈ ਤਿਆਰ ਹੈ ?

Monday, Sep 16, 2024 - 02:04 AM (IST)

ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਇੰਗਲੈਂਡ, ਜਰਮਨੀ ਅਤੇ ਫਰਾਂਸ ਤਿੰਨਾਂ ਨੇ ਹੀ ਆਪਣੀਆਂ-ਆਪਣੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਯੂਕ੍ਰੇਨ ਨੂੰ ਦਿੱਤੀਆਂ ਹਨ ਪਰ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ’ਚ ਅਜੇ ਤਕ ਯੂਕ੍ਰੇਨ ਨੇ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਹੈ।

300 ਕਿਲੋਮੀਟਰ ਰੇਂਜ ਵਾਲੇ ‘ਅਮਰੀਕੀ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ’ (ਐਟਕੈਮਸ) ਅਤੇ ਫਰਾਂਸ ਦੀ ‘ਸਕੈਲਪ’ ਮਿਜ਼ਾਈਲ ਦੀ ਰੇਂਜ 250 ਕਿਲੋਮੀਟਰ, ਜਰਮਨੀ ਦੀ ਮਿਜ਼ਾਈਲ ‘ਟਾਰਸ’ ਦੀ ਰੇਂਜ 300 ਕਿਲੋਮੀਟਰ ਅਤੇ ਇੰਗਲੈਂਡ ਦੀ ਮਿਜ਼ਾਈਲ ‘ਸਟਾਰਮ ਸ਼ੈਡੋ’ ਦੀ ਰੇਂਜ 250 ਕਿਲੋਮੀਟਰ ਹੈ।

ਅਜੇ ਤਕ ਯੂਕ੍ਰੇਨ ਅਤੇ ਰੂਸ ਦੋਵੇਂ ਹੀ ਡਰੋਨਾਂ ਦੀ ਮਦਦ ਨਾਲ ਇਕ-ਦੂਜੇ ਦੇ ਵਿਰੁੱਧ ਹਮਲੇ ਕਰ ਰਹੇ ਹਨ ਜਿਨ੍ਹਾਂ ਦੀ ਰਫਤਾਰ ਮਿਜ਼ਾਈਲਾਂ ਦੀ ਤੁਲਨਾ ’ਚ ਕਾਫੀ ਘੱਟ ਹੁੰਦੀ ਹੈ। ਯੂਕ੍ਰੇਨ ਦੇ ਡਰੋਨ ਰੂਸ ਦੇ ਟਿਕਾਣਿਆਂ ’ਤੇ ਪਹੁੰਚਣ ’ਚ ਆਮ ਤੌਰ ’ਤੇ 20 ਮਿੰਟ ਲੈਂਦੇ ਹਨ ਜਿਨ੍ਹਾਂ ਨੂੰ ਦੂਰ ਤੋਂ ਹੀ ਨਜ਼ਰ ਆ ਜਾਣ ਦੇ ਕਾਰਨ ਰੂਸ ਆਪਣੀਆਂ ਐਂਟੀ ਮਿਜ਼ਾਈਲ ਗੰਨਾਂ ਦੀ ਸਹਾਇਤਾ ਨਾਲ ਦਰਮਿਆਨ ’ਚ ਹੀ ਨਸ਼ਟ ਕਰ ਰਿਹਾ ਹੈ।

ਇਸ ਦੇ ਉਲਟ ਉਕਤ ਮਿਜ਼ਾਈਲਾਂ ਦੀ ਰਫਤਾਰ ਬਹੁਤ ਤੇਜ਼ ਹੋਣ ਦੇ ਕਾਰਨ ਇਹ 6 ਮਿੰਟ ’ਚ ਹੀ ਆਪਣੇ ਨਿਸ਼ਾਨੇ ਤਕ ਪਹੁੰਚ ਸਕਦੀਆਂ ਹਨ ਅਤੇ ਇਨ੍ਹਾ ਨੂੰ ਲੱਭਣਾ ਅਤੇ ਇਨ੍ਹਾਂ ਦਾ ਪਤਾ ਲਾਉਣਾ ਵੀ ਮੁਸ਼ਕਲ ਹੈ।

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਰੂਸ ਦੇ ਵਿਰੁੱਧ ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਯੂਕ੍ਰੇਨ ਦੇ ਕੋਲ ਇਹ ਮਿਜ਼ਾਈਲਾਂ ਹੋਣ ਦੇ ਬਾਵਜੂਦ ਅਜੇ ਉਹ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਿਆ। ਇਸ ਦਾ ਕਾਰਨ ਇਹ ਹੈ ਕਿ ਯੂਕ੍ਰੇਨ ਨੂੰ ਰੂਸੀ ਫੌਜਾਂ ਦੀ ਤਾਇਨਾਤੀ ਅਤੇ ਉਸ ਨੂੰ ਮਿਲਣ ਵਾਲੀ ਲਾਮ-ਲਸ਼ਕਰ ਅਤੇ ਰੂਸੀ ਫੌਜ ਦੀਆਂ ਸਰਗਰਮੀਆਂ ਦੀ ਜਾਣਕਾਰੀ ਦੇਣ ਵਾਲਾ ਸਾਰਾ ਨੇਵੀਗੇਸ਼ਨਲ ਡਾਟਾ ਅਤੇ ਤਕਨੀਕ ਤਾਂ ਅਮਰੀਕਾ ਦੇ ਕੋਲ ਹੈ।

