ਕਈ ਅਰਥਾਂ ’ਚ ਬਹੁਤ ਵੱਡਾ ਹੈ ਇਹ ਅੰਦੋਲਨ

01/20/2020 1:53:55 AM

ਆਕਾਰ ਪਟੇਲ

ਮੇਰੀ ਉਮਰ 50 ਸਾਲ ਹੈ ਅਤੇ ਮੈਂ ਅੱਜ ਤਕ ਇੰਨਾ ਵੱਡਾ ਅੰਦੋਲਨ ਕਦੇ ਨਹੀਂ ਦੇਖਿਆ, ਜਿੰਨਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਰਾਸ਼ਟਰੀ ਆਬਾਦੀ ਰਜਿਸਟਰ ਦੇ ਵਿਰੁੱਧ ਕੀਤਾ ਜਾ ਰਿਹਾ ਹੈ। ਇਹ ਉਨ੍ਹਾਂ ਸਭ ਤੋਂ ਕਾਫੀ ਵੱਖਰਾ ਹੈ, ਜੋ ਕੁਝ ਅੱਜ ਤਕ ਅਸੀਂ ਦੇਖਿਆ ਹੈ।

ਇੰਦਰਾ ਦੀ ਐਮਰਜੈਂਸੀ

ਮੈਂ ਕਈ ਵੱਡੇ-ਵੱਡੇ ਅੰਦੋਲਨ ਦੇਖੇ ਹਨ। ਮੇਰੇ ਜ਼ਿਹਨ ਵਿਚ ਐਮਰਜੈਂਸੀ ਦੀਆਂ ਧੁੰਦਲੀਆਂ ਯਾਦਾਂ ਹਨ। ਮੁੰਬਈ ਵਿਚ ਸਾਡੇ ਵਿਲੇ ਪਾਰਲੇ ਪੂਰਬੀ ਗੁਆਂਢ ਵਿਚ ਕੁਝ ਹਲਚਲ ਹੋਈ ਸੀ ਪਰ ਇਹ ਜ਼ਿਆਦਾ ਸਮੇਂ ਤਕ ਨਹੀਂ ਰਹੀ। ਇਸ ਖੇਤਰ ਵਿਚ ਗਲੀਆਂ ’ਚ ਜ਼ਿਆਦਾ ਗਿਣਤੀ ਵਿਚ ਲੋਕ ਨਹੀਂ ਸਨ। ਮੈਨੂੰ ਯਾਦ ਹੈ, ਜਨਤਾ ਪਾਰਟੀ ਦੇ ਲੋਕ ਇਕ ਪੀਲੇ ਰੰਗ ਦੀ ਬੁੱਕਲੇਟ ਵੰਡ ਰਹੇ ਸਨ, ਜਿਸ ’ਚ ਇੰਦਰਾ ਗਾਂਧੀ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰ ਦਾ ਵਰਣਨ ਸੀ, ਜੋ ਜ਼ਾਹਿਰ ਤੌਰ ’ਤੇ ਉਸ ਨੇ ਆਪਣੇ ਵਿਰੋਧੀਆਂ ’ਤੇ ਕੀਤਾ ਸੀ। ਇਕ ਪੇਜ ’ਤੇ ਸਿਗਰਟ ਨਾਲ ਸਾੜੇ ਹੋਏ ਵਿਅਕਤੀ ਦੀ ਡਰਾਇੰਗ ਸੀ।

ਐਮਰਜੈਂਸੀ ’ਚ ਜ਼ਿਆਦਾਤਰ ਅੱਤਿਆਚਾਰ ਕਾਂਗਰਸ ਦੇ ਸਿਆਸੀ ਵਿਰੋਧੀਆਂ ਅਤੇ ਮੀਡੀਆ ਉੱਤੇ ਕੀਤਾ ਗਿਆ। ਸਿਆਸੀ ਵਿਰੋਧੀਆਂ ਨੂੰ ਜੇਲ ਵਿਚ ਡੱਕਿਆ ਗਿਆ ਅਤੇ ਮੀਡੀਆ ’ਤੇ ਸੈਂਸਰਸ਼ਿਪ ਲਾਈ ਗਈ। ਇਹ ਸਿਆਸੀ ਲੜਾਈ ਸੀ, ਜੋ ਸੱਤਾ ਲਈ ਲੜੀ ਗਈ, ਜਿਸ ਵਿਚ ਮੋਟੇ ਤੌਰ ’ਤੇ ਨਾਗਰਿਕਾਂ ਨੂੰ ਨਹੀਂ ਛੇੜਿਆ ਗਿਆ। ਭਾਰਤੀ ਮੱਧਵਰਗ ਆਮ ਤੌਰ ’ਤੇ ਤਾਨਾਸ਼ਾਹਾਂ ਦਾ ਸਾਥ ਦਿੰਦਾ ਹੈ ਅਤੇ ਉਹ ਆਮ ਤੌਰ ’ਤੇ ਇੰਦਰਾ ਗਾਂਧੀ ਵੱਲ ਸੀ। ਇਸ ਵਰਗ ਕੋਲ ਐਮਰਜੈਂਸੀ ਦੀਆਂ ਕੋਈ ਬੁਰੀਆਂ ਯਾਦਾਂ ਨਹੀਂ ਹਨ।

ਅੰਦੋਲਨ ਦਾ ਅਗਲਾ ਦੌਰ ਐਮਰਜੈਂਸੀ ਦੇ ਇਕ ਦਹਾਕੇ ਬਾਅਦ ਆਇਆ ਅਤੇ ਇਹ ਮੰਡਲ ਬਾਰੇ ਸੀ ਪਰ ਮੰਡਲ ਤੋਂ ਪਹਿਲਾਂ ਗੁਜਰਾਤ (ਉਸ ਸਮੇਂ ਮੈਂ ਸੂਰਤ ਵਿਚ ਰਹਿ ਰਿਹਾ ਸੀ) ਵਿਚ 1985 ਵਿਚ ਇਕ ਅੰਦੋਲਨ ਹੋਇਆ, ਜੋ ਰਿਜ਼ਰਵੇਸ਼ਨ ਦੇ ਵਿਰੁੱਧ ਸੀ ਅਤੇ ਸ਼ਹਿਰੀ ਮੱਧਵਰਗ, ਮੇਰੇ ਦੋਸਤਾਂ ਸਮੇਤ ਘਰ-ਘਰ ਗਏ ਅਤੇ ਦਲਿਤਾਂ ਵਿਰੁੱਧ ਸੰਦੇਸ਼ ਦਿੱਤਾ। ਬੇਸ਼ੱਕ ਪ੍ਰਦਰਸ਼ਨਕਾਰੀ ਸਵਰਨ ਸਨ, ਜਿਵੇਂ ਕਿ ਗੁਜਰਾਤ ਵਿਚ ਅਕਸਰ ਹੁੰਦਾ ਹੈ, ਇਹ ਅੰਦੋਲਨ ਦੰਗਿਆਂ ਵਿਚ ਬਦਲ ਗਿਆ ਅਤੇ ਬਿਨਾਂ ਕਿਸੇ ਕਾਰਣ ਦੇ ਮੁਸਲਮਾਨਾਂ ਨੂੰ ਸਜ਼ਾ ਦਿੱਤੀ ਗਈ।

ਮੰਡਲ ਅੰਦੋਲਨ

ਇਸ ਤੋਂ ਕੁਝ ਸਾਲ ਬਾਅਦ ਮੰਡਲ ਨੂੰ ਲੈ ਕੇ ਅੰਦੋਲਨ ਹੋਇਆ। ਇਸ ਦੌਰਾਨ ਦੋ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਸਨ, ਜਿਨ੍ਹਾਂ ’ਚੋਂ ਕੁਝ ਰਿਜ਼ਰਵੇਸ਼ਨ ਦੇ ਪੱਖ ਵਿਚ ਸਨ ਅਤੇ ਕੁਝ ਵਿਰੋਧ ਵਿਚ ਕਿਉਂਕਿ ਮੰਡਲ ਸਵਰਨਾਂ ਨੂੰ ਮਜ਼ਬੂਤ ਬਣਾਉਂਦਾ ਸੀ (ਬਹੁਤ ਸਾਰੇ ਭਾਰਤੀ ਇਸ ਗੱਲ ਨੂੰ ਨਹੀਂ ਸਮਝਦੇ ਕਿ ਓ. ਬੀ. ਸੀ. ਵਿਚ ਸੀ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ, ਨਾ ਕਿ ਜਾਤੀ ਦੀ। ਅਜਿਹੀ ਹਾਲਤ ਵਿਚ ਉਹ ਕਾਫੀ ਲੋਕਾਂ ਨੂੰ ਅੰਦੋਲਨ ਵਿਚ ਸ਼ਾਮਿਲ ਕਰਨ ਵਿਚ ਕਾਮਯਾਬ ਰਹੇ, ਜਿੰਨਾ ਕਿ ਦਲਿਤ ਨਹੀਂ ਕਰ ਸਕਦੇ ਸਨ ਅਤੇ ਉੱਚ ਜਾਤੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਸਨ ਕਿ ਉਨ੍ਹਾਂ ਦੇ ਏਕਾਧਿਕਾਰ ਨੂੰ ਖਤਰਾ ਪੈਦਾ ਹੋ ਰਿਹਾ ਹੈ। ਗੋਸਵਾਮੀ ਨਾਂ ਦੇ ਇਕ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਲਈ ਅਤੇ ਉਹ ਇਕ ਤਰ੍ਹਾਂ ਨਾਲ ਹੀਰੋ ਬਣ ਗਿਆ।

