ਬੱਚਿਆਂ ’ਚ ਵਧਦਾ ਮੋਟਾਪਾ ਖਤਰੇ ਦੀ ਘੰਟੀ

Thursday, Nov 14, 2024 - 03:09 PM (IST)

ਬੱਚਿਆਂ ’ਚ ਵਧਦਾ ਮੋਟਾਪਾ ਖਤਰੇ ਦੀ ਘੰਟੀ

ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਚ 5-19 ਸਾਲ ਦੀ ਉਮਰ ਦੇ ਬੱਚਿਆਂ ਵਿਚ ਮੋਟਾਪੇ ਦੀ ਦਰ ਪਿਛਲੇ ਦਹਾਕੇ ਵਿਚ ਦੁੱਗਣੀ ਹੋ ਗਈ ਹੈ। ਵਰਤਮਾਨ ਵਿਚ ਲਗਭਗ 1.44 ਕਰੋੜ ਭਾਰਤੀ ਬੱਚੇ ਇਸ ਸਮੱਸਿਆ ਤੋਂ ਪੀੜਤ ਹਨ। ਇਹ ਅੰਕੜਾ ਖਾਸ ਕਰ ਕੇ ਸ਼ਹਿਰੀ ਖੇਤਰਾਂ ਵਿਚ ਚਿੰਤਾਜਨਕ ਹੈ, ਜਿੱਥੇ ਇਹ ਸਮੱਸਿਆ ਪੇਂਡੂ ਖੇਤਰਾਂ ਦੇ ਮੁਕਾਬਲੇ 2.5 ਗੁਣਾ ਜ਼ਿਆਦਾ ਪਾਈ ਜਾਂਦੀ ਹੈ। ਆਧੁਨਿਕ ਯੁੱਗ ਵਿਚ ਬੱਚਿਆਂ ਵਿਚ ਵਧ ਰਿਹਾ ਮੋਟਾਪਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ, ਇਹ ਵੀ ਦਰਸਾਉਂਦਾ ਹੈ ਕਿ ਭਵਿੱਖ ਖ਼ਤਰੇ ਵਿਚ ਹੈ।

ਬੱਚਿਆਂ ਵਿਚ ਮੋਟਾਪਾ ਉਦੋਂ ਹੁੰਦਾ ਹੈ ਜਦੋਂ ਬੱਚੇ ਦੇ ਸਰੀਰ ਦਾ ਭਾਰ ਉਸ ਦੀ ਉਚਾਈ, ਉਮਰ ਅਤੇ ਲਿੰਗ ਦੇ ਅਨੁਪਾਤ ਵਿਚ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਪਤਾ ਲਗਾਉਣ ਲਈ ਬੱਚੇ ਦੇ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਦੀ ਗਣਨਾ ਕੀਤੀ ਜਾਂਦੀ ਹੈ, ਜੋ ਉਸ ਦੀ ਉਚਾਈ ਅਤੇ ਭਾਰ ਨੂੰ ਧਿਆਨ ਵਿਚ ਰੱਖਦੀ ਹੈ। ਜਿਹੜੇ ਬੱਚਿਆਂ ਦਾ ਬੀ.ਐੱਮ.ਆਈ. ਉਨ੍ਹਾਂ ਦੀ ਉਮਰ ਅਤੇ ਲਿੰਗ ਦੇ 95ਵੇਂ ਫੀਸਦੀ ਤੋਂ ਵੱਧ ਹੁੰਦਾ ਹੈ, ਉਨ੍ਹਾਂ ਨੂੰ ਮੋਟੇ ਵਾਲਾ ਮੰਨਿਆ ਜਾਂਦਾ ਹੈ।

ਇਹ ਹੈਰਾਨੀਜਨਕ ਅੰਕੜੇ ਸਾਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਬੱਚੇ ਉਸ ਉਮਰ ਵਿਚ ਮੋਟੇ ਹੁੰਦੇ ਜਾ ਰਹੇ ਹਨ ਜਦੋਂ ਉਹ ਖੇਡਦੇ-ਛਾਲਾਂ ਮਾਰਦੇ ਹਨ। ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜੋਕੇ ਸਮੇਂ ਵਿਚ ਮਨੁੱਖ ਦੀ ਜੀਵਨਸ਼ੈਲੀ ਵਿਚ ਬਹੁਤ ਸਾਰੇ ਬਦਲਾਅ ਆਏ ਹਨ, ਜਿਵੇਂ ਕਿ ਫਾਸਟ ਫੂਡ ਦਾ ਵਧਦਾ ਪ੍ਰਚਲਨ ਅਤੇ ਸਰੀਰਕ ਸਰਗਰਮੀਆਂ ਵਿਚ ਕਮੀ ਨੇ ਇਸ ਸਮੱਸਿਆ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ 5-19 ਸਾਲ ਦੀ ਉਮਰ ਵਰਗ ਵਿਚ ਮੋਟਾਪੇ ਦੀ ਫੀਸਦੀ 2010 ਵਿਚ 9.8 ਫੀਸਦੀ ਸੀ, ਜੋ 2023 ਵਿਚ ਵਧ ਕੇ 19.3 ਫੀਸਦੀ ਹੋ ਗਈ। ਇਹ ਸਮੱਸਿਆ ਉੱਚ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

