ਨਾਗਰਿਕਾਂ ’ਤੇ ਕੋਈ ਆਪਣੇ ਨਿੱਜੀ ਵਿਚਾਰ ਕਿਵੇਂ ਥੋਪ ਸਕਦਾ ਹੈ
Wednesday, Nov 03, 2021 - 03:40 AM (IST)

ਪੂਨਮ ਆਈ. ਕੌਸ਼ਿਸ਼
ਇਕ ਵਿਅਕਤੀ ਦਾ ਭੋਜਨ ਦੂਸਰੇ ਵਿਅਕਤੀ ਲਈ ਜ਼ਹਿਰ ਹੋ ਸਕਦਾ ਹੈ ਅਤੇ ਇਸ ਗੱਲ ਦਾ ਪ੍ਰਮਾਣ ਵਧਦੀ ਅਸਹਿਣਸ਼ੀਲਤਾ ਦੇ ਬਾਰੇ ’ਚ ਚੱਲ ਰਹੀ ਬਹਿਸ ਹੈ। ਲਵ-ਜੇਹਾਦ ਤੋਂ ਲੈ ਕੇ ਪਾਕਿਸਤਾਨ ਵਿਰੁੱਧ ਰੋਸ ਵਿਖਾਵੇ ਅਤੇ ਭਾਰਤ ਦੇ ਬਹੁਲਵਾਦੀ ਅਤੇ ਸੰਮਲਿਤ ਸੱਭਿਆਚਾਰ ਆਦਿ ਬਾਰੇ ਇਸ਼ਤਿਹਾਰ ’ਚ ਇਹ ਦੇਖਣ ਨੂੰ ਮਿਲ ਰਿਹਾ ਹੈ। ਇਸ ’ਤੇ ਰਾਸ਼ਟਰ ਪੱਧਰੀ ਬਹਿਸ ਛਿੜੀ ਹੋਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਚਾਰ ਹੈ ਕਿ ਰਾਸ਼ਟਰੀ ਹਿੱਤ ਦੇ ਸਾਹਮਣੇ ਨਿੱਜੀ ਵਿਚਾਰਧਾਰਾ ਨੂੰ ਰੱਖਣਾ ਗਲਤ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ’ਤੇ ਤਾਲਿਬਾਨੀ ਮਾਨਸਿਕਤਾ ਕਹਿੰਦੇ ਹੋਏ ਨਿਸ਼ਾਨਾ ਲਗਾਇਆ ਕਿਉਂਕਿ ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਸੈਨਾਨੀ ਦੇ ਰੂਪ ’ਚ ਸਰਦਾਰ ਪਟੇਲ ਅਤੇ ਜਿੱਨਾਹ ਦੀ ਤੁਲਨਾ ਕੀਤੀ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭਾਰਤ ਦੇ ਖੁੱਲ੍ਹੇਪਨ, ਸੰਤੁਲਨ ਅਤੇ ਸਹਿਣਸ਼ੀਲਤਾ ਨੂੰ ਉਦੋਂ ਟਿੱਚ ਜਾਣਿਆ ਜਦੋਂ ਉਨ੍ਹਾਂ ਨੇ ਇਕ ਖਪਤਕਾਰ ਵਸਤੂ ਕੰਪਨੀ ਨੂੰ ਆਪਣਾ ਕਰਵਾਚੌਥ ਦਾ ਇਸ਼ਤਿਹਾਰ ਵਾਪਸ ਲੈਣ ਲਈ ਮਜਬੂਰ ਕੀਤਾ, ਜਿਸ ’ਚ ਪ੍ਰਗਤੀਸ਼ੀਲ ਵਿਆਹ ਨੂੰ ਦਰਸਾਇਆ ਗਿਆ ਸੀ ਅਤੇ ਇਸ ਇਸ਼ਤਿਹਾਰ ’ਚ ਇਕ ਸਮਲਿੰਗੀ ਜੋੜਾ ਸੀ। ਇਸੇ ਤਰ੍ਹਾਂ ਇਕ ਪ੍ਰਸਿੱਧ ਡਿਜ਼ਾਈਨਰ ਦੇ ਅਸ਼ਲੀਲ ਮੰਗਲਸੂਤਰ ਡਿਜ਼ਾਈਨ ਦੀ ਵੀ ਆਲੋਚਨਾ ਕੀਤੀ ਗਈ।
