ਵੱਧ ਰਹੀ ਮਹਿੰਗਾਈ ਨੇ ਘਟਾਈ ਰਿਸ਼ਤੇ ਨਾਤਿਆਂ ਨੂੰ ਨਿਭਾਉਣ ਦੀ ਅਹਿਮੀਅਤ

10/06/2015 6:20:34 PM


ਦਿਨੋਂ ਦਿਨ ਵਧਦੀ ਜਾ ਰਹੀ ਮਹਿੰਗਾਈ ਦੀ ਚੱਕੀ ਥੱਲੇ ਇਨਸਾਨੀ ਜੀਵਨ ਪਿਸਦਾ ਜਾ ਰਿਹਾ ਹੈ ਕੋਈ ਵੀ ਵਸਤੂ ਦੀ ਖਰੀਦ ਕਰਨਾ ਹੁਣ ਆਸਾਨ ਨਹੀਂ ਹੈ। ਬਜ਼ੁਰਗਾਂ ਤੋਂ ਬਾਜ਼ਾਰੂ ਚੀਜ਼ਾਂ ਦੇ ਕਰੀਬ ਵੀਹ ਪੱਚੀ ਸਾਲ ਪੁਰਾਣੇ ਸਮਿਆਂ ਦੇ ਭਾਅ ਸੁਣ ਕੇ ਤਾਂ ਹੈਰਾਨੀ ਜਿਹੀ ਹੋ ਜਾਂਦੀ ਹੈ ਜੋ ਚੀਜ਼ ਕਦੇ ਚੰਦ ਰੁਪਇਆਂ ਵਿਚ ਮਿਲ ਜਾਇਆ ਕਰਦੀ ਸੀ ਉਹ ਹੁਣ ਹਜ਼ਾਰਾਂ ਵਿਚ ਹੋਈ ਪਈ ਏ ਕਿੰਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਭਾਅ ਅਸਮਾਨੀ ਚੜ੍ਹ ਗਏ ਨੇ ਚਲੋ ਵਸਤੂਆਂ ਦੇ ਭਾਅ ਅਸਮਾਨੀ ਚੜ੍ਹ ਗਏ ਇਹ ਤਾਂ ਮੰਨਣਾ ਹੀ ਪੈਣਾ ਹੈ ਪਰ ਵੱਧਦੀ ਜਾ ਰਹੀ ਮਹਿੰਗਾਈ ਨੇ ਇਨਸਾਨੀ ਸੋਚ ਤੇ ਕਿੰਨਾ ਭੈੜਾ ਅਸਰ ਜੀਵਨ ਤੇ ਪਾਇਆ ਹੈ ਉਸ ਦਾ ਤਾਂ ਅੰਦਾਜ਼ਾ ਵੀ ਲਗਾਇਆ ਨਹੀਂ ਜਾ ਸਕਦਾ। 
ਕਦੇ ਸੋਚਿਆ ਵੀ ਨਹੀਂ ਹੋਣਾ ਕਿਸੇ ਨੇ ਕਿ ਇਸੇ ਮਹਿੰਗਾਈ ਨੇ ਇਨਸਾਨੀ ਜੀਵਨ ਵਿਚ ਮੋਹ ਪਿਆਰ ਨਾਲ ਭਰੇ ਰਿਸ਼ਤੇ ਨਾਤਿਆਂ ਦੀਆਂ ਪੱਕੀਆਂ ਤੰਦਾਂ ਨੂੰ ਵੀ ਆਪਣੀ ਮਾਰ ਹੇਠ ਲੈ ਕੇ ਇਨਸਾਨ ਨੂੰ ਮਤਲਬੀ, ਖੁਦਗਰਜ਼ ਤੇ ਸੱਚ ਜਾਣੋ ਮੁਜਰਮਾਂ ਦੀ ਕਤਾਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਕਸਬੇ, ਸ਼ਹਿਰਾਂ ਦੀ ਗੱਲ ਨਾ ਕਰਦਾ ਹੋਇਆ ਜੇਕਰ ਪਿੰਡਾਂ ਦੀ ਗੱਲ ਕਰਾਂ ਤਾਂ ਕਿਸੇ ਵੇਲਿਆਂ ਵਿਚ ਆਪਣੇ ਹੀ ਪਿੰਡ ਦੇ ਵਾਸੀ ਦਾ ਜਾਂ ਕਿਸੇ ਦੂਰ ਦੀ ਰਿਸ਼ਤੇਦਾਰੀ ਦਾ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ ਦੋਸਤ ਮਿਲ ਜਾਂਦਾ ਜਾਂ ਕਦੇ ਭੁੱਲ ਭੁਲੇਖੇ ਆਪਣੇ ਰਿਸ਼ਤੇਦਾਰਾਂ ਦਾ ਘਰ ਪੁੱਛਦਾ ਹੋਇਆ ਕਿਸੇ ਹੋਰ ਦੇ ਘਰ ਦਾ ਦਰਵਾਜ਼ਾ ਖੜਕਾ ਦਿੰਦਾ ਤਾਂ ਇੰਜ ਲੱਗਦਾ ਜਿਵੇਂ ਕੋਈ ਆਪਣਾ ਹੀ ਨੇੜਲਾ ਦੋਸਤ ਜਾਂ ਕੋਈ ਰਿਸ਼ਤੇਦਾਰ ਮਿਲ ਗਿਆ ਹੋਵੇ ਚਾਅ ਨਾ ਚੱਕਿਆਂ ਜਾਂਦਾ।
ਉੁਸ ਨੂੰ ਦੁੱਧ ਦਹੀਂ ਲੱਸੀ ਰੋਟੀ ਖਾਧੇ ਵਗ਼ੈਰਾ ਨਹੀਂ ਜਾਣ ਦਿੱਤਾ ਜਾਂਦਾ ਸੀ ਤੇ ਘਰ ਤੱਕ ਵੀ ਛੱਡ ਕੇ ਆਉਂਦੇ ਸੀ ਚਾਹੇ ਉਹ ਦੇ ਰਿਸ਼ਤੇਦਾਰਾਂ ਦਾ ਘਰ ਗੁਆਂਢ ਦੇ ਪਿੰਡ ਵਿਚ ਹੋਵੇ। ਕਿੰਨੇ ਭੋਲੇ ਭਾਲੇ ਸਨ ਉਹ ਲੋਕ ਜੇਕਰ ਅਜੋਕੇ ਸਮੇਂ ਦੀ ਗੱਲ ਕਰਾਂ ਤਾਂ ਬੇਸ਼ੱਕ ਫੋਕੀਆਂ ਤਰੱਕੀਆਂ ਦੀਆਂ ਬੁਲੰਦੀਆਂ ''ਤੇ ਪਹੁੰਚੇ ਆਪਾਂ ਇਸ ਮਹਿੰਗਾਈ ਭਰੇ ਤਕਨੀਕੀ ਵਿਗਿਆਨਕ ਯੁੱਗ ਵਿਚ ਆਪਣੀਆਂ ਹੀ ਸਹੂਲਤਾਂ ਨੂੰ ਪੂਰਾ ਕਰਨ ਵਿਚ ਇੰਨੇ ਮਗਨ ''ਤੇ ਵਿਅਸਤ ਹੋ ਕੇ ਬੇਰੁਖੇ ਜਿਹੇ ਹੋਏ ਪਏ ਹਾਂ ਕਿ ਆਪਣੇ ਘਰ ਜੇ ਆਪਣਾ ਕੋਈ ਸਕਾ ਵੀ ਆ ਜਾਵੇ ਤਾਂ ਸਿਰ ਤੇ ਜਿਵੇਂ ਪਹਾੜ ਡਿੱਗ ਪਿਆ ਹੋਵੇ ਮਨ ਵਿਚ ਜਦੇ ਹਿਸਾਬ ਕਿਤਾਬ ਨੂੰ ਜੋੜਨ ਲੱਗ ਜਾਂਦੇ ਹਾਂ ਕਿ ਠੰਢੇ ਦੀ ਬੋਤਲ, ਚਾਹ, ਬਿਸਕੁਟ ਦਾ ਖਰਚਾ ਖੜ੍ਹਾ ਹੋ ਗਿਆ ਤੇ ਅਰਦਾਸਾ ਕਰਨ ਲੱਗ ਜਾਣੇ ਆ ਕਿ ਛੇਤੀ ਚਲਾ ਜਾਵੇ ਜੇ ਕਿਤੇ ਰਾਤ ਰਹਿ ਪਏ ਤਾਂ ਰੋਟੀ ਦਾ ਖਰਚ ਅੱਡ।
ਸੱਚ ਪੁੱਛੋ ਤਾਂ ਮਨ ਉਦੋਂ ਹੋਰ ਵੀ ਦੁਖੀ ਹੋ ਜਾਂਦਾ ਏ ਜਦੋਂ ਸੁਣਨ ਦੇਖਣ ਨੂੰ ਮਿਲਦਾ ਏ ਕਿ ਜਿੰਨਾ ਮਾਪਿਆਂ ਨੇ ਆਪ ਭੁੱਖਿਆਂ ਰਹਿ ਕੇ ਆਪਣੇ ਜਿਗਰ ਦੇ ਟੋਟਿਆਂ ਦੀ ਭੁੱਖ ਮਿਟਾਈ ਹੋਵੇ, ਉਗਲਾਂ ਫੜ ਫੜ ਕੇ ਤੁਰਨਾ ਤੇ ਜੀਵਨ ਜਿਊਣ ਦੀ ਜਾਚ ਸਿਖਾ ਕੇ ਉਚੇਰੀਆਂ ਪਦਵੀਆਂ ਤੇ ਪਹੁੰਚਾਉਣ ਵਾਲਿਆਂ ਦਾ ਬਜ਼ੁਰਗ ਹੋਣ ਉਪਰੰਤ ਸਿਰਫ ਇਸ ਲਈ ਬਿਰਧ ਆਸ਼ਰਮਾਂ ਵਿਚ ਛੱਡ ਜਾਂ ਘਰੋਂ ਕੱਢ ਦਿੱਤਾ ਜਾਂਦਾ ਹੈ ਕਿ ਆਪਣਾ ਢਿੱਡ ਤਾਂ ਭਰਦਾ ਨਹੀਂ ਇਨ੍ਹਾਂ ਦਾ ਕਿਵੇਂ ਭਰਾਂਗੇ। ਮਹਿੰਗਾਈ ਨੇ ਸੱਚੀ ਕਿੰਨਾ ਮਤਲਬੀ ਬਣਾ ਦਿੱਤਾ ਏ ਅੱਜ ਦਾ ਇਨਸਾਨ ਹੁਣ ਤਾਂ ਸੋਚ ਕੇ ਵੀ ਹੈਰਾਨੀ ਜਿਹੀ ਹੁੰਦੀ ਏ ਕਿ ਇਹ ਉਹੀ ਗੁਰੂਆਂ ਪੀਰਾਂ ਦੀ ਧਰਤੀ ਏ ਜਿੱਥੇ ਰਿਸ਼ਤਿਆਂ ਨਾਤਿਆਂ ਅਤੇ ਯਾਰੀਆਂ ਨੂੰ ਨਿਭਾਉਣ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਜਾਂਦੀ ਸੀ।
