ਟਰੰਪ ਦੇ ਟੈਰਿਫ ਨੂੰ ਭੁੱਲ ਜਾਓ, ਅਸਲੀ ਖਤਰਾ ਚੀਨ ਦਾ ਟ੍ਰੇਡ ਸਰਪਲੱਸ
Sunday, Jan 18, 2026 - 01:10 PM (IST)
ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਚੀਨ ਦਾ ਟ੍ਰੇਡ ਸਰਪਲੱਸ (ਭਾਵ ਉਸ ਦੀ ਬਰਾਮਦ ਦਾ ਦਰਾਮਦ ਨਾਲੋਂ ਜ਼ਿਆਦਾ ਹੋਣਾ) 2025 ’ਚ 1.19 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ। ਇਹ ਅੰਕੜਾ ਦਰਸਾਉਂਦਾ ਹੈ ਕਿ ਚੀਨ ਕਿੰਨਾ ਵੱਡਾ ਬਰਾਮਦੀ ਪਾਵਰਹਾਊਸ ਹੈ ਪਰ ਇਹ ਇਸ ਦੀ ਆਰਥਿਕ ਕਮਜ਼ੋਰੀ ਨੂੰ ਵੀ ਦਰਸਾਉਂਦਾ ਹੈ ਅਤੇ ਇਹ ਵੀ ਦਰਸਾਉਂਦਾ ਹੈ ਕਿ ਇਸ ਦੀਆਂ ਨੀਤੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਨਾਲੋਂ ਵੀ ਮੁਕਤ ਵਪਾਰ ਲਈ ਵੱਡਾ ਖ਼ਤਰਾ ਹਨ।
ਟੈਰਿਫ ਨੇ ਬਿਨਾਂ ਸ਼ੱਕ ਮੁਕਤ ਵਪਾਰ ’ਤੇ ਹਥੌੜਾ ਚਲਾਇਆ। ਸੰਯੁਕਤ ਰਾਜ ਅਮਰੀਕਾ ਦੇ ਆਪਣੀ ਲੀਡਰਸ਼ਿਪ ਦੀ ਭੂਮਿਕਾ ਤੋਂ ਪਿੱਛੇ ਹਟਣ ਤੋਂ ਬਾਅਦ, ਚੀਨ ਨੇ ਸੰਸਾਰੀਕਰਨ ਨੂੰ ਉਤਸ਼ਾਹ ਦੇਣ ਵਾਲੇ ਅਤੇ ਬਹੁਪੱਖੀ ਿਨਯਮਾਂ ’ਤੇ ਆਧਾਰਿਤ ਪ੍ਰਣਾਲੀ ਦੇ ਰੱਖਿਅਕ ਬਣਨ ਦੀ ਕੋਸ਼ਿਸ਼ ਕੀਤੀ ਹੈ, ਜੋ ਵਿਸ਼ਵ ਵਪਾਰ ਦਾ ਆਧਾਰ ਹੈ।
ਚੀਨ ਦੇ ਆਰਥਿਕ ਮਾਡਲ ਨੇ ਯਕੀਨੀ ਤੌਰ ’ਤੇ ਵਿਕਾਸ ਦਿੱਤਾ ਹੈ ਪਰ ਅਸੰਤੁਲਿਤ ਤਰੀਕੇ ਨਾਲ। ਹਾਲ ਦੇ ਸਾਲਾਂ ’ਚ ਇਮਾਰਤਾਂ, ਮਸ਼ੀਨਰੀ ਅਤੇ ਉਪਕਰਣਾਂ ’ਚ ਨਿਵੇਸ਼ ਇਸ ਦਾ ਮੁੱਖ ਚਾਲਕ ਬਣ ਗਿਆ ਹੈ। ਇਹ ਿਨਵੇਸ਼ ਨਿਸ਼ਚਿਤ ਤੌਰ ’ਤੇ ਚੰਗਾ ਹੈ ਕਿਉਂਕਿ ਇਹ ਉਤਪਾਦਕ ਸਮਰੱਥਾ ਨੂੰ ਵਧਾਉਂਦਾ ਹੈ ਪਰ ਡਿੱਗਦੀਆਂ ਰਿਹਾਇਸ਼ੀ ਕੀਮਤਾਂ ਕਾਰਨ ਰੀਅਲ ਅਸਟੇਟ ਨਿਵੇਸ਼ ’ਚ ਗਿਰਾਵਟ ਦੇ ਨਾਲ ਇਸ ਨਿਵੇਸ਼ ਦਾ ਇਕ ਵੱਡਾ ਹਿੱਸਾ ਸਰਕਾਰੀ ਉੱਦਮਾਂ ਵਲੋਂ ਕੀਤਾ ਿਗਆ ਹੈ ਅਤੇ ਨਾ ਤਾਂ ਕੁਸ਼ਲ ਹੈ ਅਤੇ ਨਾ ਹੀ ਲਾਹੇਵੰਦ।
ਫਿਰ ਵੀ ਇਸ ਸਾਰੇ ਨਿਵੇਸ਼ ਦਾ ਮਤਲਬ ਹੈ ਬਹੁਤ ਸਾਰੇ ਸਾਮਾਨ ਦਾ ਉਤਪਾਦਨ। ਇਹ ਇਕ ਆਸ਼ੀਰਵਾਦ ਜਿਹਾ ਲੱਗਦਾ ਹੈ ਪਰ ਇਸ ਦੀ ਬਜਾਏ ਇਕ ਸਮੱਿਸਆ ਪੈਦਾ ਹੋ ਗਈ ਹੈ। ਘਰੇਲੂ ਖਪਤ ਵਧਦੇ ਉਤਪਾਦਨ ਦੇ ਨਾਲ ਤਾਲਮੇਲ ਨਹੀਂ ਬਿਠਾ ਸਕਦੀ ਹੈ, ਕਿਉਂਕਿ ਚੀਨੀ ਪਰਿਵਾਰ ਖੁੱਲ੍ਹ ਕੇ ਖਰਚ ਕਰਨ ਤੋਂ ਝਿਜਕ ਰਹੇ ਹਨ। ਅਨਿਸ਼ਚਿਤ ਰੋਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਆਪਣੀਅਾਂ ਰੀਅਲ ਅਸਟੇਟ ਦੀਆਂ ਡਿੱਗਦੀਆਂ ਕੀਮਤਾਂ ਦਾ ਸਾਹਮਣਾ ਕਰਦੇ ਹੋਏ ਉਹ ਆਪਣੀ ਕਮਾਈ ਦਾ ਇਕ ਵੱਡਾ ਹਿੱਸਾ ਬੱਚਤ ’ਚ ਜਮ੍ਹਾ ਕਰ ਰਹੇ ਹਨ ਅਤੇ ਸਰਕਾਰ ਦੇ ਆਰਥਿਕ ਪ੍ਰਬੰਧਨ ਕੌਸ਼ਲ ਬਾਰੇ ’ਚ ਚਿੰਤਾਵਾਂ ਨਾਲ ਘਰੇਲੂ ਵਿਕਾਸ ਨੂੰ ਝਟਕਾ ਲੱਗਾ ਹੈ, ਜਿਸ ਨਾਲ ਮੰਗ ਹੋਰ ਘੱਟ ਹੋ ਗਈ ਹੈ।
ਜਦੋਂ ਕੋਈ ਅਰਥਵਿਵਸਥਾ ਜਿੰਨਾ ਖਪਤ ਕਰਦੀ ਹੈ ਉਸ ਤੋਂ ਜ਼ਿਆਦਾ ਉਤਪਾਦਨ ਕਰਦੀ ਹੈ ਤਾਂ ਕੁਝ ਨਾ ਕੁਝ ਤਾਂ ਹੋਣਾ ਹੀ ਹੈ। ਇਕ ਸੰਭਾਵਨਾ ਇਹ ਹੈ ਕਿ ਕੀਮਤਾਂ ਡਿੱਗਣ, ਜਿਸ ਨਾਲ ਖਪਤਕਾਰਾਂ ਨੂੰ ਜ਼ਿਆਦਾ ਖਰੀਦਣ ਲਈ ਉਤਸ਼ਾਹ ਮਿਲਦਾ ਹੈ ਪਰ ਜਦੋਂ ਪਰਿਵਾਰਾਂ ਨੂੰ ਲਗਾਤਾਰ ਡਿੱਗਦੀਆਂ ਕੀਮਤਾਂ ਦੀ ਉਮੀਦ ਹੁੰਦੀ ਹੈ ਤਾਂ ਉਹ ਖਪਤ ਵਧਾਉਣ ਦੀ ਬਜਾਏ ਉਸ ਨੂੰ ਟਾਲ ਸਕਦੇ ਹਨ। ਚੀਨ ਅਜਿਹੇ ਅਪਸਫੀਤੀ ਦਬਾਵਾਂ ਦਾ ਸਾਹਮਣਾ ਕਰ ਰਿਹਾ ਹੈ।
ਬਚਿਆ ਹੋਇਆ ਇਕਮਾਤਰ ਬਦਲ ਵਾਧੂ ਸਾਮਾਨ ਨੂੰ ਵਿਦੇਸ਼ ਭੇਜਣਾ ਹੈ। ਚੀਨ ਠੀਕ ਇਹੀ ਕਰ ਰਿਹਾ ਹੈ, ਉਸ ਦੀ ਬਰਾਮਦ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਇਸ ਦਾ ਅਪਵਾਦ ਹੈ। ਸ਼੍ਰੀ ਟਰੰਪ ਦੇ ਚੀਨੀ ਸਾਮਾਨਾਂ ’ਤੇ ਉੱਚ ਟੈਰਿਫ ਦੇ ਕਾਰਨ ਅਮਰੀਕਾ ਨੂੰ ਬਰਾਮਦ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦਾ ਮਤਲਬ ਹੈ ਕਿ ਚੀਨ ਆਪਣੇ ਹੋਰ ਵਪਾਰਕ ਹਿੱਸੇਦਾਰਾਂ ਨੂੰ ਬਰਾਮਦ ਵਧਾ ਰਿਹਾ ਹੈ। ਉਨ੍ਹਾਂ ’ਤੇ ਆਪਣੇ ਵਾਧੂ ਉਤਪਾਦਨ ਨੂੰ ਖਪਾਉਣ ਅਤੇ ਆਪਣੇ ਵਾਧੇ ਨੂੰ ਪੱਟੜੀ ’ਤੇ ਰੱਖਣ ਲਈ ਹੋਰ ਵੀ ਜ਼ਿਆਦਾ ਨਿਰਭਰ ਹੋ ਰਿਹਾ ਹੈ। ਨਿਸ਼ਚਿਤ ਤੌਰ ’ਤੇ ਸਾਮਾਨ ਹਾਸਲ ਕਰਨ ਵਾਲੇ ਦੇਸ਼ਾਂ ਨੂੰ ਆਪਣੇ ਇੱਥੇ ਸਸਤੇ ਚੀਨੀ ਸਾਮਾਨ ਆਉਣ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸੱਚਾਈ ਇਹ ਹੈ ਕਿ ਅਮਰੀਕੀ ਅਰਥਵਿਵਸਥਾ ਦੇ ਉਲਟ ਜੋ ਕਾਫੀ ਮਜ਼ਬੂਤ ਕੁੱਲ ਘਰੇਲੂ ਉਤਪਾਦ ਅਤੇ ਰੋਜ਼ਗਾਰ ਵਾਧੇ ਦੇ ਨਾਲ ਅੱਗੇ ਵਧ ਰਹੀ ਹੈ, ਜ਼ਿਆਦਾਤਰ ਦੂਜੀਆਂ ਅਮੀਰ ਅਰਥਵਿਵਸਥਾਵਾਂ (ਜਿਵੇਂ ਕਿ ਯੂਰਪੀ ਸੰਘ, ਜਾਪਾਨ ਅਤੇ ਬ੍ਰਿਟੇਨ ਦੀ) ਬਹੁਤ ਬੁਰੀ ਹਾਲਤ ’ਚ ਹਨ। ਚੀਨੀ ਬਰਾਮਦ ਉਨ੍ਹਾਂ ਦੇ ਮੈਨੂਫੈਕਚਰਰਜ਼ ਨੂੰ ਡੁਬੋ ਰਹੀ ਹੈ, ਜੋ ਮੁਕਾਬਲਾ ਨਹੀਂ ਕਰ ਪਾ ਰਹੇ ਹਨ। ਇੱਥੋਂ ਤੱਕ ਕਿ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਵੀ ਚੀਨੀ ਬਰਾਮਦਕਾਰਾਂ ਦਾ ਸਾਹਮਣਾ ਕਰਨ ’ਚ ਮੁਸ਼ਕਲ ਹੋ ਰਹੀ ਹੈ, ਜਿਸ ਨਾਲ ਉਨ੍ਹਾਂ ਦੀਆਂ ਕੁਝ ਕੰਪਨੀਆਂ ਬੰਦ ਹੋ ਰਹੀਆਂ ਹਨ।
ਇਹ ਸਥਿਤੀ ਟਿਕਾਊ ਨਹੀਂ ਹੈ ਅਤੇ ਸਾਮਾਨ ਹਾਸਲ ਕਰਨ ਵਾਲੇ ਦੇਸ਼ ਪਲਟਵਾਰ ਕਰ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋ ਨੇ ਹਾਲ ਹੀ ’ਚ ਬੀਜਿੰਗ ’ਚ ਆਪਣੇ ਮੇਜ਼ਬਾਨਾਂ ਨਾਲ ਵਪਾਰ ਦਾ ਮੁੱਦਾ ਉਠਾਇਆ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸਲਾ ਵਾਨ ਡੇਲ ਲੇਏਨ ਨੇ ਚਿਤਾਵਨੀ ਦਿੱਤੀ ਕਿ ਯੂਰਪ ਦੇ ਚੀਨੀ ਸਾਮਾਨਾਂ ਲਈ ਡਪਿੰਗ ਗਰਾਊਂਡ ਬਣਨ ਦਾ ਖਤਰਾ ਹੈ, ਮੈਕਸੀਕੋ ਨੇ ਚੀਨ ਤੋਂ ਦਰਾਮਦ ’ਤੇ ਟੈਰਿਫ ਵਧਾ ਦਿੱਤਾ ਹੈ ਅਤੇ ਦੂਜੇ ਦੇਸ਼ ਵੀ ਅਜਿਹਾ ਕਰ ਸਕਦੇ ਹਨ।
ਬੀਜਿੰਗ ਨੇ ਵਪਾਰ ਨੂੰ ਆਜ਼ਾਦ ਅਤੇ ਖੁੱਲ੍ਹਾ ਰੱਖਣ ਦੀ ਅਪੀਲ ਕਰ ਕੇ ਜਵਾਬ ਦਿੱਤਾ ਹੈ, ਪਰ ਚੀਨ ਵਿਸ਼ਵ ਵਪਾਰ ਪ੍ਰਣਾਲੀ ਦਾ ਕੱਟੜ ਸਮਰਥਨ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਜਦੋਂ ਉਹ ਉਨ੍ਹਾਂ ਨਿਯਮਾਂ ਦੀ ਵਰਤੋਂ ਆਪਣੇ ਫਾਇਦੇ ਲਈ ਅਤੇ ਬਾਕੀ ਸਭ ਦੇ ਨੁਕਸਾਨ ਲਈ ਕਰ ਰਿਹਾ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਆਪਣੇ ਵਾਧੇ ਨੂੰ ਬਣਾਈ ਰੱਖਣ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣਾ, ਨਿਯਮਾਂ ’ਤੇ ਆਧਾਰਿਤ ਪ੍ਰਣਾਲੀ ਦੇ ਟੁੱਟਣ ਨੂੰ ਹੀ ਤੇਜ਼ ਕਰੇਗਾ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਦਾ ਵਪਾਰ ਖਤਮ ਹੋ ਜਾਵੇਗਾ। ਵਪਾਰ ਅਤੇ ਕਰਾਸ ਬਾਰਡਰ ਸਪਲਾਈ ਚੇਨ ਨਾਲ ਹੋਣ ਵਾਲੇ ਫਾਇਦੇ ਇੰਨੇ ਜ਼ਿਆਦਾ ਹਨ ਕਿ ਉਹ ਵਧਦੇ ਰਹਿਣਗੇ ਪਰ ਵਪਾਰ ਇਸ ਤਰ੍ਹਾਂ ਵੰਡਿਆ ਜਾ ਰਿਹਾ ਹੈ ਕਿ ਫਾਇਦੇ ਘੱਟ ਹੋ ਰਹੇ ਹਨ, ਖਾਸ ਕਰ ਕੇ ਜੇਕਰ ਦੇਸ਼ ਆਪਣੇ ਜਿਓ ਪਾਲੀਟੀਕਲ ਸਹਿਯੋਗੀਆਂ ਦੇ ਨਾਲ ਵਪਾਰ ’ਤੇ ਜ਼ੋਰ ਦੇਣਾ ਸ਼ੁਰੂ ਕਰ ਦੇਣ ਅਤੇ ਵਿਰੋਧੀਆਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰਨ। ਇਸ ਵੰਡ ਨਾਲ ਗਰੀਬ ਅਰਥਵਿਵਸਥਾਵਾਂ ਨੂੰ ਨੁਕਸਾਨ ਹੋਵੇਗਾ ਜੋ ਹੁਣੇ-ਹੁਣੇ ਗਲੋਬਲ ਟ੍ਰੇਡ ’ਚ ਸ਼ਾਮਲ ਹੋ ਰਹੀਆਂ ਹਨ।
ਚੀਨ ਕੀ ਕਰ ਸਕਦਾ ਹੈ, ਆਪਣੀ ਗ੍ਰੋਥ ’ਚ ਅਸੰਤੁਲਨ ਨੂੰ ਠੀਕ ਕਰਨ ਬਾਰੇ ਗੰਭੀਰ ਹੋ ਸਕਦਾ ਹੈ ਅਤੇ ਅਜਿਹੇ ਬਦਲਾਅ ਕਰ ਸਕਦਾ ਹੈ, ਜਿਵੇਂ ਕਿ ਆਪਣੇ ਸੋਸ਼ਲ ਸੇਫਟੀ ਨੈੱਟ ਨੂੰ ਮਜ਼ਬੂਤ ਕਰਨਾ, ਜਿਸ ਨਾਲ ਉਸ ਦੇ ਨਾਗਰਿਕਾਂ ਨੂੰ ਖਰਚ ਕਰਨ ਲਈ ਉਤਸ਼ਾਹ ਮਿਲੇਗਾ। ਸਰਕਾਰ ਨੇ ਮੰਨਿਆ ਹੈ ਕਿ ਇਹ ਇਕ ਪਹਿਲ ਹੈ ਪਰ ਕਾਰਵਾਈ ਕਰਨ ’ਚ ਕੋਈ ਜਲਦਬਾਜ਼ੀ ਨਹੀਂ ਦਿਸ ਰਹੀ ਹੈ ਕਿਉਂਕਿ ਗ੍ਰੋਥ ਆਪਣੇ 5 ਫੀਸਦੀ ਦੇ ਟੀਚੇ ਦੇ ਆਸ-ਪਾਸ ਬਣੀ ਹੋਈ ਹੈ। ਹੁਣ ਜਦੋਂ ਗ੍ਰੋਥ ਦੇ ਕਮਜ਼ੋਰ ਹੋਣ ਦਾ ਖਤਰਾ ਹੈ ਤਾਂ ਸਰਕਾਰ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ ਕ੍ਰੈਡਿਟ ਫਾਈਨੈਂਸਡ, ਇਨਵੈਸਟਮੈਂਟ ਦੇ ਆਪਣੇ ਪੁਰਾਣੇ ਤਰੀਕੇ ਦਾ ਸਹਾਰਾ ਲੈ ਸਕਦੀ ਹੈ, ਜਿਸ ਨਾਲ ਸਮੱਸਿਆ ਹੋਰ ਵਧ ਜਾਵੇਗੀ।
ਚੀਨ ਦਾ ਸੈਂਟਰਲ ਬੈਂਕ ਚੀਨੀ ਮੁਦਰਾ ਨੂੰ ਮਜ਼ਬੂਤ ਹੋਣ ਦੇ ਸਕਦਾ ਹੈ, ਜਿਸ ਦਾ ਉਹ ਹਾਲ ਹੀ ’ਚ ਵਿਰੋਧ ਕਰ ਰਿਹਾ ਹੈ, ਇਕ ਮਜ਼ਬੂਤ ਮੁਦਰਾ ਨਾਲ ਚੀਨੀ ਬਰਾਮਦ ਮਹਿੰਗੀ ਹੋ ਜਾਵੇਗੀ ਅਤੇ ਦਰਾਮਦ ਸਸਤੀ ਹੋ ਜਾਵੇਗੀ ਅਤੇ ਇਸ ਤਰ੍ਹਾਂ ਵਪਾਰ ਸਰਪਲੱਸ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਜੇਕਰ ਇਸ ਦੀ ਕੀਮਤ ਸੈਂਟਰਲ ਬੈਂਕ ਦੀ ਬਜਾਏ ਬਾਜ਼ਾਰ ਵਲੋਂ ਤੈਅ ਕੀਤੀ ਜਾਂਦੀ ਹੈ, ਤਾਂ ਇਸ ਦੀ ਮੁਦਰਾ ਨੂੰ ਗਲੋਬਲ ਫਾਈਨੈਂਸ ’ਚ ਪ੍ਰਮੁੱਖਤਾ ਮਿਲੇਗੀ, ਜਿਸ ਦੀ ਬੀਜਿੰਗ ਲੰਬੇ ਸਮੇਂ ਤੋਂ ਇੱਛਾ ਰੱਖਦਾ ਹੈ।
ਲੰਬੇ ਸਮੇਂ ਲਈ ਸਭ ਤੋਂ ਚੰਗਾ ਕੰਮ ਕਰਨ ਨਾਲ ਚੀਨ ਦੁਨੀਆ ਦੀ ਅਰਥਵਿਵਸਥਾ ਦੀ ਮਦਦ ਕਰ ਸਕੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਚੀਨ ਨਾ ਸਿਰਫ ਗਲੋਬਲ ਗ੍ਰੋਥ ਨੂੰ ਨੁਕਸਾਨ ਪਹੁੰਚਾਏਗਾ ਸਗੋਂ ਉੱਭਰਦੀ ਹੋਈ ਨਵੀਂ ਵਿਸ਼ਵ ਵਿਵਸਥਾ ’ਚ ਲੀਡਰਸ਼ਿਪ ਦੀ ਭੂਮਿਕਾ ਦੇ ਕਿਸੇ ਵੀ ਦਾਅਵੇ ਨੂੰ ਛੱਡ ਦੇਵੇਗਾ।
ਈਸ਼ਵਰ ਪ੍ਰਸਾਦ