ਭੋਪਾਲ ’ਚ ਇਕ ਵੈੱਬ-ਸੀਰੀਜ਼ ਦੀ ਸ਼ੂਟਿੰਗ ਦੌਰਾਨ ਇਕ ਫਿਲਮ ਨਿਰਮਾਤਾ ’ਤੇ ਹਮਲਾ ਕੀਤਾ ਗਿਆ ਅਤੇ ਮਿਸ਼ਰਾ ਨੇ ਇਸ ਨੂੰ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਦੱਸਿਆ। ਇਕ ਵਸਤਰ ਬਰਾਂਡ ’ਤੇ ਦੋਸ਼ ਲਾਇਆ ਗਿਆ ਕਿ ਉਹ ਆਪਣੇ ਿਤਉਹਾਰੀ ਕੁਲੈਕਸ਼ਨ ਨੂੰ ਜਸ਼ਨ-ਏ–ਰਿਵਾਜ ਦੇ ਕੇ ਦੀਵਾਲੀ ਨੂੰ ਬਦਨਾਮ ਕਰ ਰਿਹਾ ਹੈ। ਇਕ ਗਹਿਣੇ ਦੇ ਬਰਾਂਡ ਨੂੰ ਆਪਣੇ ਇਸ਼ਤਿਹਾਰ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਜਿਸ ’ਚ ਉਨ੍ਹਾਂ ਦੀ ਹਿੰਦੂ ਨੂੰਹ ਲਈ ਮੁਸਲਿਮ ਸਹੁਰਿਆਂ ’ਚ ਗੋਦ ਭਰਾਈ ਦੀ ਰਸਮ ਦਰਸਾਈ ਜਾ ਰਹੀ ਸੀ।
ਆਸ ਅਨੁਸਾਰ ਭਾਜਪਾ ਦੇ ਕੁਝ ਸੰਸਦ ਮੈਂਬਰਾਂ ਅਤੇ ਬਜਰੰਗ ਦਲ ਤੇ ਯੁਵਾ ਮੋਰਚਾ ਦੇ ਵਰਕਰਾਂ ਨੇ ਇਨ੍ਹਾਂ ਨੂੰ ਹਿੰਦੂ ਸੱਭਿਆਚਾਰ ਦਾ ਨਿਰਾਦਰ ਦੱਸਿਆ ਅਤੇ ਹਿੰਦੂ ਤਿਉਹਾਰਾਂ ਦਾ ਅਹਿੰਦੂਕਰਨ ਕਿਹਾ। ਇਸ ਦੇ ਇਲਾਵਾ ਬੇਲੋੜੇ ਢੰਗ ਨਾਲ ਧਰਮਨਿਰਪੱਖਤਾ ਅਤੇ ਮੁਸਲਿਮ ਵਿਚਾਰਧਾਰਾ ਨੂੰ ਸ਼ਹਿ ਦੇਣ ਲਈ ਸੋਸ਼ਲ ਮੀਡੀਆ ’ਤੇ ਹੋੜ ਲੱਗ ਗਈ ਅਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਇਸ ਲਈ ਸਵਾਲ ਉੱਠਦਾ ਹੈ ਕਿ ਕੀ ਭਾਰਤ ਿਸਆਸੀ ਅਸਹਿਣਸ਼ੀਲਤਾ ਦੇ ਯੁੱਗ ਵੱਲ ਵਧ ਰਿਹਾ ਹੈ ਅਤੇ ਹਿੰਦੂਤਵ ਕਦਰਾਂ-ਕੀਮਤਾਂ ਨੂੰ ਲੋਕਾਂ ’ਤੇ ਥੋਪਿਆ ਜਾ ਰਿਹਾ ਹੈ? ਕੀ ਸਿਆਸੀ ਆਗੂ ਜਨਤਕ ਜ਼ਿੰਦਗੀ ’ਚ ਵਿਚਾਰਾਂ ਦੇ ਟਕਰਾਅ ਤੋਂ ਡਰਦੇ ਹਨ? ਇਸ ਲਈ ਪਿਛਲੇ ਕੁਝ ਸਾਲਾਂ ’ਚ ਇਹ ਭਾਵਨਾ ਦੇਖਣ ਨੂੰ ਮਿਲੀ ਹੈ ਕਿ ਉਦਾਰਵਾਦੀ ਚਰਚਾਵਾਂ ਲਈ ਥਾਂ ਸੁੰਗੜਦੀ ਜਾ ਰਹੀ ਹੈ ਅਤੇ ਇਸ ਸਬੰਧ ’ਚ ਹਿੰਸਾ ਦੀਆਂ ਘਟਨਾਵਾਂ, ਲਿੰਚਿੰਗ ਅਤੇ ਪਾਬੰਦੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸਾਲ 2015 ’ਚ 12 ਫਿਲਮ ਨਿਰਮਾਤਾਵਾਂ ਅਤੇ 41 ਨਾਵਲਕਾਰਾਂ, ਨਾਟਕਕਾਰਾਂ ਅਤੇ ਕਵੀਆਂ ਨੇ ਰਾਸ਼ਟਰੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਮੋੜ ਦਿੱਤੇ ਸਨ ਅਤੇ ਉਨ੍ਹਾਂ ਨੇ ਇਸ ਦਾ ਕਾਰਨ ਵਧਦੀ ਅਸਹਿਣਸ਼ੀਲਤਾ ਅਤੇ ਪ੍ਰਸਿੱਧ ਤਰਕਵਾਦੀ ਹੱਤਿਆ ’ਤੇ ਮੌਨ ਰਹਿਣਾ ਦੱਸਿਆ ਸੀ।
ਭਾਰਤ ਦੇ ਬਹੁਲਵਾਦੀ ਸਮਾਜ ’ਚ ਧਾਰਮਿਕ ਅੜਿੱਕੇ ਪੈਦਾ ਹੁੰਦੇ ਰਹੇ ਹਨ, ਜਿੱਥੇ ਉਦਾਰ, ਸਹਿਣਸ਼ੀਲ ਸਮਾਜ ਦੇ ਵਿਚਾਰ ’ਤੇ ਦੱਖਣਪੰਥੀ ਸ਼ਕਤੀਆਂ ਹਾਵੀ ਰਹੀਆਂ ਹਨ ਪਰ ਕਦੀ ਵੀ ਪਹਿਲਾਂ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਹੋਇਆ ਕਿ ਸਾਡਾ ਦੇਸ਼ ਧਾਰਮਿਕ ਧਰੁਵੀਕਰਨ ਦੇ ਖਤਰਨਾਕ ਮਾਰਗ ’ਤੇ ਅੱਗੇ ਵਧ ਰਿਹਾ ਹੈ, ਜਿਵੇਂ ਕਿ ਹੁਣ ਦੇਖਣ ਨੂੰ ਮਿਲ ਰਿਹਾ ਹੈ। ਹਿੰਦੂ ਗਲਬਾਵਾਦ ਅਤੇ ਪੱਛਮੀ ਸੱਭਿਆਚਾਰਕ ਪ੍ਰਭਾਵ ਨੂੰ ਅਖੌਤੀ ਤੌਰ ’ਤੇ ਖਤਮ ਕਰਨ ਦੀ ਭਾਵਨਾ ਵਧ ਰਹੀ ਹੈ ਜਿਸ ’ਚ ਨੇਤਾਵਾਂ ਵੱਲੋਂ ਖੜ੍ਹੀਆਂ ਕੀਤੀਆਂ ਗਈਆਂ ਅਸਹਿਣਸ਼ੀਲ ਸ਼ਕਤੀਆਂ ਤਰਕਵਾਦੀਆਂ ਅਤੇ ਉਦਾਰਵਾਦੀਆਂ ਨੂੰ ਉਨ੍ਹਾਂ ਦੀ ਥਾਂ ਦਿਖਾਉਣ ਲਈ ਪ੍ਰਤੀਬੱਧ ਹਨ।
