ਪੰਜਾਬ ਵਾਸੀਆਂ ਨੂੰ ਵੱਜ ਰਹੇ 'ਲੂ' ਦੇ ਥਪੇੜੇ, ਘਰੋਂ ਨਿਕਲਣਾ ਹੋਇਆ ਮੁਸ਼ਕਲ, ਲਗਾਤਾਰ ਵੱਧ ਰਹੀ ਗਰਮੀ

Sunday, May 12, 2024 - 11:14 AM (IST)

ਪੰਜਾਬ ਵਾਸੀਆਂ ਨੂੰ ਵੱਜ ਰਹੇ 'ਲੂ' ਦੇ ਥਪੇੜੇ, ਘਰੋਂ ਨਿਕਲਣਾ ਹੋਇਆ ਮੁਸ਼ਕਲ, ਲਗਾਤਾਰ ਵੱਧ ਰਹੀ ਗਰਮੀ

ਮਾਲੇਰਕੋਟਲਾ (ਸ਼ਹਾਬੂਦੀਨ) : ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ-ਜਿਵੇਂ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਉੱਥੇ ਮਈ ਮਹੀਨੇ ’ਚ ਹੀ ਤੇਜ਼ ਗਰਮੀ ਅਤੇ ਲੂ ਦੇ ਸੇਕੇ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਗਰਮੀ ’ਚ ਭਾਰੀ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਕੜਕਦੀ ਧੁੱਪ ਨਾਲ ਚੱਲਣ ਵਾਲੇ ਲੂ ਦੇ ਗਰਮ ਥਪੇੜਿਆਂ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ, ਉੱਥੇ ਧਨਾਢ ਪਰਿਵਾਰਾਂ ਨੇ ਗਰਮੀ ਦੇ ਮੱਦੇਨਜ਼ਰ ਠੰਡੇ ਪਹਾੜੀ ਇਲਾਕਿਆਂ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ 42 ਤੋਂ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ। ਜਿਹੜਾ ਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਦੱਸਿਆ ਜਾਂਦਾ ਹੈ। ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਣ ਕਾਰਨ ਬਹੁਤੇ ਲੋਕਾਂ ਵੱਲੋਂ ਹੁਣ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਕਾਰਨ ਬਜ਼ਾਰ ਸੁੰਨੇ ਦਿਖਾਈ ਦੇਣ ਲੱਗੇ ਹਨ, ਜਿਸ ਕਾਰਨ ਕਈ ਲੋਕਾਂ ਦੇ ਕੰਮਕਾਰ ’ਤੇ ਵੀ ਗਰਮੀ ਦਾ ਮਾੜਾ ਅਸਰ ਹੋਣ ਲੱਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਤੱਤੀਆਂ ਲੋਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ ਇਸ ਨਾਲ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਤੇਜ਼ ਗਰਮੀ ਨੂੰ ਦੇਖ ਕੇ ਲੋਕ ਪਹਿਲਾਂ ਹੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ਦੇ ਸ਼ੁਰੂ ’ਚ ਹੀ ਅਜਿਹੀ ਭਿਆਨਕ ਸਥਿਤੀ ਪੈਦਾ ਹੋ ਗਈ ਹੈ ਤਾਂ ਜੂਨ-ਜੁਲਾਈ ਜਦੋਂ ਗਰਮੀਆਂ ਦਾ ਮੌਸਮ ਆਪਣੇ ਸਿਖ਼ਰ ’ਤੇ ਹੋਵੇਗਾ, ਉਸ ਸਥਿਤੀ ’ਚ ਕੀ ਹਾਲ ਹੋਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦਰਮਿਆਨ ਨਜ਼ਰ ਨਹੀਂ ਆਉਣਗੇ ਪੰਜਾਬ ਦੇ 5 ਮੌਜੂਦਾ ਸੰਸਦ ਮੈਂਬਰ
ਨਕਲੀ ਤੇ ਮਿਲਾਵਟੀ ਠੰਡੀਆਂ ਵਸਤਾਂ ਵੇਚਣ ਵਾਲੇ ਹੋਏ ਸਰਗਰਮ
ਉੱਧਰ, ਗਰਮੀ ਵੱਧਣ ਦੇ ਨਾਲ ਹੀ ਜਿਥੇ ਬਜ਼ਾਰਾਂ ’ਚ ਲੋਕਾਂ ਨੂੰ ਠੰਡੀਆਂ ਵਸਤਾਂ ਦੇ ਨਾਂ ’ਤੇ ਨਕਲੀ ਅਤੇ ਘਟੀਆ ਕਿਸਮ ਦਾ ਖਾਣ-ਪੀਣ ਵਾਲਾ ਸਾਮਾਨ ਬਣਾਉਣ ਵਾਲੇ ਵੀ ਤੱਤਪਰ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬਜ਼ਾਰਾਂ ’ਚ ਬਿਨਾਂ ਕਿਸੇ ਸੁਰੱਖਿਆ ਦੇ ਲੋਕਾਂ ਨੂੰ ਮਿਲਾਵਟੀ ਤੇ ਨਕਲੀ ਪਦਾਰਥ ਧੜਾਧੜ ਪਰੋਸੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋਵੇਗਾ। ਕੁੱਝ ਹੀ ਦਿਨਾਂ ’ਚ ਪਈ ਇਸ ਅੱਤ ਦੀ ਗਰਮੀ ਨੇ ਜਿਥੇ ਆਮ ਲੋਕਾਂ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਨਾਲ ਹੀ ਗਰਮੀ ਕਾਰਨ ਏਅਰ ਕੰਡੀਸ਼ਨਾਂ, ਕੂਲਰਾਂ ਅਤੇ ਪੱਖਿਆਂ ਦੀ ਵਿਕਰੀ ’ਚ ਵੀ ਇਕਦਮ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਲੈਕਟ੍ਰਾਨਿਕ ਦਾ ਉਕਤ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਕੁੱਝ ਰੌਣਕ ਆਈ ਹੈ।