ਇਸੇ ਸਮੇਂ ਦੌਰਾਨ ਇਕ ਹੋਰ ਅੰਦੋਲਨ ਹੋਇਆ ਅਤੇ ਇਹ ਸਭ ਤੋਂ ਖਤਰਨਾਕ ਸੀ। ਇਹ ਅੰਦੋਲਨ ਬਾਬਰੀ ਮਸਜਿਦ ਨੂੰ ਲੈ ਕੇ ਸੀ। ਐੱਲ. ਕੇ. ਅਡਵਾਨੀ ਆਪਣੀ ਆਤਮਕਥਾ ਵਿਚ ਲਿਖਦੇ ਹਨ ਕਿ ਉਨ੍ਹਾਂ ਦੀ ਰੱਥ ਯਾਤਰਾ ਦੇ ਰਾਹ ਵਿਚ ਕੋਈ ਹਿੰਸਾ ਨਹੀਂ ਹੋਈ ਪਰ ਦੇਸ਼ ਭਰ ਵਿਚ ਗੁਆਂਢੀ ਸਥਾਨਾਂ ’ਤੇ ਕਾਫੀ ਹਿੰਸਕ ਅੰਦੋਲਨ ਹੋਏ ਅਤੇ ਇਕ ਵਾਰ ਫਿਰ ਮੁਸਲਮਾਨਾਂ ਨੂੰ ਸਜ਼ਾ ਦਿੱਤੀ ਗਈ। ਮਸਜਿਦ ਨੂੰ ਡੇਗੇ ਜਾਣ ਤੋਂ ਬਾਅਦ 2000 ਭਾਰਤੀਆਂ ਦੀ ਮੌਤ ਹੋਈ। ਢਾਂਚਾ ਡੇਗੇ ਜਾਣ ਤੋਂ ਪਹਿਲਾਂ ਕਾਫੀ ਲੰਮਾ ਅੰਦੋਲਨ ਚੱਲਿਆ ਪਰ ਉਹ ਮੌਜੂਦਾ ਸਮੇਂ ਦੇ ਅੰਦੋਲਨ ਵਾਂਗ ਨਹੀਂ ਸੀ ਅਤੇ ਅਸੀਂ ਜਾਣਾਂਗੇ ਕਿ ਅਜਿਹਾ ਕਿਉਂ ਸੀ?

ਤੁਸੀਂ ਜਾਣਦੇ ਹੋ ਕਿ ਭਾਰਤ ’ਚ ਲੱਗਭਗ ਸਾਰੇ ਅੰਦੋਲਨ ਨਿੱਜੀ ਕਾਰਣਾਂ ਕਰਕੇ ਹੋਏ ਹਨ। ਮੰਡਲ ਅਤੇ ਮੰਦਰ ਨੂੰ ਲੈ ਕੇ ਅੰਦੋਲਨਕਾਰੀ ਖ਼ੁਦ ਲਈ ਅੰਦੋਲਨ ਕਰ ਰਹੇ ਸਨ। ਕੋਈ ਰਿਜ਼ਰਵੇਸ਼ਨ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਸੱਚਾਈ ਇਹ ਹੈ ਕਿ ਅੰਦੋਲਨ ਵਿਚ ਸ਼ਾਮਿਲ ਦੋਹਾਂ ਪਾਸਿਆਂ ਦੇ ਲੋਕ ਆਪੋ-ਆਪਣੇ ਹਿੱਤਾਂ ਲਈ ਖੜ੍ਹੇ ਸਨ।

