ਅਜਿਹੇ ’ਚ ਕਾਂਗਰਸ ਦਾ ਭਵਿੱਖ ਸੰਵਰਨਾ ਮੁਸ਼ਕਲ
Thursday, Oct 21, 2021 - 03:36 AM (IST)
ਅਵਧੇਸ਼ ਕੁਮਾਰ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜੋ ਅਣਸੁਖਾਵੇਂ ਮਾਹੌਲ ’ਚ ਹੋਈ, ਉਸ ’ਤੇ ਸੁਭਾਵਕ ਹੀ ਸਮਰਥਕਾਂ ਅਤੇ ਬੋਧੀਆਂ ਦੋਵਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਕਾਂਗਰਸ ਦੀ ਹਰ ਅਜਿਹੀ ਬੈਠਕ ਉਸ ਦੇ ਵਰਤਮਾਨ ਅਤੇ ਭਵਿੱਖ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੁੰਦੀ ਹੈ। ਵਰਕਿੰਗ ਕਮੇਟੀ ਦੀ ਬੈਠਕ ਦੇ ਬਾਅਦ ਅਜੇ ਤੱਕ ਪਾਰਟੀ ਦੇ ਅੰਦਰੋਂ ਕਿਸੇ ਕਿਸਮ ਦਾ ਵਿਰੋਧੀ ਬਿਆਨ ਨਾ ਹੋਣਾ ਮੌਜੂਦਾ ਲੀਡਰਸ਼ਿਪ ਅਤੇ ਉਨ੍ਹਾਂ ਦੇ ਰਣਨੀਤੀਕਾਰਾਂ ਦੇ ਲਈ ਰਾਹਤ ਦਾ ਵਿਸ਼ਾ ਹੋਵੇਗਾ ਪਰ ਕੋਈ ਇਹ ਨਹੀਂ ਮੰਨ ਸਕਦਾ ਕਿ ਬੈਠਕ ’ਚ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰਨਾਂ ਆਗੂਆਂ ਦੇ ਭਾਸ਼ਣ ਅਤੇ ਲਏ ਗਏ ਫੈਸਲੇ ਨਾਲ ਅੰਦਰੂਨੀ ਖਿੱਚੋਤਾਣ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਤੇ ਉਦਾਸੀਨਤਾ ’ਤੇ ਰੋਕ ਲੱਗ ਜਾਵੇਗੀ।
ਆਖਿਰ ਇਸ ਵਰਕਿੰਗ ਕਮੇਟੀ ਤੋਂ ਨਿਕਲਿਆ ਕੀ? ਮੂਲ ਤੌਰ ’ਤੇ 3 ਗੱਲਾਂ ਸਪੱਸ਼ਟ ਹੋਈਆਂ। ਇਕ, ਸੋਨੀਆ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਾਰਜਕਾਰੀ ਪ੍ਰਧਾਨ ਹਨ ਅਤੇ ਪੂਰੇ ਸਮੇਂ ਦੇ ਪ੍ਰਧਾਨ ਵੀ। ਦੂਸਰੇ, ਅਗਲੇ ਪ੍ਰਧਾਨ ਦੀ ਚੋਣ 2022 ਦੇ ਅਗਸਤ-ਸਤੰਬਰ ਤੱਕ ਕੀਤੀ ਜਾਵੇਗੀ ਅਤੇ ਤੀਸਰੇ, ਰਾਹੁਲ ਗਾਂਧੀ ਨੇ ਮੁੜ ਤੋਂ ਪ੍ਰਧਾਨ ਬਣਨ ’ਤੇ ਵਿਚਾਰ ਕਰਨਾ ਪ੍ਰਵਾਨ ਕਰ ਲਿਆ। ਇਨ੍ਹਾਂ ਤਿੰਨਾਂ ਦੇ ਮਾਇਨੇ ਕੀ ਹਨ? ਜੀ-23 ਨੇਤਾਵਾਂ ’ਚੋਂ ਕਪਿਲ ਸਿੱਬਲ ਨੇ ਆਵਾਜ਼ ਉਠਾਈ ਸੀ ਕਿ ਜਦੋਂ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਹੈ ਤਾਂ ਫੈਸਲਾ ਕੌਣ ਲੈ ਰਿਹਾ ਹੈ? ਕੋਈ ਤਾਂ ਫੈਸਲਾ ਕਰ ਰਿਹਾ ਹੈ। ਜ਼ਾਹਿਰ ਹੈ, ਇਹ ਇਕੱਲੇ ਉਨ੍ਹਾਂ ਦੀ ਆਵਾਜ਼ ਨਹੀਂ ਸੀ। ਇਨ੍ਹਾਂ ਨੇਤਾਵਾਂ ਦੇ ਨਾਲ ਦੇਸ਼ ਭਰ ਦੇ ਜੋ ਲੋਕ ਚੋਣ ਆਯੋਜਿਤ ਕਰਨ ਦੀ ਮੰਗ ਕਰ ਰਹੇ ਸਨ ਉਨ੍ਹਾਂ ਦੇ ਸਾਹਮਣੇ ਵੀ ਤਸਵੀਰ ਸਾਫ ਕਰ ਦਿੱਤੀ ਗਈ ਹੈ ਕਿ ਸੋਨੀਆ ਗਾਂਧੀ ਦੀ ਅਗਵਾਈ ’ਚ ਪਾਰਟੀ ਸੰਗਠਨ ਚੋਣ ਕਰਵਾਉਣ ਦੀ ਕਾਹਲੀ ’ਚ ਨਹੀਂ ਹੈ। ਵਰਕਿੰਗ ਕਮੇਟੀ ਦੀ ਬੈਠਕ ਦੇ ਬਾਅਦ ਦੱਸਿਆ ਗਿਆ ਕਿ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਉਹ ਪ੍ਰਧਾਨ ਦਾ ਅਹੁਦਾ ਸੰਭਾਲਣ ਅਤੇ ਉਨ੍ਹਾਂ ਨੇ ਇਸ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਬਾਅਦ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਾਂਗਰਸ ਦੀ ਵਾਗਡੋਰ ਕਿਸ ਦੇ ਹੱਥਾਂ ’ਚ ਜਾਵੇਗੀ।
ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਹੋਣਗੇ ਤਾਂ ਸਾਹਮਣੇ ਕੌਣ ਚੁਣੌਤੀ ਦੇਣ ਲਈ ਖੜ੍ਹਾ ਹੋਵੇਗਾ? ਕੋਈ ਨਹੀਂ। ਜ਼ਾਹਿਰ ਹੈ, 2019 ’ਚ ਅਸਤੀਫੇ ਦੇ ਬਾਅਦ ਫਿਰ 2022 ’ਚ ਉਹ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਣਗੇ। ਇਸ ਸਾਲ ਦੇ ਸ਼ੁਰੂ ’ਚ ਹੀ ਸੋਨੀਆ ਗਾਂਧੀ ਨੇ ਨਾਰਾਜ਼ ਨੇਤਾਵਾਂ ਨਾਲ ਮੁਲਾਕਾਤ ’ਚ ਸਪੱਸ਼ਟ ਕਰ ਦਿੱਤਾ ਸੀ ਕਿ ਕੋਈ ਗਲਤਫਹਿਮੀ ਨਾ ਪਾਲੇ ਕਿ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਪਰਿਵਾਰ ਦੇ ਹੱਥਾਂ ’ਚ ਹੀ ਰਹੇਗੀ।