ਪਿਛਲੇ ਸਾਲ ਦੇ ਸਰਵੇਖਣ ਅਨੁਸਾਰ 54 ਫੀਸਦੀ ਨੌਜਵਾਨਾਂ ਦਾ ਮੰਨਣਾ ਹੈ ਕਿ ਨੌਜਵਾਨ ਲੋਕਾਂ ’ਚ ਅਸਹਿਣਸ਼ੀਲਤਾ ਵਧ ਰਹੀ ਹੈ ਪਰ 32 ਫੀਸਦੀ ਨੌਜਵਾਨ ਇਸ ਨਾਲ ਅਸਹਿਮਤ ਸਨ। ਸਮਾਜਿਕ ਵਿਤਕਰਾ ਇੰਡੈਕਸ ਦੇ ਬਾਰੇ ’ਚ ਪਿਊ ਦੀ ਰਿਪੋਰਟ ’ਚ 198 ਦੇਸ਼ਾਂ ’ਚ ਭਾਰਤ ਨੂੰ 10 ’ਚੋਂ 8.7 ਅੰਕ ਮਿਲੇ ਹਨ ਅਤੇ ਉਹ ਸੀਰੀਆ, ਨਾਈਜੀਰੀਆ ਅਤੇ ਇਰਾਕ ਦੀ ਲੜੀ ’ਚ ਹੈ। ਸੁਪਰੀਮ ਕੋਰਟ ਨੇ ਵੀ ਸਮਾਜ ’ਚ ਵਧਦੀ ਕੱਟੜਤਾ ’ਤੇ ਚਿੰਤਾ ਪ੍ਰਗਟ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਵਿਰੋਧੀ ਮਤ ਬਾਰੇ ਭਾਸ਼ਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਗੰਭੀਰ ਖਤਰੇ ’ਚ ਪੈ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਲਾ ਦਾ ਮਕਸਦ ਸਵਾਲ ਚੁੱਕਣਾ ਅਤੇ ਵਿਚਾਰਾਂ ਨੂੰ ਅੱਗੇ ਵਧਾਉਣਾ ਹੈ। ਅਦਾਲਤ ਨੇ ਇਕ ਵਿਅੰਗਾਤਮਕ ਫਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ’ਤੇ ਮਮਤਾ ਸਰਕਾਰ ਨੂੰ 20 ਲੱਖ ਰੁਪਏ ਜੁਰਮਾਨਾ ਕੀਤਾ ਹੈ।
ਸਿਆਸੀ ਆਗੂ ਆਮ ਜਨਤਾ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਉਹ ਕਾਰਜ ਕਰਨ ਦਾ ਯਤਨ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਵੋਟ ਬੈਂਕ ’ਚ ਉਨ੍ਹਾਂ ਦੀ ਪ੍ਰਸਿੱਧੀ ਵਧੇ ਅਤੇ ਸਰਕਾਰ ਇਸ ਨੂੰ ਨਜ਼ਰਅੰਦਾਜ਼ ਕਰ ਕੇ ਇਸ ਨੂੰ ਸ਼ਹਿ ਦਿੰਦੀ ਹੈ। ਹਾਲਾਂਕਿ ਇਹ ਇਕ ਤਰ੍ਹਾਂ ਸੱਭਿਆਚਾਰਕ ਅੱਤਵਾਦ ਅਤੇ ਅਸਹਿਣਸ਼ੀਲਤਾ ਹੈ।
