ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਪੰਜ ਵੱਡੀਆਂ ਭੁੱਲਾਂ

12/17/2023 6:23:57 PM

ਭਾਰਤ ਸਾਡੀ ਮਾਤਭੂਮੀ ਹੈ, ਦੇਵ ਭੂਮੀ ਹੈ ਤੇ ਪੁੰਨ ਭੂਮੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਭਾਰਤ ਦੀ ਵੰਡ 15 ਅਗਸਤ, 1947 ਨੂੰ ਹੋਈ ਸੀ। ਪੰਡਿਤ ਜਵਾਹਰ ਲਾਲ ਨਹਿਰੂ ਚਾਹੁੰਦੇ ਤਾਂ ਇਹ ਵੰਡ ਰੋਕ ਸਕਦੇ ਸੀ। ਜਦ ਦੇਸ਼ ਦੇ ਮਹਾਨ ਧਾਰਮਿਕ, ਸਮਾਜਿਕ ਅਤੇ ਕ੍ਰਾਂਤੀਕਾਰੀ ਆਗੂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ, ਉਸੇ ਸਮੇਂ ਮੁਹੰਮਦ ਅਲੀ ਜਿੱਨਾਹ ਅਤੇ ਲਾਰਡ ਮਾਊਂਟਬੈਟਨ ਅਤੇ ਕੁਝ ਮੁਸਲਮਾਨ ਆਗੂ ਵੰਡ ਦਾ ਵਿਚਾਰ ਕਰ ਰਹੇ ਸਨ। ਇਧਰ ਮਹਾਤਮਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਭਾਰਤ ਦੀ ਵੰਡ ਮੇਰੀ ਲਾਸ਼ ’ਤੇ ਹੋਵੇਗੀ।

1. ਪਹਿਲੀ ਵੱਡੀ ਭੁੱਲ

ਪੰਡਿਤ ਨਹਿਰੂ ਦੇਸ਼ ਦੀ ਵੰਡ ਲਈ ਬੜੇ ਉਤਾਵਲੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਹੁਣ ਅਸੀਂ ਬੁੱਢੇ ਹੋ ਚੁੱਕੇ ਹਾਂ। ਜੇਲ ਜਾਣ ਦੀ ਹਿੰਮਤ ਵੀ ਨਹੀਂ ਰਹੀ ਹੈ। ਪੰਡਿਤ ਨਹਿਰੂ ਜੀ ਦੇ ਵਿਚਾਰਾਂ ਦੇ ਸਾਹਮਣੇ ਗਾਂਧੀ ਜੀ ਨੂੰ ਝੁਕਣਾ ਪਿਆ ਅਤੇ ਦੇਸ਼ ਦੀ ਵੰਡ ਹੋ ਗਈ। ਇਹ ਪੰਡਿਤ ਨਹਿਰੂ ਜੀ ਦੀ ਪਹਿਲੀ ਭਿਅੰਕਰ ਭੁੱਲ ਸੀ। ਮੁਹੰਮਦ ਅਲੀ ਜਿੱਨਾਹ ਅਤੇ ਮੁਸਲਮਾਨ ਆਗੂਆਂ ਦੇ ਇਸ਼ਾਰੇ ’ਤੇ ਹਿੰਦੂਆਂ ਅਤੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਮਾਤਾਵਾਂ ਅਤੇ ਭੈਣਾਂ ਨਾਲ ਸਮੂਹਿਕ ਜਬਰ-ਜ਼ਨਾਹ, ਲੁੱਟ-ਖੋਹ, ਸਾੜ-ਫੂਕ ਅਤੇ ਕਤਲੇਆਮ ਸਿਖਰਲੀ ਹੱਦ ਤੱਕ ਪਹੁੰਚ ਗਿਆ। ਲਗਭਗ 30 ਲੱਖ ਹਿੰਦੂ-ਸਿੱਖ ਮਾਰੇ ਗਏ ਸਨ। ਇਸ ਵੰਡ ਦਾ ਵਿਰੋਧ ਆਰੀਆ ਸਮਾਜ ਹਿੰਦੂ ਮਹਾਸਭਾ, ਸਨਾਤਨ ਧਰਮ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਨੇ ਕੀਤਾ ਪਰ ਪੰਡਿਤ ਨਹਿਰੂ ਜੀ ਆਪਣੀ ਜ਼ਿੱਦ ’ਤੇ ਅਟੱਲ ਰਹੇ। ਇਹ ਪੰਡਿਤ ਨਹਿਰੂ ਜੀ ਦੀ ਪਹਿਲੀ ਵੱਡੀ ਭੁੱਲ ਸੀ।