ਅੱਜਕੱਲ• ਦੇ ਬਚਿਆਂ ਨੂੰ ਤਾਂ ਰਿਸ਼ਤਿਆਂ ਦੇ ਨਾਮ ਹੀ ਯਾਦ ਨਹੀਂ ਉਨ੍ਹਾਂ ਨੂੰ ਯਾਦ ਵੀ ਕਿਵੇਂ ਹੋਣ ਆਪਾਂ ਹੀ ਸਭ ਕੁੱਝ ਵਿਸਾਰ ਦਿੱਤਾ ਏ ਬੱਚਿਆਂ ਨੂੰ ਕਦੇ ਵੀ ਆਪਾਂ ਆਪਣੇ ਮਾਣਮੱਤੇ ਇਤਿਹਾਸ ਨਾਲ ਜਾਣੂੰ ਹੀ ਨਹੀਂ ਕਰਵਾਇਆ ਜਿਨ੍ਹਾਂ ਬੱਚਿਆਂ ਦੀ ਜੀਵਨ ਦੀ ਸ਼ੁਰੂਆਤ ਹੀ ਅਜਿਹੀ ਹੋ ਰਹੀ ਹੋਵੇ ਤਾਂ ਉਨ੍ਹਾਂ ਤੋਂ ਕਿਵੇਂ ਰਿਸ਼ਤੇ ਨਾਤਿਆਂ ਨੂੰ ਨਿਭਾਉਣ ਦੀ ਆਸ ਲਗਾਈ ਜਾ ਸਕਦੀ ਹੈ ਜੋ ਬੀਜਾਂਗੇ ਉਹ ਹੀ ਤਾਂ ਖਾਵਾਂਗੇ ਹੁਣ ਰਿਸ਼ਤਿਆਂ ਦੇ ਨਾਮ ਅਤੇ ਜੇਕਰ ਬਚਿਆਂ ਨੂੰ ਕੁਝ ਯਾਦ ਨੇ ਤਾਂ ਬਸ ਦੋ ਹੀ ਅੱਖਰ ਇਕ ਅੰਕਲ ਤੇ ਦੂਜਾ ਆਂਟੀਹੋਰ ਸੂਬਿਆਂ ਬਾਰੇ ਤਾਂ ਮੈਂ ਜਾਣਦਾ ਨਹੀਂ ਪਰ ਮਹਿੰਗਾਈ ਦੇ ਮਾਰ ਥੱਲੇ ਡਿਗ ਦੀ ਜਾ ਰਹੀ ਏ ਮੇਰੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਸਭਿਆਚਾਰ ਵਿਰਸੇ ਤੇ ਰਿਸ਼ਤੇ ਨਾਤਿਆਂ ਨੂੰ ਨਿਭਾਉਣ ਦੀ ਕੰਧ। 
ਹੁਣ ਜੇ ਮਹਿੰਗਾਈ ਦੀ ਗੱਲ ਕਰੀਏ ਤਾਂ ਰੁਪਏ, ਜ਼ਮੀਨਾਂ ਜਾਇਦਾਦਾਂ ਦੀ ਵੰਡ ਨੂੰ ਲੈ ਕੇ ਭਰਾ ਭਰਾ ਨੂੰ ਅਤੇ ਪੁੱਤ ਪਿਉ ਨੂੰ ਸੁੱਤੇ ਪਇਆਂ ਨੂੰ ਮਾਰ ਮੁਕਾਉਣ ਲੱਗ ਪਏ। ਅਸਲ ਵਿਚ ਇਸ ਮਹਿੰਗਾਈ ਦੇ ਆਪਾਂ ਖੁਦ ਹੀ ਤਾਂ ਜ਼ਿੰਮੇਵਾਰ ਹਾਂ ਬੰਦੇ ਨੂੰ ਜ਼ਿੰਦਗੀ ਨੂੰ ਜਿਊਣ ਲਈ ਤਿੰਨ ਚੀਜ਼ਾਂ ਦੀ ਅਹਿਮ ਲੋੜ ਹੈ ਰੋਟੀ, ਕੱਪੜਾ ਅਤੇ ਮਕਾਨ ਇਸ ਤੋਂ ਹੀ ਹਰ ਇਕ ਇਨਸਾਨੀ ਜਾਨ ਦੇ ਜੀਵਨ ਦੀ ਸ਼ੁਰੂਆਤ ਹੁੰਦੀ ਏ ਤੇ ਇਸ ਤੇ ਹੀ ਅੰਤ। ਸੱਚ ਜਾਣੋ ਜਦੋਂ ਤੋਂ ਦੁਨੀਆ ਬਣੀ ਹੋਣੀ ਏ ਉਦੋਂ ਤੋਂ ਲੈ ਕੇ ਹੁਣ ਤੱਕ ਬੰਦੇ ਨੂੰ ਬਣਾਉਣ ਵਾਲੀ ਕੁਦਰਤ ਨੇ ਆਪਣੇ ਬੰਦੇ ਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਤੋਂ ਕਦੇ ਵੀ ਮੁਹਤਾਜ ਨਹੀਂ ਕੀਤਾ ਹੋਣਾ। ਕਹਿੰਦੇ ਨੇ ਜਦੋਂ ਨੀਂਦ ਆਈ ਹੋਵੇ ਫੇਰ ਘਾਹ ਕੀ ਤੇ ਮਹਿੰਗੇ ਮਖਮਲ ਦੇ ਗੱਦੇ ਕੀ, ਪਹਿਨਣ ਨੂੰ ਸਾਦਾ ਕੁੜਤਾ ਪਜਾਮਾ ਪੈਰੀਂ ਚੱਪਲ ਹੀ ਹੋਵੇ ਤਾਂ ਵੀ ਅਨੰਦ ਵੱਖਰਾ ਫੇਰ ਮਹਿੰਗੀਆਂ ਵਿਦੇਸ਼ੀ ਫੈਸ਼ਨ ਦੀਆਂ ਜ਼ੀਨਾਂ ਤੇ ਸਰਟਾਂ ਕੀ, ਕਹਿੰਦੇ ਜਦੋਂ ਕੱਚੇ ਘਰ ਸੀ ਉਦੋਂ ਰਿਸ਼ਤੇ ਪੱਕੇ ਸੀ ਤੇ ਹੁਣ ਪੱਕੇ ਘਰ ਨੇ ਤੇ ਰਿਸ਼ਤੇ ਕੱਚੇ। ਆਪਣੀ ਫੋਕੀ ਸ਼ੁਹਰਤ ਨੂੰ ਵਧਾਉਣ ਲਈ ਨਿੱਤ ਨਵੇਂ ਨਵੇਂ ਖਰਚਿਆਂ ਨੂੰ ਪੈਦਾ ਕਰ ਰਹੇ ਹਾਂ। ਆਪਣੀਆਂ ਵੱਧ ਰਹੀਆਂ ਬੇਲੋੜਾ ਲੋੜਾਂ ਨੂੰ ਪੂਰਾ ਕਰਨ ਲਈ ਹਰ ਰੋਜ਼ ਆਪਣੀ ਆਮਦਨ ਤੋਂ ਵੱਧ ਖਰਚਾ ਕਰਨਾ ਵੀ ਆਪਣੀ ਇੱਕ ਆਦਤ ਵੀ ਬਣ ਗਈ ਏ ਫਿਰ ਸੱਚ ਹੀ ਤਾਂ ਹੈ ਕਿ ਮਹਿੰਗਾਈ ਵੀ ਕਿਉਂ ਨਾ ਵਧੇ ਜੇ ਲੋੜਾਂ ਘੱਟ ਹੋਣ ਤਾਂ ਮਹਿੰਗਾਈ ਨੇ ਆਪਣੇ ਆਪ ਹੀ ਘੱਟ ਜਾਣਾ ਏ। ਆਪਣੀਆਂ ਲੋੜਾਂ ਨੇ ਹੀ ਤਾਂ ਮਹਿੰਗਾਈ ਨੂੰ ਜਨਮ ਦਿੱਤਾ ਏ ਜਿਵੇਂ ਧੀ ਜਾਂ ਪੁੱਤ ਦੇ ਵਿਆਹ ਤੇ ਕਰਜ਼ਾ ਫੇਰ ਚੰਦਰਾ ਦਹੇਜ ਦਾ ਕਰਜ਼ਾ, ਜ਼ਮੀਨਾਂ ਤੇ ਖੇਤੀ ਲਈ ਰੋਜ਼ ਨਵੀਆਂ ਆ ਰਹੀਆਂ ਮਸ਼ੀਨਾਂ ਤੇ ਮਹਿੰਗੇ ਭਾਅ ਦੇ ਖਾਦ ਬੀਜ ਲੈ  ਕੇ ਕੀਤੀ ਖੇਤੀ ਤੇ ਲਿਆ ਕਰਜ਼ਾ, ਕੋਠੀਆਂ ਬਣਾਉਣ ਲਈ ਕਰਜ਼ਾ, ਪੜਾਈ ਤੇ ਕਰਜ਼ਾ, ਵਿਦੇਸ਼ ਵਿਚ ਜਾਣ ਲਈ ਕਰਜ਼ਾ ਪਤਾ ਨਹੀਂ ਹੋਰ ਕਿਹੜਾ ਕਿਹੜਾ ਕਰਜ਼ਾ ਕੋਈ ਵੀ ਇਹੋ ਜਿਹੀ ਵਸਤੂ ਨਹੀਂ ਜਿਸ ਉੱਪਰ ਕਰਜ਼ਾ ਨਾ ਮਿਲਦਾ ਹੋਵੇ। ਹੁਣ ਤਾਂ ਕੋਈ ਅਵੱਲਾ ਹੀ ਹੋਣਾ, ਜਿਸ ਜਿਊਂਦੀ ਮਨੁੱਖੀ ਜਾਨ ਨੇ ਕਰਜ਼ਾ ਨਾ ਲਿਆ ਹੋਵੇ ਪਰ ਜਦੋਂ ਇਨ੍ਹਾਂ ਕਰਜ਼ਿਆਂ ਦੀ ਭਰਪਾਈ ਦੀ ਬਾਰੀ ਆਉਂਦੀ ਏ ਅਤੇ ਇਹ ਜਿਊਂਦੀ ਜਾਨ ਆਪਣੀ ਹੀ ਜਾਨ ਦੀ ਵੈਰੀ ਬਣ ਕੇ ਕਦ ਮੋਈ ਹੋ ਜਾਂਦੀ ਏ ਇਸ ਦਾ ਅੰਦਾਜ਼ਾ ਤਾਂ ਉਸ ਕਰਜ਼ਾਈ ਹੋਏ ਵਿਅਕਤੀ ਨੂੰ ਵੀ ਨਹੀਂ ਪਤਾ ਲੱਗਦਾ। 
ਜੇਕਰ ਲੇਖ ਦੇ ਅੰਤ ਵਿਚ ਆਵਾਂ ਤਾਂ ਇਸ ਮਹਿੰਗਾਈ ਭਰੇ ਦੌਰ ਵਿਚ ਆਪਣੀ ਬੇਲੋੜੀਆਂ ਲੋੜਾਂ ਤੋਂ ਪਰਹੇਜ਼ ਕਰਿਆ ਜਾਵੇ ਅਤੇ ਰਿਸ਼ਤਿਆਂ ਨਾਤਿਆਂ ਦੀ ਅਹਿਮੀਅਤ ਨੂੰ ਮਨਾਂ ਵਿਚ ਵਸਾ ਕਿ ਰਿਸ਼ਤਿਆਂ ਨਾਤਿਆਂ ਦਾ ਸਤਿਕਾਰ ਵਧਾਇਆ ਜਾਵੇ। 

ਹਰਮਿੰਦਰ ਸਿੰਘ ਭੱਟ
9914062205


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News