ਇਸ ਅੰਦੋਲਨ ਤੋਂ ਪਹਿਲਾਂ ਕਦੇ ਵੀ ਸੰਵਿਧਾਨ ਦੇ ਪੱਖ ਵਿਚ ਇੰਨਾ ਵੱਡਾ ਅੰਦੋਲਨ ਨਹੀਂ ਹੋਇਆ। ਇਰੋਮ ਸ਼ਰਮੀਲਾ ਨੇ ਸੰਵਿਧਾਨਵਾਦ ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਨ ਵਿਚ ਲੰਮਾ ਅੰਦੋਲਨ ਕੀਤਾ ਸੀ। ਇਸ ਸਮੇਂ ਜਾਰੀ ਅੰਦੋਲਨ ਵਿਚ ਲੱਖਾਂ ਭਾਰਤੀ ਕੁਝ ਕਦਰਾਂ-ਕੀਮਤਾਂ ਲਈ ਅੱਗੇ ਆਏ, ਨਾ ਕਿ ਨਿੱਜੀ ਲਾਭ ਲਈ।

ਕੀ ਚਾਹੁੰਦੇ ਹਨ ਪ੍ਰਦਰਸ਼ਨਕਾਰੀ

ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ (ਮੇਰੇ ਵਾਂਗ) ਸਰਕਾਰ ਨੂੰ ਡੇਗਣ ਜਾਂ ਉਸ ਦੀ ਦਿੱਖ ਖਰਾਬ ਕਰਨ ’ਚ ਰੁਚੀ ਨਹੀਂ ਹੈ। ਇਹ ਚੁਣੀ ਹੋਈ ਸਰਕਾਰ ਹੈ ਅਤੇ ਆਪਣੇ 5 ਸਾਲਾਂ ਦਾ ਕਾਰਜਕਾਲ ਪੂਰਾ ਕਰੇਗੀ ਅਤੇ ਜੇਕਰ ਮੋਦੀ ਦੁਬਾਰਾ ਚੋਣ ਜਿੱਤਦੇ ਹਨ ਤਾਂ ਉਹ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਸ ਅੰਦੋਲਨ ਦਾ ਇਹ ਉਦੇਸ਼ ਨਹੀਂ ਹੈ ਅਤੇ ਨਾ ਹੀ ਇਹ ਸਾਡੀ ਚਿੰਤਾ। ਇਸ ਸਮੇਂ ਜਿਸ ਚੀਜ਼ ਦਾ ਵਿਰੋਧ ਹੋ ਰਿਹਾ ਹੈ ਅਤੇ ਜਿਸ ਨੂੰ ਵਾਪਿਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ, ਉਹ ਉਹੀ ਕਾਨੂੰਨ ਹੈ, ਜੋ ਸਪੱਸ਼ਟ ਤੌਰ ’ਤੇ ਭੇਦਭਾਵਪੂਰਨ ਹੈ ਅਤੇ ਭਾਰਤੀ ਸੰਵਿਧਾਨ ਤੇ ਉਨ੍ਹਾਂ ਸੰਧੀਆਂ ਤੇ ਸਮਝੌਤਿਆਂ ਦੀ ਉਲੰਘਣਾ ਕਰਦਾ ਹੈ, ਜੋ ਭਾਰਤ ਨੇ ਕੌਮਾਂਤਰੀ ਪੱਧਰ ’ਤੇ ਸਾਈਨ ਕੀਤੇ ਹਨ। ਇਹ ਸੱਚ ਹੈ ਕਿ ਬਹੁਤ ਸਾਰੇ ਪ੍ਰਦਰਸ਼ਨਕਾਰੀ ਮੁਸਲਮਾਨ ਹਨ, ਜਿਨ੍ਹਾਂ ਨੂੰ ਇਸ ਗੱਲ ਦਾ ਡਰ ਹੈੈ ਕਿ ਉਨ੍ਹਾਂ ਦੇ ਅਧਿਕਾਰ ਉਨ੍ਹਾਂ ਤੋਂ ਖੋਹੇ ਜਾ ਰਹੇ ਹਨ। ਉਨ੍ਹਾਂ ਦਾ ਡਰ ਜਾਇਜ਼ ਹੈ ਪਰ ਇਥੇ ਵੀ ਉਹ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ, ਸਿਵਾਏ ਇਸ ਦੇ ਕਿ ਉਨ੍ਹਾਂ ਕੋਲ ਜੋ ਕੁਝ ਪਹਿਲਾਂ ਤੋਂ ਹੈ, ਉਹ ਬਰਕਰਾਰ ਰਹਿਣਾ ਚਾਹੀਦਾ ਹੈ। ਇਹ ਲੋਕ ਰਿਜ਼ਰਵੇਸ਼ਨ ਨਹੀਂ ਚਾਹੁੰਦੇ ਅਤੇ ਨਾ ਹੀ ਮੰਦਰ ਚਾਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਹੋਰ ਮੰਗ ਹੈ, ਸਿਵਾਏ ਇਸ ਦੇ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਹੀ ਕਾਰਣ ਹੈ ਕਿ ਇਹ ਪ੍ਰਦਰਸ਼ਨ ਵੱਖਰੀ ਕਿਸਮ ਦਾ ਹੈ ਅਤੇ ਇਹੀ ਕਾਰਣ ਹੈ ਕਿ ਇਸ ਪ੍ਰਦਰਸ਼ਨ ਨੇ ਪਹਿਲੀ ਵਾਰ ਭਾਰਤੀ ਸਰਕਾਰ ਨੂੰ ਅਨਿਸ਼ਚਿਤਤਾ ਦੀ ਸਥਿਤੀ ਵਿਚ ਪਾ ਦਿੱਤਾ ਹੈ ਕਿ ਉਹ ਅੱਗੇ ਕੀ ਕਰੇ? ਆਉਣ ਵਾਲੀਆਂ ਸਥਿਤੀਆਂ ਉਸ ਦੇ ਕੰਟਰੋਲ ਵਿਚ ਨਹੀਂ ਹਨ, ਜੋ ਚਿੰਤਾਜਨਕ ਹਨ।

