ਸਮੁੰਦਰੀ ਡਾਕੂਆਂ ਤੋਂ ਜਹਾਜ਼ਾਂ ਅਤੇ ਉਨ੍ਹਾਂ ’ਚ ਸਵਾਰ ਲੋਕਾਂ ਨੂੰ ਬਚਾਉਣ ’ਚ ਭਾਰਤੀ ਸਮੁੰਦਰੀ ਫੌਜ ਦੇ ਰਹੀ ਅਹਿਮ ਯੋਗਦਾਨ

Monday, Feb 05, 2024 - 03:55 AM (IST)

ਸਮੁੰਦਰੀ ਡਾਕੂਆਂ ਤੋਂ ਜਹਾਜ਼ਾਂ ਅਤੇ ਉਨ੍ਹਾਂ ’ਚ ਸਵਾਰ ਲੋਕਾਂ ਨੂੰ ਬਚਾਉਣ ’ਚ ਭਾਰਤੀ ਸਮੁੰਦਰੀ ਫੌਜ ਦੇ ਰਹੀ ਅਹਿਮ ਯੋਗਦਾਨ

‘ਸੀ ਪਾਇਰੇਟਸ’ ਭਾਵ ‘ਸਮੁੰਦਰੀ ਡਾਕੂ’ ਅਜਿਹੇ ਲੋਕ ਹਨ ਜੋ ਕਿਸ਼ਤੀ ਜਾਂ ਜਹਾਜ਼ ’ਚ ਸਵਾਰ ਹੋ ਕੇ ਕਿਸੇ ਹੋਰ ਸਮੁੰਦਰੀ ਜਹਾਜ਼ ਜਾਂ ਸਮੁੰਦਰੀ ਕੰਢੇ ਦੇ ਇਲਾਕੇ ’ਤੇ ਡਾਕਾ ਜਾਂ ਅਪਰਾਧਿਕ ਹਿੰਸਾ ਦੇ ਕੰਮਾਂ ’ਚ ਸ਼ਾਮਲ ਹੁੰਦੇ ਹਨ ਕਿਉਂਕਿ ਉੱਥੇ ਸੁਰੱਖਿਆ ਪ੍ਰਬੰਧ ਘੱਟ ਹੁੰਦੇ ਹਨ। ਇਹ ਲੋਕ ਜਹਾਜ਼ਾਂ ਦਾ ਸਾਮਾਨ ਲੁੱਟ ਲੈਂਦੇ ਹਨ ਜਾਂ ਜਹਾਜ਼ ’ਤੇ ਸਵਾਰ ਲੋਕਾਂ ਨੂੰ ਅਗਵਾ ਕਰ ਕੇ ਮੋਟੀ ਫਿਰੌਤੀ ਮੰਗਦੇ ਹਨ। ਤੇਜ਼ ਰਫਤਾਰ ਆਟੋਮੈਟਿਕ ਕਿਸ਼ਤੀਆਂ ’ਤੇ ਸਵਾਰ ਇਹ ਸਮੁੰਦਰੀ ਡਾਕੂ ਨਵੀਂ ਤਕਨੀਕ, ਉੱਨਤ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲੈਸ ਹੁੰਦੇ ਹਨ।

