ਦੇਸ਼ ’ਚ ‘ਫਰਜ਼ੀ’ ਦਾ ਬੋਲਬਾਲਾ, ਫੜੇ ਜਾ ਰਹੇ ਵੱਖ-ਵੱਖ ਵਿਭਾਗਾਂ ਦੇ ਨਕਲੀ ਅਧਿਕਾਰੀ
Thursday, Mar 14, 2024 - 03:09 AM (IST)

ਦੇਸ਼ ’ਚ ਨਕਲੀ ਖਾਧ ਪਦਾਰਥਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬਿਮਾਰੀ ਖੁਦ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦੱਸ ਕੇ ਜਨਤਾ ਨੂੰ ਠੱਗਣ ਵਾਲੇ ਜਾਅਲਸਾਜ਼ਾਂ ਤੱਕ ਪਹੁੰਚ ਗਈ ਹੈ। ਇਸ ਦੀਆਂ ਇਸੇ ਸਾਲ (2024) ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 25 ਜਨਵਰੀ ਨੂੰ ਉਦੈਪੁਰ (ਰਾਜਸਥਾਨ) ਦੇ ਸਰਕਟ ਹਾਊਸ ’ਚ ਨਕਲੀ ਸੀ.ਬੀ.ਆਈ. ਅਧਿਕਾਰੀ ਬਣ ਕੇ ਠਹਿਰੇ ਸੁਨੀਲ ਕੁਮਾਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਕੋਲੋਂ ਇਕ ਇੰਸਪੈਕਟਰ ਦਾ ਫਰਜ਼ੀ ਕਾਰਡ ਵੀ ਬਰਾਮਦ ਹੋਇਆ।
* 25 ਫਰਵਰੀ ਨੂੰ ਗਾਂਦਰਬਲ (ਜੰਮੂ) ਤੋਂ ਸਾਈਬਰ ਪੁਲਸ ਨੇ ਖੁਦ ਨੂੰ ਰਾਜ ਭਵਨ ’ਚ ਅੰਡਰ ਸੈਕਟਰੀ ਦੱਸਣ ਵਾਲੇ ਫਿਰਦੌਸ ਅਹਿਮਦ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਕਾਰ ’ਚੋਂ ਵਿੱਤੀ ਸਲਾਹਕਾਰ ਅਤੇ ਮੁੱਖ ਲੇਖਾ ਅਧਿਕਾਰੀ ਸੈਰ-ਸਪਾਟਾ ਵਿਭਾਗ ਦੀ ਰਬੜ ਸਟੈਂਪ, ਨਕਲੀ ਵਿਭਾਗੀ ਪਛਾਣ-ਪੱਤਰ ਅਤੇ ਰਾਜ ਭਵਨ ਦੇ ਨਕਲੀ ਸਟਿੱਕਰ ਆਦਿ ਬਰਾਮਦ ਕੀਤੇ।
* 3 ਮਾਰਚ ਨੂੰ ਗੁਰੂਗ੍ਰਾਮ (ਹਰਿਆਣਾ) ’ਚ ਫਰਜ਼ੀ ਸੀ.ਬੀ.ਆਈ. ਅਧਿਕਾਰੀ ਬਣ ਕੇ 2 ਨੌਜਵਾਨਾਂ ਨੇ ਇਕ ਈ-ਰਿਕਸ਼ਾ ਚਾਲਕ ਨੂੰ ਲੁੱਟ ਲਿਆ ਅਤੇ ਉਸ ਦਾ ਈ-ਰਿਕਸ਼ਾ ਖੋਹ ਕੇ ਫਰਾਰ ਹੋ ਗਏ।
* 6 ਮਾਰਚ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨੂੰ ਠੱਗਣ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਫੜਿਆ।
