‘ਮਾਨਸੂਨ ਦਿਖਾ ਰਿਹਾ ਭਿਆਨਕ ਰੂਪ’ ‘ਮੀਂਹ, ਬੱਦਲ ਫਟਣ, ਜ਼ਮੀਨ ਖਿਸਕਣ ਆਦਿ ਨਾਲ ਭਾਰੀ ਤਬਾਹੀ’

Wednesday, Jul 31, 2024 - 03:28 AM (IST)

ਇਸ ਸਾਲ ਹੁਣ ਤੱਕ ਆਮ ਨਾਲੋਂ 3 ਫੀਸਦੀ ਵੱਧ ਪਏ ਮੀਂਹ ਕਾਰਨ ਜਿੱਥੇ ਦੇਸ਼ ਦਾ ਅੱਧੇ ਤੋਂ ਵੱਧ ਹਿੱਸਾ ਹੜ੍ਹ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਆਦਿ ਨਾਲ ਜਾਨ-ਮਾਲ ਦੀ ਭਾਰੀ ਹਾਨੀ ਹੋ ਰਹੀ ਹੈ ਜੋ ਪਿਛਲੀਆਂ ਤਿੰਨ ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ : 
* 29-30 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੇਰਲ ਦੇ ਵਾਇਨਾਡ ਜ਼ਿਲੇ ’ਚ ਤੇਜ਼ ਮੀਂਹ ਨਾਲ 4 ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 4 ਪਿੰਡ ਰੁੜ੍ਹ ਗਏ। ਇਸ ਨਾਲ ਘੱਟੋ-ਘੱਟ  123 ਲੋਕਾਂ ਦੀ ਮੌਤ ਅਤੇ 116 ਤੋਂ ਵੱਧ ਲੋਕ ਜ਼ਖਮੀ ਹੋ ਗਏ ਅਤੇ 400 ਤੋਂ ਵੱਧ ਲੋਕ ਲਾਪਤਾ ਹਨ। ਕੇਰਲ ਸਰਕਾਰ ਨੇ ਇਸ ਘਟਨਾ ਨੂੰ ਲੈ ਕੇ 2 ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। 
* 30 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਵਾਦੀ ਦੇ ਤੋਸ਼ ’ਚ ਬੱਦਲ ਫਟਣ ਨਾਲ ਇਕ ਪੁਲ ਰੁੜ੍ਹ ਗਿਆ ਅਤੇ ਘਰਾਂ ’ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ। * 29 ਜੁਲਾਈ ਨੂੰ ਹਿਮਾਚਲ ’ਚ ਕਿਨੌਰ ਦੇ ‘ਗਿਆਪੁੰਗ’ ਅਤੇ ‘ਰੋਪਾ’ ’ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਦੇਰ ਰਾਤ ਅਖਬਾਰਾਂ ਲੈ ਕੇ ਸ਼ਿਮਲਾ ਜਾ ਰਹੀ ਜੀਪ ’ਤੇ ਪੱਥਰ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। 
* 28 ਜੁਲਾਈ ਨੂੰ ਉੱਤਰਾਖੰਡ ’ਚ ਟਿਹਰੀ ਦੇ ‘ਬੁੱਢਾ ਕੇਦਾਰ’ ਖੇਤਰ ’ਚ ਜ਼ਮੀਨ ਧੱਸ ਜਾਣ  ਕਾਰਨ 15 ਮਕਾਨ 100 ਮੀਟਰ ਉਪਰ ਤੋਂ ਆਏ ਮਲਬੇ ਦੇ ਹੇਠਾਂ ਦੱਬ ਗਏ। ਇਸ ਦੌਰਾਨ ਪਿੰਡ ‘ਤੋਲੀ’ ’ਚ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਕਾਰਨ ਇਕ ਕਮਰੇ ’ਚ ਸੌਂ ਰਹੀਆਂ ਮਾਂ-ਧੀ ਦੀ ਮੌਤ ਹੋ ਗਈ। 
* 28 ਜੁਲਾਈ ਨੂੰ ਹੀ ਦਿੱਲੀ ਦੇ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਮੀਂਹ ਦਾ ਪਾਣੀ ਭਰ ਜਾਣ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਰਾਜਧਾਨੀ ’ਚ ਹੁਣ ਤੱਕ ਮੀਂਹ ਨਾਲ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। 
* 28 ਜੁਲਾਈ ਨੂੰ ਹੀ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੀ ‘ਕੁਸਮੁੰਡਾ’ ਖਾਨ ’ਚ ਅਚਾਨਕ ਆਏ ਪਾਣੀ ਦੇ ਤੇਜ਼ ਵਹਾਅ ’ਚ 5 ਅਧਿਕਾਰੀ ਰੁੜ੍ਹ ਗਏ। 
ਬਿਹਾਰ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਉੱਤਰ ਪ੍ਰਦੇਸ਼   ’ਚ ਹੁਣ ਤੱਕ ਡੇਢ ਦਰਜਨ ਦੇ ਲਗਭਗ ਲੋਕਾਂ ਅਤੇ ਤਿੰਨ ਦਰਜਨ ਦੇ ਲਗਭਗ  ਜਾਨਵਰਾਂ ਦੀ ਜਾਨ ਜਾ ਚੁੱਕੀ ਹੈ।
ਹਰ ਸਾਲ ਆਉਣ ਵਾਲੀ ਇਸ ਆਫਤ ਨਾਲ ਨਜਿੱਠਣ ਦੀ ਅਧੂਰੀ ਤਿਆਰੀ  ਦੀ ਪੋਲ ਖੋਲ੍ਹਣ ਵਾਲੀ ਇਹ ਸਮੱਸਿਆ ਅਜੇ ਕਾਫੀ ਦਿਨਾਂ ਤੱਕ ਜਾਰੀ ਰਹਿਣ ਵਾਲੀ ਹੈ, ਇਸ ਲਈ ਬਚਾਅ ਦੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।     
-ਵਿਜੇ ਕੁਮਾਰ  


Inder Prajapati

Content Editor

Related News