ਧਰਮ ’ਤੇ ਕੋਰੋਨਾ ਵਾਇਰਸ ਦਾ ਕੀ ਅਸਰ

04/08/2020 2:16:36 AM

ਕਲਿਆਣੀ ਸ਼ੰਕਰ

ਧਰਮ ’ਤੇ ਕੋਰੋਨਾ ਵਾਇਰਸ ਦਾ ਕੀ ਅਸਰ ਹੈ? ਜਰਮਨੀ ਦੇ ਫਿਲਾਸਫਰ ਅਤੇ ਅਰਥ ਸ਼ਾਸਤਰੀ ਕਾਰਲ ਮਾਰਕਸ ਨੇ ਕਿਹਾ ਸੀ ਕਿ ਧਰਮ ਲੋਕਾਂ ਦੀ ਅਫੀਮ ਹੈ। ਇਸ ਨੂੰ ਮੰਨਣ ਵਾਲਿਆਂ ਲਈ ਧਰਮ ਮਾਨਸਿਕਤਾ ਅਤੇ ਭਾਵਪੂਰਨ ਦੇ ਨਾਲ-ਨਾਲ ਨੈਤਿਕ ਸਮਰਥਨ ਮੁਹੱਈਆ ਕਰਵਾਉਂਦਾ ਹੈ ਪਰ ਨੋਵਲ ਕੋਰੋਨਾ ਵਾਇਰਸ ਇਕ ਮਹਾਮਾਰੀ ਹੈ, ਜਿਸ ਨੇ ਧਰਮ ਨੂੰ ਮੰਨਣ ਵਾਲਿਆਂ ਅਤੇ ਨਾਸਤਿਕਾਂ ਦੋਵਾਂ ਨੂੰ ਹੀ ਆਪਣੀ ਗ੍ਰਿਫਤ ’ਚ ਲੈ ਲਿਆ ਹੈ। Çਇਸ ਵਾਇਰਸ ਦਾ ਕੋਈ ਵੀ ਧਰਮ ਨਹੀਂ ਹੈ। ਹਾਲਾਂਕਿ ਧਾਰਮਿਕ ਨੇਤਾ ਆਪਣੇ ਲੱਖਾਂ ਪੈਰੋਕਾਰਾਂ ’ਤੇ ਨੈਤਿਕ ਜ਼ਿੰਮੇਵਾਰੀ ਰੱਖਦੇ ਹਨ। ਸਾਰੇ ਧਾਰਮਿਕ ਨੇਤਾ ਕੋਰੋਨਾ ਵਾਇਰਸ ਮਹਾਮਾਰੀ ਸੰਕਟ ’ਤੇ ਰੋਕ ਲਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਮੱਕਾ ਤੋਂ ਲੈ ਕੇ ਵੈਟੀਕਨ ਤਕ ਲੋਕਾਂ ਲਈ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਪੋਪ ਫ੍ਰਾਂਸਿਸ ਨੇ ਕੈਥੋਲਿਕ ਪਾਦਰੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਇੰਨੀ ਦਲੇਰੀ ਦਿਖਾਉਣ ਕਿ ਬੀਮਾਰ ਲੋਕਾਂ ਤਕ ਪਹੁੰਚਿਆ ਜਾ ਸਕੇ ਪਰ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਇਕ ਕੋਰੋਨਾ ਵਾਇਰਸ ਕੇਸ ਦੀ ਖੇਤਰ ’ਚ ਪੁਸ਼ਟੀ ਹੋ ਜਾਣ ਤੋਂ ਬਾਅਦ ਬੈਥਲੇਮ ’ਚ ਚਰਚ ਆਫ ਨੇਟੀਵਿਟੀ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਪਾਨ, ਇਜ਼ਰਾਈਲ, ਦੱਖਣੀ ਕੋਰੀਆ ਅਤੇ ਈਰਾਨ ਵਰਗੇ ਦੇਸ਼ਾਂ ਨੇ ਆਪਣੇ ਧਾਰਮਿਕ ਸੰਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਇਕ ਬੜੇ ਵਧੀਆ ਫੈਸਲੇ ’ਚ ਸਾਊਦੀ ਅਰਬ ਨੇ ਅਾਰਜ਼ੀ ਤੌਰ ’ਤੇ ਉਮਰਾ ਲਈ ਆਉਣ ਵਾਲੇ ਯਾਤਰੀਆਂ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਰਿਆਦ ਨੇ ਵੀ ਮੱਕਾ ’ਚ ਵਿਸ਼ਾਲ ਮਸਜਿਦ ਅਤੇ ਮਦੀਨਾ ’ਚ ਹਜ਼ਰਤ ਮੁਹੰਮਦ ਦੀ ਦਰਗਾਹ ਨੂੰ ਬੰਦ ਕਰ ਦਿੱਤਾ ਹੈ। ਭਾਰਤ ਜੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਾ ਹੈ, ਇਥੋਂ ਦੇ ਅਧਿਆਤਮਿਕ ਆਗੂ ਅਤੇ ਗੁਰੂ ਅਪਵਾਦ ਨਹੀਂ ਰਹੇ। ਇਹੀ ਕਾਰਣ ਹੈ ਕਿ 2 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਧਾਰਮਿਕ ਨੇਤਾਵਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਤਾਂ ਕਿ ਮਹਾਮਾਰੀ ’ਤੇ ਰੋਕ ਲਾਈ ਜਾ ਸਕੇ। ਮੁੱਖ ਮੰਤਰੀਆਂ ਨੂੰ ਵੀ ਪ੍ਰਧਾਨ ਮੰਤਰੀ ਨੇ ਸਾਰੇ ਧਰਮਾਂ ਦੇ ਧਾਰਮਿਕ ਨੇਤਾਵਾਂ ਨਾਲ ਬੈਠਕਾਂ ਆਯੋਜਿਤ ਕਰਨ ਨੂੰ ਕਿਹਾ ਤਾਂ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਕੋਈ ਕੋਤਾਹੀ ਨਾ ਵਰਤੀ ਜਾਵੇ। ਮੋਦੀ ਦੀ ਅਪੀਲ ਅਜਿਹੇ ਸਮੇਂ ’ਚ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਆਈ, ਜਦੋਂ ਨਿਜ਼ਾਮੂਦੀਨ ਮਰਕਜ਼ ਧਾਰਮਿਕ ਇਕੱਠ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਨਾ ਮੰਨਿਆ ਅਤੇ ਇਹ ਸਥਾਨ ਮਹਾਮਾਰੀ ਦੇ ਫੈਲਣ ਦਾ ਇਕ ਹੌਟਸਪਾਟ ਬਣ ਕੇ ਰਹਿ ਗਿਆ। ਮਰਕਜ਼ ਨਿਜ਼ਾਮੂਦੀਨ ਤੋਂ ਲੱਗਭਗ 2100 ਲੋਕਾਂ ਨੂੰ ਹਟਾਇਆ ਗਿਆ। 1100 ਤੋਂ ਵੱਧ ਲੋਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਕੁਆਰੰਟਾਈਨ ਕੀਤਾ ਗਿਆ। ਮੋਦੀ ਦੀ ਅਪੀਲ ਦੀ ਧਾਰਮਿਕ ਨੇਤਾਵਾਂ ਅਤੇ ਸੰਸਥਾਵਾਂ ਨੇ ਕਿਸ ਤਰ੍ਹਾਂ ਪਾਲਣਾ ਕੀਤੀ? ਕੁਝ ਧਾਰਮਿਕ ਨੇਤਾਵਾਂ ਲਈ ਆਪਣੀਆਂ ਸੰਸਥਾਵਾਂ ਦੇ ਦੁਆਰ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਮੁਸ਼ਕਿਲ ਲੱਗਾ ਪਰ ਉਹ ਮਹਾਮਾਰੀ ਦੇ ਭਿਆਨਕ ਹੋਣ ਤੋਂ ਬਾਅਦ ਸਮਝ ਗਏ ਅਤੇ ਹਾਂ-ਪੱਖੀ ਤਰੀਕੇ ਨਾਲ ਅਪੀਲ ਦਾ ਸਮਰਥਨ ਕੀਤਾ। ਈਸਟਰ ਅਤੇ ਰਮਜ਼ਾਨ ਵਰਗੇ ਪਵਿੱਤਰ ਦਿਨ ਵੀ ਆਉਣ ਵਾਲੇ ਹਨ ਅਤੇ ਅਜਿਹੇ ਸਮੇਂ ’ਚ ਲੋਕਾਂ ਨੂੰ ਵੱਡੀ ਗਿਣਤੀ ’ਚ ਇਕੱਠੇ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੇ ਦਿਨਾਂ ’ਚ ਉਨ੍ਹਾਂ ਨੂੰ ਅਧਿਆਤਮਿਕ ਹੋਣਾ ਜ਼ਿਆਦਾ ਜ਼ਰੂਰੀ ਹੋਵੇਗਾ। ਇਕ ਵਧੀਆ ਫੈਸਲੇ ਦੇ ਤਹਿਤ ਭਾਰਤ ’ਚ ਕਈ ਮੰਦਿਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ’ਚ ਸਿੱਧੀ ਵਿਨਾਇਕ ਮੰਦਿਰ, ਕਾਮਾਖਿਆ ਮੰਦਿਰ, ਤਿਰੂਪਤੀ ਬਾਲਾਜੀ, ਜਗਨਨਾਥ ਪੁਰੀ ਮੰਦਰ ਅਤੇ ਹੋਰ ਸ਼ਾਮਲ ਹਨ। ਇਥੋਂ ਤਕ ਕਿ ਬਨਾਰਸ ਦੇ ਘਾਟਾਂ ’ਤੇ ਗੰਗਾ ਆਰਤੀ ਬੰਦ ਕਰ ਦਿੱਤੀ ਗਈ ਹੈ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਗਰਭ ਗ੍ਰਹਿ ’ਚ ਪੂਜਾ-ਅਰਚਨਾ ’ਤੇ ਰੋਕ ਲੱਗੀ ਹੋਈ ਹੈ। ਆਪਣੇ ਮੱਤਭੇਦਾਂ ਨੂੰ ਵੱਖ ਰੱਖਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਪੀਲ ’ਤੇ ਧਿਆਨ ਦਿੰਦੇ ਹੋਏ ਕੇਰਲ ਦੇ ਧਾਰਮਿਕ ਨੇਤਾਵਾਂ, ਜਿਨ੍ਹਾਂ ’ਚ ਕਾਰਡੀਨਲਸ, ਬਿਸ਼ਪਸ, ਮੁਸਲਿਮ ਧਾਰਮਿਕ ਨੇਤਾ ਅਤੇ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਇਕ ਸਾਂਝੇ ਬਿਆਨ ਰਾਹੀਂ ਲੋਕਾਂ ਨੂੰ ਇਕੱਠੇ ਰਹਿਣ ਲਈ ਕਿਹਾ। ਪਟਨਾ ’ਚ ਵੱਖ-ਵੱਖ ਧਰਮਾਂ ਦੇ ਸੈਂਕੜੇ ਲੋਕਾਂ ਨੇ ਮੋਢੇ ਨਾ ਮੋਢਾ ਜੋੜ ਕੇ ਸਰਬ ਧਰਮ ਪ੍ਰਾਰਥਨਾ ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ-ਆਪਣੇ ਧਾਰਮਿਕ ਪਹਿਰਾਵੇ ਪਹਿਨੇ ਹੋਏ ਸਨ ਅਤੇ ਆਪਣੇ ਢੰਗ ਨਾਲ ਉਨ੍ਹਾਂ ਨੇ ਪ੍ਰਾਰਥਨਾਵਾਂ ਕੀਤੀਆਂ। ਅਯੁੱਧਿਆ ’ਚ ਰਾਮਨੌਮੀ ਉਤਸਵ ਵੀ ਨਹੀਂ ਮਨਾਇਆ ਗਿਆ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਥੋਂ ਦੀ ਸਿਆਸੀ ਮਹੱਤਤਾ ਹੋਰ ਵੀ ਵਧ ਗਈ ਹੈ। ਅਧਿਆਤਮਿਕ ਗੁਰੂ ਅਤੇ ਹੋਰ ਧਾਰਮਿਕ ਨੇਤਾਵਾਂ, ਜੋ ਸਿਆਸੀ ਸਮਰਥਨ ’ਤੇ ਨਿਰਭਰ ਰਹਿੰਦੇ ਹਨ, ਨੇ ਵੀ ਇਸ ਔਖੀ ਘੜੀ ’ਚ ਦਲੇਰੀ ਦਿਖਾਈ ਹੈ। ਅੰਮ੍ਰਿਤ ਆਨੰਦਮਈ, ਜੱਗੀ ਵਾਸੁਦੇਵ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਵਰਗੇ ਅਧਿਆਤਮਿਕ ਆਗੂਆਂ ਨੇ ਆਪਣੇ-ਆਪਣੇ ਆਸ਼ਰਮਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਮਹਾਮਾਰੀ ਦੇ ਖਤਮ ਹੋਣ ਤਕ ਆਪਸ ’ਚ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਕਿਉਂਕਿ ਵਾਇਰਸ ਦੀ ਕੋਈ ਜਾਤ, ਬਰਾਦਰੀ, ਧਰਮ ਨਹੀਂ ਹੁੰਦਾ। ਆਓ, ਅਸੀਂ ਸਾਰੇ ਮਿਲ ਕੇ ਇਸ ਵਾਇਰਸ ਨੂੰ ਖਤਮ ਕਰੀਏ। ਅਜਿਹੇ ਸਮੇਂ ’ਚ ਧਾਰਮਿਕ ਗੁਰੂ ਲੋਕਾਂ ਨੂੰ ਯੋਗਾ ਅਤੇ ਪ੍ਰਾਣਾਯਾਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹ ਲੋਕ ਅਮੀਰਾਂ ਅਤੇ ਗਰੀਬਾਂ ਦੇ ਗੁਰੂ ਹਨ। ਉਨ੍ਹਾਂ ਦੇ ਦੇਸ਼ ਅਤੇ ਵਿਦੇਸ਼ਾਂ ’ਚ ਵੱਡੀ ਗਿਣਤੀ ’ਚ ਪੈਰੋਕਾਰ ਹਨ। ਉਨ੍ਹਾਂ ਦੇ ਪੈਰੋਕਾਰਾਂ ’ਚ ਸਿਆਸੀ ਆਗੂ, ਫਿਲਮ ਸਟਾਰ, ਖਿਡਾਰੀ ਅਤੇ ਨੌਕਰਸ਼ਾਹ ਸ਼ਾਮਲ ਹਨ। ਯੋਗ ਗੁਰੂ ਬਾਬਾ ਰਾਮਦੇਵ ਇਕ ਸਫਲ ਉੱਦਮੀ ਹਨ ਅਤੇ ਇਕ ਵਿਸ਼ਾਲ ਕਾਰੋਬਾਰੀ ਸਾਮਰਾਜ ਚਲਾਉਂਦੇ ਹਨ। ਭਾਰਤ ’ਚ ਧਾਰਮਿਕ ਨੇਤਾਵਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਮਹਾਮਾਰੀ ’ਤੇ ਰੋਕ ਲਾਉਣ ਦੇ ਰਸਤੇ ਅਜੇ ਲੰਬੇ ਤਹਿ ਕਰਨੇ ਹੋਣਗੇ। ਇਹ ਇਕ ਸਵਾਗਤੀ ਕਦਮ ਹੈ ਕਿ ਸਾਰੇ ਹੱਥ ਨਾਲ ਹੱਥ ਮਿਲਾ ਕੇ ਵਾਇਰਸ ਵਿਰੁੱਧ ਲੜਨ ਕਿਉਂਕਿ ਭਾਰਤ ਅਨੇਕਾਂ ਗੁਰੂਆਂ ਅਤੇ ਦੇਵਪੁਰਸ਼ਾਂ ਦੀ ਧਰਤੀ ਹੈ।


Bharat Thapa

Content Editor

Related News