* 7 ਮਾਰਚ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਥਾਣਾ ‘ਟੀਲਾ ਮੋੜ ਖੇਤਰ’ ’ਚ ਦਿੱਲੀ ਪੁਲਸ ’ਚ ਨੌਕਰੀ ਲਗਵਾਉਣ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਐੱਮ.ਬੀ.ਏ. ਪਾਸ 2 ਫਰਜ਼ੀ ਆਈ.ਬੀ. ਅਧਿਕਾਰੀ ਫੜੇ ਗਏ।
* 8 ਮਾਰਚ ਨੂੰ ਫਰਜ਼ੀ ਵਿਜੀਲੈਂਸ ਅਤੇ ਸੀ.ਬੀ.ਆਈ. ਅਧਿਕਾਰੀ ਬਣ ਕੇ ਇਕ ਕਿਸਾਨ ਤੋਂ 25 ਲੱਖ ਰੁਪਏ ਠੱਗਣ ਦੇ ਦੋਸ਼ ’ਚ ਕਾਫੀ ਸਮੇਂ ਤੋਂ ਪੁਲਸ ਨੂੰ ਲੋੜੀਂਦੀ ਨੌਸਰਬਾਜ਼ ਪੂਜਾ ਰਾਣੀ ਨੂੰ ਪੰਜਾਬ ਵਿਜੀਲੈਂਸ ਦੀ ਟੀਮ ਨੇ ਗ੍ਰਿਫਤਾਰ ਕੀਤਾ।
* 10 ਮਾਰਚ ਨੂੰ ਰਾਂਚੀ (ਝਾਰਖੰਡ) ਦੇ ‘ਨਾਮਕੂਮ’ ਥਾਣਾ ਖੇਤਰ ’ਚ ‘ਨਾਰਕੋਟਿਕਸ ਕੰਟਰੋਲ ਵਿਭਾਗ’ ਦੇ ਫਰਜ਼ੀ ਅਧਿਕਾਰੀ ਬਣ ਕੇ ਪੇਂਡੂਆਂ ਨੂੰ ਡਰਾ-ਧਮਕਾ ਕੇ ਜਬਰੀ ਵਸੂਲੀ ਕਰਨ ਪਹੁੰਚੇ ਇਕ ਨੌਜਵਾਨ ਅਤੇ ਲੜਕੀ ਨੂੰ ਪੇਂਡੂਆਂ ਨੇ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾ ਇਹ ਦੋਵੇਂ ਰਾਂਚੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਕਦੀ ਖੁਦ ਨੂੰ ਪੱਤਰਕਾਰ ਅਤੇ ਕਦੀ ਅਧਿਕਾਰੀ ਦੱਸ ਕੇ ਲੋਕਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਕੋਲੋਂ ਭਾਰੀ ਰਕਮਾਂ ਠੱਗ ਚੁੱਕੇ ਸਨ।
* 11 ਮਾਰਚ ਨੂੰ ਅੰਮ੍ਰਿਤਸਰ ਥਾਣਾ ਡੀ-ਡਵੀਜ਼ਨ ਪੁਲਸ ਨੇ ਦੁਰਗਿਆਣਾ ਦੇ ਇਲਾਕੇ ’ਚ ਨਕਲੀ ਫੌਜੀ ਅਧਿਕਾਰੀ ਬਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਫੌਜ ਦੇ ਮੇਜਰ ਦੀ ਫਰਜ਼ੀ ਵਰਦੀ ਪਹਿਨ ਕੇ ਘੁੰਮ ਰਹੇ ਇਸ ਵਿਅਕਤੀ ਕੋਲੋਂ ਭਾਰਤ ਫੌਜ ਦੇ ਪ੍ਰਿੰਟਿਡ ਬੈਗ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ ਮੇਜਰ, ਕਰਨਲ ਅਤੇ ਹੋਰ ਆਰਮੀ ਅਹੁਦਿਆਂ ਦੀਆਂ ਵਰਦੀਆਂ, ਭਾਰਤੀ ਫੌਜ ਦੇ ਰੈਪਰ ’ਚ ਗਰਮ ਸਵੈਟਰ, ਬੁਨੈਣ ਅਤੇ ਬੈਜ ਆਦਿ ਬਰਾਮਦ ਕੀਤੇ ਗਏ।