ਅੱਜ ਦੇ ਡਿਜੀਟਲ ਯੁੱਗ ਵਿਚ ਬੱਚੇ ਮੋਬਾਈਲ ਫ਼ੋਨ ਅਤੇ ਵੀਡੀਓ ਗੇਮਾਂ ’ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ (2023) ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਵਿਚ 5-19 ਸਾਲ ਦੀ ਉਮਰ ਦੇ 22.7 ਫੀਸਦੀ ਬੱਚੇ ਅਤੇ ਪੇਂਡੂ ਖੇਤਰਾਂ ਵਿਚ 12.1 ਫੀਸਦੀ ਮੋਟਾਪੇ ਤੋਂ ਪੀੜਤ ਹਨ। ਪਿਛਲੇ 5 ਸਾਲਾਂ ਵਿਚ ਇਸ ਸਮੱਸਿਆ ਵਿਚ 63 ਫੀਸਦੀ ਵਾਧਾ ਹੋਇਆ ਹੈ।

ਇਕ ਅਧਿਐਨ ਮੁਤਾਬਕ ਸ਼ਹਿਰੀ ਖੇਤਰਾਂ ਵਿਚ 65 ਫੀਸਦੀ ਬੱਚੇ ਹਫ਼ਤੇ ਵਿਚ ਘੱਟੋ-ਘੱਟ 3-4 ਵਾਰ ਫਾਸਟ ਫੂਡ ਦਾ ਸੇਵਨ ਕਰਦੇ ਹਨ। ਇਸ ਤੋਂ ਇਲਾਵਾ 78 ਫੀਸਦੀ ਬੱਚੇ ਨਿਯਮਤ ਤੌਰ ’ਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਵਿਚ ਬਹੁਤ ਜ਼ਿਆਦਾ ਖੰਡ ਹੁੰਦੀ ਹੈ, ਜੋ ਸਿਹਤ ਲਈ ਇਕ ਮਿੱਠੇ ਜ਼ਹਿਰ ਵਾਂਗ ਕੰਮ ਕਰਦੀ ਹੈ, ਜਿਸ ਨਾਲ ਮੋਟਾਪਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਰਵਾਇਤੀ ਅਤੇ ਪੌਸ਼ਟਿਕ ਭੋਜਨ ਦੀ ਥਾਂ ਪ੍ਰੋਸੈੱਸਡ ਫੂਡ ਨੇ ਲੈ ਲਈ ਹੈ, ਜਿਸ ਕਾਰਨ ਬੱਚਿਆਂ ਦੇ ਪੋਸ਼ਣ ਸੰਤੁਲਨ ਵਿਚ ਵਿਗਾੜ ਆ ਰਿਹਾ ਹੈ। ਫਾਸਟ ਫੂਡ ਦੀ ਵਧਦੀ ਲੋਕਪ੍ਰਿਅਤਾ ਨਾ ਸਿਰਫ਼ ਬੱਚਿਆਂ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ, ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਬਾਜ਼ਾਰ ਵਿਚ ਉਪਲਬਧ ਜ਼ਿਆਦਾਤਰ ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਕੈਮੀਕਲਜ਼ ਅਤੇ ਪ੍ਰੀਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਖਾਣ-ਪੀਣ ਦੀਆਂ ਵਸਤੂਆਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ ਅਤੇ ਉਨ੍ਹਾਂ ਦਾ ਸਵਾਦ ਵੀ ਸਹੀ ਰੱਖਿਆ ਜਾ ਸਕਦਾ ਹੈ।

ਦਿੱਲੀ ਦੇ ਇਕ ਪ੍ਰਮੁੱਖ ਸਕੂਲ ਵਿਚ 2023 ਵਿਚ ਕੀਤੇ ਗਏ ਇਕ ਵਿਸਤ੍ਰਿਤ ਅਧਿਐਨ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। 1200 ਵਿਦਿਆਰਥੀਆਂ ’ਤੇ ਕੀਤੇ ਗਏ ਇਸ 12 ਮਹੀਨਿਆਂ ਦੇ ਅਧਿਐਨ ’ਚ ਪਾਇਆ ਗਿਆ ਕਿ 70 ਫੀਸਦੀ ਬੱਚੇ ਰੋਜ਼ਾਨਾ 1 ਘੰਟੇ ਤੋਂ ਵੀ ਘੱਟ ਕਸਰਤ ਕਰਦੇ ਹਨ, ਜਦਕਿ 85 ਫੀਸਦੀ ਨੇ ਡਿਜੀਟਲ ਗੈਜੇਟਸ ’ਤੇ ਜ਼ਿਆਦਾ ਸਮਾਂ ਬਿਤਾਇਆ। ਸਿਰਫ਼ 25 ਫ਼ੀਸਦੀ ਬੱਚੇ ਹੀ ਖੇਡਾਂ ਵਿਚ ਨਿਯਮਿਤ ਤੌਰ ’ਤੇ ਹਿੱਸਾ ਲੈਂਦੇ ਹਨ।