2. ਦੂਜੀ ਵੱਡੀ ਭੁੱਲ

ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ ਸੀ ਅਤੇ ਪਾਕਿ ਨੇ 22 ਅਕਤੂਬਰ, 1947 ਨੂੰ ਭਾਰਤ ’ਤੇ ਹਮਲਾ ਕਰ ਕੇ ਸਾਡੀ 83000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲਿਆ। ਉਸ ’ਚ ਲਗਭਗ 50 ਹਜ਼ਾਰ ਹਿੰਦੂ-ਸਿੱਖ ਮਾਰੇ ਗਏ ਸਨ। ਭਾਰਤ ਦੀ ਫੌਜ ਜਦੋਂ ਅੱਗੇ ਵਧ ਰਹੀ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਇਕ ਭਿਅੰਕਰ ਭੁੱਲ ਕੀਤੀ ਅਤੇ ਇਕਤਰਫਾ ਜੰਗ ਰੋਕਣ ਦਾ ਐਲਾਨ ਕਰ ਕੇ ਫੌਜ ਦੇ ਵਧਦੇ ਕਦਮਾਂ ਨੂੰ ਰੋਕ ਦਿੱਤਾ ਅਤੇ ਕਸ਼ਮੀਰ ਸਮੱਸਿਆ ਨੂੰ ਯੂ. ਐੱਨ. ਓ. ’ਚ ਲੈ ਗਏ। ਜੋ ਭੂ-ਭਾਗ ਪਾਕਿਸਤਾਨ ਦੇ ਕਬਜ਼ੇ ’ਚ ਹੈ, ਉਸ ਨੂੰ ਪਾਕਿ ਅਧਿਕਾਰਤ ਕਸ਼ਮੀਰ (ਪੀ. ਓ. ਕੇ.) ਕਹਿੰਦੇ ਹਨ ਜੋ ਹੁਣ ਤੱਕ ਪਾਕਿਸਤਾਨ ਦੇ ਕਬਜ਼ੇ ’ਚ ਹੈ, ਜਿੱਥੇ ਅੱਤਵਾਦੀ ਸ਼ਰੇਆਮ ਸਿਖਲਾਈ ਕੈਂਪ ਚਲਾ ਰਹੇ ਹਨ।

3. ਤੀਜੀ ਭੁੱਲ ਧਾਰਾ 370 ਕਸ਼ਮੀਰ ’ਚ ਲਾਗੂ ਕਰਨਾ

ਜਦੋਂ ਕਸ਼ਮੀਰ ਦਾ ਮੁਕੰਮਲ ਰਲੇਵਾਂ ਹੋ ਗਿਆ ਤਦ ਪੰਡਿਤ ਨੇ ਕਸ਼ਮੀਰ ਨੂੰ ਸ਼ੇਖ ਅਬਦੁੱਲਾ ਨੂੰ ਸੌਂਪ ਕੇ ਅਤੇ ਉਨ੍ਹਾਂ ਦੇ ਕਹਿਣ ’ਤੇ ਧਾਰਾ 370 ਸੰਵਿਧਾਨ ’ਚ ਜੋੜ ਕੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇ ਦਿੱਤਾ ਸੀ। ਇਸ ਧਾਰਾ ਅਨੁਸਾਰ ਕਸ਼ਮੀਰ ਨੂੰ ਆਪਣਾ ਵੱਖਰਾ ਸੰਵਿਧਾਨ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਭਾਰਤ ਸਰਕਾਰ ਦਾ ਕੋਈ ਕਾਨੂੰਨ ਉੱਥੇ ਲਾਗੂ ਨਹੀਂ ਹੋ ਸਕਦਾ ਸੀ। ਭਾਰਤ ਦਾ ਨਾਗਰਿਕ ਕਸ਼ਮੀਰ ਦਾ ਨਾਗਰਿਕ ਨਹੀਂ ਹੋ ਸਕਦਾ ਸੀ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਕ ਪਾਸੇ ਤੋਂ ਦੋਹਰੀ ਨਾਗਰਿਕਤਾ ਹਾਸਲ ਸੀ। ਇਹ ਲਿਖਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਅਗਵਾਈ ’ਚ ਇਹ ਧਾਰਾ ਹਟਾਈ ਗਈ ਹੈ ਅਤੇ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।

4. ਚੌਥੀ ਭੁੱਲ ਨੇਪਾਲ ਦਾ ਭਾਰਤ ’ਚ ਰਲੇਵਾਂ ਨਾ ਕਰਨਾ

ਨੇਪਾਲ ਪਹਿਲਾਂ ਹਿੰਦੂ ਰਾਸ਼ਟਰ ਸੀ। ਬਾਅਦ ’ਚ ਕਮਿਊਨਿਸਟ ਰਾਸ਼ਟਰ ਬਣਿਆ। ਸੰਨ 1952 ’ਚ ਨੇਪਾਲ ਦੇ ਰਾਜਾ ਵਿਕ੍ਰਮਸ਼ਾਹ ਸਨ। ਨੇਪਾਲ ਦੇ ਰਾਜਾ ਨੇ ਪੰਡਿਤ ਨਹਿਰੂ ਜੀ ਨੂੰ ਨੇਪਾਲ ਦੇ ਭਾਰਤ ’ਚ ਰਲੇਵੇਂ ਦੀ ਗੱਲ ਕਹੀ ਸੀ। ਉਸ ਸਮੇਂ ਪੰਡਿਤ ਨਹਿਰੂ ਨੇ ਰਲੇਵੇਂ ਲਈ ਨਾਂਹ ਕਰ ਦਿੱਤੀ।

5. ਪੰਜਵੀਂ ਵੱਡੀ ਭੁੱਲ

ਜਦੋਂ ਪੰਚਸ਼ੀਲ ਸਮਝੌਤਾ (1959) ਹੋਇਆ ਤਾਂ ਪੰਡਿਤ ਜੀ ਨੇ ਤਿੱਬਤ ਨੂੰ ਚੀਨ ਦਾ ਹਿੱਸਾ ਕਰਾਰ ਦੇ ਦਿੱਤਾ ਸੀ। ਪੰਡਿਤ ਨਹਿਰੂ ਜੀ ਦੀਆਂ ਮਹਾਨ ਗਲਤੀਆਂ ’ਚੋਂ ਇਹ ਇਕ ਹੈ। ਸੰਨ 1962 ’ਚ ਜਦੋਂ ਚੀਨ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਚੀਨੀ ਫੌਜ ਇਸੇ ਰਸਤਿਓਂ ਹਮਲਾ ਕਰਨ ਲਈ ਆਈ ਸੀ ਅਤੇ ਅਸੀਂ ਹਿੰਦੀ-ਚੀਨੀ ਭਾਈ-ਭਾਈ ਦੇ ਨਾਅਰੇ ਲਾ ਰਹੇ ਸਾਂ।

ਅਸੀਂ ਜਾਣਦੇ ਹਾਂ ਕਿ ਚੀਨ ਨਾਲ ਜੰਗ (1962) ’ਚ ਭਾਰਤ ਹਾਰ ਗਿਆ ਸੀ। ਇਸ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਲੈਫਟੀਨੈਂਟ ਜਨਰਲ ਹੈਂਡਰਸਨ ਅਤੇ ਕਮਾਂਡਰ ਬ੍ਰਿਗੇਡੀਅਰ ਭਾਰਤ ਸਰਕਾਰ ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ’ਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਅੱਜ ਵੀ ਚੀਨ ਨੇ ਭਾਰਤ ਦੀ 14000 ਸਕੁਏਅਰ ਕਿਲੋਮੀਟਰ ਜ਼ਮੀਨ ’ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਚੀਨ ਤੋਂ ਛੁਡਵਾਉਣਾ ਹੈ। ਮੈਂ ਸਮਝਦਾ ਹਾਂ ਕਿ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਹਨ ਤਾਂ ਸਭ ਮੁਮਕਿਨ ਹੈ।

ਡਾ. ਬਲਦੇਵ ਰਾਜ ਚਾਵਲਾ


Rakesh

Content Editor

Related News