ਕੋਰੋਨਾ ਨਾਲ ਲੜੋ ਜੰਗੀ ਪੱਧਰ ’ਤੇ

05/02/2021 2:11:29 AM

ਡਾ. ਵੇਦਪ੍ਰਤਾਪ ਵੈਦਿਕ 
ਵਿਦੇਸ਼ਾਂ ਤੋਂ ਮਿਲ ਰਹੀ ਜ਼ਬਰਦਸਤ ਮਦਦ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦਾ ਜੋ ਹਾਲ ਭਾਰਤ ’ਚ ਹੋ ਰਿਹਾ ਹੈ, ਉਸ ਨੇ ਸਾਰੇ ਦੇਸ਼ ਨੂੰ ਅਜਿਹਾ ਹਿਲਾ ਕੇ ਰੱਖ ਦਿੱਤਾ ਹੈ, ਜਿੱਦਾਂ ਕਿ ਕਿਸੇ ਜੰਗ ਨੇ ਵੀ ਨਹੀਂ ਹਿਲਾਇਆ ਸੀ। ਲੋਕ ਇਹ ਸਮਝ ਨਹੀਂ ਪਾ ਰਹੇ ਕਿ ਹਜ਼ਾਰਾਂ ਆਕਸੀਜਨ-ਯੰਤਰ ਅਤੇ ਹਜ਼ਾਰਾਂ ਟਨ ਆਕਸੀਜਨ ਜਹਾਜ਼ਾਂ ਰਾਹੀਂ ਭਾਰਤ ਪਹੁੰਚਣ ਦੇ ਬਾਅਦ ਵੀ ਕਈ ਹਸਪਤਾਲਾਂ ’ਚ ਮਰੀਜ਼ ਕਿਉਂ ਮਰ ਰਹੇ ਹਨ?

ਉਨ੍ਹਾਂ ਨੂੰ ਆਕਸੀਜਨ ਕਿਉਂ ਨਹੀਂ ਮਿਲ ਰਹੀ? ਜੋ ਲਾਪ੍ਰਵਾਹੀ ਅਸੀਂ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਦੇਖੀ ਅਤੇ ਕੁੰਭ ਦੇ ਮੇਲੇ ਨੇ ਜਿਵੇਂ ਕੋਰੋਨਾ ਨੂੰ ਪਿੰਡ-ਪਿੰਡ ਤੱਕ ਪਹੁੰਚਾ ਦਿੱਤਾ, ਉਸ ਨੂੰ ਅਸੀਂ ਅਜੇ ਭੁੱਲ ਵੀ ਜਾਈਏ ਤਾਂ ਘੱਟ ਤੋਂ ਘੱਟ ਇੰਨਾ ਪ੍ਰਬੰਧ ਤਾਂ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਕਿ ਕਰੋੜਾਂ ਲੋਕਾਂ ਨੂੰ ਟੀਕਾ ਲੱਗ ਜਾਂਦਾ ਪਰ ਅਜੇ ਤੱਕ ਮੁਸ਼ਕਲ ਨਾਲ 3 ਕਰੋੜ ਲੋਕਾਂ ਨੂੰ ਪੂਰੇ 2 ਟੀਕੇ ਲੱਗੇ ਹਨ।

