ਭਵਿੱਖ ’ਚ ਹੁਣ ਸਿਰਫ ਦੋ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਰਹਿਣਗੀਆਂ

Saturday, Oct 19, 2024 - 06:57 PM (IST)

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਰਬੋਤਮ ਲੋਕਤੰਤਰੀ ਦੇਸ਼ ਹੈ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਨਵੀਆਂ ਸਰਕਾਰਾਂ ਬਣੀਆਂ ਹਨ। ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦ ਅਤੇ ਦਹਿਸ਼ਤਗਰਦੀ ਦਾ ਲਗਭਗ ਖਾਤਮਾ ਹੋ ਗਿਆ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਖਾਸਕਰ ਮਹਿਲਾ ਵੋਟਰਾਂ ਨੇ ਚੋਣਾਂ ’ਚ ਪੂਰੀ ਆਜ਼ਾਦੀ ਨਾਲ ਆਪਣੀ ਵੋਟ ਦੀ ਵਰਤੋਂ ਕੀਤੀ। ਨਤੀਜੇ ਲਗਭਗ ਉਹੀ ਰਹੇ ਜੋ ਇਸ ਸੂਬੇ ਲਈ ਅੰਦਾਜ਼ੇ ਲਾਏ ਜਾ ਰਹੇ ਸਨ।

ਭਾਜਪਾ ਪਿਛਲੇ 10 ਸਾਲਾਂ ਤੋਂ ਆਪਣੇ ਸਾਥੀਆਂ ਨਾਲ ਹਰਿਆਣਾ ਵਿਚ ਰਾਜ ਕਰ ਰਹੀ ਸੀ। ਸੱਤਾ ਵਿਰੋਧੀ ਲਹਿਰ ਕਾਰਨ ਇਸ ਚੋਣ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਦੀ ਉਮੀਦ ਸੀ। ਚੋਣਾਂ ਤੋਂ ਪਹਿਲਾਂ ਤਕਰੀਬਨ ਸਾਰਾ ਮੀਡੀਆ ਅਤੇ ਅਖ਼ਬਾਰ ਕਾਂਗਰਸ ਦੀ ਜਿੱਤ ਦੀਆਂ ਗੱਲਾਂ ਕਰ ਰਹੇ ਸਨ। ਕਾਂਗਰਸ ਦੇ ਚੋਟੀ ਦੇ ਅਤੇ ਸੂਬਾਈ ਆਗੂਆਂ ਨੂੰ ਪੂਰਾ ਭਰੋਸਾ ਸੀ ਕਿ ਇਸ ਵਾਰ ਕਾਂਗਰਸ ਹਰਿਆਣਾ ਵਿਚ ਸੱਤਾ ਸੰਭਾਲਣ ਵਿਚ ਜ਼ਰੂਰ ਕਾਮਯਾਬ ਹੋਵੇਗੀ ਪਰ ਚੋਣ ਨਤੀਜਿਆਂ ਨੇ ਨਾ ਸਿਰਫ਼ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਹੈਰਾਨ ਕਰ ਦਿੱਤਾ, ਸਗੋਂ ਉਨ੍ਹਾਂ ਨੂੰ ਹੈਰਾਨੀ ਅਤੇ ਚਿੰਤਾਜਨਕ ਭੰਬਲਭੂਸੇ ਵਿਚ ਪਾ ਦਿੱਤਾ।

ਆਪਣੀਆਂ ਸਿਆਸੀ ਅਤੇ ਪ੍ਰਸ਼ਾਸਨਿਕ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਲਈ, ਭਾਜਪਾ ਨੇ ਆਪਣੇ ਮੁੱਖ ਮੰਤਰੀ ਨੂੰ ਹਟਾ ਦਿੱਤਾ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਇਕ ਨਵੇਂ ਚਿਹਰੇ ਨੂੰ ਨਿਯੁਕਤ ਕੀਤਾ। ਇਸ ਤਰ੍ਹਾਂ ਉਸ ਨੇ ਆਪਣੀਆਂ ਸੱਤਾ ਵਿਰੋਧੀ ਖਾਮੀਆਂ ਨੂੰ ਦੂਰ ਕਰਨ ਲਈ ਸ਼ਾਨਦਾਰ ਨੀਤੀ ਅਪਣਾਈ।

ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸਹੀ ਸਮੇਂ ’ਤੇ ਸਹੀ ਫੈਸਲਾ ਨਾ ਲੈਣ ਨਾਲ ਕਦੇ ਵੀ ਲੋੜੀਂਦੇ ਨਤੀਜੇ ਨਹੀਂ ਮਿਲਦੇ। ਪਿਛਲੇ 10 ਸਾਲਾਂ ਤੋਂ ਹਰਿਆਣਾ ਪ੍ਰਦੇਸ਼ ਕਾਂਗਰਸ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ​​ਕਰਨ ਵਿਚ ਬੁਰੀ ਤਰ੍ਹਾਂ ਫੇਲ ਰਹੀ ਹੈ, ਜਿਸ ਕਾਰਨ ਕਈ ਬੂਥਾਂ ’ਤੇ ਕਾਂਗਰਸੀ ਵਰਕਰ ਗੈਰ-ਹਾਜ਼ਰ ਰਹੇ। ਲੀਡਰ ਜਲੂਸਾਂ ਵਿਚ ਭੀੜ ਇਕੱਠੀ ਕਰਨ ਵਿਚ ਤਾਂ ਕਾਮਯਾਬ ਰਹੇ ਪਰ ਭੀੜ ਨੂੰ ਵੋਟਾਂ ਵਿਚ ਬਦਲਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ।

ਸੰਸਦੀ ਚੋਣਾਂ ਵਿਚ 5 ਸੀਟਾਂ ਜਿੱਤਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਦੇ ਭਰਮ ਵਿਚ ਫਸ ਗਏ ਅਤੇ ਚੋਣ ਜਿੱਤਣ ਲਈ ਜਿਸ ਲਗਨ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਸੀ, ਉਸ ਪ੍ਰਤੀ ਉਦਾਸੀਨਤਾ ਆ ਗਈ। ਕਾਂਗਰਸ ਨੂੰ ‘ਆਪ’ ਨਾਲ ਸਮਝੌਤਾ ਨਾ ਕਰਨਾ ਵੀ ਮਹਿੰਗਾ ਪਿਆ। ਅਸਲ ਵਿਚ ਉਹ ਆਪਣੇ ਸਿਆਸੀ ਵਿਰੋਧੀ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਗਈ।

ਇਸ ਚੋਣ ਵਿਚ ਖੇਤਰੀ ਪਾਰਟੀਆਂ ਦਾ ਸਫਾਇਆ ਹੋ ਗਿਆ। ‘ਆਪ’ ਵੀ ਪੂਰੀ ਤਰ੍ਹਾਂ ਹੱਥ ਮਲਦੀ ਰਹਿ ਗਈ। ਚੌਧਰੀ ਦੇਵੀ ਲਾਲ, ਚੌਧਰੀ ਬੰਸੀਲਾਲ, ਚੌਧਰੀ ਭਜਨ ਲਾਲ ਅਤੇ ਪਰਿਵਾਰਵਾਦ ਦੇ ਹੋਰ ਹਮਾਇਤੀਆਂ ਨੂੰ ਵੀ ਭਾਰੀ ਝਟਕਾ ਲੱਗਾ।

ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੂੰ ਲੋਕ-ਪੱਖੀ ਅਤੇ ਅਗਾਂਹਵਧੂ ਨੀਤੀਆਂ ਘੜਨ ਲਈ ਆਪਣੇ ਥਿੰਕ ਟੈਂਕ ਦਾ ਪੂਰੀ ਤਰ੍ਹਾਂ ਪੁਨਰਗਠਨ ਕਰਨਾ ਚਾਹੀਦਾ ਹੈ। ਰੂੜੀਵਾਦੀ ਨੀਤੀਆਂ ਦੀ ਥਾਂ ਵਿਕਾਸ ਨੀਤੀਆਂ ਅਪਣਾਉਣੀਆਂ ਪੈਣਗੀਆਂ। ਡਾ. ਮਨਮੋਹਨ ਸਿੰਘ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਨੂੰ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ​​ਕਰਨ ਦਾ ਸੁਨਹਿਰੀ ਮੌਕਾ ਮਿਲਿਆ, ਜਿਸ ਦਾ ਪਾਰਟੀ ਆਗੂਆਂ ਨੇ ਫਾਇਦਾ ਨਹੀਂ ਉਠਾਇਆ।

ਜਿੰਨਾ ਮਰਜ਼ੀ ਮੀਂਹ ਪੈ ਜਾਵੇ, ਜੇਕਰ ਡੈਮ ਬਣਾ ਕੇ ਪਾਣੀ ਨੂੰ ਨਾ ਰੋਕਿਆ ਜਾਵੇ ਤਾਂ ਸਾਰਾ ਮੀਂਹ ਦਾ ਪਾਣੀ ਬਰਬਾਦ ਹੋ ਜਾਵੇਗਾ। ਕਾਂਗਰਸੀ ਆਗੂਆਂ ਨੂੰ ਆਰਾਮਦਾਇਕ ਹੋਟਲ ਕਲਚਰ ਤਿਆਗ ਕੇ ਆਮ ਲੋਕਾਂ ਨਾਲ ਸਬੰਧ ਕਾਇਮ ਕਰਨੇ ਪੈਣਗੇ। ਚਾਪਲੂਸਾਂ ਅਤੇ ਮੌਕਾਪ੍ਰਸਤਾਂ ਤੋਂ ਸੁਚੇਤ ਰਹਿਣਾ ਪਵੇਗਾ। ਇੰਟਕ ਦਾ ਪੁਨਰਗਠਨ ਕਰਨਾ ਹੋਵੇਗਾ ਤਾਂ ਜੋ ਉਦਯੋਗਿਕ ਖੇਤਰ ਅਤੇ ਖੇਤੀਬਾੜੀ ਖੇਤਰ ਨਾਲ ਸਬੰਧਤ ਮਜ਼ਦੂਰਾਂ ਦਾ ਇਕ ਵਿਸ਼ਾਲ ਢਾਂਚਾ ਬਣਾਇਆ ਜਾ ਸਕੇ।

