‘ਨਕਲੀ ਦਵਾਈਆਂ ਦਾ ਧੰਦਾ’ ਦੇਸ਼ ’ਚ ਜਾਰੀ!

Wednesday, Jul 02, 2025 - 06:36 AM (IST)

‘ਨਕਲੀ ਦਵਾਈਆਂ ਦਾ ਧੰਦਾ’ ਦੇਸ਼ ’ਚ ਜਾਰੀ!

ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਵਾਈ ਨਿਰਮਾਤਾ ਹੋਣ ਕਾਰਨ ‘ਦੁਨੀਆ ਦੀ ਫਾਰਮੇਸੀ’ ਵੀ ਕਿਹਾ ਜਾਂਦਾ ਹੈ। ਇੱਥੇ ਦੁਨੀਆ ਦੀ 60 ਫੀਸਦੀ ਵੈਕਸੀਨ ਅਤੇ 20 ਫੀਸਦੀ ਜੈਨੇਰਿਕ ਦਵਾਈਆਂ ਬਣਦੀਆਂ ਹਨ ਪਰ ਹੁਣ ਇਨ੍ਹਾਂ ’ਚ ਮਿਲਾਵਟ ਦਾ ਧੰਦਾ ਸ਼ੁਰੂ ਹੋ ਗਿਆ ਹੈ।

‘ਭਾਰਤੀ ਵਪਾਰ ਅਤੇ ਉਦਯੋਗ ਮੰਡਲ’ (ਐਸੋਚੈਮ) ਮੁਤਾਬਕ ਭਾਰਤ ’ਚ ਬਣੀਆਂ 25 ਫੀਸਦੀ ਦਵਾਈਆਂ ਨਕਲੀ ਜਾਂ ਘਟੀਆ ਹਨ। ਬੁਖਾਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਪੇਨ-ਕਿੱਲਰ ਅਤੇ ਕੈਂਸਰ ਤੱਕ ਦੀਆਂ ਘਟੀਆ ਜਾਂ ਨਕਲੀ ਦਵਾਈਆਂ ਬਾਜ਼ਾਰ ’ਚ ਕਈ ਪ੍ਰਸਿੱਧ ਸਵਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਦੇ ਨਾਂ ਹੇਠ ਵੇਚੀਆਂ ਜਾ ਰਹੀਆਂ ਹਨ। ਪਿਛਲੇ ਸਾਢੇ 3 ਮਹੀਨਿਆਂ ’ਚ ਫੜੀਆਂ ਗਈਆਂ ਨਕਲੀ ਦਵਾਈਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 7 ਮਾਰਚ, 2025 ਨੂੰ ‘ਗਿਆਨਪੁਰ ਭਦੋਹੀ’ (ਉੱਤਰ ਪ੍ਰਦੇਸ਼) ਵਿਖੇ ਮਹਾਰਾਸ਼ਟਰ ਦੀ ‘ਬ੍ਰਾਂਡ ਪ੍ਰੋਟੈਕਸ਼ਨ ਸਰਵਿਸ’ ਅਤੇ ਪੁਲਸ ਨੇ ਇਕ ਮਕਾਨ ’ਚ ਚਲਾਇਆ ਜਾ ਰਿਹਾ ਨਕਲੀ ਦਵਾਈਆਂ ਦਾ ਕਾਰਖਾਨਾ ਫੜ ਕੇ ਉੱਥੋਂ ਬੱਚਿਆਂ ਦੇ ਜੀਵਨ ਰੱਖਿਅਕ ਸਿਰਪ, ਲਿਵਰ ਦੀ ਦਵਾਈ ਅਤੇ ਇਕ ਪ੍ਰਸਿੱਧ ਕੰਪਨੀ ਦੇ ‘ਪੇਨ-ਬਾਮ’ ਸਮੇਤ 7 ਪ੍ਰਸਿੱਧ ਬ੍ਰਾਂਡਸ ਦੀਆਂ ਨਕਲੀ ਦਵਾਈਆਂ, ਫੈਵੀਕੋਲ, ਰੈਪਰ, ਸ਼ੀਸ਼ੀਆਂ, ਸਟਿੱਕਰ ਅਤੇ ਪੈਕਿੰਗ ਮਸ਼ੀਨ ਬਰਾਮਦ ਕੀਤੀ।