ਉਨ੍ਹਾਂ ਨੂੰ ਵੀ 20-25 ਦਿਨ ਬਾਅਦ ਪੂਰਨ ਸੁਰੱਖਿਅਤ ਮੰਨਿਆ ਜਾਵੇਗਾ। ਜੇਕਰ ਡਾਕਟਰਾਂ ਅਤੇ ਨਰਸਾਂ ਦੀ ਕਮੀ ਹੈ ਤਾਂ ਦੇਸ਼ ਦੀ ਫੌਜ ਅਤੇ ਪੁਲਸ ਕਦੋਂ ਕੰਮ ਆਵੇਗੀ? ਜੇਕਰ ਸਾਡੇ 20 ਲੱਖ ਫੌਜੀ ਅਤੇ ਪੁਲਸ ਦੇ ਜਵਾਨ ਲਗਾ ਦਿੱਤੇ ਜਾਣ ਤਾਂ ਉਹ ਕੋਰੋਨਾ ਮਰੀਜ਼ਾਂ ਨੂੰ ਕਿਉਂ ਨਹੀਂ ਸੰਭਾਲ ਸਕਦੇ? ਫੌਜ ਦੇ ਕੋਲ ਤਾਂ ਆਪਣੇ ਹਸਪਤਾਲਾਂ ਅਤੇ ਡਾਕਟਰਾਂ ਦੀ ਭਰਮਾਰ ਹੈ।

ਆਕਸੀਜਨ ਸਿਲੰਡਰਾਂ ਨੂੰ ਢੋਣ ਲਈ ਉਨ੍ਹਾਂ ਦੇ ਕੋਲ ਕੀ ਜਹਾਜ਼ਾਂ ਅਤੇ ਵਾਹਨਾਂ ਦੀ ਕਮੀ ਹੈ? ਫੌਜ ਦਾ ਇੰਜੀਨੀਅਰਿੰਗ ਵਿਭਾਗ ਇੰਨਾ ਸਮਰੱਥ ਹੈ ਕਿ ਉਹ ਚੁਟਕੀਆਂ ’ਚ ਸੈਂਕੜੇ ਹਸਪਤਾਲ ਖੜ੍ਹੇ ਕਰ ਸਕਦਾ ਹੈ। ਦਿੱਲੀ ’ਚ 5 ਹਜ਼ਾਰ ਬਿਸਤਰਿਆਂ ਦੇ ਤਤਕਾਲਿਕ ਹਸਪਤਾਲ ਦਾ ਕਿੰਨਾ ਪ੍ਰਚਾਰ ਕੀਤਾ ਗਿਆ ਪਰ ਪੁੱਟਿਆ ਪਹਾੜ ਤੇ ਨਿਕਲੀ ਚੂਹੀ। ਅਜੇ ਤੱਕ ਉੱਥੇ ਮੁਸ਼ਕਲ ਨਾਲ ਦੋ-ਢਾਈ ਸੌ ਲੋਕਾਂ ਦਾ ਹੀ ਪ੍ਰਬੰਧ ਹੋ ਸਕਿਆ ਹੈ।

ਲੋਕ ਹਸਪਤਾਲ ਦੇ ਬਾਹਰ ਕਾਰਾਂ , ਫੁੱਟਪਾਥਾਂ ਅਤੇ ਵਰਾਂਡਿਆਂ ’ਚ ਪਏ ਦਮ ਤੋੜ ਰਹੇ ਹਨ। ਹਸਪਤਾਲਾਂ ਦੇ ਬਾਹਰ ਬੋਰਡਾਂ ’ਤੇ ਲਿਖਿਆ ਹੋਇਆ ਹੈ ਕਿ ਸਾਰੇ ਬਾਲਗਾਂ ਨੂੰ ਟੀਕੇ ਨਹੀਂ ਲੱਗ ਸਕਣਗੇ ਕਿਉਂਕਿ ਹੈ ਹੀ ਨਹੀਂ। ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਸਰਕਾਰਾਂ ਦੇ ਕੰਨ ਖੁੱਲ੍ਹ ਕੇ ਖਿੱਚ ਰਹੀਆਂ ਹਨ ਪਰ ਉਨ੍ਹਾਂ ਦਾ ਕੋਈ ਠੋਸ ਅਸਰ ਹੰਦਾ ਦਿਖਾਈ ਨਹੀਂ ਦਿੰਦਾ।

