ਕੀ ਪੰਜਾਬ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਐ

Thursday, Jul 18, 2024 - 04:37 PM (IST)

ਪੰਜਾਬ ਦੀਆਂ ਤਾਜ਼ਾ ਘਟਨਾਵਾਂ ਮਨ ’ਚ ਚਿੰਤਾ ਪੈਦਾ ਕਰਦੀਆਂ ਹਨ। ਜੋ ਸੂਬਾ ਇਕ ਸਮੇਂ ਦੇਸ਼ ਦਾ ਸਿਰਮੌਰ ਸੀ, ਉਹ ਅੱਜ ਨਸ਼ਾਖੋਰੀ, ਧਰਮ-ਤਬਦੀਲੀ, ਅਸਹਿਣਸ਼ੀਲਤਾ, ਹਿੰਸਾ ਅਤੇ ਵੱਖਵਾਦ ਦਾ ਸ਼ਿਕਾਰ ਹੈ। ਇਸ ਦੇ ਲਈ ਬਾਹਰੀ ਅਤੇ ਅੰਦਰੂਨੀ ਤੱਤ ਦੋਵੇਂ ਜ਼ਿੰਮੇਵਾਰ ਹਨ। ਜਿਨ੍ਹਾਂ ਸਿਆਸੀ ਆਗੂਆਂ ’ਤੇ ਇਸ ਸਥਿਤੀ ਦੀ ਜ਼ਿੰਮੇਵਾਰੀ ਹੈ, ਉਹ ਜਾਂ ਤਾਂ ਸਮੱਸਿਆ ਦਾ ਹਿੱਸਾ ਹਨ ਜਾਂ ਫਿਰ ਚੁੱਪ ਹਨ। ਜਿਸ ਕਾਂਗਰਸ ਨੇ ਆਪਣੀਆਂ ਨੀਤੀਆਂ ਕਾਰਨ ਇਸ ਦਾ ਖਮਿਆਜ਼ਾ ਸਭ ਤੋਂ ਵੱਧ ਭੁਗਤਿਆ, ਉਸ ਦੀ ਚੋਟੀ ਦੀ ਲੀਡਰਸ਼ਿਪ ਸੌੜੇ ਚਿੰਤਨ ’ਚ ਫਸ ਕੇ ਇਸ ਨੂੰ ਫਿਰ ਸਿੱਧੇ-ਅਸਿੱਧੇ ਤੌਰ ’ਤੇ ਸ਼ਹਿ ਦੇਣ ’ਚ ਲੱਗੀ ਹੈ।

ਪੰਜਾਬ ਦੀ ਜਲੰਧਰ ਦਿਹਾਤੀ ਪੁਲਸ ਨੇ ਖਡੂਰ ਸਾਹਿਬ ਤੋਂ ਖਾਲਿਸਤਾਨ ਸਮਰਥਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਮੇਤ ਹੋਰ 2 ਮੁਲਜ਼ਮਾਂ ਨੂੰ 4 ਗ੍ਰਾਮ ਕ੍ਰਿਸਟਲ ਮੈਥਾਮੇਫਟਮਾਈਨ (ਆਈਸ) ਨਾਲ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ। ਉਦੋਂ ਹੋਈ ਮੈਡੀਕਲ ਜਾਂਚ ’ਚ ਹਰਪ੍ਰੀਤ ਅਤੇ ਉਸ ਦੇ ਸਾਥੀ ਦਾ ਡੋਪ ਟੈਸਟ ਵੀ ਪਾਜ਼ੇਟਿਵ ਆਇਆ ਸੀ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ।

ਇਸ ਤੋਂ ਪਹਿਲਾਂ 5 ਜੁਲਾਈ ਨੂੰ ਸ਼ਿਵਸੈਨਾ ਦੀ ਪੰਜਾਬ ਇਕਾਈ ਦੇ ਆਗੂ ਸੰਦੀਪ ਥਾਪਰ ’ਤੇ ਨਿਹੰਗਾਂ ਦੇ ਪਹਿਰਾਵੇ ’ਚ 3 ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਦੀ ਵੀਡੀਓ ਬੜੀ ਵਾਇਰਲ ਹੋਈ। ਥਾਪਰ ’ਤੇ ਭੀੜ-ਭੜੱਕੇ ਵਾਲੀ ਸੜਕ ’ਤੇ ਦਿਨ-ਦਿਹਾੜੇ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਆਪਣੇ ਸੁਰੱਖਿਆ ਗਾਰਡ ਦੇ ਨਾਲ ਸਕੂਟਰ ’ਤੇ ਬੈਠੇ ਸਨ। ਫਿਲਹਾਲ ਉਹ ਖਤਰੇ ਤੋਂ ਬਾਹਰ ਹਨ ਤੇ ਦੋਸ਼ੀ ਪੁਲਸ ਦੀ ਗ੍ਰਿਫਤ ’ਚ ਹਨ।