ਸਮੁੰਦਰੀ ਡਾਕੂ ਇਕ ਵਿਸ਼ਵ ਪੱਧਰੀ ਸਮੱਸਿਆ ਹੈ ਜੋ ਕਈ ਦੇਸ਼ਾਂ ਅਤੇ ਮਹਾਸਾਗਰਾਂ ਨੂੰ ਪ੍ਰਭਾਵਿਤ ਕਰਦੀ ਹੈ। ਕੁਝ ਪ੍ਰਮੁੱਖ ਇਲਾਕੇ ਜਿੱਥੇ ਸਮੁੰਦਰੀ ਡਾਕੂ ਸਰਗਰਮ ਹਨ ਉਨ੍ਹਾਂ ’ਚ ਮਲੱਕਾ ਸਟ੍ਰੇਟਸ, ਦੱਖਣ ਚੀਨ ਸਾਗਰ, ਅਦਨ ਦੀ ਖਾੜੀ ਅਤੇ ਲਾਲ ਸਾਗਰ ਸ਼ਾਮਲ ਹਨ। ਇਨ੍ਹਾਂ ’ਚ ਵਧੇਰੇ ਗਰੀਬ ਦੇਸ਼ਾਂ ਸੋਮਾਲੀਆ, ਯਮਨ ਆਦਿ ਦੇਸ਼ਾਂ ਦੇ ਲੋਕ ਹਨ ਜੋ ਗਰੀਬੀ ਅਤੇ ਹੋਰ ਕਾਰਨਾਂ ਅਤੇ ਦੂਜਿਆਂ ਦੀ ਦੇਖਾ-ਦੇਖੀ ਸਮੁੰਦਰੀ ਡਾਕੂ ਬਣ ਗਏ ਹਨ। ਇਨ੍ਹੀਂ ਦਿਨੀਂ ਯਮਨੀ ਹੂਤੀ ਬਾਗੀ ਖਾਸ ਤੌਰ ’ਤੇ ਚਰਚਾ ’ਚ ਹਨ ਜੋ ਫਿਲਸਤੀਨ ’ਚ ਇਜ਼ਰਾਈਲੀ ਦਹਿਸ਼ਤ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੇ ਖਰੂਦ ਪਾ ਰੱਖਿਆ ਹੈ ਅਤੇ ਇਨ੍ਹਾਂ ਦੀ ਦਹਿਸ਼ਤ ਵਧਦੀ ਹੀ ਜਾ ਰਹੀ ਹੈ।

ਹਾਲਾਤ ਕੁਝ ਅਜਿਹੇ ਬਣ ਗਏ ਹਨ ਕਿ ਰੋਜ਼ ਕਿਸੇ ਨਾ ਕਿਸੇ ਛੋਟੇ ਸ਼ਿਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਇਨ੍ਹਾਂ ਲੁਟੇਰਿਆਂ ਨੂੰ ਰੋਕਣ ਅਤੇ ਅਸਫਲ ਕਰਨ ਦਾ ਕੰਮ ਪੂਰੀ ਤਰ੍ਹਾਂ ਹਿੰਦ ਮਹਾਸਾਗਰ ’ਚ ਮੁਸਤੈਦ ਭਾਰਤੀ ਸਮੁੰਦਰੀ ਫੌਜ ਕਰ ਰਹੀ ਹੈ। ਇਸੇ ਕੜੀ ’ਚ ਹੁਣ 2 ਫਰਵਰੀ ਨੂੰ ‘ਆਈ.ਐੱਨ.ਐੱਸ. ਸ਼ਾਰਦਾ’ ਨੇ ਸੋਮਾਲੀਆ ਦੇ ਪੂਰਬੀ ਕੰਢੇ ’ਤੇ ਇਕ ਹੋਰ ਸ਼ਿਪ ਦੀ ਸਫਲ ਰੈਸਕਿਊ ਮੁਹਿੰਮ ’ਚ ਈਰਾਨੀ ਝੰਡੇ ਵਾਲੇ ਮੱਛੀਆਂ ਫੜਨ ਵਾਲੇ ਜਹਾਜ਼, ਐੱਫ.ਵੀ. ਓਮਾਰਿਲ ’ਤੇ ਸਮੁੰਦਰੀ ਡਾਕੇ ਦੀ ਕੋਸ਼ਿਸ਼ ਨੂੰ ਅਸਫਲ ਕਰ ਕੇ ਕਿਸ਼ਤੀ ਸਮੇਤ ਚਾਲਕ ਟੀਮ ਦੇ 11 ਈਰਾਨੀ ਅਤੇ 8 ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਕਬਜ਼ੇ ’ਚੋਂ ਛੁਡਾਉਣ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