ਜਦ ਤਕ ਅਮਰੀਕਾ ਯੂਕ੍ਰੇਨ ਨੂੰ ਇਹ ਡਾਟਾ ਮੁਹੱਈਆ ਨਹੀਂ ਕਰਵਾਏਗਾ, ਉਦੋਂ ਤੱਕ ਰੂਸ ਦੇ ਵਿਰੁੱਧ ਯੂਕ੍ਰੇਨ ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਨਹੀਂ ਕਰ ਸਕਦਾ। ਫਿਲਹਾਲ ਇਸ ਦੇ ਲਈ ਅਮਰੀਕਾ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।

ਹਾਲ ਹੀ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਇਸੇ ’ਤੇ ਚਰਚਾ ਕਰਨ ਦੇ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਾਸ਼ਿੰਗਟਨ ਗਏ ਸਨ ਪਰ ਯੂਕ੍ਰੇਨ ਦੀ ਸਹਾਇਤਾ ਨੂੰ ਲੈ ਕੇ ਦੁਚਿੱਤੀ ਦੇ ਕਾਰਨ ਜੋਅ ਬਾਈਡੇਨ ਅਤੇ ਕੀਰ ਸਟਾਰਮਰ ਨੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਬਾਈਡੇਨ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਉਹ ਜ਼ੇਲੈਂਸਕੀ ਦੇ ਨਾਲ ਹਨ।

ਇਸ ਸੰਬੰਧ ’ਚ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਲਾਰਡ ਕਿਮ ਡਾਰੋਚ ਨੇ ਇਕ ਬਿਆਨ ’ਚ ਕਿਹਾ ਹੈ ਕਿ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਪੂਰਾ ਨਾਟੋ ਸੰਗਠਨ ਰੂਸ ਦੇ ਵਿਰੁੱਧ ਜੰਗ ਨਾਲ ਜੁੜ ਜਾਵੇਗਾ ਅਤੇ ਇਸ ਦਾ ਭਾਵ ਇਹ ਹੋਵੇਗਾ ਕਿ ਸਮੁੱਚਾ ਯੂਰਪ ਅਤੇ ਅਮਰੀਕਾ ਰੂਸ ਦੇ ਵਿਰੁੱਧ ਜੰਗ ’ਚ ਉਤਰ ਪਵੇਗਾ।

ਹਾਲਾਂਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਈ ਵਾਰ ਇਸ ਜੰਗ ’ਚ ਪ੍ਰਮਾਣੂ ਹਥਿਆਰ ਵਰਤਣ ਦੀ ਚਿਤਾਵਨੀ ਦਿੱਤੀ ਹੈ ਪਰ ਉਨ੍ਹਾਂ ਨੇ ਅਜੇ ਤਕ ਅਜਿਹਾ ਕੀਤਾ ਨਹੀਂ ਹੈ। ਜੇਕਰ ਯੂਕ੍ਰੇਨ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਰਤੇਗਾ ਤਾਂ ਫਿਰ ਪੁਤਿਨ ਨੂੰ ਵੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਕੌਣ ਰੋਕ ਸਕੇਗਾ। ਪੁਤਿਨ ਦੇ ਵਿਦੇਸ਼ ਮੰਤਰੀ ਨੇ ਵੀ ਕਿਹਾ ਹੈ ਕਿ ਪੁਤਿਨ ਕੁਝ ਵੀ ਕਰ ਸਕਦਾ ਹੈ।

ਹੁਣ ਸੰਯੁਕਤ ਰਾਸ਼ਟਰ ਦੀ ਆਮ ਸਭਾ ’ਚ ਫੈਸਲਾ ਹੋਵੇਗਾ ਕਿ ਨਾਟੋ ਦੇਸ਼ਾਂ ਵੱਲੋਂ ਜ਼ੇਲੈਂਸਕੀ ਦੀ ਸਹਾਇਤਾ ਕੀਤੀ ਜਾਵੇ ਜਾਂ ਨਹੀਂ। ਜ਼ੇਲੈਂਸਕੀ ਦਾ ਸਾਥ ਦੇਣ ਦਾ ਫੈਸਲਾ ਹੋਣ ਦੀ ਸਥਿਤੀ ’ਚ ਨਾਟੋ ਦੇਸ਼ਾਂ ਦੇ ਰੂਸ ਦੇ ਨਾਲ ਸਿੱਧੇ ਟਕਰਾਅ ਦੀ ਨੌਬਤ ਆ ਸਕਦੀ ਹੈ ਕਿਉਂਕਿ ਰੂਸ ਤਾਂ ਪਹਿਲਾਂ ਹੀ ਤਿਆਰ ਬੈਠਾ ਹੈ। ਰੂਸ ਨੂੰ 200 ਕਿਲੋਮੀਟਰ ਦੂਰ ਜਾ ਕੇ ਹਮਲਾ ਕਰਨ ਵਾਲੀਆਂ ਛੋਟੀ ਦੂਰੀ ਦੀਆਂ 200 ਮਿਜ਼ਾਈਲਾਂ ਉਸ ਦਾ ਮਦਦਗਾਰ ਈਰਾਨ ਦੇ ਚੁੱਕਾ ਹੈ।