ਇਹ ਮਾਮਲਾ ਠੰਢਾ ਨਹੀਂ ਪਿਆ ਸੀ ਕਿ ਅੰਮ੍ਰਿਤਸਰ ਸਥਿਤ ਭਾਰਤੀ ਪ੍ਰਬੰਧਨ ਸੰਸਥਾਨ (ਆਈ. ਆਈ. ਐੱਮ.) ਦੀ ਬੱਸ ’ਚ ਨਿਹੰਗ-ਚੋਲਾਧਾਰੀ ਵੱਲੋਂ ਤਲਵਾਰ ਲੈ ਕੇ ਘੁੰਮਣ, ਸੁਰੱਖਿਆ ਮੁਲਾਜ਼ਮਾਂ ਨੂੰ ਕੁੱਟਣ ਅਤੇ ਵਿਦਿਆਰਥੀਆਂ ਨੂੰ ਸਿਗਰਟਨੋਸ਼ੀ ਕਰਨ ’ਤੇ ਗੁੱਟ ਵੱਢਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆ ਗਿਆ। ਇਸ ਘਟਨਾ ਦਾ ਵੀ ਵੀਡੀਓ ਵਾਇਰਲ ਹੋ ਗਿਆ ਜਿਸ ਦੇ ਬਾਅਦ ਪੁਲਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋ ਗਈ। ਪੁੱਛਗਿੱਛ ’ਚ ਮੁਲਜ਼ਮ ਨੇ ਕਿਹਾ ਕਿ ਗੁਰੂ ਨਗਰੀ ’ਚ ਤੰਬਾਕੂ ਵੇਚਣ ਵਾਲਿਆਂ ਅਤੇ ਵਰਤਣ ਵਾਲਿਆਂ ਨੂੰ ਨਹੀਂ ਰਹਿਣ ਦੇਵੇਗਾ।

ਨਸ਼ਾਖੋਰੀ, ਅਸਹਿਣਸ਼ੀਲਤਾ ਅਤੇ ਖਾਲਿਸਤਾਨੀ ਤੱਤਾਂ ਦਾ ਉਭਾਰ ਆਪਸ ’ਚ ਡੂੰਘਾ ਸਬੰਧ ਰੱਖਦਾ ਹੈ। ਇਹ ਉਸ ਖੂਨੀ ਅਧਿਆਏ ਦੀਆਂ ਯਾਦਾਂ ਤਾਜ਼ਾ ਕਰਦਾ ਹੈ, ਜਿਸ ਦਾ ਜ਼ਿਕਰ ਇਕ ਗੈਰ-ਸਿਆਸੀ ਚਸ਼ਮਦੀਦ, ਮੁਆਸਿਰ ਆਈ. ਪੀ. ਐੱਸ. ਅਧਿਕਾਰੀ ਅਤੇ ਭਾਰਤੀ ਖੁਫੀਆ ਏਜੰਸੀ ‘ਰਿਸਰਚ ਐਂਡ ਐਨਾਲਸਿਸ ਵਿੰਗ’ (ਰਾਅ) ਨਾਲ 26 ਸਾਲ ਜੁੜੇ ਰਹਿਣ ਦੇ ਬਾਅਦ ਵਿਦੇਸ਼ ਸਕੱਤਰ ਵਜੋਂ ਸੇਵਾਮੁਕਤ ਹੋਏ ਗੁਰਬਖਸ਼ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਦਿ ਖਾਲਿਸਤਾਨ ਕਾਂਸਪੀਰੇਸੀ’ ’ਚ ਕੀਤਾ ਹੈ। ਉਨ੍ਹਾਂ ਦਾ ਖੁਲਾਸਾ ਇਸ ਲਈ ਵੀ ਮਾਅਨੇ ਰੱਖਦਾ ਹੈ ਕਿਉਂਕਿ ਉਹ ਕਾਂਗਰਸ ਦੇ ਮਹਾਰਥੀ ਆਗੂ ਸਵ. ਸ. ਸਵਰਨ ਸਿੰਘ ਦੇ ਜਵਾਈ ਵੀ ਹਨ।

ਆਪਣੀ ਪੁਸਤਕ ’ਚ ਗੁਰਬਖਸ਼ ਲਿਖਦੇ ਹਨ, ‘‘ਸਾਲ 1977 ਦੀਆਂ ਵਿਧਾਨ ਸਭਾ ਚੋਣਾਂ ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਦਲ-ਜਨਤਾ ਪਾਰਟੀ ਗੱਠਜੋੜ ਤੋਂ ਕਾਂਗਰਸ ਹਾਰ ਗਈ ਸੀ। ਇਸ ਦੇ ਤੁਰੰਤ ਬਾਅਦ, ਮੈਨੂੰ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਨ ਨਾਲ ਅਕਾਲੀ ਦਲ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੂੰ ਅਸਥਿਰ ਕਰਨ ਦੇ ਯਤਨਾਂ ਦੀ ਜਾਣਕਾਰੀ ਮਿਲੀ।’’