ਇਸ ਨੇ ਆਪਣੇ ਨਾਂ ’ਤੇ ਫਰਜ਼ੀ ਬੈਜ, ਆਈ.ਡੀ.ਕਾਰਡ ਆਦਿ ਬਣਵਾਏ ਹੋਏ ਸਨ, ਜਿਨ੍ਹਾਂ ਦੀ ਧੌਂਸ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ। ਦੋਸ਼ੀ ਇਸ ਤੋਂ ਪਹਿਲਾਂ ਰੁੜਕੀ, ਜੰਮੂ ਅਤੇ ਅੰਮ੍ਰਿਤਸਰ ਆਰਮੀ ਕੈਂਟ ਏਰੀਆ ’ਚ ਵੀ ਘੁੰਮ ਚੁੱਕਾ ਸੀ।
* 12 ਮਾਰਚ ਨੂੰ ਨਵੀਂ ਦਿੱਲੀ ਦੇ ਕਨਾਟ ਪਲੇਸ ਇਲਾਕੇ ’ਚ ਖੁਦ ਨੂੰ ਦਿੱਲੀ ਪੁਲਸ ’ਚ ਸਪੈਸ਼ਲ ਸਟਾਫ ਦਾ ਮੈਂਬਰ ਦੱਸ ਕੇ ਇਕ ਨੌਜਵਾਨ ਕੋਲੋਂ ਮੋਬਾਈਲ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਉਸ ਦੇ 2 ਸਾਥੀਆਂ ਸਮੇਤ ਫੜਿਆ।
*12 ਮਾਰਚ ਨੂੰ ਹੀ ਫਰੀਦਾਬਾਦ (ਹਰਿਆਣਾ) ਦੇ ਥਾਣਾ ਸੈਂਟਰਲ ਦੇ ਇਲਾਕੇ ਦੇ ਇਕ ਮਾਲ ’ਚ ਖੁਦ ਨੂੰ ਅਧਿਕਾਰੀ ਦੱਸ ਕੇ ਸਪਾ ਸੰਚਾਲਕਾਂ ਅਤੇ ਹੋਰ ਲੋਕਾਂ ਕੋਲੋਂ ਜਬਰੀ ਵਸੂਲੀ ਕਰਨ ਵਾਲੇ ਅਸਲਮ ਉਰਫ ਪੱਪੂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
*12 ਮਾਰਚ ਨੂੰ ਹੀ ਆਈਜ਼ੋਲ (ਮਿਜ਼ੋਰਮ) ’ਚ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਲਗਭਗ 3365 ਸਰਕਾਰੀ ਮੁਲਾਜ਼ਮਾਂ ਵਲੋਂ ਆਪਣੀ ਥਾਂ ਦੂਜੇ ਲੋਕਾਂ ਨੂੰ ਕੰਮ ’ਤੇ ਲਾਉਣ ਦੇ ਘਪਲੇ ਦਾ ਪਰਦਾਫਾਸ਼ ਹੋਇਆ।
ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਸਕੂਲੀ ਸਿੱਖਿਆ ਵਿਭਾਗ ’ਚ ਸਭ ਤੋਂ ਵੱਧ 1115, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ’ਚ 624 ਅਤੇ ਬਿਜਲੀ ਵਿਭਾਗ ’ਚ 253 ਬੋਗਸ ਮੁਲਾਜ਼ਮਾਂ ਨੂੰ ਕੰਮ ਕਰਦੇ ਹੋਏ ਫੜਿਆ ਗਿਆ।
*12 ਮਾਰਚ ਨੂੰ ਹੀ ਪਾਲੀ (ਰਾਜਸਥਾਨ) ’ਚ ਫਰਜ਼ੀ ਆਈ.ਡੀ. ਕਾਰਡ ਦਿਖਾ ਕੇ ਉੱਥੋਂ ਦੇ ਸਰਕਟ ਹਾਊਸ ’ਚ ਠਹਿਰੇ ਇਕ ਨਕਲੀ ਇਨਕਮ ਟੈਕਸ ਅਫਸਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ, ਤਾਂ ਕਿ ਉਹ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ।
-ਵਿਜੇ ਕੁਮਾਰ