ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ ਰਵਿਦਾਸ ਜੀ ਦੀਆਂ ਸਿੱਖਿਆਵਾਂ

Sunday, May 03, 2026 - 04:49 PM (IST)

ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ ਰਵਿਦਾਸ ਜੀ ਦੀਆਂ ਸਿੱਖਿਆਵਾਂ

ਯੁਵਾ ਭਾਰਤ ਜੋ ਕਿ ਮਜ਼ਬੂਤ ਹੋ ਰਿਹਾ ਹੈ, ਉਸ ਦੀਆਂ ਜੜ੍ਹਾਂ ਭਾਰਤੀ ਸੰਤਾਂ ਦੀ ਪਰੰਪਰਾ ’ਚ ਹਨ। ਵੱਖ-ਵੱਖ ਧਰਮਾਂ ਅਤੇ ਜਾਤਾਂ ’ਚ ਲੋਕਾਂ ਦਾ ਵੰਡਿਆ ਜਾਣਾ ਭਾਰਤ ਲਈ ਕੋਈ ਨਵੀਂ ਗੱਲ ਨਹੀਂ ਹੈ, ਪਰ ਸਮੇਂ-ਸਮੇਂ ’ਤੇ ਲੋਕਾਂ ਨੂੰ ਆਪਸ ’ਚ ਪ੍ਰੇਮ ਅਤੇ ਸਦਭਾਵਨਾ ਬਣਾਈ ਰੱਖਣਾ ਸੰਤਾਂ ਨੇ ਸਿਖਾਇਆ ਹੈ। ਸੰਤ ਰਵਿਦਾਸ ਜੀ ਇਸ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੇ ਕੰਮ ਦੇ ਨਤੀਜਿਆਂ ਨੂੰ ਦੇਖ ਕੇ ਹੀ ਸਮਕਾਲੀ ਸੰਤਾਂ ਨੇ ਉਨ੍ਹਾਂ ਨੂੰ ‘ਸੰਤ ਸ਼੍ਰੋਮਣੀ’ ਦੀ ਉਪਾਧੀ ਦਿੱਤੀ ਸੀ। ਸੰਤ ਰਵਿਦਾਸ ਜੀ ਇਕ ਭਾਰਤੀ ਰਹੱਸਵਾਦੀ, ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਕ ਗੁਰੂ ਸਨ, ਜਿਨ੍ਹਾਂ ਨੇ ਭਗਤੀ ਗੀਤਾਂ, ਕਵਿਤਾਵਾਂ ਅਤੇ ਅਧਿਆਤਮਕ ਸਿੱਖਿਆਵਾਂ ਦੇ ਮਾਧਿਅਮ ਨਾਲ ਭਗਤੀ ਅੰਦੋਲਨ ’ਚ ਮਹੱਤਵਪੂਰਨ ਯੋਗਦਾਨ ਪਾਇਆ। ਸੰਤ ਰਵਿਦਾਸ ਜੀ ਦਾ ਜਨੂੰਨ ਸੱਚ ਦੀ ਖੋਜ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵੱਡੇ-ਛੋਟੇ ਦਾ ਵਿਚਾਰ ਸਰਾਸਰ ਗਲਤ ਹੈ। ਸੱਚ, ਕਰੁਣਾ, ਅੰਦਰੂਨੀ ਪਵਿੱਤਰਤਾ ਅਤੇ ਨਿਰੰਤਰ ਸਖ਼ਤ ਮਿਹਨਤ ਸੰਤ ਰਵਿਦਾਸ ਜੀ ਦਾ ਉਪਦੇਸ਼ ਸੀ।

ਸੰਤ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੇ ਸੀਰ ਗੋਵਰਧਨਪੁਰ ’ਚ ਮਾਘ ਪੂਰਨਿਮਾ ਸੰਮਤ 1433 ਜਾਂ 15ਵੀਂ ਸਦੀ ਨੂੰ ਮਾਤਾ ਕਲਸਾਂ ਦੇਵੀ ਅਤੇ ਪਿਤਾ ਸੰਤੋਖ ਦਾਸ ਦੇ ਘਰ ਹੋਇਆ। ਉਨ੍ਹਾਂ ਨੇ ਆਪਣੇ ਜੁੱਤੇ ਬਣਾਉਣ ਦੇ ਜੱਦੀ ਕਾਰੋਬਾਰ ਨੂੰ ਜਾਰੀ ਰੱਖਿਆ ਅਤੇ ਇਸ ਨੂੰ ਹੀ ਈਸ਼ਵਰ ਦੀ ਸੇਵਾ ਮੰਨਿਆ, ਪਰ ਜਲਦ ਹੀ ਉਹ ਆਪਣਾ ਜ਼ਿਆਦਾਤਰ ਸਮਾਂ ਗੰਗਾ ਨਦੀ ਦੇ ਕਿਨਾਰੇ ਅਧਿਆਤਮਕ ਗਤੀਵਿਧੀਆਂ ’ਚ ਬਤੀਤ ਕਰਨ ਲੱਗੇ। ਇਸ ਤੋਂ ਬਾਅਦ, ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਤਪੱਸਵੀਆਂ, ਸਾਧੂਆਂ ਅਤੇ ਸੂਫੀ ਸੰਤਾਂ ਨਾਲ ਬਿਤਾਇਆ। ਸੰਤ ਰਵਿਦਾਸ ਜੀ ਦਾ ਵਿਆਹ ਛੋਟੀ ਉਮਰ ’ਚ ਲੋਨਾ ਦੇਵੀ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਪੁੱਤਰ ਵਿਜੇ ਦਾਸ ਦਾ ਜਨਮ ਹੋਇਆ।