ਸਰੀਰਕ ਪੱਧਰ ’ਤੇ ਇਹ ਟਾਈਪ-2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬੀਮਾਰੀ ਅਤੇ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਮਾਨਸਿਕ ਪੱਧਰ ’ਤੇ ਮੋਟਾਪੇ ਤੋਂ ਪੀੜਤ ਬੱਚੇ ਅਕਸਰ ਸਵੈ-ਭਰੋਸੇ ਦੀ ਕਮੀ, ਉਦਾਸੀ ਅਤੇ ਸਮਾਜਿਕ ਉਦਾਸੀਨਤਾ ਦਾ ਸਾਹਮਣਾ ਕਰਦੇ ਹਨ। ਕਈ ਵਾਰ ਉਹ ਧੱਕੇਸ਼ਾਹੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਇਸ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਕ ਪੱਧਰ ’ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਬੱਚਿਆਂ ਨੂੰ ਸਰੀਰਕ ਸਰਗਰਮੀਆਂ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ। ਭਾਰਤੀ ਰਵਾਇਤੀ ਭੋਜਨ ਕੁਦਰਤੀ ਅਤੇ ਪੌਸ਼ਟਿਕ ਹੁੰਦੇ ਹਨ ਅਤੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਬੱਚੇ ਨੂੰ ਹਰ ਰੋਜ਼ ਸਵੇਰੇ ਥੋੜ੍ਹਾ ਜਿਹਾ ਘਿਓ ਮਿਲਾ ਕੇ ਇਕ ਛੋਟਾ ਕਟੋਰਾ ਦੁੱਧ ਪਿਲਾ ਸਕਦੇ ਹੋ। ਇਸ ਨਾਲ ਉਨ੍ਹਾਂ ਦੀ ਪਾਚਨ ਸ਼ਕਤੀ ਅਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧੇਗੀ। ਇਸ ਤੋਂ ਇਲਾਵਾ ਦਹੀਂ ਵੀ ਬਹੁਤ ਹੀ ਪੌਸ਼ਟਿਕ ਅਤੇ ਲਾਭਦਾਇਕ ਭੋਜਨ ਪਦਾਰਥ ਹੈ। ਦਹੀਂ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਤੁਸੀਂ ਹਰ ਰੋਜ਼ ਸਵੇਰੇ ਆਪਣੇ ਬੱਚੇ ਨੂੰ ਕੁਝ ਫਲ ਖਿਲਾ ਸਕਦੇ ਹੋ।

ਸਕੂਲਾਂ ਨੂੰ ਨਿਯਮਤ ਸਰੀਰਕ ਸਿੱਖਿਆ ਦੀਆਂ ਕਲਾਸਾਂ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਸਰਕਾਰੀ ਪੱਧਰ ’ਤੇ ਸਿਹਤ ਸਿੱਖਿਆ ਨੂੰ ਪਾਠਕ੍ਰਮ ਵਿਚ ਸ਼ਾਮਲ ਕਰਨ ਅਤੇ ਖੇਡਾਂ ਦੀਆਂ ਸਹੂਲਤਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ। ਇਕ ਨਵੇਂ ਰੂਪ ਵਿਚ ਸਰਕਾਰ ਵੀ ਫਿਲਹਾਲ ਇਸ ਮੁੱਦੇ ਵੱਲ ਧਿਆਨ ਦੇ ਰਹੀ ਹੈ। ਰਾਸ਼ਟਰੀ ਪੋਸ਼ਣ ਨੀਤੀ-2023 ਵਿਚ ਬਚਪਨ ਦੇ ਮੋਟਾਪੇ ਨੂੰ ਦੂਰ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਇਸ ਵਿਚ ਸਕੂਲੀ ਪੋਸ਼ਣ ਪ੍ਰੋਗਰਾਮਾਂ ਨੂੰ ਮਜ਼ਬੂਤ ​​ਬਣਾਉਣਾ, ਜਨਤਕ ਜਾਗਰੂਕਤਾ ਮੁਹਿੰਮਾਂ ਚਲਾਉਣਾ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ ਸ਼ਾਮਲ ਹੈ। ਕੁਝ ਸੂਬਾ ਸਰਕਾਰਾਂ ਵੀ ਇਸ ਦਿਸ਼ਾ ਵਿਚ ਕਦਮ ਚੁੱਕ ਰਹੀਆਂ ਹਨ। ਮਿਸਾਲ ਵਜੋਂ, ਕੇਰਲ ਨੇ ਹਾਲ ਹੀ ਵਿਚ ਸਕੂਲਾਂ ਵਿਚ ‘ਈਟ ਰਾਈਟ, ਪਲੇਅ ਰਾਈਟ’ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਬੱਚਿਆਂ ਵਿਚ ਸਿਹਤਮੰਦ ਭੋਜਨ ਖਾਣ ਅਤੇ ਸਰੀਰਕ ਸਰਗਰਮੀ ਨੂੰ ਹੱਲਾਸ਼ੇਰੀ ਦੇਣਾ ਹੈ।

-ਸੁਨਿਧੀ ਮਿਸ਼ਰਾ


author

Tanu

Content Editor

Related News