7 ਸਮੁੰਦਰੀ ਡਾਕੂਆਂ ਨੇ ‘ਐੱਫ.ਵੀ. ਓਮਾਰਿਲ’ ’ਤੇ ਚੜ੍ਹ ਕੇ ਚਾਲਕ ਟੀਮ ਨੂੰ ਬੰਧਕ ਬਣਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਈ.ਐੱਨ.ਐੱਸ. ਸ਼ਾਰਦਾ ਨੂੰ ਪਹਿਲਾਂ ਹੀ ਭਿਣਕ ਲੱਗ ਗਈ ਸੀ ਕਿ ਸਮੁੰਦਰੀ ਲੁਟੇਰੇ ਫਿਰ ਕਿਸੇ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਹਨ। ਅਜਿਹੇ ’ਚ ਜਿਉਂ ਹੀ ਸੂਚਨਾ ਮਿਲੀ ਤੁਰੰਤ ਐਕਸ਼ਨ ਲੈਂਦੇ ਹੋਏ ਚਿਤਾਵਨੀ ਜਾਰੀ ਕਰ ਦਿੱਤੀ ਗਈ। ਆਈ.ਐੱਨ.ਐੱਸ. ਸ਼ਾਰਦਾ ਨੇ 2 ਫਰਵਰੀ ਦੇ ਸ਼ੁਰੂਆਤੀ ਘੰਟਿਆਂ ’ਚ ਜਹਾਜ਼ ਨੂੰ ਰੋਕ ਕੇ ਜਹਾਜ਼ ਅਤੇ ਇਸ ਦੀ ਚਾਲਕ ਟੀਮ ਦੀ ਸੁਰੱਖਿਅਤ ਰਿਹਾਈ ਲਈ ਸਮੁੰਦਰੀ ਡਾਕੂਆਂ ਨੂੰ ਮਜਬੂਰ ਕਰਨ ਲਈ ਆਪਣੇ ਹੈਲੀਕਾਪਟਰ ਅਤੇ ਆਟੋਮੈਟਿਕ ਕਿਸ਼ਤੀਆਂ ਦੀ ਵਰਤੋਂ ਕੀਤੀ ਅਤੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਤੋਂ ਪਹਿਲਾਂ ਹੂਤੀ ਡਾਕੂਆਂ ਨੇ 5 ਜਨਵਰੀ, 2024 ਨੂੰ ਉੱਤਰੀ ਅਰਬ ਸਾਗਰ ’ਚ ਸੋਮਾਲੀਆ ਦੇ ਕੰਢੇ ’ਤੇ ਐੱਮ.ਵੀ. ਲੀਲਾ ਨਾਰਫਾਕ ਨਾਂ ਦੇ ਜਹਾਜ਼ ਨੂੰ ਹਾਈਜੈੱਕ ਕਰ ਲਿਆ ਸੀ। ਉਦੋਂ ਵੀ ਆਈ.ਐੱਨ.ਐੱਸ. ਚੇਨਈ ਅਤੇ ਉਸ ਦੇ ਨਾਲ ਆਈ.ਐੱਨ.ਐੱਸ. ਤ੍ਰਿਸ਼ੂਲ ਨੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ ਅਤੇ ਉਨ੍ਹਾਂ ਦੀ ਬਦੌਲਤ ਹੀ ਉਸ ਜਹਾਜ਼ ਨੂੰ ਮੁਕਤ ਕਰਵਾਇਆ ਗਿਆ ਅਤੇ ਡਾਕੂਆਂ ਨੂੰ ਵੀ ਫੜ ਲਿਆ ਸੀ। ਇਸ ’ਚ 15 ਭਾਰਤੀ ਨਾਗਰਿਕਾਂ ਸਮੇਤ ਚਾਲਕ ਟੀਮ ਦੇ 21 ਮੈਂਬਰ ਸਵਾਰ ਸਨ।

ਕੁਝ ਹੀ ਦਿਨ ਪਹਿਲਾਂ 17 ਜਨਵਰੀ ਨੂੰ ਅਦਨ ਦੀ ਖਾੜੀ ’ਚ ਇਕ ਮਰਚੈਂਟ ਸ਼ਿਪ ’ਤੇ ਮਿਜ਼ਾਈਲ ਹਮਲਾ ਹੋਇਆ ਸੀ। ਇਸ ਦੇ ਬਾਅਦ ਸ਼ਿਪ ਵੱਲੋਂ ਸਭ ਤੋਂ ਪਹਿਲਾਂ ਭਾਰਤੀ ਸਮੁੰਦਰੀ ਫੌਜ ਤੋਂ ਹੀ ਮਦਦ ਮੰਗੀ ਗਈ ਸੀ, ਜਿਸ ਦੇ ਬਾਅਦ ਆਈ.ਐੱਨ.ਐੱਸ. ਵਿਸ਼ਾਖਾਪਟਨਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਸੀ। ਇਸ ਮਰਚੈਂਟ ਸ਼ਿਪ ’ਤੇ 9 ਭਾਰਤੀਆਂ ਸਮੇਤ ਚਾਲਕ ਟੀਮ ਦੇ 22 ਮੈਂਬਰ ਮੌਜੂਦ ਸਨ।