ਭਗਤੀ ਅੰਦੋਲਨ ਦੇ ਕਈ ਕਵੀਆਂ ਦੀਆਂ ਸਭ ਤੋਂ ਪੁਰਾਣੀਆਂ ਜੀਵਨੀਆਂ ’ਚੋਂ ਇਕ, ‘ਅਨੰਤਦਾਸ ਪਰਚਈ’, ਸੰਤ ਰਵਿਦਾਸ ਜੀ ਦੇ ਜਨਮ ਦਾ ਵਰਣਨ ਕਰਦੀ ਹੈ। ਭਗਤੀਮਾਲ ਵਰਗੇ ਮੱਧਕਾਲੀ ਸਾਹਿਤ ਅਨੁਸਾਰ, ਸੰਤ ਰਵਿਦਾਸ ਜੀ ਸੰਤ ਰਾਮਾਨੰਦ ਜੀ ਦੇ ਚੇਲੇ ਸਨ। ਉਨ੍ਹਾਂ ਨੂੰ ਆਮ ਤੌਰ ’ਤੇ ਸੰਤ ਕਬੀਰ ਜੀ ਦਾ ਸਮਕਾਲੀ ਮੰਨਿਆ ਜਾਂਦਾ ਹੈ। ਫਿਰ ਵੀ, ਪ੍ਰਾਚੀਨ ਸਾਹਿਤ ‘ਰਤਨਾਵਲੀ’ ਦਾ ਦਾਅਵਾ ਹੈ ਕਿ ਗੁਰੂ ਰਵਿਦਾਸ ਜੀ ਨੇ ਰਾਮਾਨੰਦ ਜੀ ਤੋਂ ਅਧਿਆਤਮਕ ਸਿੱਖਿਆ ਪ੍ਰਾਪਤ ਕੀਤੀ ਅਤੇ ਉਹ ਰਾਮਾਨੰਦੀ ਸੰਪਰਦਾ ਨਾਲ ਸਬੰਧਤ ਸਨ। ਉਨ੍ਹਾਂ ਨੇ ਵਿਆਪਕ ਯਾਤਰਾ ਕੀਤੀ ਅਤੇ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਹਿਮਾਲਿਆ ’ਚ ਸਥਿਤ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਸਰਵਉੱਚ ਸ਼ਕਤੀ ਦੇ ਸਗੁਣ (ਵਿਸ਼ੇਸ਼ਤਾਵਾਂ ਸਹਿਤ) ਰੂਪਾਂ ਦਾ ਤਿਆਗ ਕਰਕੇ ਨਿਰਗੁਣ (ਗੁਣਾਂ ਰਹਿਤ) ਰੂਪ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਦੇ ਖੇਤਰੀ ਭਾਸ਼ਾਵਾਂ ’ਚ ਰਚੇ ਗਏ ਭਜਨਾਂ ਤੋਂ ਪ੍ਰੇਰਿਤ ਹੋ ਕੇ, ਹਰ ਵਰਗ ਦੇ ਲੋਕ ਉਨ੍ਹਾਂ ਤੋਂ ਸਿੱਖਿਆ ਅਤੇ ਸਲਾਹ ਲੈਣ ਆਉਂਦੇ ਸਨ।

ਆਰ. ਐੱਸ. ਐੱਸ. ਦੇ ਸਰਕਾਰਯਵਾਹ ਦੱਤਾਤ੍ਰੇਅ ਹੋਸਬਾਲੇ ਜੀ ਦੇ ਸ਼ਬਦਾਂ ’ਚ, ‘‘ਇਕ ਸਾਧਾਰਨ ਪਰਿਵਾਰ ਤੋਂ ਆਉਣ ਵਾਲੇ ਸੰਤ ਸ਼੍ਰੀ ਰਵਿਦਾਸ ਜੀ ਦੀ ਮਹਾਨਤਾ ਨੂੰ ਕਾਸ਼ੀ ਦੇ ਵਿਦਵਾਨਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੇ ਉਨ੍ਹਾਂ ਦੀ ਸਰਵਉੱਚ ਭਗਤੀ, ਸੇਵਾ ਭਾਵ ਅਤੇ ਸਮਾਜ ਪ੍ਰਤੀ ਸ਼ੁੱਧ ਪ੍ਰੇਮ ਦੇ ਕਾਰਨ ਸਵੀਕਾਰ ਕੀਤਾ। ਕਾਸ਼ੀ ਦੇ ਰਾਜਾ, ਝਾਲੀ ਰਾਣੀ ਅਤੇ ਮੀਰਾਬਾਈ ਵਰਗੇ ਰਾਜ ਪਰਿਵਾਰਾਂ ਦੇ ਮੈਂਬਰ ਵੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।’’