* 25 ਮਈ ਨੂੰ ‘ਗਯਾ’ (ਬਿਹਾਰ) ਵਿਖੇ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰੀਆਂ ਵਿਰੁੱਧ ਕਾਰਵਾਈ ਦੌਰਾਨ ਜੀਵਨ ਰੱਖਿਅਕ ਦਵਾਈਆਂ ਦੇ ਟੈਬਲੇਟ, ਇੰਜੈਕਸ਼ਨ ਅਤੇ ਨਸ਼ੀਲੀਆਂ ਦਵਾਈਆਂ ਸਮੇਤ ਲਗਭਗ 4 ਕਰੋੜ ਰੁਪਏ ਦੀ ਕੀਮਤ ਦੀਆਂ ਨਕਲੀ ਦਵਾਈਆਂ ਜ਼ਬਤ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 4 ਜੂਨ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਕੀਮਤ ਦੀਆਂ ਕੈਂਸਰ ਦੀਆਂ ਨਕਲੀ ਦਵਾਈਆਂ ਬਰਾਮਦ ਕੀਤੀਆਂ।

ਮੁਲਜ਼ਮ ਅਸਲੀ ਦਵਾਈਆਂ ਦੇ ਮੁਕਾਬਲੇ ’ਚ ਬਹੁਤ ਘੱਟ ਕੀਮਤ ’ਤੇ ਨਕਲੀ ਦਵਾਈਆਂ ਵੇਚਦੇ ਸਨ ਅਤੇ 1.5 ਤੋਂ 2 ਲੱਖ ਰੁਪਏ ਦੀ ਕੀਮਤ ਤੱਕ ਦੀਆਂ ਅਸਲੀ ਦਵਾਈਆਂ ਦੇ ਨਾਂ ਹੇਠ ਬਣਾਈਆਂ ਗਈਆਂ ਨਕਲੀ ਦਵਾਈਆਂ 50-70 ਹਜ਼ਾਰ ’ਚ ਉਪਲਬਧ ਕਰਵਾਉਂਦੇ ਸਨ।

* 7 ਜੂਨ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੈਂਸਰ ਦੀਆਂ ਨਕਲੀ ਦਵਾਈਆਂ ਦੀ ਸਪਲਾਈ ਕਰਨ ਵਾਲੇ ਗਿਰੋਹ ’ਚ ਸ਼ਾਮਲ 2 ਮੁਲਜ਼ਮਾਂ ‘ਨਵਦੀਪ ਕੁਮਾਰ’ ਅਤੇ ‘ਕ੍ਰਿਸ਼ਨ ਕੁਮਾਰ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਕਾਫੀ ਮਾਤਰਾ ’ਚ ਨਕਲੀ, ਇੰਪੋਰਟਡ, ਗੈਰ-ਰਜਿਸਟਰਡ ਅਤੇ ‘ਨਾਟ ਫਾਰ ਸੇਲ ਇਨ ਇੰਡੀਆ’ ਵਾਲੀਆਂ ਕੈਂਸਰ ਦੀਆਂ ਦਵਾਈਆਂ ਬਰਾਮਦ ਕੀਤੀਆਂ।

* 28 ਜੂਨ ਨੂੰ ‘ਦਿੱਲੀ ਡਰੱਗਜ਼ ਕੰਟਰੋਲ ਵਿਭਾਗ’ ਨੇ ਇਕ ਪ੍ਰਸਿੱਧ ਦਵਾਈ ਨਿਰਮਾਤਾ ਕੰਪਨੀ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਨੈੱਟਵਰਕ ਦਾ ਭਾਂਡਾ ਭੰਨ ਕੇ ਵੱਡੀ ਮਾਤਰਾ ’ਚ ‘ਕੋਲੈਸਟ੍ਰੋਲ’ ਨੂੰ ਕੰਟਰੋਲ ਕਰਨ ਵਾਲੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ।

* 28 ਜੂਨ ਨੂੰ ਹੀ ‘ਦੇਹਰਾਦੂਨ’ (ਉੱਤਰਾਖੰਡ) ’ਚ ਬ੍ਰਾਂਡਿਡ ਅਤੇ ਵੱਕਾਰੀ ਦਵਾਈਆਂ ਦੀਆਂ ਕੰਪਨੀਆਂ ਦੀਆਂ ਦਵਾਈਆਂ ਦੇ ਨਾਂ ਹੇਠ ਨਕਲੀ ਦਵਾਈਆਂ ਬਣਾਉਣ ਵਾਲੇ ਗਿਰੋਹ ਦੇ ਸਰਗਣਾ ‘ਸੰਤੋਸ਼ ਕੁਮਾਰ’ ਨੂੰ ਗ੍ਰਿਫਤਾਰ ਕਰ ਲਿਆ।