ਵਿਰੋਧਾਭਾਸ ਦੇਖੋ, ਹਿੰਦੂ ਧਰਮ ਵਿਸ਼ਵ ’ਚ ਸਭ ਤੋਂ ਸਹਿਣਸ਼ੀਲ ਧਰਮ ਹੈ, ਫਿਰ ਵੀ ਕੁਝ ਨੇਤਾ ਅਤੇ ਕੱਟੜਵਾਦੀ ਤੱਤ ਆਪਣੀਆਂ ਕੱਟੜਵਾਦੀ ਸਮਾਜਿਕ ਰਵਾਇਤਾਂ, ਫਿਰਕੂ ਨਫਰਤ, ਸਹਿਣਸ਼ੀਲਤਾ ਨੂੰ ਪ੍ਰਵਾਨ ਨਾ ਕਰਨਾ ਜਾਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਧਰਮ ਦੇ ਉਲਟ ਰਾਏ ਅਤੇ ਯਕੀਨ ਦਾ ਸਨਮਾਨ ਕਰਨ ਬਾਰੇ ਪੁਰਾਤਨਪੰਥੀ ਵਿਚਾਰਾਂ ਨੂੰ ਸ਼ਹਿ ਦਿੰਦੇ ਹਨ ਅਤੇ ਇਸ ਸਬੰਧ ’ਚ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਨੂੰ ਹਿੰਦੂ ਵਿਰੋਧੀ ਦੱਸਦੇ ਹਨ।
ਕੋਈ ਮੰਤਰੀ ਨਾਗਰਿਕਾਂ ਜਾਂ ਸੂਬੇ ’ਤੇ ਆਪਣੇ ਨਿੱਜੀ ਵਿਚਾਰ ਕਿਵੇਂ ਥੋਪ ਸਕਦਾ ਹੈ? ਕੋਈ ਵਿਅਕਤੀ ਅਧਿਕਾਰਕ ਨਾਂ ਦੀ ਸੌੜੀ ਪਟੜੀ ’ਤੇ ਜ਼ਿੰਦਗੀ ਨਹੀਂ ਜੀਅ ਸਕਦਾ, ਜਿੱਥੇ ਹਰੇਕ ਮਜ਼ਾਕ, ਵਿਅੰਗ ਜਾਂ ਅਵੱਗਿਆ ਨੂੰ ਇਕ ਵੱਡਾ ਪਾਪ ਸਮਝਿਆ ਜਾਂਦਾ ਹੈ। ਸੱਚ ਇਹ ਹੈ ਕਿ ਅਸੀਂ ਸਿਆਸੀ ਅਤੇ ਆਰਥਿਕ ਆਜ਼ਾਦੀ ਹਾਸਲ ਕੀਤੀ ਹੈ ਪਰ ਅਸੀਂ ਅਜੇ ਵੀ ਸਮਾਜ ਦੇ ਅਜਿਹੇ ਤੱਤਾਂ ਦੇ ਬੰਧਕ ਬਣੇ ਹੋਏ ਹਾਂ। ਸਾਨੂੰ ਅਜਿਹੇ ਅਖੌਤੀ ਆਗੂ ਨਹੀਂ ਚਾਹੀਦੇ ਜੋ ਸਾਨੂੰ ਇਹ ਦੱਸਣ ਕਿ ਅਸੀਂ ਕੀ ਦੇਖ ਸਕਦੇ ਹਾਂ ਅਤੇ ਕੀ ਪੜ੍ਹ ਸਕਦੇ ਹਾਂ, ਕੀ ਪਹਿਨ ਸਕਦੇ ਹਾਂ, ਕੀ ਖਾ ਅਤੇ ਪੀ ਸਕਦੇ ਹਾਂ। ਸਾਨੂੰ ਇਸ ਗੱਲ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਕਿ ਅਸੀਂ ਕਿਸ ਗੱਲ ’ਤੇ ਯਕੀਨ ਕਰਦੇ ਹਾਂ, ਅਸੀਂ ਕਿਸ ਨਾਲ ਪ੍ਰੇਮ ਕਰਦੇ ਹਾ, ਕਿਸ ਦੀ ਪੂਜਾ ਕਰਦੇ ਹਾਂ। ‘ਨਮੋ’ ਨੂੰ ਆਪਣੀ ਪਾਰਟੀ ਨੇਤਾਵਾਂ ਅਤੇ ਖਾਸ ਕਰ ਕੇ ਭਾਜਪਾ ਸ਼ਾਸਿਤ ਸੂਬਿਆਂ ’ਚ ਮੰਤਰੀਆਂ ਨੂੰ ਕਹਿਣਾ ਹੋਵੇਗਾ ਕਿ ਉਹ ਉਸ ਹਰੇਕ ਗੱਲ ਬਾਰੇ ਸੰਵੇਦਨਸ਼ੀਲ ਨਾ ਹੋਣ ਜਿਨ੍ਹਾਂ ਨੂੰ ਉਹ ਸਮਾਜਿਕ ਮਾਪਦੰਡਾਂ ਵਿਰੁੱਧ ਮੰਨਦੇ ਹਨ ਅਤੇ ਅਜਿਹੀ ਹਰੇਕ ਗੱਲ ਨੂੰ ਹਿੰਦੂ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨਾ ਮੰਨਣ।
ਭਾਰਤ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਸਹਿਣਸ਼ੀਲਤਾ ਦੀ ਪੁਰਾਤਨ ਪ੍ਰੰਪਰਾ ਲਈ ਜਾਣਿਆ ਜਾਂਦਾ ਹੈ। ਭਾਰਤ ਅਜਿਹੇ ਨੇਤਾਵਾਂ ਦੇ ਬਿਨਾਂ ਵੀ ਕੰਮ ਚਲਾ ਸਕਦਾ ਹੈ ਜੋ ਸਿਆਸਤ ’ਚ ਵਿਗਾੜ ਪੈਦਾ ਕਰਦੇ ਹਨ ਅਤੇ ਇਸ ਵਿਗਾੜ ਰਾਹੀਂ ਲੋਕਤੰਤਰ ਅਤੇ ਖੁਸ਼ਹਾਲੀ ਨੂੰ ਨਸ਼ਟ ਕਰਦੇ ਹਨ। ਸਾਡੇ ਨੇਤਾਵਾਂ ਨੂੰ ਸਮਝਣਾ ਹੋਵੇਗਾ ਕਿ ਰਾਸ਼ਟਰ ਦੀ ਸ਼ਕਤੀ ਇਸ ਗੱਲ ’ਚ ਨਿਹਿਤ ਹੈ ਕਿ ਉਸ ਦੇ ਨਾਗਰਿਕ ਕਿਸ ਤਰ੍ਹਾਂ ਆਪਣੇ ਵਿਚਾਰਾਂ ਨੂੰ ਆਜ਼ਾਦੀਪੂਰਵਕ ਪ੍ਰਗਟ ਕਰਦੇ ਹਨ। ਅਜਿਹੇ ਵਿਚਾਰਾਂ ਦਾ ਘਾਣ ਅਤੇ ਵਿਰੋਧੀ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਧਮਕੀ ਦੇਣੀ, ਗ੍ਰਿਫਤਾਰ ਕਰਨਾ ਜਾਂ ਦੇਸ਼ਧ੍ਰੋਹ ਦੇ ਦੋਸ਼ ਲਗਾਉਣ ਨਾਲ ਅਸਹਿਣਸ਼ੀਲਤਾ ਵਧਦੀ ਹੈ। ਸਰਕਾਰ ਦੀ ਆਲੋਚਨਾ ਦੇਸ਼ਧ੍ਰੋਹ ਨਹੀਂ ਹੈ।