ਵਰਕਿੰਗ ਕਮੇਟੀ ਦੀ ਬੈਠਕ ਦੇ ਬਾਅਦ ਸੋਨੀਆ ਗਾਂਧੀ ਅਤੇ ਉਸ ਦੇ ਪਰਿਵਾਰ ਦੇ ਸਮਰਥਕ ਨੇਤਾਵਾਂ ਦੇ ਵੱਲ ਇਹ ਖਬਰ ਫੀਡ ਵੀ ਕੀਤੀ ਗਈ ਕਿ ਜੀ-23 ਦੇ ਨੇਤਾਵਾਂ ’ਚ ਫੁੱਟ ਪੈ ਗਈ ਹੈ ਅਤੇ ਹੁਣ ਉਹ ਪਹਿਲੇ ਦੇ ਵਾਂਗ ਇਕਜੁੱਟ ਹੋ ਕੇ ਕੋਈ ਬਿਆਨ ਨਹੀਂ ਦੇਣਗੇ। ਸੰਭਵ ਹੈ ਕਿ ਇਨ੍ਹਾਂ ’ਚੋਂ ਕੁਝ ਲੋਕਾਂ ਨਾਲ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਲੋਕਾਂ ਨੇ ਨਿੱਜੀ ਗੱਲਬਾਤ ਕੀਤੀ ਹੋਵੇ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਕੋਈ ਭਰੋਸਾ ਦਿੱਤਾ ਿਗਆ ਹੋਵੇ।
ਕਾਂਗਰਸ ਜਾਂ ਕਿਸੇ ਵੀ ਸਿਆਸੀ ਪਾਰਟੀ ’ਚ ਅਜਿਹੇ ਲੋਕ ਘੱਟ ਹੀ ਬਚੇ ਹਨ ਜੋ ਵਿਚਾਰਧਾਰਾ ਲਈ ਜਾਂ ਪਾਰਟੀ ਹਿੱਤ ’ਚ ਆਪਣਾ ਅਹੁਦਾ ਅਤੇ ਕੱਦ ਤਿਆਗਣ ਜਾਂ ਨਜ਼ਰਅੰਦਾਜ਼ ਕਰਨ ਲਈ ਤਿਆਰ ਹੋ ਜਾਣ। ਕਾਂਗਰਸ ਦੇ ਅੰਦਰ ਮੂਲ ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਪਾਰਟੀ ਕੇਂਦਰ ਦੀ ਸੱਤਾ ’ਚ ਨਹੀਂ ਆਈ, ਕਿਸੇ ਤਰ੍ਹਾਂ ਸੱਤਾ ’ਚ ਭਾਈਵਾਲ ਨਹੀਂ ਹੋਈ ਤਾਂ ਉਨ੍ਹਾਂ ਦਾ ਕੀ ਹੋਵੇਗਾ। ਸਵਾਲ ਇੱਥੇ ਕੁਝ ਨਾਰਾਜ਼ ਨੇਤਾਵਾਂ ਦੇ ਸੰਤੁਸ਼ਟ ਹੋਣ ਦਾ ਨਹੀਂ ਹੈ। ਮੂਲ ਸਵਾਲ ਕਾਂਗਰਸ ਦੇ ਭਵਿੱਖ ਦਾ ਹੈ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਮੌਜੂਦਾ ਸਿਆਸੀ ਦ੍ਰਿਸ਼ ’ਚ ਭਾਜਪਾ ਦੇ ਸਮਾਨ ਕੌਮਾਂਤਰੀ ਪੱਧਰ ’ਤੇ ਜਿਸ ਮਜ਼ਬੂਤ ਵਿਰੋਧੀ ਧਿਰ ਦੀ ਆਸ ਕੀਤੀ ਜਾਂਦੀ ਹੈ ਉੱਥੇ ਕੋਈ ਪਾਰਟੀ ਦੂਰ-ਦੂਰ ਤੱਕ ਨਹੀਂ ਦਿਸਦੀ। ਰਾਸ਼ਟਰੀ ਪੱਧਰ ’ਤੇ ਕਿਸੇ ਵੱਡੀ ਪਾਰਟੀ ’ਤੇ ਖੜ੍ਹੇ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਕਮਜ਼ੋਰ ਹੁੰਦੇ ਹੋਏ ਵੀ ਜੇਕਰ ਕਿਸੇ ਤੋਂ ਆਸ ਕੀਤੀ ਜਾਂਦੀ ਹੈ ਤਾਂ ਉਹ ਭਾਵੇਂ ਕਾਂਗਰਸ ਹੀ ਹੈ। ਮਾੜੀ ਕਿਸਮਤ ਨਾਲ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਅਤੇ ਉਸ ਦੇ ਰਣਨੀਤੀਕਾਰ ਆਪਣੀ ਭੂਮਿਕਾ ਨੂੰ ਹੀ ਸਮਝਣ ਲਈ ਤਿਆਰ ਨਹੀਂ ਹਨ।