* 28 ਜੂਨ ਨੂੰ ਹੀ ਜਾਰੀ ਕੀਤੇ ਗਏ ਇਕ ਬਿਆਨ ’ਚ ਹਿਮਾਚਲ ਪ੍ਰਦੇਸ਼ ਦੇ ‘ਸੋਲਨ’ ਜ਼ਿਲੇ ਦੀਆਂ 33, ਸਿਰਮੌਰ ਦੀਆਂ 9 ਅਤੇ ਊਨਾ ਜ਼ਿਲੇ ਦੀਆਂ 3 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਸੈਂਪਲ ਫੇਲ ਹੋਣ ਦੀ ਜਾਣਕਾਰੀ ਦਿੱਤੀ ਗਈ। ਵਰਨਣਯੋਗ ਹੈ ਕਿ ਦੇਸ਼ ’ਚ ਜੁਲਾਈ 2024 ਤੋਂ ਜੂਨ 2025 ਦਰਮਿਆਨ ਦਵਾਈਆਂ ਦੇ ਕੁੱਲ 1324 ਸੈਂਪਲ ਫੇਲ ਹੋਏ ਹਨ ਜਿਨ੍ਹਾਂ ’ਚ ਹਿਮਾਚਲ ਦਾ ਅੰਕੜਾ 373 ਹੈ।

* 29 ਜੂਨ ਨੂੰ ‘ਹਰਿਦੁਆਰ’ (ਉੱਤਰਖੰਡ) ਵਿਖੇ ਪੁਲਸ ਨੇ ਛਾਪੇਮਾਰੀ ਕਰ ਕੇ ਬ੍ਰਾਂਡਿਡ ਦਵਾਈ ਕੰਪਨੀਆਂ ਦੇ ਨਾਂ ’ਤੇ ਨਕਲੀ ਦਵਾਈਆਂ ਬਣਾਉਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਫੜੀਆਂ ਗਈਆਂ ਦਵਾਈਆਂ ’ਚ ਪੈਰਾਸਿਟਾਮੋਲ, ਪੇਨ-ਕਿੱਲਰ ਅਤੇ ਸ਼ੂਗਰ ਦੀਆਂ ਦਵਾਈਆਂ ਦੀਆਂ ਹਜ਼ਾਰਾ ਟੈਬਲੇਟ ਸ਼ਾਮਲ ਸਨ।

* 30 ਜੂਨ ਨੂੰ ‘ਭਿਵਾੜੀ’ (ਰਾਜਸਥਾਨ) ’ਚ ਨਕਲੀ ਦਵਾਈਆਂ ਬਣਾਉਣ ਅਤੇ ਕਈ ਸੂਬਿਆਂ ’ਚ ਵੇਚਣ ਦੇ ਦੋਸ਼ ਹੇਠ ‘ਨਵੀਨ ਬਾਂਸਲ’ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਅਤੇ ਉਸ ਦੇ ਸਾਥੀ ਉੱਤਰਾਖੰਡ ’ਚ ਇਕ ਫੈਕਟਰੀ ’ਚ ਨਕਲੀ ਦਵਾਈਆਂ ਬਣਾਉਂਦੇ ਸਨ।

ਨਕਲੀ ਦਵਾਈਆਂ ਦੇ ਇਹ ਨਿਰਮਾਤਾ ਅਤੇ ਵਿਕਰੇਤਾ ਨਾ ਸਿਰਫ ਪੈਸਿਆਂ ਦੇ ਲਾਲਚ ’ਚ ਲੋਕਾਂ ਦੀ ਜਾਨ ਨੂੰ ਖਤਰੇ ’ਚ ਪਾ ਰਹੇ ਹਨ ਸਗੋਂ ਦੂਜੇ ਦੇਸ਼ਾਂ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ। ਇਸ ਲਈ ਅਜਿਹੇ ਕੰਮਾਂ ’ਚ ਸ਼ਾਮਲ ਹੋਣ ਵਾਲੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News