ਬਕੌਲ ਸਿੱਧੂ, ਗਿਆਨੀ ਜ਼ੈਲ ਸਿੰਘ ਨੇ ਸੰਜੇ ਗਾਂਧੀ ਨੂੰ ਸਲਾਹ ਦਿੱਤੀ ਕਿ ਪੰਜਾਬ ’ਚ ਅਕਾਲੀ ਦਲ-ਜਨਤਾ ਪਾਰਟੀ ਗੱਠਜੋੜ ਸਰਕਾਰ ਨੂੰ ਅਸਥਿਰ ਕੀਤਾ ਜਾ ਸਕਦਾ ਹੈ, ਜੇਕਰ ਉਨ੍ਹਾਂ ਦੀਆਂ ਉਦਾਰਵਾਦੀ ਨੀਤੀਆਂ ’ਤੇ ਢੁੱਕਵੇਂ ਸਿੱਖ ਸੰਤ ਵੱਲੋਂ ਲਗਾਤਾਰ ਹਮਲਾ ਕੀਤਾ ਜਾਵੇ। ਇਸ ਦੇ ਲਈ ਕਾਂਗਰਸ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਚੁਣਿਆ। ਮੁੱਢਲੀ ਅਸਫਲਤਾ ਦੇ ਬਾਅਦ ਕਾਂਗਰਸੀ ਪ੍ਰਪੰਚ ਨੇ ਪੰਜਾਬ ਨੂੰ ਬੇਕਾਬੂ ਅਰਾਜਕਤਾ ਅਤੇ ਲਹੂ ਡੋਲ੍ਹਣ ਵੱਲ ਧੱਕ ਦਿੱਤਾ।

ਕਾਂਗਰਸ ਦੀ ਫੁੱਟ ਪਾਊ ਸਿਆਸਤ ਦਾ ਨਤੀਜਾ ਇਹ ਹੋਇਆ ਕਿ ਭਿੰਡਰਾਂਵਾਲੇ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣਾ ਅੱਡਾ ਬਣਾ ਲਿਆ ਕਿਉਂਕਿ ਖਾਲਿਸਤਾਨ ਦੀ ਪਰਿਕਲਪਨਾ ਵਿਦੇਸ਼ੀ ਹੈ ਅਤੇ ਇਸ ਨੂੰ ਵਧੇਰੇ ਭਾਰਤੀ ਸਿੱਖਾਂ ਦਾ ਸਮਰਥਨ ਨਹੀਂ ਮਿਲਦਾ, ਇਸ ਲਈ ਉਦੋਂ ਭਿੰਡਰਾਂਵਾਲੇ ਦੇ ਹੁਕਮ ’ਤੇ ਬੇਕਸੂਰ ਹਿੰਦੂਆਂ ਦੇ ਨਾਲ ਦੇਸ਼ ਭਗਤ ਸਿੱਖਾਂ ਨੂੰ ਵੀ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰਿਆ ਜਾਣ ਲੱਗਾ।

ਫਿਰ ਇੰਦਰਾ ਗਾਂਧੀ ਦੇ ਹੁਕਮ ’ਤੇ ਹੋਏ ‘ਆਪ੍ਰੇਸ਼ਨ ਬਲਿਊ ਸਟਾਰ’ ਨਾਲ ਸਵਰਨ ਮੰਦਰ ਦੀ ਮਰਿਆਦਾ ਭੰਗ ਹੋ ਗਈ, ਜਿਸ ਨਾਲ ਸ਼ਰਧਾਲੂਆਂ ਨੂੰ ਡੂੰਘੀ ਸੱਟ ਵੱਜੀ। ਨਤੀਜੇ ਵਜੋਂ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ 2 ਸਿੱਖ ਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੀ ਪ੍ਰਤੀਕਿਰਿਆ ’ਚ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਗਿਣੇ-ਮਿੱਥੇ ਕਤਲੇਆਮ ਨੂੰ ਸਿੱਧੇ-ਅਸਿੱਧੇ ਤੌਰ ’ਤੇ ਸਹੀ ਠਹਿਰਾਉਂਦੇ ਹੋਏ ਰਾਜੀਵ ਗਾਂਧੀ ਨੇ ਕਿਹਾ ਸੀ, ‘‘ਜਦੋਂ ਵੀ ਕੋਈ ਵੱਡਾ ਰੁੱਖ ਡਿੱਗਦਾ ਹੈ, ਤਾਂ ਧਰਤੀ ਥੋੜ੍ਹੀ ਹਿਲਦੀ ਹੈ।’’ ਇਹ ਠੀਕ ਹੈ ਕਿ ਕਾਂਗਰਸ ਦੇ ‘ਈਕੋ-ਸਿਸਟਮ’ ਨੇ ਖਾਲਿਸਤਾਨ ਵਿਚਾਰ ਨੂੰ ਸ਼ਹਿ ਦਿੱਤੀ, ਤਾਂ ਪਾਕਿਸਤਾਨ ਅੱਜ ਵੀ ਇਸ ਦਾ ਸਭ ਤੋਂ ਪੋਸ਼ਕ ਬਣ ਕੇ ਪੰਜਾਬ ’ਚ ਨਸ਼ਾਖੋਰੀ ਨੂੰ ਵੀ ਸ਼ਹਿ ਦੇ ਰਿਹਾ ਹੈ।

ਪੰਜਾਬ ’ਚ ‘ਆਪ’ ਦਾ ਰਾਜ ਹੈ ਜਿਸ ਦੀ ਅਗਵਾਈ ਭਗਵੰਤ ਸਿੰਘ ਮਾਨ ਕਰ ਰਹੇ ਹਨ। ਉਨ੍ਹਾਂ ਦਾ ਪੱਲਾ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ ’ਚ ਅਜੇ ਤੱਕ ਪਾਕ- ਸਾਫ ਹੈ। ਅੰਮ੍ਰਿਤਪਾਲ ਸਿੰਘ ’ਤੇ ਕਾਨੂੰਨੀ ਕਾਰਵਾਈ, ਮਾਨ ਸਰਕਾਰ ਦੇ ਸਹਿਯੋਗ ਨਾਲ ਮੁਕੰਮਲ ਹੋ ਸਕੀ ਹੈ। ਓਧਰ ਕੇਜਰੀਵਾਲ ਨਾ ਸਿਰਫ ਦਿੱਲੀ ਸ਼ਰਾਬ ਘਪਲੇ ਦੇ ਮੁਲਜ਼ਮ ਹਨ ਤੇ ਜੇਲ ’ਚ ਬੰਦ ਹਨ, ਨਾਲ ਹੀ ਉਨ੍ਹਾਂ ’ਤੇ ਖਾਲਿਸਤਾਨੀ ਕੱਟੜਵਾਦੀਆਂ ਨਾਲ ਗੰਢਤੁੱਪ ਕਰਨ ਦਾ ਵੀ ਦੋਸ਼ ਹੈ। ਹਾਲ ਹੀ ’ਚ ਦਿੱਲੀ ਦੇ ਉਪ-ਰਾਜਪਾਲ ਨੇ ਕੇਜਰੀਵਾਲ ਵਾਲੀ ‘ਆਪ’ ’ਤੇ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ‘ਸਿੱਖ ਫਾਰ ਜਸਟਿਸ’ ਕੋਲੋਂ ਕਥਿਤ ਤੌਰ ’ਤੇ ਸਿਆਸੀ ਫੰਡ ਲੈਣ ਨੂੰ ਲੈ ਕੇ ਜਾਂਚ ਦੀ ਸਿਫਾਰਿਸ਼ ਕੀਤੀ ਹੈ।

ਇਕ ਪੁਰਾਣੀ ਕਹਾਵਤ ਹੈ ‘ਜੋ ਲੋਕ ਅਤੀਤ ਨੂੰ ਯਾਦ ਨਹੀਂ ਰੱਖਦੇ, ਉਹ ਉਸ ਨੂੰ ਦੁਹਰਾਉਣ ਲਈ ਸਰਾਪੇ ਹੁੰਦੇ ਹਨ।’ ਕੀ ਪੰਜਾਬ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ? ਇੰਝ ਲੱਗਦਾ ਹੈ ਕਿ ਪੰਜਾਬੀ ਸਮਾਜ ਦਾ ਇਕ ਛੋਟਾ ਹਿੱਸਾ ਕੈਨੇਡਾ ’ਚ ਵਸੇ ਅੱਤਵਾਦੀਆਂ ਤੋਂ ਪ੍ਰੇਰਣਾ ਲੈ ਕੇ ਅਤੇ ਪਾਕਿਸਤਾਨ ਦੇ ਸਮਰਥਨ ਨਾਲ ਸਤਿਕਾਰਯੋਗ ਸਿੱਖ ਗੁਰੂਆਂ ਦੀ ਕਰਮਭੂਮੀ ਨੂੰ ਦੁਬਾਰਾ ਤਬਾਹੀ ਵੱਲ ਧੱਕਣਾ ਚਾਹੁੰਦਾ ਹੈ।

ਬਲਬੀਰ ਪੁੰਜ


Tanu

Content Editor

Related News