ਆਰ. ਐੱਸ. ਐੱਸ. ਅਤੇ ਸੇਵਾ ਦਲ ਲਗਭਗ ਇਕੋ ਸਮੇਂ ਹੀ ਹੋਂਦ ਵਿਚ ਆਏ ਸਨ। ਆਰ. ਐੱਸ. ਐੱਸ. ਦੀਆਂ ਦੇਸ਼ ਭਰ ਵਿਚ ਅਣਗਿਣਤ ਸ਼ਾਖਾਵਾਂ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਸਰਗਰਮ ਮੈਂਬਰ ਹਨ, ਜਦੋਂ ਕਿ ਸੇਵਾ ਦਲ ਨਾਂ ਦੀ ਹੀ ਸੰਸਥਾ ਬਣ ਕੇ ਰਹਿ ਗਈ ਹੈ। ਇਸੇ ਤਰ੍ਹਾਂ ਯੂਥ ਕਾਂਗਰਸ, ਮਹਿਲਾ ਕਾਂਗਰਸ ਅਤੇ ਹੋਰ ਜਥੇਬੰਦੀਆਂ ਵੀ ਆਪਣੀ ਭੂਮਿਕਾ ਨਿਭਾਉਣ ਵਿਚ ਬਹੁਤ ਕਮਜ਼ੋਰ ਜਾਪ ਰਹੀਆਂ ਹਨ।

ਜਦੋਂ ਕਾਂਗਰਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਬਹੁਤ ਪ੍ਰਭਾਵਸ਼ਾਲੀ, ਕੁਸ਼ਲ ਅਤੇ ਹਰਮਨਪਿਆਰੇ ਆਗੂ ਸਨ, ਉਹ ਉਲਟ ਸਿਆਸੀ ਰੁਝਾਨ ਨੂੰ ਵੀ ਬਦਲ ਦਿੰਦੇ ਸਨ। ਹੁਣ ਸਮਾਂ ਬਦਲ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਪੱਧਰ ’ਤੇ ਬਹੁਤ ਪ੍ਰਭਾਵਸ਼ਾਲੀ ਆਗੂ ਵਜੋਂ ਉੱਭਰੇ ਹਨ।

ਭਾਰਤ ਦੇ ਭਵਿੱਖ ਵਿਚ ਹੁਣ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਵਾਂਗ ਦੋ ਹੀ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਹੋਣਗੀਆਂ। ਇਕ ਭਾਜਪਾ ਅਤੇ ਦੂਜੀ ਕਾਂਗਰਸ। ਇਲਾਕਾਈ ਪਾਰਟੀਆਂ ਹੌਲੀ-ਹੌਲੀ ਆਪਣਾ ਦਬਦਬਾ ਗੁਆ ਦੇਣਗੀਆਂ। ਆਗੂਆਂ ਨੂੰ ਲੋਕਾਂ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਲੋੜਾਂ ਨੂੰ ਸਮਝਣ ਲਈ ਇਕ ਸ਼ੇਅਰ ਨਜ਼ਰ ਕਰਦਾ ਹਾਂ-

ਆਦਮੀ ਖੁਦ ਕੋ ਕਭੀ ਯੂੰ ਭੀ ਸਜ਼ਾ ਦੇਤਾ ਹੈ

ਅਪਨੇ ਦਾਮਨ ਸੇ ਖੁਦ ਸ਼ੋਲੋਂ ਕੋ ਹਵਾ ਦੇਤਾ ਹੈ

ਮੁਝੇ ਉਸ ਹਕੀਮ ਕੀ ਹਿਕਮਤ ਪਰ ਤਰਸ ਆਤਾ ਹੈ

ਭੂਖੇ ਲੋਗੋਂ ਕੋ ਜੋ ਸੇਹਤ ਕੀ ਦਵਾ ਦੇਤਾ ਹੈ

ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ)


Rakesh

Content Editor

Related News