ਉਪਰੋਕਤ ਉਦਾਹਰਣਾਂ ਨੂੰ ਦੇਖਦੇ ਹੋਏ ਸਿੱਟੇ ’ਚ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਸਮੁੰਦਰਾਂ ’ਚ ਜਿਸ ਤਰ੍ਹਾਂ ਤਣਾਅ ਵਧਿਆ ਹੈ ਉਸ ਨੂੰ ਦੇਖਦੇ ਹੋਏ ਸਮੁੰਦਰੀ ਫੌਜ ਨੇ ਮੁਸਤੈਦੀ ਵੀ ਓਨੀ ਹੀ ਵਧਾ ਦਿੱਤੀ ਹੈ। ਭਾਰਤ ਇਸ ਖੇਤਰ ’ਚ ਬਚਾਅ ਕਾਰਜ ਕਰਦੇ ਹੋਏ ਕਿਸੇ ’ਤੇ ਹਮਲਾ ਕਰਨ ਲਈ ਖੁਦ ਨੂੰ ਅਮਰੀਕਾ ਨਾਲ ਨਹੀਂ ਜੋੜ ਰਿਹਾ ਸਗੋਂ ਸਿਰਫ ਸਮੁੰਦਰ ’ਚ ਫਸਣ ਵਾਲਿਆਂ ਨੂੰ ਬਚਾਅ ਰਿਹਾ ਹੈ ਭਾਵੇਂ ਉਹ ਈਰਾਨੀ ਹੋਣ, ਪਾਕਿਸਤਾਨੀ ਹੋਣ ਜਾਂ ਕਿਸੇ ਹੋਰ ਦੇਸ਼ ਨਾਲ ਸਬੰਧ ਰੱਖਦੇ ਹੋਣ।

ਈਰਾਨ ਹੂਤੀਆਂ ਨੂੰ ਟ੍ਰੇਨਿੰਗ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਫੰਡਿੰਗ ਵੀ ਕਰ ਰਿਹਾ ਹੈ। ਇਸ ਤਰ੍ਹਾਂ ਉਹ ਅਮਰੀਕਾ ਨੂੰ ਭੜਕਾ ਰਿਹਾ ਹੈ। ਓਧਰ ਦੂਜੇ ਪਾਸੇ ਅਮਰੀਕਾ ਵੀ ਈਰਾਨ ਦੇ ਨਾਲ ਸਿੱਧੇ ਤੌਰ ’ਤੇ ਲੜ ਨਹੀਂ ਸਕਦਾ, ਇਸ ਲਈ ਉਹ ਖੇਤਰ ’ਚ ਅਸਿੱਧੇ ਤੌਰ ’ਤੇ ਸੀਰੀਆ ਅਤੇ ਇਰਾਕ ’ਤੇ ਹਮਲੇ ਕਰਵਾ ਰਿਹਾ ਹੈ। ਇਹ ਭਾਰਤ ਦੀ ਬੜੀ ਚੰਗੀ ਅਤੇ ਸੰਤੁਲਿਤ ਵਿਦੇਸ਼ ਨੀਤੀ ਹੈ ਜਿਸ ਨਾਲ ਵਿਸ਼ਵ ਭਾਈਚਾਰੇ ’ਚ ਭਾਰਤ ਦਾ ਚੰਗਾ ਅਕਸ ਬਣ ਰਿਹਾ ਹੈ ਜਦਕਿ ਦੂਜੇ ਪਾਸੇ ਅਮਰੀਕਾ ਵੱਲੋਂ ਹੂਤੀਆਂ, ਈਰਾਨੀਆਂ ਆਦਿ ਦੇ ਵਿਰੁੱਧ ਹਮਲੇ ਜਾਰੀ ਹਨ।

-ਵਿਜੇ ਕੁਮਾਰ


author

Harpreet SIngh

Content Editor

Related News