ਇਹ ਵੀ ਪੜ੍ਹੋ : BJP ਉਮੀਦਵਾਰ ਰਵਨੀਤ ਬਿੱਟੂ ਨੇ ਭਰਿਆ ਨਾਮਜ਼ਦਗੀ ਪੇਪਰ, NOC ਲਈ ਜਮ੍ਹਾਂ ਕਰਵਾਉਣੇ ਪਏ 1.83 ਕਰੋੜ
ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਾਉਣ ਨੂੰ ਦੇਣ ਲੱਗੇ ਤਰਜ਼ੀਹ
ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮੌਕੇ ਏ. ਸੀ. ਦੀ ਵਰਤੋਂ ਜ਼ਿਆਦਾ ਹੋਣ ਲੱਗ ਪਈ ਹੈ ਕਿਉਂਕਿ ਕੂਲਰ ਵੀ 10 ਤੋਂ 20 ਹਜ਼ਾਰ ਰੁਪਏ ਔਸਤਨ ਰੇਟ ’ਤੇ ਆਉਂਦੇ ਹਨ ਅਤੇ ਲੋਕ ਕੂਲਰ ਲੈਣ ਦੀ ਬਜਾਏ ਹੁਣ ਏ. ਸੀ. ਲਗਾਉਣ ਨੂੰ ਹੀ ਤਰਜ਼ੀਹ ਦੇਣ ਲੱਗ ਪਏ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਬਹੁਤ ਘੱਟ ਜਾਂ ਨਾ ਮਾਤਰ ਵਿਆਜ਼ ’ਤੇ ਹੀ ਵੱਖ-ਵੱਖ ਚੀਜ਼ਾਂ ਕਿਸ਼ਤਾਂ ’ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਦੀ ਕਿਸ਼ਤ ’ਚ ਕੋਈ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਆਸਾਨੀ ਨਾਲ ਖ਼ਰੀਦੀ ਜਾ ਸਕਦੀ ਹੈ, ਜਿਸ ਕਾਰਨ ਹੁਣ ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਗਾਉਣ ਨੂੰ ਤਰਜ਼ੀਹ ਦਿੰਦੇ ਹਨ। ਇਸੇ ਤਰ੍ਹਾਂ ਹੁਣ ਚਾਹ ਵਾਲੀਆਂ ਦੁਕਾਨਾਂ ’ਤੇ ਰੌਣਕ ਘੱਟ ਦਿਖਾਈ ਦੇ ਰਹੀ ਹੈ ਅਤੇ ਬਜ਼ਾਰ ’ਚ ਆਈਸਕ੍ਰੀਮ, ਜੂਸ, ਕੋਲਡਡਰਿੰਕ ਅਤੇ ਹੋਰ ਮੌਸਮੀ ਫਲਾਂ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ ’ਤੇ ਰੌਣਕਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਨਿੰਬੂ ਪਾਣੀ ਅਤੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ’ਤੇ ਵੀ ਆਮ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੰਦੀ ਹੈ।
ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ’ਚ ਜ਼ਿਆਦਾ ਮਹਿਸੂਸ ਹੁੰਦੀ ਗਰਮੀ
ਏ. ਸੀ. ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਰੋਜ਼ਾਨਾ ਏ. ਸੀ. ਦੀ ਵਿਕਰੀ ਪਹਿਲਾਂ ਦੇ ਮੁਕਾਬਲੇ 2 ਤੋਂ 3 ਗੁਣਾ ਵਧੀ ਹੈ। ਉੱਧਰ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਬਾਰਸ਼ ਤੋਂ ਬਾਅਦ ਮੌਸਮ ਖ਼ੁਸ਼ਕ ਹੋਣ ਦੇ ਨਾਲ-ਨਾਲ ਗਰਮ ਵੀ ਹੋ ਸਕਦਾ ਹੈ। ਮਾਹਿਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਭਵਿੱਖ ’ਚ ਮਨੁੱਖਤਾ ਲਈ ਘਾਤਕ ਸਿੱਧ ਹੋਵੇਗੀ। ਇਸ ਕਾਰਨ ਲੋਕਾਂ ਨੂੰ ਹੁਣ ਤੋਂ ਹੀ ਵੱਧ ਤੋਂ ਵੱਧ ਬੂਟੇ ਲਾਉਣੇ ਪੈਣਗੇ, ਨਹੀਂ ਤਾਂ ਆਉਣ ਵਾਲੇ ਕੁਝ ਸਾਲਾਂ ’ਚ ਸਥਿਤੀ ਕਾਫੀ ਤਰਸਯੋਗ ਹੋ ਜਾਵੇਗੀ। ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ’ਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦਾ ਬਹੁਤਾ ਹਿੱਸਾ ਸੀਮੈਂਟ ਜਾਂ ਕੰਕਰੀਟ ਨਾਲ ਢੱਕਿਆ ਹੋਇਆ ਹੈ, ਜਿਸ ਕਾਰਨ ਸੜਕਾਂ ਤੇ ਗਲੀਆਂ ’ਚ ਕੰਕਰੀਟ ਦੀ ਗਰਮੀ ਹੋਰ ਵਧ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News