ਇਹੀ ਕਾਰਣ ਹੈ ਕਿ ਦੁਨੀਆ ਇਸ ਚੀਜ਼ ਦਾ ਨੋਟਿਸ ਲੈ ਰਹੀ ਹੈ ਅਤੇ ਉਹ ਮੋਦੀ ’ਤੇ ਦਬਾਅ ਪਾ ਰਹੀ ਹੈ। ਇਹ ਸਿਰਫ ਮਹਾਤਿਰ ਮੁਹੰਮਦ ਅਤੇ ਅਮਰੀਕੀ ਸੰਸਦ ਮੈਂਬਰ ਪਰਮੀਲਾ ਜੈਪਾਲ ਹੀ ਨਹੀਂ ਹਨ, ਜੋ ਮੋਦੀ ਨੂੰ ਨਾਗਰਿਕਤਾ ਅਤੇ ਕਸ਼ਮੀਰ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਰੋਕਣ ਲਈ ਕਹਿ ਰਹੇ ਹਨ। ਭਾਰਤ ’ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਉਹ ਆਪਣੇ ਹੀ ਨਾਗਰਿਕਾਂ ਉੱਤੇ ਤਸ਼ੱਦਦ ਕਰ ਰਿਹਾ ਹੈ ਅਤੇ ਉਸ ਕੋਲ ਇਸ ਦੋਸ਼ ਦੇ ਬਚਾਅ ’ਚ ਕੋਈ ਤਰਕ ਨਹੀਂ ਹੈ।

ਹਕੀਕਤ ਨੂੰ ਸਮਝਣ ਨੇਤਾ

ਇਸ ਤੱਥ ਨੂੰ ਸਵੀਕਾਰ ਕਰਨ ਕਿ ਇਹ ਅੰਦੋਲਨ ਨੈਤਿਕ ਅਤੇ ਜਾਇਜ਼ ਹੈ ਅਤੇ ਇਸ ਕਾਨੂੰਨ ਤੇ ਪ੍ਰਸਤਾਵਿਤ ਸਰਵੇ ਨੂੰ ਵਾਪਿਸ ਲੈਣ ਨਾਲ ਹੀ ਇਹ ਪ੍ਰਦਰਸ਼ਨ ਖਤਮ ਹੋਵੇਗਾ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ, ਜੋ ਦੋਵੇਂ ਤੇਜ਼ ਬੁੱਧੀ ਵਾਲੇ ਰਾਜਨੇਤਾ ਹਨ, ਇਸ ਗੱਲ ਨੂੰ ਸਮਝਣਗੇ ਅਤੇ ਉਚਿਤ ਫੈਸਲਾ ਲੈਣਗੇ।


Bharat Thapa

Content Editor

Related News