ਦੂਜੇ ਪਾਸੇ ਕੁਝ ਯੂਰਪੀਅਨ ਦੇਸ਼ਾਂ ਨੂੰ ਜਾਪਦਾ ਹੈ ਕਿ ਜੇਕਰ ਰੂਸ ਨੂੰ ਹੁਣ ਨਾ ਰੋਕਿਆ ਗਿਆ ਤਾਂ ਉਹ ਯੂਕ੍ਰੇਨ ਦੇ ਕੁਝ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲਵੇਗਾ। ਸਭ ਤੋਂ ਮਹੱਤਵਪੂਰਨ ਕ੍ਰੀਮੀਆ ਸਮੇਤ ਯੂਕ੍ਰੇਨ ਦਾ ਇਕ ਤਿਹਾਈ ਹਿੱਸਾ ਪਹਿਲਾਂ ਤੋਂ ਹੀ ਇਸ ਦੇ ਕੋਲ ਹੈ ਅਤੇ ਇਸ ਨੇ ਬਾਕੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਲਈ ਜਦੋਂ ਜੰਗ ਰੁਕੇਗੀ ਤਾਂ ਰੂਸ ਕਬਜ਼ੇ ਵਾਲੇ ਇਲਾਕਿਆਂ ਨੂੰ ਨਹੀਂ ਛੱਡੇਗਾ।

ਅਸਲ ’ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਪੁਤਿਨ ਵਰਗੇ ਸਾਰੇ ਤਾਨਾਸ਼ਾਹਾਂ ਲਈ ਇਕ ਸਬਕ ਹੋਵੇਗਾ, ਇਥੋਂ ਤਕ ਕਿ ਚੀਨ ਦੇ ਲਈ ਵੀ ਕਿ ਜੇਕਰ ਤੁਸੀਂ ਸੰਯੁਕਤ ਰਾਸ਼ਟਰ ਜਾਂ ਵਿਸ਼ਵ ਵਿਵਸਥਾ ਦੇ ਨਿਯਮਾਂ ਨੂੰ ਤੋੜਦੇ ਹੋ ਤਾਂ ਦੁਨੀਆ ਇਸ ਨੂੰ ਸਵੀਕਾਰ ਨਹੀਂ ਕਰੇਗੀ।

ਪਰ ਇਕ-ਦੂਜੇ ਦੀ ਖਿੱਚੋਤਾਣੀ ’ਚ ਤੀਜੀ ਵਿਸ਼ਵ ਜੰਗ ਹੋ ਸਕਦੀ ਹੈ। ਵਰਣਨਯੋਗ ਹੈ ਕਿ ਦੂਜੀ ਵਿਸ਼ਵ ਜੰਗ ’ਚ ਵੀ ਕੁਝ ਅਜਿਹਾ ਹੀ ਹੋਇਆ ਸੀ। ਇਸ ਲਈ ਜੇਕਰ ਵਿਸ਼ਵ ਜੰਗ ਨਾ ਵੀ ਹੋਵੇ ਤਾਂ ਵੀ ਕੀ ਯੂਰਪ ਇਕ ਵੱਡੀ ਜੰਗ ਲਈ ਤਿਆਰ ਹੈ? ਪਹਿਲਾਂ ਹੀ ਇਜ਼ਰਾਈਲ ਤੇ ਹਮਾਸ ਅਤੇ ਰੂਸ ਤੇ ਯੂਕ੍ਰੇਨ ਦੇ ਦਰਮਿਆਨ ਜਾਰੀ ਜੰਗ ਦੇ ਕਾਰਨ ਸਭ ਕੁਝ ਉਥਲ-ਪੁਥਲ ਹੋ ਚੁੱਕਾ ਹੈ। ਜੇਕਰ ਇਹ ਟਕਰਾਅ ਜਾਰੀ ਰਿਹਾ ਤਾਂ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਹਿੱਲ ਜਾਵੇਗੀ ਅਤੇ ਇਨ੍ਹਾਂ ਸਭ ਤੋਂ ਵੀ ਵੱਧ ਕੇ ਸਵਾਲ ਇਹ ਵੀ ਹੈ ਕਿ ਇਸ ਜੰਗ ਨੂੰ ਰੋਕਾਂਗੇ ਕਿਵੇਂ ?

-ਵਿਜੇ ਕੁਮਾਰ


Harpreet SIngh

Content Editor

Related News