ਸੰਤ ਰਵਿਦਾਸ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਤ ਰਵਿਦਾਸ ਜੀ ਮਹਾਰਾਜ ਵੱਲੋਂ ਰਚੇ ਗਏ ਲੱਗਭਗ 41 ਸ਼ਬਦ (ਭਜਨ) ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ‘ਬਾਣੀ ਭਗਤਨ ਕੀ’ ਅਧੀਨ ਵੱਖ-ਵੱਖ ਰਾਗਾਂ ’ਚ ਸ਼ਾਮਲ ਹਨ। ਉਨ੍ਹਾਂ ਦਾ ਜਾਤ-ਪਾਤ ਦਾ ਵਿਰੋਧ ਅਤੇ ਰੱਬ ਦੀ ਏਕਤਾ ਵਰਗੀਆਂ ਸਿੱਖਿਆਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨੁਕੂਲ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤ ਰਵਿਦਾਸ ਜੀ ਦੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸਥਾਨ ਦਿੱਤਾ, ਕਿਉਂਕਿ ਉਨ੍ਹਾਂ ਦੀ ਬਾਣੀ ਪਰਮੇਸ਼ਵਰ ਪ੍ਰਤੀ ਡੂੰਘੇ ਪ੍ਰੇਮ ਅਤੇ ਭਗਤੀ ਨੂੰ ਪ੍ਰਗਟ ਕਰਦੀ ਹੈ।

ਉਨ੍ਹਾਂ ਦੇ ਭਜਨਾਂ ’ਚ ਜਾਤੀਵਾਦ ਅਤੇ ਸਮਾਜਿਕ ਵੰਡ ਨੂੰ ਖ਼ਤਮ ਕਰਨ, ਈਸ਼ਵਰ ਦੀ ਏਕਤਾ ਅਤੇ ਆਤਮ-ਗਿਆਨ ਦਾ ਸੰਦੇਸ਼ ਹੈ। ਸੰਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖ ਧਰਮ ’ਚ ਉਨ੍ਹਾਂ ਨੂੰ ਇਕ ਉੱਚੇ ਅਧਿਆਤਮਕ ਸੰਤ ਵਜੋਂ ਮੰਨਿਆ ਜਾਂਦਾ ਹੈ। ਆਰ. ਐੱਸ. ਐੱਸ. ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਦੇ ਸ਼ਬਦਾਂ ’ਚ, ‘‘ਭਾਰਤ ’ਚ ਅੱਜ ਅਪਾਰ ਸੰਭਾਵਨਾਵਾਂ ਹਨ। ਕੁਸ਼ਲ ਮਨੁੱਖੀ ਸ਼ਕਤੀ ਹਰ ਖੇਤਰ ’ਚ ਉਪਲਬਧ ਹੈ। ਵਿਸ਼ਵ ਗੁਰੂ ਬਣਨ ਲਈ ਪੂਰੀ ਤਰ੍ਹਾਂ ਅਨੁਕੂਲ ਸਥਿਤੀਆਂ ਹਨ। ਸੰਤ ਸ਼੍ਰੋਮਣੀ ਸੰਤ ਰਵਿਦਾਸ ਜੀ ਦੇ ਸਮਰਸਤਾ ਦੇ ਸਿਧਾਂਤਾਂ ’ਤੇ ਜੇਕਰ ਸਾਰੇ ਅਮਲ ਕਰਨ ਤਾਂ ਭਾਰਤ ਨੂੰ ਵਿਸ਼ਵ ਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ।’’

ਮੌਜੂਦਾ ਸਮੇਂ ’ਚ, ਜਦੋਂ ਕਈ ਵੰਡ ਪਾਉਣ ਵਾਲੀਆਂ ਤਾਕਤਾਂ ਵਰਗ ਅਤੇ ਜਾਤ ਦੇ ਆਧਾਰ ’ਤੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਸਾਨੂੰ ਸਾਰਿਆਂ ਨੂੰ ਪੂਜਨੀਕ ਸੰਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਆਪਣੀ ਆਹੂਤੀ ਪਾਉਣ ਵਾਸਤੇ ਪ੍ਰੇਰਿਤ ਕਰ ਰਹੀਆਂ ਹਨ।

—ਸੁਖਦੇਵ ਵਸ਼ਿਸ਼ਟ


author

Anmol Tagra

Content Editor

Related News