Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ ਗਿਆ ਇਕੋ-ਇਕ ਸਹਾਰਾ
Thursday, Jun 26, 2025 - 03:09 PM (IST)

ਲਾਂਬੜਾ (ਵਰਿੰਦਰ)–ਸੂਬੇ ਭਰ ਵਿਚ ਇਕ ਪਾਸੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਵਿਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਚਿੱਟੇ ਨੇ ਬਜ਼ੁਰਗ ਦਾਦੀ ਦਾ ਇਕੋ-ਇਕ ਸਹਾਰਾ ਉਸ ਦਾ ਪੋਤਰਾ ਖੋਹ ਲਿਆ ਹੈ। ਘਟਨਾ ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਹੁਸੈਨਪੁਰ ਦੀ ਹੈ, ਜਿੱਥੇ ਇਕ 18 ਸਾਲਾ ਨੌਜਵਾਨ ਦੀ ਹੈਰੋਇਨ ਪੀਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਸੋਮਨਾਥ ਵਜੋਂ ਹੋਈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ
ਅਮਿਤ ਦੇ ਪਿਤਾ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਅਮਿਤ 2 ਸਾਲ ਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਅਮਿਤ ਦੀ ਮਾਂ ਉਸ ਨੂੰ ਬੇਸਹਾਰਾ ਦਾਦੀ ਕੋਲ ਛੱਡ ਕੇ ਚਲੀ ਗਈ। ਅਮਿਤ ਹੀ ਬਜ਼ੁਰਗ ਦਾਦੀ ਦਾ ਇਕਲੌਤਾ ਸਹਾਰਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਹੈਰੋਇਨ ਦੀ ਵਿਕਰੀ ਜ਼ਿਆਦਾ ਹੋਣ ਕਾਰਨ ਅਮਿਤ ਇਸ ਦੀ ਲਪੇਟ ਵਿਚ ਆ ਗਿਆ ਅਤੇ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਅਮਿਤ ਪਿੰਡ ਵਿਚ ਹੀ ਬੇਸੁਧ ਵੇਖਿਆ ਗਿਆ, ਜਿਸ ਤੋਂ ਬਾਅਦ ਪਿੰਡ ਹੁਸੈਨਪੁਰ ਦੇ ਪੰਚ ਨੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
ਥਾਣਾ ਲਾਂਬੜਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਬੇਸੁਧ ਹਾਲਤ ਵਿਚ ਘਰ ਪਹੁੰਚਾ ਦਿੱਤਾ ਪਰ ਬੁੱਧਵਾਰ ਸਵੇਰੇ ਜਦੋਂ ਅਮਿਤ ਦੀ ਦਾਦੀ ਉਸ ਨੂੰ ਉਠਾਉਣ ਗਈ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਬਜ਼ੁਰਗ ਦਾਦੀ ਦੀਆਂ ਚੀਕਾਂ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਜੰਮ ਕੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ। ਕਈ ਨੌਜਵਾਨ ਨਸ਼ੇ ਦੀ ਲਪੇਟ ਵਿਚ ਆ ਚੁੱਕੇ ਹਨ।
ਇਹ ਵੀ ਪੜ੍ਹੋ: ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ ਅਲੌਕਿਕ ਤਸਵੀਰਾਂ
ਓਧਰ ਮ੍ਰਿਤਕ ਨੌਜਵਾਨ ਅਮਿਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਲਾਂਬੜਾ ਦੇ ਮੁਖੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਦਾ ਕੁਝ ਪਤਾ ਨਹੀਂ ਪਰ ਨੌਜਵਾਨ ਬੇਸੁਧ ਮਿਲਿਆ ਸੀ। ਥਾਣੇ ਦਾ ਏ. ਐੱਸ. ਆਈ. ਗਿਆ ਸੀ, ਜਿਸ ਨੇ ਨੌਜਵਾਨ ਹੈਂਡਓਵਰ ਕਰ ਦਿੱਤਾ ਸੀ ਪਰ ਮੌਤ ਤੋਂ ਬਾਅਦ ਕੋਈ ਨਹੀਂ ਗਿਆ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸੂਬੇ ਵਿਚ ਨਸ਼ਾ ਖ਼ਤਮ ਕਰਨ ਲਈ ਸੀ. ਐੱਮ. ਤੋਂ ਲੈ ਕੇ ਡੀ. ਜੀ. ਪੀ. ਜ਼ਮੀਨ-ਆਸਮਾਨ ਇਕ ਕਰ ਰਹੇ ਹਨ ਅਤੇ ਦੂਜੇ ਪਾਸੇ ਥਾਣਾ ਮੁਖੀ ਨੇ ਓਵਰਡੋਜ਼ ਨਾਲ ਹੋਈ ਮੌਤ ਨੂੰ ਕਾਫ਼ੀ ਹਲਕੇ ਵਿਚ ਲਿਆ ਅਤੇ ਇਹ ਪਤਾ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਕਤ ਨੌਜਵਾਨ ਕਿਥੋਂ ਨਸ਼ਾ ਲੈ ਕੇ ਆਉਂਦਾ ਸੀ। ਡੀ. ਐੱਸ. ਪੀ. ਕਰਤਾਰਪੁਰ ਵਿਜੇ ਕੰਵਲ ਪਾਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਪਤਾ ਕਰਵਾਉਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਵੀ ਫੋਨ ਨਹੀਂ ਆਇਆ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e