ਕਾਂਗਰਸ ਵਿਚਾਰ, ਵਿਹਾਰ ਤੇ ਸ਼ਖਸੀਅਤ ਤਿੰਨਾਂ ਪੱਧਰਾਂ ’ਤੇ ਲੰਬੇ ਸਮੇਂ ਤੋਂ ਦੁਰਦਰਸ਼ਾ ਦੀ ਸ਼ਿਕਾਰ ਹੈ। ਇਸ ਦੀ ਵਿਚਾਰਕਤਾ ਭਰਮੀ ਹੈ। ਨੀਤੀ-ਰਣਨੀਤੀ ਸਬੰਧੀ ਅਨਿਸ਼ਚਤਾ ਦਾ ਮਾਹੌਲ ਹੈ ਅਤੇ ਲੀਡਰਸ਼ਿਪ ਦਾ ਚਿਹਰਾ ਅਜਿਹਾ ਨਹੀਂ ਹੈ ਜੋ ਲੋਕਾਂ ਦਾ ਸਮਰਥਨ ਹਾਸਲ ਕਰ ਸਕੇ। ਕਹਿਣ ਦੀ ਲੋੜ ਨਹੀਂ ਕਿ ਇਹ ਸੰਕਟ ਵੀ ਦੂਰ ਹੋ ਸਕਦਾ ਹੈ, ਜਦੋਂ ਇਨ੍ਹਾਂ ਤਿੰਨਾਂ ਪੱਧਰਾਂ ’ਤੇ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਵਿਹਾਰਕ ਤਬਦੀਲੀ ਦੀ ਸ਼ੁਰੂਆਤ ਹੋਵੇ। ਇਹ ਤਦ ਹੀ ਸੰਭਵ ਹੈ ਜਦੋਂ ਪਾਰਟੀ ਦੇ ਰਣਨੀਤੀਕਾਰ, ਨੇਤਾ, ਕਾਰਜਕਰਤਾ ਸਾਰੇ ਵਿਅਕਤੀ ਮੋਹ ਪਰਿਵਾਰ ’ਚ ਆਦਿ ਤੋਂ ਪਰੇ ਹਟ ਕੇ ਪਾਰਟੀ ਦੇ ਭਵਿੱਖ ਲਈ ਕੰਮ ਕਰਨ।
ਬਦਕਿਸਮਤੀ ਨਾਲ ਕਾਂਗਰਸ ’ਚ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਨੇਤਾਵਾਂ ਦੀ ਭਰਮਾਰ ਹੋ ਗਈ ਹੈ ਜੋ ਲੀਡਰਸ਼ਿਪ ਭਾਵ ਸੋਨੀਆ ਗਾਂਧੀ ਦੇ ਪਰਿਵਾਰ ਦੀ ਕਿਰਪਾ ਨਾਲ ਸਿਆਸਤ ’ਚ ਬਣੇ ਹੋਏ ਹਨ। ਇਸ ਕਾਰਨ ਅਜਿਹੇ ਨੇਤਾ, ਜਿਨ੍ਹਾਂ ਦਾ ਆਪਣੇ ਹਲਕੇ ਜਾਂ ਸੂਬੇ ’ਚ ਲੋਕ ਆਧਾਰ ਹੈ,ਉਨ੍ਹਾਂ ਨੂੰ ਵੀ ਪਰਿਵਾਰ ਦੇ ਪ੍ਰਤੀ ਸ਼ਰਧਾ ਸਾਬਤ ਕਰਨੀ ਪੈਂਦੀ ਹੈ। ਕੈਪਟਨ ਅਮਰਿੰਦਰ ਸਿੰਘ ਇਸ ਦੀ ਤਾਜ਼ਾ ਉਦਾਹਰਣ ਹਨ। ਰਾਜਸਥਾਨ ’ਚ ਅਸ਼ੋਕ ਗਹਿਲੋਤ ਨੂੰ ਪਰਿਵਾਰ ਦਾ ਭਰੋਸਾ ਹਾਸਲ ਹੈ। ਇਸੇ ਕਾਰਨ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਉੱਥੇ ਤਬਦੀਲੀ ਸੰਭਵ ਨਹੀਂ ਹੋ ਰਹੀ। ਹੋਰਨਾਂ ਸੂਬਿਆਂ ਦੀ ਵੀ ਇਹ ਹਾਲ ਹੈ।
ਹਾਲਾਂਕਿ ਕਾਂਗਰਸ ਮਜ਼ਬੂਤ ਤੇ ਪ੍ਰਭਾਵੀ ਹੋਵੇਗੀ ਤਦ ਹੀ ਪਰਿਵਾਰ ਦਾ ਵੀ ਹਿੱਤ ਸੁਧਰੇਗਾ। 2014 ਦੀਆਂ ਲੋਕ ਸਭਾ ਚੋਣਾਂ ਸੋਨੀਆ ਗਾਂਧੀ ਦੀ ਪ੍ਰਧਾਨਗੀ ’ਚ ਹੀ ਕਾਂਗਰਸ ਨੇ ਲੜੀਆ। ਪ੍ਰਿਯੰਕਾ ਗਾਂਧੀ ਕਾਂਗਰਸ ਦੀ ਜਨਰਲ ਸਕੱਤਰ ਬਣ ਚੁੱਕੀ ਸੀ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਸੀ। ਰਾਹੁਲ ਆਪਣੀ ਰਿਵਾਇਤੀ ਕਮੇਟੀ ਲੋਕ ਸਭਾ ਸੀਟ ਤੋਂ ਚੋਣ ਹਾਰ ਗਏ ਅਤੇ ਦੂਸਰੀ ਵਾਰ ਕਾਂਗਰਸ ਲੋਕ ਸਭਾ ’ਚ ਇੰਨੀਆਂ ਸੀਟਾਂ ਹਾਸਲ ਨਹੀਂ ਕਰ ਸਕੀ ਜਿਸ ਨਾਲ ਉਸ ਨੂੰ ਸੰਵਿਧਾਨਕ ਤੌਰ ’ਤੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਮਿਲੇ।
ਇਸ ਹਾਲਤ ’ਚ ਸੋਨੀਆ ਗਾਂਧੀ, ਰਾਹੁਲ, ਪ੍ਰਿਯੰਕਾ ਅਤੇ ਉਨ੍ਹਾਂ ਦੇ ਰਣਨੀਤੀਕਾਰਾਂ ਨੂੰ ਹੀ ਅੱਗੇ ਆ ਕੇ ਪਾਰਟੀ ਨੂੰ ਮੁੜ ਸੰਗਠਿਤ ਕਰਨ ਲਈ ਰਸਤਾ ਬਣਾਉਣਾ ਚਾਹੀਦਾ ਸੀ। ਨਾਰਾਜ਼ ਨੇਤਾਵਾਂ ਸਮੇਤ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਨੂੰ ਵਿਆਪਕ ਮੰਥਨ ਦੇ ਲਈ ਕੈਂਪ ਆਯੋਜਿਤ ਕਰਨਾ ਚਾਹੀਦਾ ਸੀ। ਇਕ ਅਜਿਹੀ ਸ਼ਖਸੀਅਤ ਨੂੰ ਪਾਰਟੀ ਨੇਤਾ ਦੇ ਰੂਪ ’ਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਸੀ ਜੋ ਖੁਦ ਬੇਸ਼ੱਕ ਸਮਰਥ ਨਾ ਹੋਵੇ ਪਰ ਯੋਗ ਲੋਕਾਂ ਦੀ ਟੀਮ ਬਣਾ ਕੇ ਮੌਜੂਦਾ ਰਾਜਨੀਤੀ ਦੇ ਮੁਕਾਬਲੇ ਲਈ ਕਾਂਗਰਸ ਨੂੰ ਵਿਚਾਰਕ ਅਤੇ ਸੰਗਠਨਾਤਮਕ ਪੱਧਰ ’ਤੇ ਖੜ੍ਹਾ ਕਰਨ ਦੀ ਇਮਾਨਦਾਰ ਕੋਸ਼ਿਸ਼ ਕਰ ਸਕੇ। ਸਪੱਸ਼ਟ ਹੈ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ।
ਤਾਂ ਜੇਕਰ ਪਰਿਵਾਰ ਅਤੇ ਪਾਰਟੀ ਇਹ ਸਮਝਣ ਲਈ ਤਿਆਰ ਨਹੀਂ ਕਿ ਉਸ ਨੂੰ ਮੁੜ ਜ਼ਿੰਦਾ ਕਰ ਕੇ ਮੁੜ ਤੋਂ ਸਿਆਸਤ ਦੀ ਕੇਂਦਰੀ ਭੂਮਿਕਾ ’ਚ ਲਿਆਉਣ ਦੇ ਲਈ ਵਿਆਪਕ ਪੱਧਰ ’ਤੇ ਔਖੀ ਸਾਧਨਾ ਅਤੇ ਪਰਿਵਰਤਨ ਦੀ ਲੋੜ ਹੈ ਤਾਂ ਫਿਰ ਪਾਰਟੀ ਦਾ ਭਵਿੱਖ ਨਹੀਂ ਸੰਵਰ ਸਕਦਾ।