ਕੇਂਦਰ ਸਰਕਾਰ ਨੇ ਅਜੇ ਤੱਕ ਮਾਹਿਰਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਕੋਈ ਕਮੇਟੀ ਵੀ ਨਹੀਂ ਬਣਾਈ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕੇ ਅਤੇ ਸੰਕਟ ’ਚ ਫਸੇ ਲੋਕਾਂ ਨੂੰ ਰਾਹਤ ਪਹੁੰਚਾ ਸਕੇ।

ਇਕੱਲਾ ਸਿਹਤ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਦਫਤਰ ਇਸ ਸਾਰੇ ਸੰਕਟ ਨੂੰ ਕਿੰਝ ਝੱਲ ਸਕਦਾ ਹੈ? ਇਹ ਜੰਗ ਤੋਂ ਵੀ ਵੱਡਾ ਸੰਕਟ ਹੈ। ਇਹ ਵਿਸ਼ਾਲ ਐਮਰਜੈਂਸੀ ਦਾ ਸਮਾਂ ਹੈ। ਦੇਸ਼ ਦੇ ਵਿਰੋਧੀ ਨੇਤਾ ਆਪਣੀ ਆਦਤ ਅਨੁਸਾਰ ਬਿਆਨਬਾਜ਼ੀ ਬੰਦ ਕਰਨ ਅਤੇ ਸਰਕਾਰ ਉਨ੍ਹਾਂ ਤੋਂ ਵੀ ਲਗਾਤਾਰ ਸਲਾਹ ਅਤੇ ਸਹਿਯੋਗ ਲਵੇ, ਇਹ ਜ਼ਰੂਰੀ ਹੈ।

ਅਸੀਂ ਜਦ ਆਪਣੇ ਵਿਰੋਧੀ ਚੀਨ ਤੋਂ ਹਜ਼ਾਰਾਂ ਵੈਂਟੀਲੇਟਰ ਅਤੇ ਆਕਸੀਜਨ ਜਨਰੇਟਰ ਲੈ ਰਹੇ ਹਾਂ ਤਾਂ ਮੇਰੀ ਸਮਝ ’ਚ ਨਹੀਂ ਆਉਂਦਾ ਕਿ ਸਾਡੇ ਨੇਤਾ ਆਪਸ ’ਚ ਤਕਰਾਰ ਕਿਉਂ ਕਰ ਰਹੇ ਹਨ? ਜੋ ਗੈਰ-ਸਰਕਾਰੀ ਸਵੈਮਸੇਵੀ ਸੰਗਠਨ ਹਨ, ਜਿਵੇਂ ਕਿ ਰਾਸ਼ਟਰੀ ਸਵੈਮਸੇਵਕ ਸੰਘ, ਆਰੀਆ ਸਮਾਜ, ਰਾਮ ਕ੍ਰਿਸ਼ਨ ਮਿਸ਼ਨ, ਸਾਧੂਆਂ ਦੇ ਅਖਾੜੇ ਅਤੇ ਸਾਰੇ ਗੁਰਦੁਆਰਿਆਂ, ਗਿਰਜਿਆਂ ਅਤੇ ਮਸਜਿਦਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਵੀ ਸਰਗਰਮ ਕੀਤਾ ਜਾਵੇ ਤਾਂ ਕਿ ਅਗਲੇ ਇਕ ਹਫਤੇ ’ਚ ਇਸ ਮਹਾਮਾਰੀ ’ਤੇ ਕਾਬੂ ਪਾ ਲਿਆ ਜਾਵੇਗਾ। ਦੇਸ਼ ਦੇ ਹਰ ਨਾਗਰਿਕ ਨੂੰ ਮੁਫਤ ਟੀਕਾ ਲੱਗੇ ਅਤੇ ਹਰ ਮਰੀਜ਼ ਦਾ ਇਲਾਜ ਹੋਵੇ, ਇਹ ਬਹੁਤ ਜ਼ਰੂਰੀ ਹੈ।


Bharat Thapa

Content Editor

Related News